ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦਾ ਪਿੱਛਾ ਕਰਦੇ 7 ਵਿਵਾਦ

ਤਸਵੀਰ ਸਰੋਤ, NARINDER NANU/Getty Images
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ 16 ਮਾਰਚ 2017 ਨੂੰ ਹੋਂਦ ਵਿੱਚ ਆਈ ਸੀ। ਇੱਕ ਸਾਲ ਬਾਅਦ ਉਨ੍ਹਾਂ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਹੈ।
ਪੰਜਾਬ ਦੇ ਊਰਜਾ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਪੰਜਾਬ ਦੀ ਕਾਂਗਰਸ ਸਰਕਾਰ ਦੇ ਅਜਿਹੇ ਪਹਿਲੇ ਮੰਤਰੀ ਹਨ ਜੋ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਘਿਰੇ ਹੋਏ ਹਨ।
ਜਾਣਦੇ ਹਾਂ ਉਹ ਕਿਹੜੇ 7 ਵਿਵਾਦ ਹਨ ਜੋ ਉਨ੍ਹਾਂ ਦਾ ਲਗਾਤਾਰ ਪਿੱਛਾ ਕਰ ਰਹੇ ਹਨ।
1. ਰੇਤੇ ਦੀਆਂ ਖੱਡਾਂ ਦੀ ਨਿਲਾਮੀ
ਰੇਤੇ ਦੀਆਂ ਖੱਡਾਂ ਦੀ ਨਿਲਾਮੀ ਦੇ ਮਾਮਲੇ ਵਿੱਚ ਸਭ ਤੋਂ ਪਹਿਲਾ ਨਾਂ ਰਾਣਾ ਗੁਰਜੀਤ ਸਿੰਘ ਦਾ ਹੈ।
ਉਨ੍ਹਾਂ ਦੇ ਰਸੋਈਏ ਅਮਿਤ ਬਹਾਦਰ ਨੇ 26 ਕਰੋੜ ਰੁਪਏ ਦੀ ਬੋਲੀ ਦੇ ਕੇ ਰੇਤੇ ਦੀ ਖੱਡ ਖਰੀਦੀ ਸੀ।
ਹਾਲਾਂਕਿ ਰਾਣਾ ਗੁਰਜੀਤ ਦੇ ਮੁਲਾਜ਼ਮ ਰਹੇ ਤਿੰਨ ਵਿਅਕਤੀਆਂ ਵੱਲੋਂ ਲਈਆਂ ਗਈਆਂ ਰੇਤੇ ਦੀਆਂ ਖੱਡਾਂ 'ਚੋਂ ਅੱਜ ਤੱਕ ਮਾਈਨਿੰਗ ਨਹੀਂ ਹੋਈ ਹੈ।
2. ਕਮਿਸ਼ਨ ਦਾ ਗਠਨ
ਰਾਣਾ ਗੁਰਜੀਤ ਸਿੰਘ ਉਹ ਪਹਿਲੇ ਮੰਤਰੀ ਹਨ ਜਿਨ੍ਹਾਂ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ ਲਈ ਮੁੱਖ ਮੰਤਰੀ ਨੂੰ ਜਸਟਿਸ ਨਾਰੰਗ ਕਮਿਸ਼ਨ ਬਣਾਉਣਾ ਪਿਆ ਸੀ।
ਰਿਪੋਰਟ ਭਾਵੇਂ ਅਜੇ ਜਨਤਕ ਨਹੀਂ ਹੋਈ ਪਰ ਕਿਹਾ ਜਾਂਦਾ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਮਿਲ ਗਈ ਹੈ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਲੀਨ ਚਿੱਟ ਮਿਲਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਈ ਹੈ।
3. ਸਿੰਜਾਈ ਵਿਭਾਗ ਦੇ ਠੇਕੇਦਾਰ ਦਾ ਮਾਮਲਾ
