ਯੂਕਰੇਨ ਦੇ ਜਿਸ ਪਰਮਾਣੂ ਪਲਾਂਟ ਵਿੱਚ ਅੱਗ ਲੱਗੀ, ਉੱਥੇ ਕਿੰਨਾ ਖ਼ਤਰਾ ਹੋ ਸਕਦਾ ਹੈ

ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅਜੇ ਵੀ ਜਾਰੀ ਹੈ। ਰੂਸੀ ਫੌਜਾਂ ਵੱਲੋਂ ਗੋਲੀਬਾਰੀ ਦੌਰਾਨ, ਦੱਖਣ-ਪੂਰਬੀ ਯੂਕਰੇਨ ਵਿੱਚ ਜ਼ੇਪੋਰਜ਼ੀਆ ਪਾਵਰ ਪਲਾਂਟ ਵਿੱਚ ਛੇ ਪਰਮਾਣੂ ਰਿਐਕਟਰਾਂ ਵਿੱਚੋਂ ਇੱਕ ਦੇ ਨੇੜੇ ਅੱਗ ਲੱਗ ਗਈ।

ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਇਹ ਜਾਣਕਾਰੀ ਦਿੱਤੀ ਸੀ ਕਿ ਰੂਸੀ ਫੌਜੀ ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ 'ਤੇ ਚਾਰੇ ਪਾਸੇ ਗੋਲੀਬਾਰੀ ਕਰ ਰਹੇ ਹਨ।

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦੇ ਕਾਰਨ ਪਲਾਂਟ ਵਿੱਚ ਅੱਗ ਲੱਗ ਗਈ। ਕੁਲੇਬਾ ਨੇ ਟਵਿੱਟਰ 'ਤੇ ਲਿਖਿਆ, ''ਰੂਸੀ ਤੁਰੰਤ ਗੋਲੀਬਾਰੀ ਬੰਦ ਕਰਨ ਤਾਂ ਜੋ ਫਾਇਰਫਾਈਟਰਜ਼ ਉੱਥੋਂ ਤੱਕ ਪਹੁੰਚ ਸਕਣ। ਜੇਕਰ ਇਹ ਫੱਟਦਾ ਹੈ ਤਾਂ ਇਹ ਚਰਨੋਬਿਲ ਤੋਂ 10 ਗੁਣਾ ਵੱਡਾ ਹੋਵੇਗਾ।''

ਅੱਗ ਦੀ ਇਸ ਖ਼ਬਰ ਨੇ ਯੂਕਰੇਨ ਸਮੇਤ ਦੁਨੀਆ ਭਰ ਵਿੱਚ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ, ਯੂਕਰੇਨ ਦੀਆਂ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਉਹ ਪਰਮਾਣੂ ਊਰਜਾ ਪਲਾਂਟ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਕਾਮਯਾਬ ਰਹੇ ਹਨ।

ਸਟੇਟ ਐਮਰਜੈਂਸੀ ਸੇਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "06:20 ਵਜੇ (04:20 ਗ੍ਰੀਨਵਿਚ ਮੀਨ ਟਾਈਮ) 'ਤੇ ਐਨਰਗੋਡਰ ਵਿੱਚ ਜ਼ੇਪੋਰਜ਼ੀਆ ਐੱਨਪੀਪੀ ਦੀ ਸਿਖਲਾਈ ਵਾਲੀ ਇਮਾਰਤ ਵਿੱਚ ਲੱਗੀ ਅੱਗ ਬੁਝ ਗਈ। ਕੋਈ ਵੀ ਪੀੜਤ ਨਹੀਂ ਹੈ"।

ਇਸਦੇ ਨਾਲ ਹੀ ਬੀਬੀਸੀ ਯੂਕਰੇਨੀ ਦਾ ਕਹਿਣਾ ਹੈ ਕਿ ਐਨਰਗੋਡਰ ਦੇ ਮੇਅਰ ਦਮਿਤਰੋ ਓਰਲੋਵ ਨੇ ਹੁਣ ਇੱਕ ਪ੍ਰਸਾਰਕ ਨੂੰ ਦੱਸਿਆ ਹੈ ਕਿ ਪਰਮਾਣੂ ਪਲਾਂਟ 'ਤੇ ਲੜਾਈ ਹੁਣ ਬੰਦ ਹੋ ਗਈ ਹੈ।

ਪ੍ਰਮਾਣੂ ਪਲਾਂਟ ਦੀ ਸੁਰੱਖਿਆ 'ਸੁਰੱਖਿਅਤ' - ਅਧਿਕਾਰੀ

ਇਸ ਤੋਂ ਪਹਿਲਾਂ ਜ਼ੇਪੋਰਜ਼ੀਆ ਖੇਤਰੀ ਸੂਬਾ ਪ੍ਰਸ਼ਾਸਨ ਦੇ ਮੁਖੀ ਨੇ ਕਿਹਾ ਸੀ ਕਿ ਜ਼ੇਪੋਰਜ਼ੀਆ ਪਾਵਰ ਪਲਾਂਟ ਦੀ ਸੁਰੱਖਿਆ "ਸੁਰੱਖਿਅਤ" ਹੈ।

