ਨਜ਼ਰੀਆ: ਬੱਚੀ ਨੂੰ ਗੋਦ ਵਿੱਚ ਬਿਠਾ ਕੇ ਖ਼ਬਰਾਂ ਪੜ੍ਹਨ ਨਾਲ ਕੀ ਸਾਬਿਤ ਹੋਇਆ?

ਤਸਵੀਰ ਸਰੋਤ, FACEBOOK/KIRAN NAAZ
- ਲੇਖਕ, ਦੀਪਕ ਸ਼ਰਮਾ
- ਰੋਲ, ਬੀਬੀਸੀ ਪੱਤਰਕਾਰ
ਸਾਨੂੰ ਮਿਡਲ-ਕਲਾਸ ਲੋਕਾਂ ਨੂੰ ਅਕਸਰ ਵਿਖਾਵੇ ਵਿੱਚ ਮਜ਼ਾ ਆਉਂਦਾ ਹੈ। ਵਿਖਾਵਾ ਸਿਰਫ਼ ਆਪਣੇ ਘਰ, ਗੱਡੀ ਅਤੇ ਸਾਜੋ ਸਾਮਾਨ ਦਾ ਹੀ ਨਹੀਂ ਬਲਕਿ ਕਦੇ-ਕਦੇ ਔਲਾਦ ਦਾ ਵੀ।
ਜ਼ਰੂਰਤਾਂ ਨਾਲ ਲੜਦੇ ਅਤੇ ਐਸ਼ੋ ਆਰਾਮ ਦੇ ਸੁਪਨਿਆਂ ਵਿੱਚ ਜੀਉਂਦੇ ਪਰਿਵਾਰਾਂ ਦੇ ਲਈ ਬੱਚੇ ਹੀ ਸਭ ਤੋਂ ਵੱਡੀ ਪੂੰਜੀ ਹੁੰਦੇ ਹਨ। ਉਨ੍ਹਾਂ ਦੀਆਂ ਭਾਵਨਾਵਾਂ ਅਤੇ ਉਮੀਦਾਂ ਦਾ ਸਭ ਤੋਂ ਅਹਿਮ ਨਿਵੇਸ਼।
ਸਾਡੇ ਵਿੱਚੋਂ ਬਹੁਤ ਹੋਣਗੇ ਜਿਨ੍ਹਾਂ ਨੂੰ ਬਚਪਨ ਵਿੱਚ ਮਹਿਮਾਨਾਂ ਦੇ ਸਾਹਮਣੇ 'ਪੇਸ਼ਕਾਰੀ' ਕਰਨ ਦੀ ਝਿਝਕ ਭੁੱਲੀ ਨਹੀਂ ਹੋਵੇਗੀ।
ਆਪਣੇ ਬੱਚੇ ਨੂੰ ਪਸੰਦੀਦਾ ਗੀਤ ਜਾਂ ਕਵਿਤਾ ਸੁਣਾਉਣ ਜਾਂ ਫਿਰ ਨਾਚ ਦਿਖਾਉਣ ਦੇ ਲਈ ਪੇਸ਼ ਕਰਦੇ ਵਕਤ ਮਾਤਾ-ਪਿਤਾ ਦਾ ਲੁਕਿਆ ਹੋਇਆ ਮਾਣ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ।
ਟੀਆਰਪੀ ਦੀ ਦੌੜ
ਹਾਲਾਂਕਿ ਕਈ ਵਾਰ ਇਹ ਮਾਣ ਅਤੇ ਉਮੀਦ ਬੱਚੇ ਦੇ ਮਨ ਦੀਆਂ ਜ਼ੰਜੀਰਾਂ ਬਣ ਜਾਂਦੀਆਂ ਹਨ।
ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਬੱਚਿਆਂ ਨੂੰ ਅੱਜ ਵੀ ਉਨ੍ਹਾਂ ਦੇ ਕੁਦਰਤੀ ਭੋਲੇਪਨ ਵਿੱਚ ਜੀਉਣ ਦੀ ਜ਼ਿਆਦਾ ਆਜ਼ਾਦੀ ਹਾਸਲ ਹੈ।
