ਇੱਕ ਮੁਸਾਫਰ ਦੀਆਂ ਏਅਰ ਇੰਡੀਆ ਨਾਲ ਜੁੜੀਆਂ ਯਾਦਾਂ

ਏਅਰ ਇੰਡੀਆ

ਤਸਵੀਰ ਸਰੋਤ, Getty Images

    • ਲੇਖਕ, ਤਰੁਸ਼ਾਰ ਬਾਰੋਟ
    • ਰੋਲ, ਭਾਰਤ 'ਚ ਬੀਬੀਸੀ ਦੇ ਡਿਜੀਟਲ ਐਡੀਟਰ

ਓਦੋਂ ਮੈਂ ਚਾਰ ਸਾਲ ਦਾ ਸੀ ਜਦੋਂ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਸਫ਼ਰ ਕੀਤਾ। ਮੈਂ ਆਪਣੀ ਮਾਂ ਦੇ ਨਾਲ ਭਾਰਤ ਤੋਂ ਵਲੈਤ ਜਾ ਰਿਹਾ ਸੀ। ਅਸੀਂ ਮੁੰਬਈ ਤੋਂ ਲੰਡਨ ਜਾਣ ਵਾਲੇ ਜਹਾਜ਼ ਵਿੱਚ ਸਵਾਰ ਸੀ।

ਮੇਰੇ ਪਿਤਾ ਰਿਸ਼ਤੇਦਾਰਾਂ ਦੀ ਪੂਰੀ ਫੌਜ ਨਾਲ ਹੀਥਰੋ ਹਵਾਈ ਅੱਡੇ 'ਤੇ ਸਾਡਾ ਇੰਤਜ਼ਾਰ ਕਰ ਰਹੇ ਸੀ।

ਮੈਂ ਬਹੁਤ ਸੰਗਾਊ ਸੀ ਅਤੇ ਜਹਾਜ਼ ਵਿੱਚ ਮਾਂ ਨਾਲ ਹੀ ਚਿੰਬੜਿਆ ਰਿਹਾ।

ਮੈਂ ਹਵਾਈ ਜਹਾਜ਼ ਵਿੱਚ ਕੁਝ ਨਹੀਂ ਖਾਧਾ। ਉਸ ਵੇਲੇ ਮੈਨੂੰ ਸਿਰਫ ਬੌਰਨਵੀਟਾ ਹੌਟ ਚੌਕਲੇਟ ਦੇ ਕੱਪ ਪੀਣਾ ਪਸੰਦ ਸੀ ਇਸ ਲਈ ਏਅਰ ਇੰਡੀਆ ਦੇ ਜਹਾਜ਼ ਵਿੱਚ ਮੇਰੇ ਲਈ ਕੁਝ ਨਹੀਂ ਸੀ।

ਇੱਕ ਏਅਰ ਇੰਡੀਆ ਦੀ ਇੱਕ ਮੁਲਾਜ਼ਮ ਨੂੰ ਮੇਰੇ 'ਤੇ ਤਰਸ ਆਇਆ ਤੇ ਉਸ ਨੇ ਮੈਨੂੰ ਬਾਰਬੌਨ ਚੌਕਲੇਟ ਕਰੀਮ ਵਾਲੇ ਬਿਸਕੁਟ ਦਿੱਤੇ ਜੋ ਉਸਨੂੰ ਹਵਾਈ ਜਹਾਜ਼ ਦੇ ਕਿਸੇ ਮੁਲਾਜ਼ਮ ਤੋਂ ਮਿਲੇ ਸੀ। ਮੈਂ ਬਿਨਾਂ ਕਿਸੇ ਸ਼ਰਮ ਦੇ ਸਾਰੇ ਖਾ ਲਏ।

ਏਅਰ ਇੰਡੀਆ ਨਾਲ ਜੁੜੀ ਇਹ ਮੇਰੀ ਪਹਿਲੀ ਯਾਦ ਸੀ। ਇਸ ਗੱਲ ਨੂੰ 35 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ।

