ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਦਿਨਾਂ 'ਚ ਦੋ ਝਟਕੇ

ਤਸਵੀਰ ਸਰੋਤ, Getty Images
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਸੀ।
ਸੁਰੇਸ਼ ਕੁਮਾਰ ਸਾਲ 2016 ਵਿੱਚ ਵਧੀਕ ਮੁੱਖ ਸਕੱਤਰ ਵਜੋਂ ਰਿਟਾਇਰ ਹੋਏ ਸਨ।
2017 ਦੇ ਮਾਰਚ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਵਜੋਂ ਉਨ੍ਹਾਂ ਦੀ ਨਿਯੁਕਤੀ ਹੋਈ ਸੀ।
ਸੁਰੇਸ਼ ਕੁਮਾਰ ਦੀ ਤਨਖਾਹ ਭਾਰਤ ਸਰਕਾਰ ਦੇ ਕੈਬਨਿਟ ਸਕੱਤਰ ਦੇ ਬਰਾਬਰ ਰੱਖੀ ਗਈ ਸੀ।

ਤਸਵੀਰ ਸਰੋਤ, NARINDER NANU/AFP/GETTY IMAGES
ਇਸ ਨਿਯੁਕਤੀ ਦੇ ਖ਼ਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਰਮਨਦੀਪ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ।
ਦਲੀਲ ਦਿੱਤੀ ਗਈ ਸੀ ਕਿ ਇਸ ਅਹੁਦੇ ਲਈ ਕਿਸੇ ਸਾਬਕਾ ਆਈਏਐੱਸ ਅਧਿਕਾਰੀ ਦੀ ਨਿਯੁਕਤੀ ਸੰਵਿਧਾਨ ਦੇ ਖਿਲਾਫ ਹੈ।
ਅੱਜ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰ ਦਿੱਤੀ।
ਪਟੀਸ਼ਨਕਰਤਾ ਦੇ ਵਕੀਲ ਗੁਰਮਿੰਦਰ ਸਿੰਘ ਮੁਤਾਬਕ, ''ਅਦਾਲਤ ਨੇ ਕਿਹਾ ਕਿ ਨਿਯੁਕਤੀ ਵੇਲੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਕਾਨੂੰਨੀ ਕੰਮਕਾਜ ਇੱਕ ਤੈਅ ਪ੍ਰਕਿਰਿਆ ਤਹਿਤ ਹੋਣਾ ਚਾਹੀਦਾ। ਜ਼ਿਕਰਯੋਗ ਹੈ ਕਿ ਸਰਕਾਰੀ ਫਾਈਲਾਂ ਕੇਵਲ ਮੁੱਖ ਮੰਤਰੀ ਹੀ ਦੇਖਦੇ ਹਨ ਅਤੇ ਕਿਸੇ ਵੀ ਪੱਧਰ 'ਤੇ ਕਿਸੇ ਅਫ਼ਸਰ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ।''

ਤਸਵੀਰ ਸਰੋਤ, NARINDER NANU/AFP/GETTY IMAGES
ਆਰਟੀਕਲ 166(3) ਕੀ ਹੈ ?
ਸੰਵਿਧਾਨ ਦੀ ਧਾਰਾ ਦਾ ਹਵਾਲਾ ਦੇ ਕੇ ਨਿਯੁਕਤੀ ਰੱਦ ਕੀਤੀ ਗਈ ਹੈ। ਇਸ ਆਰਟੀਕਲ ਦੇ ਤਹਿਤ ਸੂਬੇ ਦਾ ਰਾਜਪਾਲ ਕੰਮ ਕਾਜ ਦੀ ਪ੍ਰਕਿਰਿਆ ਤੈਅ ਕਰਦਾ ਹੈ।
ਇਸ ਤਹਿਤ ਸਰਕਾਰੀ ਕੰਮਾਂ ਦੀ ਵੱਖ ਵੱਖ ਵਿਭਾਗਾਂ ਤੇ ਅਫ਼ਸਰਾਂ ਵਿਚਕਾਰ ਵੰਡ ਕੀਤੀ ਜਾਂਦੀ ਹੈ।
ਸੁਰੇਸ਼ ਕੁਮਾਰ ਦੀ ਨਿਯੁਕਤੀ ਸਮੇਂ ਇਹ ਫਾਈਲ ਰਾਜਪਾਲ ਕੋਲ ਨਹੀਂ ਭੇਜੀ ਗਈ ਸੀ। ਇਸ ਲਈ ਅਦਾਲਤ ਨੇ ਨਿਯਮਾਂ ਨੂੰ ਛਿੱਕੇ ਟੰਗਣ ਕਾਰਨ ਨਿਯੁਕਤੀ ਰੱਦ ਕਰ ਦਿੱਤੀ।
ਕੌਣ ਹਨ ਸੁਰੇਸ਼ ਕੁਮਾਰ?
- ਦਿੱਲੀ ਯੂਨੀਵਰਸਿਟੀ ਤੋਂ ਮਾਸਟਰ ਆਫ਼ ਕਾਮਰਸ ਹਨ ਸੁਰੇਸ਼ ਕੁਮਾਰ।
- ਸੁਰੇਸ਼ ਕੁਮਾਰ 1983 ਬੈਚ ਦੇ ਆਈਏਐੱਸ ਅਫ਼ਸਰ ਹਨ।
- ਉਨ੍ਹਾਂ ਤਲਵੰਡੀ ਸਾਬੋਂ ਤੋਂ ਐੱਸਡੀਐੱਮ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
- ਅਪਰੈਲ 2016 ਵਿੱਚ ਉਹ ਵਧੀਕ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ।
- ਸੁਰੇਸ਼ ਕੁਮਾਰ ਕੇਂਦਰੀ ਡੈਪੂਟੇਸ਼ਨ 'ਤੇ ਵੀ ਰਹੇ ਹਨ।
- ਉਦਯੋਗ, ਸਿੱਖਿਆ, ਸਿੰਜਾਈ, ਬਿਜਲੀ ਵਰਗੇ ਕਈ ਵਿਭਾਗਾਂ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।