ਪਰਿਵਾਰ ਉੱਥੇ ਹੁਣ ਵੀ ਸਾਂਝੇ ਹਨ ਅਤੇ ਹਰ ਵਾਰ ਅੱਵਲ ਆਉਣਾ ਜ਼ਿੰਦਗੀ ਦੀ ਜ਼ਰੂਰੀ ਸ਼ਰਤ ਨਹੀਂ ਹੈ।
ਹਾਲਾਂਕਿ ਰਿਏਲਿਟੀ ਟੀਵੀ ਦੇ ਜ਼ਮਾਨੇ ਵਿੱਚ ਹਕੀਕਤ ਤੇਜ਼ੀ ਨਾਲ ਬਦਲ ਰਹੀ ਹੈ।
ਦੇਸ ਅਤੇ ਸਮਾਜ ਦੇ ਇੱਕ ਛੋਰ ਤੋਂ ਆਉਣ ਵਾਲੇ ਆਂਚਲ ਠਾਕੁਰ ਅਤੇ ਬੁਧੀਆ ਨੂੰ ਟੀਵੀ ਸਕਰੀਨ 'ਤੇ ਮਸ਼ਹੂਰ ਹੁੰਦੇ ਦੇਰ ਨਹੀਂ ਲੱਗਦੀ।
ਵੱਡੀ ਟੀਆਰਪੀ ਵਾਲੇ ਪ੍ਰੋਗਰਾਮਾਂ ਦੀ ਭਰਤੀ ਵਿੱਚ ਸ਼ਾਮਲ ਹੋਣ ਵਾਲੀ ਭੀੜ 'ਤੇ ਵਰਗ, ਜਾਤ, ਨਸਲ, ਰੰਗ ਦੀਆਂ ਬੰਦਿਸ਼ਾਂ ਨਹੀਂ ਹੁੰਦੀਆਂ।
ਮਨੋਰੰਜਨ ਦੇ ਕਾਰੋਬਾਰ ਨੂੰ ਪ੍ਰਤਿਭਾ ਦੀ ਕਈ ਅਣਡਿੱਠੀ ਖਦਾਨਾਂ ਮਿਲਦੀਆਂ ਹਨ ਅਤੇ ਦੂਰ-ਦਰਾਡੇ ਦੇ ਇਲਾਕਿਆਂ ਤੱਕ ਫੈਲਿਆ ਦਰਸ਼ਕਾਂ ਦਾ ਦਾਇਰਾ ਵੀ ਹਿੱਸੇ ਆਉਂਦਾ ਹੈ।
ਬਦਲੇ ਵਿੱਚ ਉਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਵੀ ਸੁਪਨੇ ਦੇਖਣ ਦਾ ਹੱਕ ਮਿਲਦਾ ਹੈ ਜਿੱਥੋਂ ਦਿੱਲੀ ਨਕਸ਼ੇ ਵਿੱਚ ਹੀ ਦੂਰ ਨਜ਼ਰ ਆਉਂਦੀ ਹੈ।
ਦਰਸ਼ਕਾਂ ਨੂੰ ਜੋੜਨ ਦਾ ਦਬਾਅ
ਆਦਤ ਬਣਾ ਕੇ ਦਰਸ਼ਕਾਂ ਦੀ ਵਫ਼ਾਦਾਰੀ ਜਿੱਤਣ ਦੀ ਰਣਨੀਤੀ ਵਿੱਚ ਸਨਸਨੀ ਅਤੇ ਭਾਵਨਾਵਾਂ ਦੀ ਡੋਜ਼ ਨੂੰ ਵਧਾਉਂਦੇ ਰਹਿਣਾ ਪੈਂਦਾ ਹੈ।
ਖੂਬਸੂਰਤ ਚਿਹਰੇ ਅਤੇ ਜਜ਼ਬਾਤ ਦੀ ਪੇਸ਼ਕਾਰੀ ਤੋਂ ਇਲਾਵਾ ਬੱਚੇ ਵੀ ਇਸ ਹਿੱਟ ਫਾਰਮੁਲੇ ਦਾ ਹਿੱਸਾ ਹਨ।