ਕਈ ਕਹਾਣੀਆਂ ਹਨ ਮਸ਼ਹੂਰ

ਜਿਵੇਂ ਹੀ ਮੈਂ ਖ਼ਬਰ ਸੁਣੀ ਕਿ ਸਰਕਾਰ ਕੌਮੀ ਏਅਰਲਾਈਨ ਨੂੰ ਚਾਰ ਵੱਖ-ਵੱਖ ਕੰਪਨੀਆਂ ਵਿੱਚ ਵੰਡਣ ਬਾਰੇ ਯੋਜਨਾ ਬਣਾ ਰਹੀ ਹੈ ਤਾਂ ਉਸੇ ਵੇਲੇ ਮੇਰੇ ਦਿਮਾਗ ਵਿੱਚ ਏਅਰ ਇੰਡੀਆ ਨਾਲ ਜੁੜੀਆਂ ਮੇਰੀਆਂ ਤੇ ਮੇਰੇ ਦੋਸਤਾਂ-ਰਿਸ਼ਤੇਦਾਰਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਸਾਹਮਣੇ ਆ ਗਈਆਂ।

ਅਮਰੀਕਾ ਤੇ ਯੂਕੇ ਵਿੱਚ ਐੱਨਆਰਆਈ ਭਾਈਚਾਰੇ ਵਿੱਚ ਮੈਂ ਜਿਨ੍ਹਾਂ ਲੋਕਾਂ ਨੂੰ ਜਾਣਦਾ ਹਾਂ ਉਨ੍ਹਾਂ ਵਿੱਚ ਏਅਰ ਇੰਡੀਆ ਮਖੌਲ ਤੇ ਸ਼ਰਮਿੰਦਗੀ ਦਾ ਵਿਸ਼ਾ ਹੈ।

ਏਅਰ ਇੰਡੀਆ

ਤਸਵੀਰ ਸਰੋਤ, Getty Images

ਕਈ ਸਾਲਾਂ ਤੋਂ ਓਵਰਬੁਕਡ ਫਲਾਈਟਸ, ਮੁਸਾਫਰਾਂ ਨੂੰ ਇੱਕਲੇ ਛੱਡਣਾ, ਚੈੱਕ ਇਨ ਡੈੱਸਕ 'ਤੇ ਗੁੱਸੇ ਨਾਲ ਚੀਕਣਾ, ਸਬਜ਼ੀ ਨਾਲ ਲਿਬੜੀਆਂ ਤੇ ਟੁੱਟੀਆਂ ਕੁਰਸੀਆਂ, ਟੁਆਇਲਟਸ ਦਾ ਨਾ ਕੰਮ ਕਰਨਾ, ਮਾੜੇ ਮੁਲਾਜ਼ਮਾਂ ਦੀਆਂ ਕਹਾਣੀਆਂ ਸੁਣੀਆਂ ਹਨ।

ਮੈਂ ਜਹਾਜ਼ ਵਿੱਚ ਚੂਹੇ ਦੇਖਣ ਦੀ ਗੱਲ ਵੀ ਸੁਣੀ ਹੈ ਪਰ ਹਾਂ ਮੈਂ ਅਜਿਹਾ ਕੁਝ ਨਹੀਂ ਦੇਖਿਆ।

ਮੈਂ ਸੋਸ਼ਲ ਮੀਡੀਆ 'ਤੇ ਆਪਣੇ ਦੋਸਤਾਂ ਨੂੰ ਏਅਰ ਇੰਡੀਆ ਬਾਰੇ ਉਨ੍ਹਾਂ ਦੀ ਰਾਏ ਪੁੱਛੀ ਤਾਂ ਵੱਖ-ਵੱਖ ਪ੍ਰਤੀਕਰਮ ਮਿਲੇ:

  • ਮੇਰੀ ਇੱਕ ਮਹਿਲਾ ਦੋਸਤ ਜਹਾਜ਼ ਵਿੱਚ ਇਕੱਲੀ ਸਫ਼ਰ ਕਰ ਰਹੀ ਸੀ, ਉਸ ਨੇ ਜਦੋਂ ਸ਼ਰਾਬ ਮੰਗੀ ਤਾਂ ਉਸ ਨੂੰ ਗੁੱਸੇ ਨਾਲ ਘੂਰਿਆ ਗਿਆ।
  • ਇੱਕ ਮੇਰਾ ਦੋਸਤ ਦਿੱਲੀ ਤੋਂ ਲੰਡਨ ਸਫ਼ਰ ਕਰ ਰਿਹਾ ਸੀ ਕਿ ਉਸ ਨੇ ਸ਼ਿਕਾਇਤ ਕੀਤੀ ਕਿ ਜੋ ਫਿਲਮ ਮੁਸਾਫਰਾਂ ਨੂੰ ਵਿਖਾਈ ਜਾ ਰਹੀ ਹੈ ਉਹ ਫਰਾਂਸੀਸੀ ਭਾਸ਼ਾ ਵਿੱਚ ਹੈ। ਉਸ ਨੂੰ ਬਦਲਣ ਦਾ ਭਰੋਸਾ ਦਿੱਤਾ ਗਿਆ ਪਰ ਕੁਝ ਨਹੀਂ ਹੋਇਆ। ਮੁੜ ਸ਼ਿਕਾਇਤ ਕਰਨ 'ਤੇ ਕਿਹਾ ਗਿਆ ਕਿ ਹੁਣ ਤਾਂ ਫਿਲਮ ਖ਼ਤਮ ਹੀ ਹੋਣ ਵਾਲੀ ਹੈ।
  • ਕਿਸੇ ਹੋਰ ਏਅਰਲਾਈਨਜ਼ ਦੀ ਫਲਾਈਟ ਦੌਰਾਨ ਮੇਰੇ ਇੱਕ ਬਿਮਾਰ ਦੋਸਤ 'ਤੇ ਇੱਕ ਏਅਰ ਇੰਡੀਆ ਦੇ ਪਾਇਲਟ ਦੀ ਨਜ਼ਰ ਪਈ ਉਹ ਫਸਟ ਕਲਾਸ ਸੀਟ 'ਤੇ ਸਫ਼ਰ ਕਰ ਰਿਹਾ ਸੀ। ਉਸਦੀ ਹਾਲਤ ਦੇਖ ਕੇ ਪਾਇਲਟ ਨੇ ਉਸਨੂੰ ਆਪਣੀ ਸੀਟ ਦੇ ਦਿੱਤੀ ਤੇ ਖੁਦ ਉਸਦੀ ਸੀਟ 'ਤੇ ਬ ਗਿਆ।
ਏਅਰ ਇੰਡੀਆ

