BBC Special: 'ਗੁਰਦੁਆਰਿਆਂ 'ਚ ਪਾਬੰਦੀ ਆਮ ਰਾਏ ਨਹੀਂ ਲਗਦੀ'

ਐੱਮਪੀ ਵਰਿੰਦਰ ਸ਼ਰਮਾ

ਯੂਕੇ ਵਿੱਚ ਪੰਜਾਬੀ ਮੂਲ ਦੇ ਐੱਮਪੀ ਵਰਿੰਦਰ ਸ਼ਰਮਾ ਨੇ ਆਪਣੀ ਭਾਰਤ ਫੇਰੀ ਦੌਰਾਨ ਬੀਬੀਸੀ ਪੰਜਾਬੀ ਨਾਲ ਯੂਕੇ ਵਿੱਚ ਪੰਜਾਬੀ ਭਾਈਚਾਰੇ ਦੇ ਸਰਗਰਮ ਮੁੱਦਿਆਂ 'ਤੇ ਫੇਸਬੁੱਕ ਲਾਈਵ ਦੌਰਾਨ ਗੱਲ ਕੀਤੀ।

ਬ੍ਰਿਟੇਨ ਦੇ ਕੁਝ ਗੁਰਦੁਆਰਿਆਂ ਵਿੱਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਮੰਚ ਸਾਂਝਾ ਕਰਨ ਤੇ ਲਗਾਈ ਪਾਬੰਧੀ ਬਾਰੇ ਸ਼ਰਮਾ ਨੇ ਕਿਹਾ ਕਿ ਜੇ ਕੋਈ ਐਸੇ ਹਾਲਾਤ ਪੈਦਾ ਕਰ ਰਿਹਾ ਹੈ ਤੇ ਕੋਈ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਅਵਸਰਵਾਦ ਵੀ ਹੋ ਸਕਦੇ ਹੈ।

ਜਗਤਾਰ ਜੌਹਲ ਦੇ ਮੁੱਦੇ 'ਤੇ ਸ਼ਰਮਾ ਨੇ ਕਿਹਾ ਕਿ ਬ੍ਰਿਟਿਸ਼ ਹਾਈ ਕਮਿਸ਼ਨ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਜੱਗੀ ਜੌਹਲ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੋ ਰਿਹਾ। ਉਸ ਨੂੰ ਮੈਡਿਕਲ ਚੈੱਕ-ਅਪ ਅਤੇ ਵਕੀਲ ਦਿੱਤਾ ਗਿਆ ਹੈ, ਪਰਿਵਾਰ ਵੀ ਉਸ ਨੂੰ ਮਿਲ ਰਿਹਾ ਹੈ।

ਸ਼ਰਮਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:-

ਬ੍ਰਿਟੇਨ 'ਚ ਕੁਝ ਸਿੱਖ ਜਥੇਬੰਦੀਆਂ ਦੇ ਗੁਰੂ ਘਰਾਂ' ਭਾਰਤੀ ਅਧਿਕਾਰੀਆਂ ਨਾਲ ਮੰਚ ਸਾਂਝਾ ਕਰਨ 'ਤੇ ਲਗਾਈ ਪਾਬੰਦੀ 'ਤੇ ਤੁਹਾਡੇ ਵਿਚਾਰ?

ਯੂਕੇ ਇੱਕ ਜਮਹੂਰੀਅਤ ਵਾਲਾ ਦੇਸ ਹੈ ਜਿੱਥੇ ਬੋਲਣ ਦਾ ਅਧਿਕਾਰ, ਮਨੁੱਖੀ ਅਧਿਕਾਰ ਅਤੇ ਬਰਾਬਰਤਾ ਸਭ ਤੋਂ ਜ਼ਿਆਦਾ ਹੈ।

ਮੇਰੇ ਕੋਲ ਪੂਰੀ ਜਾਣਕਾਰੀ ਤਾਂ ਨਹੀਂ ਹੈ ਪਰ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ।

ਪ੍ਰਬੰਧਕ ਕਮੇਟੀਆਂ ਕੋਲ ਇਹ ਅਧਿਕਾਰ ਤਾਂ ਹੋ ਸਕਦਾ ਹੈ ਕਿ ਮੰਚ 'ਤੇ ਕਿਸ ਨੂੰ ਬੋਲਣ ਦੇਣਾ ਹੈ ਤੇ ਕਿਸ ਨੂੰ ਨਹੀਂ। ਮੰਚ 'ਤੇ ਬੋਲਣ ਦੇਣਾ ਇੱਕ ਅੰਦਰੂਨੀ ਮਾਮਲਾ ਹੋ ਸਕਦਾ ਹੈ।