ਇਸ ਲਈ ਹੁਨਰ ਦੇ ਆਧਾਰ 'ਤੇ ਬਣਦੇ ਟੀਵੀ ਪ੍ਰੋਗਰਾਮਾਂ ਵਿੱਚ ਅਕਸਰ ਬੱਚਿਆਂ ਦਾ ਹੁਨਰ ਅਤੇ ਗੱਲਾਂ ਉਨ੍ਹਾਂ ਦੀ ਉਮਰ ਨੂੰ ਦਗਾ ਦਿੰਦੀ ਨਜ਼ਰ ਆਉਂਦੀਆਂ ਹਨ।
ਤੁਹਾਨੂੰ ਆਨਲਾਈਨ ਸ਼ੌਪਿੰਗ ਦੇ ਫਾਇਦੇ ਦੱਸਣ ਦੇ ਲਈ ਉਨ੍ਹਾਂ ਨੂੰ ਤੁਹਾਡੀ ਉਮਰ ਦੇ ਲਿਬਾਸ ਵਿੱਚ ਪੇਸ਼ ਕੀਤਾ ਜਾਂਦਾ ਹੈ।
ਦਰਸ਼ਕਾਂ ਦੀਆਂ ਅੱਖਾਂ ਨੂੰ ਟਿਕਾਏ ਰੱਖਣ ਦਾ ਇਹ ਦਬਾਅ ਕਿਤੇ ਵੀ ਇੰਨਾ ਨਹੀਂ ਹੁੰਦਾ ਜਿੰਨਾ 400 ਤੋਂ ਵੱਧ ਨਿਊਜ਼ ਚੈੱਨਲਾਂ ਵਾਲੇ ਭਾਰਤੀ ਟੀਵੀ ਮਾਰਕਿਟ ਵਿੱਚ ਹੁੰਦਾ ਹੈ।
ਜਜ਼ਬਾਤਾਂ ਦੇ ਤੜਕੇ ਲਈ ਮਸੂਮੀਅਤ ਦੀ ਵਰਤੋਂ
ਇਸ ਮਾਮਲੇ ਵਿੱਚ ਪਾਕਿਸਤਾਨ ਵੀ ਭਾਰਤ ਤੋਂ ਵੱਖ ਨਹੀਂ ਹੈ। ਉੱਥੇ ਵੀ ਅਕਸਰ ਸੰਪਾਦਕੀ ਮਰਿਆਦਾ ਰੇਟਿੰਗ ਦੇ ਪਰਖੇ ਹੋਏ ਫਾਰਮੁਲੇ ਵਿੱਚ ਘੁਲਦੀ ਵਿਖਾਈ ਦਿੰਦੀ ਹੈ।
ਇਸ ਲਈ ਜਦੋਂ ਪਾਕਿਸਤਾਨੀ ਨਿਊਜ਼ ਐਂਕਰ ਕਿਰਨ ਨਾਜ਼ 7 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਦੀ ਖ਼ਬਰ ਆਪਣੀ ਖੁਦ ਦੀ ਬੱਚੀ ਨੂੰ ਗੋਦ ਵਿੱਚ ਬਿਠਾ ਕੇ ਪੜ੍ਹਦੀ ਹੈ ਤਾਂ ਖੁਦ ਵਿੱਚ ਖ਼ਬਰ ਬਣ ਜਾਂਦੀ ਹੈ।

ਤਸਵੀਰ ਸਰੋਤ, YOUTUBE GRAB
ਨਾਜ਼ ਦੇ ਇਸ ਅੰਦਾਜ਼ ਨੂੰ ਭਾਰਤੀ ਟੀਵੀ ਚੈੱਨਲ ਵੀ ਦਿਨ-ਰਾਤ ਵਿਖਾਉਂਦੇ ਹਨ।
ਯੂ-ਟਿਊਬ 'ਤੇ ਕਿਰਨ ਨਾਜ਼ ਦਾ ਆਪਣੀ ਹੀ ਧੀ ਦੇ ਨਾਲ ਫੇਸਬੁੱਕ ਲਾਈਵ ਦਾ ਇੱਕ ਹੋਰ ਵੀਡੀਓ ਮੌਜੂਦ ਹੈ।