ਅਲੈਗਜ਼ੈਂਡਰ ਸਟਾਰੁਖ ਨੇ ਫੇਸਬੁੱਕ 'ਤੇ ਸਿਰਫ਼ ਇੱਕ ਵਾਕ ਪੋਸਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਐਨਰਹੋਦਰ ਵਿੱਚ ਜ਼ੇਪੋਰਜ਼ੀਆ ਨਿਊਕਲੀਅਰ ਪਾਵਰ ਸਟੇਸ਼ਨ ਦੇ ਡਾਇਰੈਕਟਰ ਨਾਲ ਗੱਲ ਕੀਤੀ ਸੀ ਅਤੇ (ਉਨ੍ਹਾਂ ਨੂੰ) ਇਸਦੀ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਲਿਖਿਆ, "ਜ਼ੈਡਐੱਨਪੀਪੀ ਦੇ ਨਿਰਦੇਸ਼ਕ ਨੇ ਮੈਨੂੰ ਭਰੋਸਾ ਦਿਵਾਇਆ ਕਿ ਇਸ ਸਮੇਂ, ਪ੍ਰਮਾਣੂ ਸੁਰੱਖਿਆ ਸੁਰੱਖਿਅਤ ਹੈ''।

ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ (ਆਈਏਈਏ) ਨੇ ਰਿਪੋਰਟ ਦਿੱਤੀ ਕਿ ਉਸ ਨੇ ਯੂਕਰੇਨੀ ਲੀਡਰਸ਼ਿਪ ਨਾਲ ਗੱਲ ਕੀਤੀ ਹੈ, ਅਤੇ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਪਲਾਂਟ ਵਿੱਚ "ਜ਼ਰੂਰੀ" ਉਪਕਰਨ ਅਜੇ ਵੀ ਕੰਮ ਕਰ ਰਿਹਾ ਹੈ।

ਯੂਰੋਪ ਦਾ ਸਭ ਤੋਂ ਵੱਡਾ ਪਾਵਰ ਪਲਾਂਟ

ਜ਼ੇਪੋਰਜ਼ੀਆ ਪਾਵਰ ਪਲਾਂਟ ਯੂਰੋਪ ਦਾ ਸਭ ਤੋਂ ਵੱਡਾ ਪਾਵਰ ਪਲਾਂਟ ਹੈ ਅਤੇ ਇਹ ਪੂਰੇ ਯੂਕਰੇਨ ਦੀ ਲਗਭਗ ਇੱਕ ਚੌਥਾਈ ਬਿਜਲੀ ਪੈਦਾ ਕਰਦਾ ਹੈ।

ਹਾਰਵਰਡ ਯੂਨੀਵਰਸਿਟੀ 'ਚ ਪਰਮਾਣੂ ਸੁਰੱਖਿਆ ਦੇ ਮਾਹਰ ਗ੍ਰਾਹਮ ਐਲੀਸਨ ਨੇ ਬੀਬੀਸੀ ਨੂੰ ਕਿਹਾ ਕਿ ਸ਼ਾਇਦ ਰੂਸੀ ਫੌਜੀ ਪਲਾਂਟ ਨੂੰ ਔਫਲਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਆਲੇ-ਦੁਆਲੇ ਦੇ ਖੇਤਰ ਵਿੱਚ ਬਿਜਲੀ ਕੱਟੀ ਜਾ ਸਕੇ।

ਜ਼ੇਪੋਰਜ਼ੀਆ ਪਰਮਾਣੂ ਪਲਾਂਟ ਵਿਖੇ ਖ਼ਤਰਾ ਕਿੰਨਾ ਗੰਭੀਰ ਹੈ?

ਹਾਰਵਰਡ ਯੂਨੀਵਰਸਿਟੀ 'ਚ ਪਰਮਾਣੂ ਸੁਰੱਖਿਆ ਦੇ ਮਾਹਰ ਗ੍ਰਾਹਮ ਐਲੀਸਨ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਅੱਗ ਜਾਰੀ ਰਹੀ ਤਾਂ ਰਿਐਕਟਰ ਪਿਘਲ ਸਕਦਾ ਹੈ।

ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਹ ਰੇਡੀਓਐਕਟੀਵਿਟੀ ਪੈਦਾ/ਨਿਕਾਸੀ ਕਰੇਗਾ ਜੋ ਸਾਲਾਂ ਤੱਕ ਆਲੇ-ਦੁਆਲੇ ਦੇ ਖੇਤਰ ਨੂੰ ਪ੍ਰਭਾਵਿਤ ਕਰਗੀ, ਜਿਵੇਂ ਕਿ 1986 ਦੇ ਚਰਨੋਬਲ ਤਬਾਹੀ ਦੌਰਾਨ ਹੋਇਆ ਸੀ।

ਪਰ ਐਲੀਸਨ ਕਹਿੰਦੇ ਹਨ ਕਿ ਪਲਾਂਟ ਵਿੱਚ ਕੀ ਹੋ ਰਿਹਾ ਹੈ, ਇਹ ਜਾਣਨਾ ਅਜੇ ਬਹੁਤ ਜਲਦੀ ਵਾਲੀ ਗੱਲ ਹੈ।

ਉਹ ਕਹਿੰਦੇ ਹਨ ਕਿ ਕਾਮੇ, ਯੂਕਰੇਨੀ ਅਤੇ ਸੰਭਾਵਿਤ ਤੌਰ 'ਤੇ ਰੂਸੀ ਵੀ, ਸੰਭਾਵਿਤ ਤੌਰ 'ਤੇ "ਕਿਸੇ ਵਿਨਾਸ਼ਕਾਰੀ ਸਥਿਤੀ ਨੂੰ ਰੋਕਣ ਲਈ ਮਿਲ ਕੇ ਸਖਤ ਮਿਹਨਤ ਕਰ ਰਹੇ ਹਨ"।

ਉਨ੍ਹਾਂ ਕਿਹਾ ਕਿ ਰਿਐਕਟਰ ਨਵੀਨੀਕਰਨ ਅਧੀਨ ਸੀ ਅਤੇ ਇਸ ਲਈ ਹੋ ਸਕਦਾ ਹੈ ਕਿ ਇਸ ਵਿੱਚ ਘੱਟ ਪਰਮਾਣੂ ਬਾਲਣ ਹੋਵੇ।

ਜ਼ੇਲੇਂਸਕੀ ਦੀ ਯੂਰਪ ਨੂੰ ਗੁਹਾਰ- 'ਕਿਰਪਾ ਕਰਕੇ ਜਾਗ ਜਾਓ'

ਪਰਮਾਣੂ ਪਲਾਂਟ ਨੇੜੇ ਲੱਗੀ ਅੱਗ ਦੀਆਂ ਖ਼ਬਰਾਂ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਫੌਰੀ ਮਦਦ ਦੀ ਅਪੀਲ ਕੀਤੀ।

ਕੀਵ ਤੋਂ ਇੱਕ ਐਮਰਜੈਂਸੀ ਸੰਬੋਧਨ ਵਿੱਚ, ਜ਼ੇਲੇਂਸਕੀ ਨੇ ਇੱਕ ਸੰਭਾਵੀ ਪਰਮਾਣੂ ਤਬਾਹੀ ਦੀ ਚੇਤਾਵਨੀ ਦਿੱਤੀ।

ਉਨ੍ਹਾਂ ਬੇਨਤੀ ਕਰਦਿਆਂ ਕਿਹਾ, "ਯੂਰਪੀ, ਕਿਰਪਾ ਕਰਕੇ ਜਾਗ ਜਾਓ!"

ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਬਲਾਂ ਨੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ 'ਤੇ ਹਮਲਾ ਕੀਤਾ ਹੈ।

ਉਨ੍ਹਾਂ ਨੇ ਦੁਨੀਆ ਨੂੰ ਮਦਦ ਦੀ ਅਪੀਲ ਕੀਤੀ। ਟਵਿੱਟਰ 'ਤੇ ਪੋਸਟ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਜ਼ੇਲੇਂਸਕੀ ਨੇ ਕਿਹਾ ਕਿ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਖਤਰੇ ਵਿੱਚ ਹੈ।

ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਬਲ ਜਾਣਬੁੱਝ ਕੇ ਪਰਮਾਣੂ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ 1986 ਵਿੱਚ ਚਰਨੋਬਿਲ ਪਰਮਾਣੂ ਹਾਦਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇ ਜ਼ੇਪੋਰਜ਼ੀਆ ਦੇ ਛੇ ਰਿਐਕਟਰਾਂ ਵਿੱਚ ਕੁਝ ਗਲਤ ਹੋ ਗਿਆ ਤਾਂ ਨਤੀਜੇ ਹੋਰ ਵੀ ਮਾੜੇ ਹੋਣਗੇ।

ਜ਼ੇਲੇਂਸਕੀ ਨੇ ਕਿਹਾ, "ਯੂਰਪੀ, ਕਿਰਪਾ ਕਰਕੇ ਜਾਗ ਜਾਓ। ਤੁਸੀਂ ਆਪਣੇ ਆਗੂਆਂ ਨੂੰ ਕਹੋ ਕਿ ਰੂਸੀ ਫੌਜਾਂ ਯੂਕਰੇਨ ਦੇ ਪਰਮਾਣੂ ਪਲਾਂਟ 'ਤੇ ਹਮਲਾ ਕਰ ਰਹੀਆਂ ਹਨ।''