ਤਸਵੀਰ ਸਰੋਤ, Getty Images

  • ਜਦੋਂ ਮੇਰੇ ਇੱਕ ਦੋਸਤ ਨੇ ਫਲਾਈਟ ਦਾ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਤਾਂ ਫਲਾਈਟ ਸਟੀਵਰਡ ਵਾਪਸ ਗਾਜਰ ਦੇ ਹਲਵੇ ਨਾਲ ਆਇਆ ਜੋ ਮੇਰੇ ਦੋਸਤ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ।
  • ਔਨਬੋਰਡ ਮੁਲਾਜ਼ਮਾਂ ਦਾ ਸਖ਼ਤ ਮਿਜਾਜ਼ ਆਮ ਗੱਲ ਹੈ। ਇੱਕ ਵਾਰ ਮੇਰੇ ਦੋਸਤ ਨੇ ਸ਼ਿਕਾਇਤ ਕੀਤੀ ਕਿ ਉਸਦੇ ਅੱਗੇ ਬੈਠਾ ਮੁਸਾਫਰ ਟੇਕ ਆਫ ਵੇਲੇ ਆਪਣੀ ਸੀਟ ਪਿੱਛੇ ਕਰ ਲੈਂਦਾ ਹੈ। ਸ਼ਿਕਾਇਤ ਜਦੋਂ ਫਲਾਈਟ ਦੇ ਮੁਲਾਜ਼ਮ ਨੇ ਸੁਣੀ ਤਾਂ ਉਸਨੇ ਉਸ ਯਾਤਰੀ ਦੀ ਸੀਟ ਦਾ ਬਟਨ ਦੱਬ ਕੇ ਨਾਰਮਲ ਕੀਤੀ ਤੇ ਚਿਤਾਵਨੀ ਦਿੰਦਿਆਂ ਕਿਹਾ, ਜੇ ਮੁੜ ਅਜਿਹਾ ਕੀਤਾ ਤਾਂ ਮੈਂ ਤੁਹਾਨੂੰ ਫਲਾਈਟ ਤੋਂ ਬਾਹਰ ਸੁੱਟ ਦੇਵਾਂਗੀ। ਫਿਰ ਉਹ ਮੁਸਾਫਰ ਪੂਰੀ ਫਲਾਈਟ ਵਿੱਚ ਸਹੀ ਤਰੀਕੇ ਨਾਲ ਪੇਸ਼ ਆਇਆ।
  • ਇੱਕ ਮੇਰੇ ਦੋਸਤ ਜੇਆਫ ਦੀ ਫਲਾਈਟ ਰੱਦ ਹੋਈ ਤਾਂ ਉਸ ਨੂੰ ਅਗਲੇ ਦਿਨ ਆਉਣ ਵਾਸਤੇ ਕਿਹਾ ਗਿਆ। ਉਹ ਆਪਣੇ ਪਰਿਵਾਰ ਨਾਲ ਸਫ਼ਰ ਕਰ ਰਿਹਾ ਸੀ। ਜੇਆਫ ਨੇ ਦੱਸਿਆ, "ਮੈਂ ਨਿਮਰਤਾ ਨਾਲ ਜ਼ੋਰ ਦੇ ਕੇ ਚੈੱਕ ਇਨ 'ਤੇ ਬੈਠੇ ਸ਼ਖਸ ਨੂੰ ਕਿਹਾ ਕਿ ਸਾਨੂੰ ਫਲਾਈਟ ਦਿਵਾਉਣੀ ਹੀ ਚਾਹੀਦੀ ਹੈ। ਉਨ੍ਹਾਂ ਨੇ ਸਾਨੂੰ ਬਿਜ਼ਨਸ ਕਲਾਸ ਦੀ ਸੀਟ ਦੇ ਦਿੱਤੀ। ਬਾਕੀ ਸਭ ਸਹੀ ਸੀ ਬੱਸ ਇੱਕ ਸਮੱਸਿਆ ਖੜੀ ਹੋ ਗਈ ਕਿ ਅਗਲੇ ਸਾਲ ਮੇਰੇ ਦੋਵੇਂ ਬੱਚੇ ਇਕਾਨੋਮੀ ਕਲਾਸ ਵਿੱਚ ਸਫ਼ਰ ਨਹੀਂ ਕਰਨਾ ਚਾਹੁੰਦੇ ਸੀ।"

35 ਸਾਲ ਪਹਿਲਾਂ ਏਅਰ ਇੰਡੀਆ ਦੀ ਮੇਰੀ ਪਹਿਲੀ ਫਲਾਈਟ ਤੋਂ ਬਾਅਦ ਹੁਣ ਹਾਲ ਹੀ ਵਿੱਚ ਮੈਂ ਲੰਡਨ ਤੋਂ ਦਿੱਲੀ ਤੱਕ ਸਫ਼ਰ ਕੀਤਾ।

787 ਡਰੀਮਲਾਈਨਰ ਵਿੱਚ ਮੇਰੇ ਸੱਜੇ ਪਾਸੇ ਦੀਆਂ ਦੋ ਸੀਟਾਂ ਪੂਰੀ ਫਲਾਈਟ ਦੌਰਾਨ ਖਾਲੀ ਪਈਆਂ ਰਹੀਆਂ।

ਮੈਂ ਆਪਣੀਆਂ ਲੱਤਾਂ ਫੈਲਾਅ ਲਈਆਂ ਤੇ ਆਪਣੇ ਐਂਟਰਟੇਨਮੈਂਟ ਸਿਸਟਮ 'ਤੇ ਫਿਲਮ ਦੇਖਣ ਲਈ ਤਿਆਰ ਹੋ ਗਿਆ।

ਮੇਰੀਆਂ ਯਾਦਾਂ ਤਾਜ਼ਾ ਹੋ ਗਈਆਂ। ਮੈਂ ਆਪਣੇ ਆਲੇ-ਦੁਆਲੇ ਬਦਲਿਆ ਹੋਇਆ ਮਾਹੌਲ ਦੇਖਿਆ ਤੇ ਮੁਸਕੁਰਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)