1 ਜਨਵਰੀ ਨੂੰ ਅਪਲੋਡ ਹੋਏ ਵੀਡੀਓ ਵਿੱਚ ਉਹ ਆਪਣੀ ਉਸੇ ਧੀ ਆਇਸ਼ਾ ਦੇ ਨਾਲ ਇੱਕ ਅਜਿਹੇ ਕਮਰੇ ਵਿੱਚ ਬੈਠੀ ਨਜ਼ਰ ਆਉਂਦੀ ਹੈ ਜੋ ਮੇਕ-ਅਪ ਰੂਮ ਜਿਹਾ ਦਿਖਦਾ ਹੈ।
ਵੀਡੀਓ ਵਿੱਚ ਨਾਜ਼ ਆਪਣੇ ਆਉਣ ਵਾਲੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੀ ਹੈ ਅਤੇ ਆਪਣੇ ਦਰਸ਼ਕਾਂ ਦੇ ਸੰਦੇਸ਼ ਪੜ੍ਹਦੀ ਹੈ ਪਰ ਉਸ ਵਿੱਚ ਨੰਨੀ ਧੀ ਦਾ ਕੀ ਕੰਮ ਸੀ, ਦਰਸ਼ਕਾਂ ਨੂੰ ਇਸਦਾ ਜਵਾਬ ਕਿਤੇ ਨਹੀਂ ਮਿਲਦਾ।
ਭਾਰੀ ਸੰਵਾਦ ਦਾ ਤੜਕਾ
ਬਹਿਰਾਲ ਕਿਰਨ ਨਾਜ਼ ਦੇ ਤਾਜ਼ਾ ਵੀਡੀਓ ਨੂੰ ਚਾਰ ਹੀ ਦਿਨ ਵਿੱਚ ਪੁਰਾਣੇ ਵੀਡੀਓ ਤੋਂ ਤਕਰੀਬਨ ਅੱਠ ਗੁਣਾ ਵੱਧ ਲਾਈਕ ਮਿਲੇ ਹਨ।

ਤਸਵੀਰ ਸਰੋਤ, BANARAS KHAN/AFP/Getty Images
ਹੁਣ ਇਹ ਹੋਰ ਗੱਲ ਹੈ ਕਿ ਨੰਨੀ ਆਇਸ਼ਾ ਜਿੰਨਾ ਪਹਿਲੇ ਵਾਲੇ ਵੀਡੀਓ ਵਿੱਚ ਆਪਣੀ ਅੱਮੀ ਦੇ ਫੈਨਫੇਅਰ ਤੋਂ ਬੇਫ਼ਿਕਰ ਹੈ ਉੰਨਾ ਹੀ ਦੂਜੇ ਵੀਡੀਓ ਵਿੱਚ ਆਪਣੀ ਮਾਂ ਦੀ ਫ਼ਿਕਰ ਤੋਂ ਅਣਜਾਣ ਹੈ।
ਨਾਜ਼ ਇਸ ਵਾਇਰਲ ਬੁਲੇਟਿਨ ਦੀ ਸ਼ੁਰੂਆਤ ਵਿੱਚ ਦਰਸ਼ਕਾਂ ਨੂੰ ਮੁਖਾਤਿਬ ਹੁੰਦਿਆਂ ਕਹਿੰਦੀ ਹੈ, "ਅੱਜ ਮੈਂ ਕਿਰਨ ਨਾਜ਼ ਨਹੀਂ ਹਾਂ, ਅੱਜ ਮੈਂ ਮਾਂ ਹਾਂ। ਇਸ ਲਈ ਆਪਣੀ ਬੱਚੀ ਦੇ ਨਾਲ ਬੈਠੀ ਹਾਂ।''
ਭਾਵਨਾਵਾਂ ਨਾਲ ਲੈਸ ਸਕਰਿਪਟ ਵਿੱਚ ਛੋਟੇ ਜਨਾਜ਼ਿਆਂ ਦੇ ਭਾਰੀ ਹੋਣ ਦੇ ਸੰਵਾਦ ਨੇ ਕੰਮ ਕੀਤਾ।
ਹਕੀਕਤ ਲਈ ਜਜ਼ਬਾਤ ਜਗਾਉਣੇ ਜ਼ਰੂਰੀ