ਰਾਣਾ ਗੁਰਜੀਤ ਸਿੰਘ ਦੇ ਸਿੰਜਾਈ ਵਿਭਾਗ ਦੇ ਇੱਕ ਠੇਕੇਦਾਰ ਗੁਰਿੰਦਰ ਸਿੰਘ ਵੱਲੋਂ ਰਾਣਾ ਸ਼ੂਗਰ ਮਿਲ ਲਿਮਿਟਿਡ ਦੇ ਸੀ.ਏ ਨੂੰ ਪੰਜ ਕਰੋੜ ਦੀ ਰਾਸ਼ੀ ਦੇਣ ਦਾ ਮਾਮਲਾ ਸਾਹਮਣਾ ਆਇਆ।
ਇਸ ਮਗਰੋਂ ਮੀਡੀਆ ਵਿੱਚ ਦੋਸ਼ ਲੱਗਣ ਵਾਲੀਆਂ ਇਹ ਖਬਰਾਂ ਆਈਆਂ ਸਨ ਕਿ ਮੰਤਰੀ ਨੇ ਰੇਤੇ ਦੀਆਂ ਖੱਡਾਂ ਲਈ ਪੈਸੇ ਲਏ ਸਨ।
ਰਾਣਾ ਗੁਰਜੀਤ ਸਿੰਘ ਨੇ 30 ਦਸੰਬਰ 2017 ਨੂੰ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਪੈਸਿਆਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਕਿਹਾ ਸੀ ਕਿ ਸੀ.ਏ ਦੇ ਹੋਰ ਵੀ ਗਾਹਕ ਹਨ ਜਿਹੜੇ ਕੰਮ ਕਰਵਾਉਂਦੇ ਹਨ ਉਸੇ ਤਰ੍ਹਾਂ ਉਹ ਸਾਡਾ ਵੀ ਸੀ.ਏ. ਹੈ।
4. ਕੈਪਟਨ ਨੂੰ ਚਿੱਠੀ
ਸਰਕਾਰ ਬਣਨ ਦੇ 27 ਦਿਨਾਂ ਬਾਅਦ ਹਰੀਕੇ ਪੱਤਣ ਦਾ ਦੌਰਾ ਕੀਤਾ ਸੀ। ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ ਕਿ ਸਿੰਜਾਈ ਵਿਭਾਗ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਕਰਵਾਈ ਜਾਵੇ।
ਪਰ ਰਾਣਾ ਗੁਰਜੀਤ ਸਿੰਘ ਵੱਲੋਂ ਮੀਡੀਆ ਨੂੰ ਵੰਡੇ ਪੱਤਰ 'ਤੇ ਨਾ ਤਾਂ ਰਾਣਾ ਗੁਰਜੀਤ ਸਿੰਘ ਦੇ ਦਸਤਖਤ ਸਨ ਤੇ ਨਾ ਹੀ ਇਸ ਪੱਤਰ ਤੋਂ ਸਾਬਤ ਹੁੰਦਾ ਸੀ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਗਿਆ ਹੈ।

ਤਸਵੀਰ ਸਰੋਤ, NARINDER NANU
5. ਜਲੰਧਰ ਵਾਲੇ ਮਕਾਨ ਦਾ ਵਿਵਾਦ
ਰਾਣਾ ਗੁਰਜੀਤ ਸਿੰਘ ਜਲੰਧਰ ਦੀ ਜਿਸ ਡਿਫੈਂਸ ਕਲੋਨੀ ਵਿੱਚ ਰਹਿੰਦੇ ਸੀ ਉਹ ਕੋਠੀ ਸਾਲ 2000 ਤੋਂ ਕਿਰਾਏ 'ਤੇ ਲਈ ਹੋਈ ਸੀ। ਇਸ ਕੋਠੀ ਦਾ ਕਿਰਾਏ ਵਾਲਾ ਕਰਾਰਨਾਮਾ ਉਨ੍ਹਾਂ ਦੇ ਪੁੱਤਰ ਦੇ ਨਾਂ 'ਤੇ ਸੀ।
ਇਹ ਕੋਠੀ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਖਾਲੀ ਕਰਨੀ ਪਈ ਸੀ।
ਇਸ ਕੋਠੀ ਦਾ ਅਸਲ ਮਾਲਕ ਇੱਕ ਬ੍ਰਿਗੇਡੀਅਰ ਰਣਜੀਤ ਸਿੰਘ ਘੁੰਮਣ ਸੀ ਜਿਸ ਨੂੰ ਕੋਠੀ ਖਾਲੀ ਕਰਵਾਉਣ ਲਈ ਅਦਾਲਤ ਦਾ ਸਹਾਰਾ ਲੈਣਾ ਪਿਆ ਸੀ।
6. ਸ਼ਾਮਲਾਟ ਜ਼ਮੀਨ ਦਾ ਮਾਮਲਾ
