ਯੂਕਰੇਨ ਰੂਸ ਜੰਗ ਦੇ ਸਾਏ 'ਚ ਦੋਸਤੀ ਦੀ ਮਿਸਾਲ: ਮੁਹੰਮਦ ਫੈਸਲ ਨੇ ਯੂਕਰੇਨ ਵਿੱਚ ਕਮਲ ਸਿੰਘ ਲਈ ਛੱਡੀ ਭਾਰਤ ਪਰਤਣ ਦੀ ਫਲਾਈਟ

ਤਸਵੀਰ ਸਰੋਤ, Kamal and Faisal
- ਲੇਖਕ, ਸ਼ਾਹਬਾਜ਼ ਅਨਵਰ
- ਰੋਲ, ਬੀਬੀਸੀ
ਯੂਕਰੇਨ 'ਤੇ ਰੂਸ ਦੇ ਹਮਲੇ ਦੌਰਾਨ ਮਨੁੱਖੀ ਦੁਖਾਂਤ ਦੇ ਨਾਲ-ਨਾਲ ਮਾਨਵਤਾ ਦੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਮੁਹੰਮਦ ਫੈਸਲ ਅਤੇ ਵਾਰਾਣਸੀ ਦੇ ਕਮਲ ਸਿੰਘ ਰਾਜਪੂਤ ਦੀ।
ਫੈਸਲ ਕੋਲ ਯੂਕਰੇਨ 'ਤੇ ਹਮਲੇ ਤੋਂ ਪਹਿਲਾਂ ਭਾਰਤ ਪਰਤਣ ਦਾ ਮੌਕਾ ਸੀ, ਪਰ ਉਨ੍ਹਾਂ ਨੇ ਆਪਣੇ ਨਾਲ ਪੜ੍ਹਨ ਵਾਲੇ ਦੋਸਤ ਕਮਲ ਲਈ ਇਹ ਫਲਾਈਟ ਛੱਡ ਦਿੱਤੀ। ਹੁਣ ਦੋਵੇਂ ਦੋਸਤ ਰੋਮਾਨੀਆ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਹਨ ਅਤੇ ਵਤਨ ਵਾਪਸੀ ਦੀ ਉਡੀਕ ਕਰ ਰਹੇ ਹਨ।
ਦੋਵੇਂ ਦੋਸਤ ਯੂਕਰੇਨ ਦੇ ਇਵਾਨੋ ਵਿੱਚ ਫਰੈਂਕਵਿਸਕ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਹਨ।
ਇਹ ਹੈ ਪੂਰੀ ਘਟਨਾ
ਫੈਸਲ ਨੂੰ ਭਾਰਤ ਪਰਤਣ ਲਈ 22 ਫਰਵਰੀ ਨੂੰ ਅਗਲੇ ਦਿਨ ਦੀ ਫਲਾਈਟ ਦੀ ਟਿਕਟ ਮਿਲ ਗਈ ਸੀ, ਪਰ ਕਮਲ ਸਿੰਘ ਨੂੰ ਟਿਕਟ ਨਹੀਂ ਮਿਲ ਸਕੀ, ਜਿਸ ਕਾਰਨ ਉਹ ਨਿਰਾਸ਼ ਹੋ ਗਏ।
ਆਪਣੇ ਦੋਸਤ ਨੂੰ ਨਿਰਾਸ਼ ਦੇਖ ਕੇ ਫੈਸਲ ਨੇ ਵੀ ਫਲਾਈਟ 'ਚ ਸਵਾਰ ਨਾ ਹੋਣ ਦਾ ਫੈਸਲਾ ਕੀਤਾ।
ਬੀਬੀਸੀ ਨੇ ਰੋਮਾਨੀਆ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਦੋਵਾਂ ਦੋਸਤਾਂ ਨਾਲ ਫੋਨ 'ਤੇ ਸੰਪਰਕ ਕੀਤਾ।