ਵੀਡੀਓ ਕੈਪਸ਼ਨ, ਗੁਰਦੁਆਰਿਆਂ 'ਚ ਪਾਬੰਦੀ 'ਤੇ ਵਰਿੰਦਰ ਸ਼ਰਮਾ ਦਾ ਪ੍ਰਤਿਕਰਮ

ਬ੍ਰਿਟੇਨ ਦੀ ਸਰਕਾਰ ਜਾਂ ਸਿਸਟਮ ਇਹ ਤਾਂ ਇਜਾਜ਼ਤ ਦੇ ਦਵੇਗਾ ਕਿ ਸਟੇਜ ਦੀ ਵਰਤੋ ਕੌਣ ਕਰੇ ਪਰ ਧਾਰਮਿਕ ਅਦਾਰਿਆਂ ਦੇ ਅੰਦਰ ਜਾਣ ਤੋਂ ਨਹੀਂ ਰੋਕ ਸਕਦੇ।

ਜੇ ਸਿੱਖ ਫੈਡਰੇਸ਼ਨ ਵਾਲਿਆਂ ਨੇ ਭਾਰਤੀ ਰਾਜਦੂਤ ਦੇ ਕਿਸੇ ਅਧਿਕਾਰੀ ਨੂੰ ਰੋਕਿਆ ਹੋਵੇ ਤਾਂ ਇਸ 'ਤੇ ਤਾਂ ਸਵਾਲ ਕੀਤਾ ਜਾ ਸਕਦਾ ਹੈ।

ਯੂਕੇ ਦਾ ਪੰਜਾਬੀ ਭਾਈਚਾਰਾ ਇਸ ਮੁੱਦੇ ਜਾਂ ਇਸ ਦੇ ਪਿੱਛੇ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦਾ ਹੈ?

ਮੈਂ ਬਰਤਾਨੀਆ 'ਚ ਇੱਕ ਸੰਸਦ ਮੈਂਬਰ ਹਾਂ ਤੇ ਮੇਰੀ ਪਹੁੰਚ ਮੇਰੇ ਹਲਕੇ ਤੱਕ ਹੈ। ਮੇਰੇ ਹਲਕੇ ਵਿੱਚ 20 ਫ਼ੀਸਦੀ ਸਿੱਖ ਆਬਾਦੀ ਹੈ।

ਮੈਂ ਇਹ ਮਹਿਸੂਸ ਨਹੀਂ ਕਰਦਾ ਕਿ ਇਹ ਆਮ ਲੋਕਾਂ ਦੀ ਰਾਏ ਹੈ।

ਗੁਰਦਵਾਰਾ ਸਾਹਿਬ

ਤਸਵੀਰ ਸਰੋਤ, AFP/Getty Images

ਹਰ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੀਆਂ ਚੋਣਾ ਹੁੰਦੀਆਂ ਹਨ। ਜੇ ਭਾਈਚਾਰਾ ਇਸ ਵਿਚਾਰਧਾਰਾ ਦੇ ਨਾਲ ਨਹੀਂ ਹੈ, ਜਿਹੜੀ ਕਮੇਟੀ ਇਸ 'ਤੇ ਅਮਲ ਕਰਦੀ ਹੈ ਉਸ ਨੂੰ ਤਬਦੀਲ ਵੀ ਕੀਤਾ ਜਾ ਸਕਦਾ ਹੈ।

ਕੀ ਇਸ ਨਾਲ ਯੂਕੇ ਦੇ ਹਿੰਦੂ ਤੇ ਸਿੱਖ ਭਾਈਚਾਰੇ ਵਿੱਚ ਫੁੱਟ ਵੀ ਪੈਦਾ ਹੋ ਰਹੀ ਹੈ?

ਨਹੀਂ। ਹਿੰਦੂ, ਮੁਸਲਮਾਨ, ਸਿੱਖ ਅਤੇ ਇਸਾਈ ਇੱਕ ਚੰਗੀ ਭਾਈਚਾਰਕ ਸਾਂਝ ਵਿੱਚ ਰਹਿ ਰਹੇ ਹਨ।

ਇਸ ਦਾ ਉਦਾਹਰਨ ਇਹ ਹੈ ਕੀ ਮੈਂ ਜਿਸ ਹਲਕੇ ਦੀ ਨੁਮਾਇੰਦਗੀ ਕਰਦਾ ਹਾਂ, ਉੱਥੇ 20 ਫ਼ੀਸਦੀ ਸਿੱਖ, 13 ਫ਼ੀਸਦੀ ਮੁਸਲਮਾਨ 11 ਫ਼ੀਸਦੀ ਹਿੰਦੂ ਤੇ ਬਾਕੀ ਹੋਰ ਭਾਈਚਾਰੇ ਵੀ ਹਨ।