ਫਰੇਮ ਤੋਂ ਗਾਇਬ ਲੈਪਟਾਪ 'ਤੇ ਨੱਚਦੀ ਬੱਚੀ ਦੀਆਂ ਨਜ਼ਰਾਂ ਸ਼ਰਾਰਤੀ ਰਹੀਆਂ। ਅੱਮੀ ਦੇ ਲਫ਼ਜ਼ਾਂ ਦਾ ਸਰੋਕਾਰ ਆਇਸ਼ਾ ਦੀ ਬੇਪਰਵਾਹੀ 'ਤੇ ਕੋਈ ਅਸਰ ਨਹੀਂ ਪਾ ਸਕਿਆ।
ਬੱਚੀ ਨੂੰ ਗੋਦ ਤੋਂ ਉਤਾਰਨ ਵਰਗੇ ਆਮ ਜਿਹੇ ਕੰਮ ਨੂੰ ਕਿਰਨ ਨਾਜ਼ ਨੇ ਬਾਖੂਬੀ ਨਿਭਾਇਆ ਅਤੇ ਉਹ ਵੀ ਸੰਵਾਦ ਦੀਆਂ ਭਾਵਨਾਵਾਂ ਨੂੰ ਬਣਾਏ ਰੱਖਦੇ ਹੋਏ।
ਜ਼ੈਨਬ ਦੀ ਖ਼ਬਰ ਪੇਸ਼ ਕਰਦੇ ਵਕਤ ਕਿਰਨ ਨਾਜ਼ ਦਾ ਪੱਤਰਕਾਰ ਤੋਂ ਪਹਿਲਾਂ ਮਾਂ ਹੋ ਜਾਣਾ ਇੰਨਾ ਵੀ ਵੱਖਰਾ ਨਹੀਂ ਸੀ।
ਆਖਿਰ ਪੱਤਰਕਾਰ ਵੀ ਪਰਿਵਾਰਾਂ, ਜਾਤਾਂ, ਰਿਸ਼ਤਿਆਂ, ਇਲਾਕਿਆਂ ਅਤੇ ਆਪਣੇ ਤਜਰਬਿਆਂ ਤੋਂ ਗੁਜ਼ਰ ਆਉਂਦੇ ਹਨ।
ਪਰ ਕੋਰੇ ਤੱਥਾਂ 'ਤੇ ਆਪਣੀ ਜ਼ਰਾ ਵੀ ਛਾਪ ਛੱਡਣਾ ਦਰਸ਼ਕ ਜਾਂ ਪਾਠਕ ਦੇ ਨਿਰਪੱਖ ਜਾਣਕਾਰੀ ਪਾਉਣ ਦੇ ਹੱਕ ਦੇ ਖ਼ਿਲਾਫ਼ ਹੈ ਫ਼ਿਰ ਭਾਵੇਂ ਉਹ ਜਜ਼ਬਾਤ ਜਾ ਰਾਏ ਕਿੰਨੀ ਵੀ ਜਾਇਜ਼ ਕਿਉਂ ਨਾ ਹੋਵੇ।
ਖ਼ਬਰ 'ਤੇ ਤੁਹਾਡੇ ਕਲਿਕ ਦੇ ਲਈ ਚਾਰਾ ਸੁੱਟਣ ਦੇ ਦੌਰ ਵਿੱਚ ਪੱਤਰਕਾਰਿਤਾ ਦੇ ਇਹ ਮੂਲ ਸਿਧਾਂਤ ਪਿੱਛੇ ਰਹਿ ਰਿਹਾ ਹੈ।
ਮੌਜੂਦਾ ਕਾਲ ਵਿੱਚ ਉਹ ਹਕੀਕਤ ਹੀ ਕੀ ਜੋ ਕਿਸੇ ਤਰ੍ਹਾਂ ਦੇ ਜਜ਼ਬਾਤ ਨਾ ਜਗਾ ਸਕੇ।
ਤੱਥਾਂ ਦੀ ਸਾਂਝ ਪੱਤਰਕਾਰਾਂ ਲਈ ਜ਼ਰੂਰੀ