ਰਾਣਾ ਗੁਰਜੀਤ 'ਤੇ ਇਹ ਵੀ ਇਲਜ਼ਾਮ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਨੇੜਲੇ ਪਿੰਡ ਸਿਉਂਕ ਦੀ 147 ਕਨਾਲ ਸ਼ਾਮਲਾਟ ਜ਼ਮੀਨ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਕਰਵਾ ਦਿੱਤੀ ਸੀ।
ਪੰਜਾਬ ਵਿਧਾਨ ਸਭਾ ਨੇ 2007 ਵਿੱਚ ਈਸਟ ਪੰਜਾਬ ਕਨਸੌਲੀਡੇਟ ਐਕਟ 2007 ਪਾਸ ਕੀਤਾ ਜਿਸ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਸ਼ਾਮਲਾਟ ਜ਼ਮੀਨ ਦੀ ਕਿਸਮ ਨੂੰ ਨਹੀਂ ਬਦਲਿਆ ਜਾ ਸਕਦਾ।
7. ਪੁੱਤਰ ED ਵੱਲੋਂ ਤਲਬ
ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ 100 ਕਰੋੜ ਦੇ ਮਾਮਲੇ ਵਿੱਚ ਫੇਮਾ(ਫੌਰਨ ਐਕਸਚੇਂਜ ਮੈਨੇਜਮੈਂਟ ਐਕਟ) ਦੀ ਉਲੰਘਣਾ ਦੇ ਮਾਮਲੇ ਵਿੱਚ 17 ਜਨਵਰੀ ਨੂੰ ਤਲਬ ਕੀਤਾ ਹੈ।
ਇਲਜ਼ਾਮ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਆਪਣੇ ਸ਼ੇਅਰ ਫਲੋਟ ਕੀਤੇ ਸੀ। ਇਸ ਦੇ ਲਈ ਭਾਰਤੀ ਰਿਜ਼ਰਵ ਬੈਂਕ ਅਤੇ ਸੇਬੀ ਦੀ ਪ੍ਰਵਾਨਗੀ ਨਹੀਂ ਸੀ ਲਈ ਗਈ।
ਇਸ ਨੂੰ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਮੰਨਦਿਆਂ ਹੀ ਈ.ਡੀ ਨੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਤਲਬ ਕੀਤਾ ਹੈ।

ਤਸਵੀਰ ਸਰੋਤ, NARINDER NANU
ਰਾਣਾ ਗੁਰਜੀਤ ਪਹਿਲਾਂ ਵੀ ਰਹੇ ਚਰਚਾ ਵਿੱਚ
ਇਨ੍ਹਾਂ ਵਿਵਾਦਾਂ 'ਤੇ ਬੀਬੀਸੀ ਪੰਜਾਬੀ ਨੇ ਰਾਣਾ ਗੁਰਜੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਰਾਣਾ ਗੁਰਜੀਤ ਸਿੰਘ ਪਿਛਲੀ ਵਿਧਾਨ ਸਭਾ ਦੌਰਾਨ ਵੀ ਚਰਚਾ ਵਿੱਚ ਰਹੇ ਸਨ ਜਦੋਂ ਉਹ ਉਸ ਵੇਲੇ ਦੇ ਕੈਬੀਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਉਲਝ ਪਏ ਸਨ।
ਮਜੀਠੀਆ ਵੱਲੋਂ ਰਾਣਾ ਗੁਰਜੀਤ ਸਿੰਘ ਦੀਆਂ ਮੁੱਛਾਂ ਨੂੰ ਲੈਕੇ ਕੀਤੀਆਂ ਟਿੱਪਣੀਆਂ ਦੀ ਸੀ.ਡੀ ਖੁੱਦ ਕਾਂਗਰਸ ਨੇ ਬਣਾ ਕੇ ਵੰਡੀ ਸੀ।
ਰਾਣਾ ਗੁਰਜੀਤ ਦੁਆਬਾ ਖੇਤਰ ਦੇ ਪਹਿਲੇ ਵਿਧਾਇਕ ਹਨ ਜਿਹਨਾਂ ਨੂੰ ਕੈਪਟਨ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ ਹੈ।