ਆਮ ਲੋਕ ਇਸ ਸੋਚ ਦੇ ਨਹੀਂ ਹਨ। ਉਨ੍ਹਾਂ ਦੀ ਸੋਚ ਇਹ ਹੈ ਇਸ ਮੁਲਕ ਵਿੱਚ ਤਰੱਕੀ ਹੋਣੀ ਚਾਹੀਦੀ ਹੈ।

ਬਰਤਾਨੀਆ ਵਿੱਚ ਸਾਡੇ ਬੱਚਿਆਂ ਨੂੰ ਦੂਜੇ ਬੱਚਿਆਂ ਮੁਤਾਬਕ ਹੱਕ ਮਿਲਣੇ ਚਾਹੀਦੇ ਹਨ।

ਇਸ ਤਰ੍ਹਾਂ ਦੀਆਂ ਮੰਗਾਂ ਦਾ ਮੁੱਖ ਕਾਰਨ ਕੀ ਹੈ?

ਇਹ ਰਾਜਨੀਤੀ ਤੋਂ ਪ੍ਰੇਰਿਤ ਵੀ ਹੋ ਸਕਦਾ ਹੈ। ਲੋਕਾਂ ਦੇ ਵਿੱਚ 1984 ਨੂੰ ਲੈ ਗ਼ੁੱਸਾ ਹੈ। ਜੱਗੀ ਜੌਹਲ ਮਸਲੇ 'ਤੇ ਵੀ ਲੋਰ ਨਾਰਾਜ਼ ਹਨ।

ਜੱਗੀ ਜੌਹਲ

ਜੱਗੀ ਜੌਹਲ ਦੀ ਪੰਜਾਬ ਵਿੱਚ ਗ੍ਰਿਫ਼ਤਾਰੀ ਬਾਰੇ ਕੀ ਸੋਚਦੇ ਹੋ?

ਮੈਂ ਇਸ ਮੁੱਦੇ 'ਤੇ ਇੱਕ ਪੱਧਰ ਤੱਕ ਦਖ਼ਲ ਦੇ ਸਕਦਾ ਹਾਂ। ਮੈਂ ਸਵਾਲ ਕੀਤੇ ਹਨ, ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਹਨ।

ਇੱਥੇ ਸੁਸ਼ਮਾ ਸਵਰਾਜ ਕੋਲ ਵੀ ਇਹ ਸਵਾਲ ਕੀਤਾ ਹੈ।

ਮੈਂ ਭਾਰਤੀ ਹਾਈ ਕਮਿਸ਼ਨ ਨੂੰ ਲੰਡਨ ਵਿੱਚ ਵੀ ਚਿੱਠੀ ਲਿਖੀ ਹੈ। ਮੈਂ ਯੂਰਪ ਦੇ ਮਨੁੱਖੀ ਅਧਿਕਾਰ ਕਮੇਟੀ ਦਾ ਮੈਂਬਰ ਹਾਂ।

ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਜੱਗੀ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੋ ਰਿਹਾ ਹੈ।

ਵੀਡੀਓ ਕੈਪਸ਼ਨ, ਜੱਗੀ ਜੌਹਲ ਮਸਲੇ 'ਤੇ ਕੀ ਬੋਲੇ ਵਰਿੰਦਰ ਸ਼ਰਮਾ?

ਪੰਜਾਬ ਸਰਕਾਰ ਦੇ ਜੱਗੀ ਜੌਹਲ ਨਾਲ ਵਰਤਾਰੇ ਤੋਂ ਸੰਤੁਸ਼ਟ ਹੋ?

ਮੈਂ ਬਰਤਾਨੀਆ ਦਾ ਸੰਸਦ ਮੈਂਬਰ ਹਾਂ। ਮੈਂ ਭਾਰਤ ਦੇ ਅੰਦਰੂਨੀ ਕੰਮਾਂ 'ਚ ਦਖ਼ਲ ਨਹੀਂ ਦੇ ਸਕਦਾ। ਮੈਂ ਇਸ ਮੁੱਦੇ ਨੂੰ ਲੈ ਕੇ ਸਵਾਲ ਵੀ ਚੁੱਕੇ ਹਨ।

ਇਹ ਕਹਿ ਸਕਦਾ ਹਾਂ ਕਿ ਮੈਂ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਜਵਾਬ ਤੋਂ ਸੰਤੁਸ਼ਟ ਹਾਂ।

ਜੱਗੀ ਜੌਹਲ

ਯੂਕੇ ਦੀਆਂ ਜਾਂਚ ਏਜੰਸੀਆਂ ਦਾ ਸਹਿਯੋਗ ਲੈਣਾ ਚਾਹੀਦਾ ਹੈ?