ਬੀਬੀਸੀ ਨਾਲ ਗੱਲਬਾਤ ਵਿੱਚ ਕਿਰਨ ਨਾਜ਼ ਨੇ ਕਿਹਾ, "ਮੈਂ ਉਸ ਦਰਦ ਨੂੰ ਮਹਿਸੂਸ ਕੀਤਾ ਅਤੇ ਇਸ ਲਈ ਮੈਂ ਆਪਣੀ ਧੀ ਨੂੰ ਲੈ ਕੇ ਆਈ। ਮੈਂ ਇਹ ਦੱਸਣਾ ਚਾਹੁੰਦੀ ਸੀ ਕਿ ਮੇਰੀ ਧੀ ਮੇਰਾ ਮਾਣ ਹੈ। ਦੁਨੀਆਂ ਵਿੱਚ ਜਿੰਨ੍ਹਾਂ ਦੀਆਂ ਧੀਆਂ ਹੁੰਦੀਆਂ ਹਨ, ਉਹ ਉਨ੍ਹਾਂ ਦਾ ਗਰੂਰ ਹੁੰਦੀਆਂ ਹਨ।''
ਪਰ ਗਰੂਰ ਭਾਵੇਂ ਰਿਸ਼ਤਿਆਂ ਦਾ ਹੋਵੇ ਜਾਂ ਦੇਸਭਗਤੀ ਦਾ, ਅਕਸਰ ਭਲਾਈ ਉਸ ਨੂੰ ਆਪਣੇ ਗੁਟ 'ਤੇ ਨਾ ਬੰਨ ਕੇ ਚਲਣ ਵਿੱਚ ਹੀ ਹੁੰਦੀ ਹੈ।

ਤਸਵੀਰ ਸਰੋਤ, AAMIR QURESHI/AFP/Getty Images
ਤੱਥਾਂ ਨੂੰ ਪੈਨੀ ਨਜ਼ਰ ਨਾਲ ਵੇਖ ਸਕਣਾ ਪੱਤਰਕਾਰ ਦੀ ਕਾਬਲੀਅਤ ਵੀ ਹੈ ਅਤੇ ਚੁਣੌਤੀ ਵੀ।
ਜਮੂਹਰੀਅਤ ਵਿੱਚ ਇਸ ਨਜ਼ਰ ਦੀ ਉਮੀਦ ਕੁਝ ਖਾਸ ਸੰਸਥਾਵਾਂ ਅਤੇ ਪੇਸ਼ਿਆਂ ਤੋਂ ਰੱਖੀ ਜਾਂਦੀ ਹੈ।
ਹਰ ਰੋਲ ਨਿਭਾਉਣ ਨੂੰ ਤਿਆਰ ਨਿਊਜ਼ ਐਂਕਰ
ਜੇ ਜ਼ੈਨਬ 'ਤੇ ਹੋਈ ਜ਼ਿਆਦਤੀ ਦੀ ਠੋਸ ਹਕੀਕਤ ਦਰਸ਼ਕਾਂ ਨੂੰ ਰੁਲਾਉਣ ਦੀ ਕੋਸ਼ਿਸ਼ ਵਿੱਚ ਨਹੀਂ ਵਹਿੰਦੀ ਤਾਂ ਸ਼ਾਇਦ ਨਾਜ਼ ਦੀ ਇਸ ਤਕਰੀਰ ਵਿੱਚ ਸਾਨੂੰ ਕਿਆਮਤ ਦੇ ਦਿਨ ਦੇ ਇਨਸਾਫ਼ ਦੀ ਉਮੀਦ ਤੋਂ ਪਹਿਲਾਂ ਕਨੂੰਨ ਤੋਂ ਇਨਸਾਫ਼ ਦੀ ਮੰਗ ਸੁਣਾਈ ਦਿੰਦੀ।
ਜ਼ਿਆਦਾਤਰ ਮਾਮਲਿਆਂ ਵਿੱਚ ਪਾਕਿਸਤਾਨ ਨੂੰ ਮਾਤ ਦੇਣਾ ਆਮ ਭਾਰਤੀਆਂ ਨੂੰ ਰੋਮਾਂਚਿਤ ਕਰਦਾ ਹੈ ਪਰ ਖ਼ਬਰ ਨੂੰ ਵਧਾ-ਚੜ੍ਹਾ ਕੇ ਵੇਚਣ ਵਿੱਚ ਭਾਰਤੀ ਨਿਊਜ਼ ਚੈੱਨਲਾਂ 'ਤੇ ਫਖ਼ਰ ਕਰਨਾ ਮੁਸ਼ਕਿਲ ਹੈ।