ਉਨ੍ਹਾਂ ਕਿਹਾ ਕਿ ਉਹ ਅਮਰੀਕਾ, ਬ੍ਰਿਟੇਨ ਅਤੇ ਈਯੂ ਦੇ ਆਗੂਆਂ ਦੇ ਸੰਪਰਕ 'ਚ ਹਨ ਅਤੇ ਇੰਟਰਨੈਸ਼ਨਲ ਪਰਮਾਣੂ ਊਰਜਾ ਏਜੰਸੀ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਰਪ ਦੇ ਲੋਕਾਂ ਨੂੰ ਆਪਣੇ ਆਗੂਆਂ ਨੂੰ ਜਗਾਉਣ।

ਜ਼ੇਲੇਂਸਕੀ ਨੇ ਕਿਹਾ ਕਿ ਅਤੀਤ ਵਿੱਚ ਰੂਸੀ ਪ੍ਰਾਪੇਗੈਂਡਾ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਦੁਨੀਆ ਨੂੰ ਪਰਮਾਣੂ ਦੀ ਸੁਆਹ ਨਾਲ ਢੱਕ ਦੇਵੇਗਾ, ਹੁਣ ਇਹ ਸਿਰਫ ਇੱਕ ਚੇਤਾਵਨੀ ਨਹੀਂ ਹੈ, ਇਹ ਅਸਲ ਹੈ।''

ਆਈਏਈਏ, ਪਰਮਾਣੂ ਪਲਾਂਟ ਦੇ ਨੇੜੇ ਸ਼ਕਤੀ ਦੀ ਵਰਤੋਂ ਨੂੰ ਰੋਕਣ ਦੀ ਅਪੀਲ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇ ਰਿਐਕਟਰ ਪ੍ਰਭਾਵਿਤ ਹੁੰਦੇ ਹਨ ਤਾਂ ਗੰਭੀਰ ਖ਼ਤਰੇ ਹੋਣਗੇ।

ਅਮਰੀਕਾ ਨੇ ਲਿਆ ਅਹਿਮ ਫ਼ੈਸਲਾ

ਅਮਰੀਕਾ ਦੀ ਊਰਜਾ ਮੰਤਰੀ ਜੇਨਿਫਰ ਗ੍ਰਾਨਹੋਲਮ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਯੂਕਰੇਨ ਦੇ ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ ਵਿੱਚ ਅੱਗ ਲੱਗਣ ਨੂੰ ਲੈ ਕੇ ਯੂਕਰੇਨ ਦੇ ਊਰਜਾ ਮੰਤਰੀ ਨਾਲ ਗੱਲਬਾਤ ਕੀਤੀ।

ਜੇਨਿਫਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਮਰੀਕੀ ਪਰਮਾਣੂ ਇੰਸੀਡੈਂਟ ਰਿਸਪੌਂਸ ਟੀਮ ਨੂੰ ਚੌਕਸ ਕਰਨ ਦਾ ਫੈਸਲਾ ਲਿਆ ਹੈ।

ਗ੍ਰਾਨਹੋਲਮ ਨੇ ਕਿਹਾ ਕਿ ਪਰਮਾਣੂ ਪਲਾਂਟ ਦੇ ਕੋਲ ਰੂਸੀ ਫੌਜੀ ਮੁਹਿੰਮ ਬੇਹੱਦ ਲਾਪਰਵਾਹ ਕਦਮ ਹੈ ਅਤੇ ਇਹ ਖ਼ਤਮ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰਾਲਾ, ਅਮਰੀਕੀ ਨਿਊਕਲੀਅਰ, ਰੈਗੂਲੇਟਰੀ ਕਮਿਸ਼ਨ ਅਤੇ ਵ੍ਹਾਈਟ ਹਾਈਸ ਦੇ ਨਾਲ ਪੂਰੇ ਘਟਨਾਕ੍ਰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਕੈਨੇਡਾ ਨੇ 'ਭਿਆਨਕ' ਹਮਲੇ ਦੀ ਕੀਤੀ ਨਿੰਦਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ੇਪੋਰਜ਼ੀਆ ਪਰਮਾਣੂ ਪਲਾਂਟ 'ਤੇ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕੀਤੀ।

ਟਰੂਡੋ ਨੇ ਹਮਲੇ ਦੀ ਨਿੰਦਾ ਕੀਤੀ, ਇਨ੍ਹਾਂ ਨੂੰ "ਤੁਰੰਤ ਬੰਦ" ਕਰਨ ਲਈ ਕਿਹਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)