ਤੁਸੀਂ ਮੈਨੂੰ ਇੱਕ ਨਵਾਂ ਬਿੰਦੂ ਜ਼ਰੂਰ ਦੇ ਦਿੱਤਾ ਹੈ ਪੜਚੋਲ ਕਰਨ ਲਈ, ਪਰ ਬ੍ਰਿਟਿਸ਼ ਹਾਈ ਕਮਿਸ਼ਨ ਦੀ ਇੱਕ ਹੱਦਬੰਦੀ ਹੈ।

ਮੈਂ ਇਸ ਗੱਲ ਦੀ ਬੇਨਤੀ ਕਰਾਂਗਾ ਕਿ ਸਾਡੀਆਂ ਜਾਂਚ ਏਜੰਸੀਆਂ ਕੋਲ ਜੇ ਕੋਈ ਸਬੂਤ ਹੋਵੇ ਤਾਂ ਦੱਸ ਦੇਣਾ ਚਾਹੀਦਾ ਹੈ ਤਾਂ ਕਿ ਜੌਹਲ ਨੂੰ ਨਿਆਂ ਮਿਲ ਸਕੇ।

ਵੀਡੀਓ ਕੈਪਸ਼ਨ, ਜੱਲ੍ਹਿਆਂ ਵਾਲਾ ਬਾਗ 'ਤੇ ਬਰਤਾਨਵੀ ਮੁਆਫ਼ੀ 'ਤੇ ਟਿੱਪਣੀ

ਜਲ੍ਹਿਆਂਵਾਲਾ ਬਾਗ ਸਾਕੇ 'ਤੇ ਮੁਆਫ਼ੀ ਨੂੰ ਲੈ ਕੇ ਤੁਹਾਡੇ ਕਿਸ ਤਰ੍ਹਾਂ ਦੇ ਯਤਨ ਹਨ?

ਮੈਂ ਜਲ੍ਹਿਆਂਵਾਲੇ ਬਾਗ ਨੂੰ ਲੈ ਕੇ ਇੱਕ ਅਰਜ਼ੀ ਸ਼ੁਰੂ ਕੀਤੀ ਹੋਈ ਹੈ। ਜੇ ਕਿਸੇ ਵੀ ਸਰਕਾਰ ਦੀ ਜੱਜਮੈਂਟ ਰਾਜਨੀਤਿਕ ਤੋਰ 'ਤੇ ਗ਼ਲਤ ਸਾਬਤ ਹੋ ਜਾਂਦੀ ਹੈ ਤਾਂ ਮੌਜੂਦਾ ਸਰਕਾਰਾਂ ਨੂੰ ਉਸ ਉੱਤੇ ਮੁਆਫ਼ੀ ਮੰਗਣ ਵਿੱਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਹੈ।

ਇਸੇ ਤਰ੍ਹਾਂ ਮੈਂ ਬਰਤਾਨੀਆ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਮੰਨਣਾ ਚਾਹੀਦਾ ਹੈ।

1919 ਵਿਚ ਜਲ੍ਹਿਆਂਵਾਲਾ ਬਾਗ ਦਾ ਸਾਕਾ ਸਿਰਫ਼ ਮੰਦਭਾਗਾ ਹੀ ਨਹੀਂ ਬਲਕਿ ਉਸ ਉੱਤੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਉਸ ਵੇਲੇ ਵੀ ਲੇਬਰ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਸੀ।

ਅਸੀਂ ਬ੍ਰਿਟਿਸ਼ ਰਾਜ ਦਾ ਸਕਾਰਾਤਮਕ ਇਤਿਹਾਸ ਦੱਸਦੇ ਹਾਂ ਕਿ ਅਸੀਂ ਰੇਲਵੇ ਬਣਾਏ ਸੀ, ਨਵਾਂ ਪ੍ਰਸ਼ਾਸ਼ਨ ਦਾ ਸਿਸਟਮ ਸ਼ੁਰੂ ਕੀਤਾ ਸੀ ਪਰ ਇਹ ਨਹੀਂ ਦੱਸਦੇ ਕਿ ਅਸੀਂ ਕਿਹੜੀਆਂ ਗਲਤ ਗੱਲਾਂ ਕੀਤੀਆਂ ਸਨ।

ਜੋ ਜੋ ਗਲਤ ਹੋਇਆ ਉਹ ਵੀ ਬ੍ਰਿਟਿਸ਼ ਇਤਿਹਾਸ ਦਾ ਹਿੱਸਾ ਬਨਣਾ ਚਾਹੀਦਾ ਹੈ ਤਾਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲਗ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)