ਜਦੋਂ ਸਟੂਡੀਓ ਦੀ ਜ਼ਬਾਨੀ ਕੁਸ਼ਤੀ ਵਿੱਚ ਤੁਹਾਨੂੰ ਬੰਨੇ ਨਹੀਂ ਰੱਖ ਰਹੇ ਹੁੰਦੇ, ਉਸ ਵਕਤ ਪ੍ਰਾਈਮ ਟਾਈਮ ਦੇ ਯੋਧਾ ਰਿਮੋਟ 'ਤੇ ਤੁਹਾਡੀ ਉੰਗਲ ਨੂੰ ਫੜੇ ਰੱਖਣ ਦੇ ਤਰੀਕੇ ਸੋਚ ਰਹੇ ਹੁੰਦੇ ਹਨ।
ਇਹ ਇੰਝ ਹੀ ਨਹੀਂ ਹੈ ਕਿ ਅਸੀਂ ਆਪਣੇ ਕਈ ਸਟਾਰ ਐਂਕਰਸ ਨੂੰ ਪਹਿਲਵਾਨ, ਕਿਸਾਨ, ਵਕੀਲ ਇੱਥੋਂ ਤੱਕ ਕਿ ਥਰਡ ਡਿਗਰੀ ਦੇਣ ਵਾਲੇ ਖੂਫੀਆ ਪੁਲਿਸ ਵਾਲਿਆਂ ਦੇ ਬਾਨੇ ਵਿੱਚ ਦੇਖਦੇ ਰਹਿੰਦੇ ਹਾਂ।
ਭਗਤੀ ਤੋਂ ਲੈ ਕੇ ਮਸਤੀ ਤੱਕ ਹਰ ਮੂਡ ਵਿੱਚ ਖੁਦ ਨੂੰ ਢਾਲ ਕੇ ਪੇਸ਼ ਕਰਨ ਦੇ ਲਈ ਬੇਤਾਬ ਹੈ ਤੁਹਾਡਾ ਨਿਊਜ਼ ਐਂਕਰ।
ਕਿਵੇਂ ਹੋਵੇਗਾ ਬਦਲਾਅ?
ਸੱਤ ਸਾਲ ਦੀ ਜ਼ੈਨਬ ਤੁਹਾਡੇ ਗਲੀ-ਮੁਹੱਲੇ ਵਿੱਚ ਰਹਿਣ ਵਾਲੀ ਸੀਤਾ ਜਾਂ ਸਿੰਥਿਆ ਵੀ ਹੋ ਸਕਦੀ ਸੀ, ਤੁਹਾਡੀ ਧੀ ਵੀ।
ਭਾਰਤ-ਪਾਕ ਜਿੰਨੇ ਕੜਵੇ ਰਿਸ਼ਤਿਆਂ ਵਿੱਚ ਵੀ ਨਫ਼ਰਤ ਹੁਣ ਤੱਕ ਇੰਨੀ ਹਾਵੀ ਨਹੀਂ ਹੈ ਕਿ ਜ਼ੈਨਬ ਦੇ ਲਈ ਉਠੀ ਸੰਵੇਦਨਾ ਸਰਹੱਦਾਂ ਵਿੱਚ ਬੰਨ ਜਾਏ।
ਪਰ ਬਦਲਾਅ ਤਾਂ ਉਸੇ ਵੇਲੇ ਹੋਵੇਗਾ ਜਦੋਂ ਲੋਕ ਤਮਾਸ਼ੇ ਵਿੱਚ ਲੁਕੇ ਤੱਥਾਂ ਨੂੰ ਸਮਝਣਾ ਸ਼ੁਰੂ ਕਰਨਗੇ।
ਆਉਣ ਵਾਲੀ ਪਨੀਰੀ ਇੰਨੀ ਸਿਹਤਮੰਦ ਹੋਵੇ ਕਿ ਉਸ ਵਿੱਚ ਜ਼ੈਨਬ ਦੇ ਗੁਨਹਾਗਾਰਾਂ ਜਿਹੇ ਇਨਸਾਨਾਂ ਦੀ ਗੁੰਜਾਇਸ਼ ਹੀ ਨਾ ਹੋਵੇ।
ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭੋਲੇਪਨ ਨੂੰ ਹੀ ਵੱਡਿਆਂ ਦੀ ਦੁਨੀਆਂ ਦੀ ਬਦਸੂਰਤ ਹਕੀਕਤਾਂ ਨਾਲ ਦੂਸ਼ਿਤ ਨਾ ਹੋਣ ਦੇਈਏ।