ਗੱਲਬਾਤ ਦੌਰਾਨ ਕਮਲ ਸਿੰਘ ਨੇ ਕਿਹਾ, "ਅਜਿਹੇ ਸਮੇਂ 'ਚ ਜਦੋਂ ਸਾਰਿਆਂ ਨੂੰ ਇੱਥੋਂ ਭੱਜਣ ਦੀ ਪਈ ਹੈ, ਫੈਸਲ ਨੇ ਆਪਣੀ ਫਲਾਈਟ ਛੱਡ ਦਿੱਤੀ।''
''ਉਨ੍ਹਾਂ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਕਿ 23 ਫਰਵਰੀ ਨੂੰ ਫਲਾਈਟ ਹੈ, ਪਰ ਫੈਸਲ ਨੇ ਸਾਫ ਕਹਿ ਦਿੱਤਾ ਕਿ ਉਹ ਭਾਰਤ ਨਹੀਂ ਆ ਰਿਹਾ ਹੈ। ਮੈਂ ਫੈਸਲ ਨੂੰ ਬਹੁਤ ਕਿਹਾ ਕਿ ਉਹ ਚਲਾ ਜਾਵੇ, ਮੈਂ ਆ ਜਾਵਾਂਗਾ, ਪਰ ਉਹ ਮੈਨੂੰ ਛੱਡ ਕੇ ਨਹੀਂ ਗਿਆ।
ਫੈਸਲ, ਫਲਾਈਟ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਂਦੇ ਹਨ। ਉਹ ਕਹਿੰਦੇ ਹਨ, "ਕਮਲ ਅਤੇ ਮੈਂ 11 ਦਸੰਬਰ, 2021 ਨੂੰ ਪਹਿਲੀ ਵਾਰ ਕੀਵ, ਯੂਕਰੇਨ ਵਿੱਚ ਮਿਲੇ ਸੀ। ਮੈਂ ਕਤਰ ਏਅਰਲਾਈਨਜ਼ ਤੋਂ ਗਿਆ ਸੀ, ਜਦਕਿ ਕਮਲ ਫਲਾਈ ਦੁਬਈ ਤੋਂ ਆਏ ਸਨ। ਸਾਡੀ ਜਾਣ-ਪਛਾਣ ਹੋਈ ਅਤੇ ਫਿਰ ਅਸੀਂ ਇੱਕੋ ਰੇਲ ਰਾਹੀਂ ਇਵਾਨੋ ਪਹੁੰਚੇ ਅਤੇ ਇੱਥੇ ਇੱਕੋ ਹਾਸਟਲ 'ਚ ਰਹਿਣ ਲੱਗੇ। ਸਾਡੇ ਵਿਚਾਰ ਬਹੁਤ ਮਿਲਦੇ ਹਨ।"
ਇਹ ਵੀ ਪੜ੍ਹੋ:
ਜੰਗ ਦੀ ਸਥਿਤੀ ਵਿੱਚ ਵੀ ਫਲਾਈਟ ਛੱਡਣ ਦੇ ਫੈਸਲੇ 'ਤੇ ਫੈਸਲ ਕਹਿੰਦੇ ਹਨ, "ਮੇਰੀ ਫਲਾਈਟ 23 ਫਰਵਰੀ ਨੂੰ ਸੀ। ਮੇਰੀ ਮਾਂ ਨੇ ਫੋਨ ਕਰਕੇ ਸੂਚਿਤ ਵੀ ਕੀਤਾ ਸੀ, ਪਰ ਮੈਂ ਸਾਫ਼ ਇਨਕਾਰ ਕਰ ਦਿੱਤਾ। ਮੇਰੀ ਥਾਂ 'ਤੇ ਮੇਰੇ ਠੇਕੇਦਾਰ ਨੇ ਕਿਸੇ ਹੋਰ ਨੂੰ ਫਲਾਈਟ ਰਾਹੀਂ ਭਾਰਤ ਭੇਜ ਦਿੱਤਾ।''
''ਮੇਰੇ ਮਨ ਵਿੱਚ ਇੱਕ ਗੱਲ ਆਈ ਕਿ ਜਦੋਂ ਚੰਗੇ ਸਮੇਂ 'ਚ ਦੋਸਤ ਹਾਂ ਤਾਂ ਮਾੜੇ ਸਮੇਂ ਵਿੱਚ ਵੀ ਮੈਨੂੰ ਆਪਣੇ ਦੋਸਤ ਦਾ ਸਾਥ ਨਹੀਂ ਛੱਡਣਾ ਚਾਹੀਦਾ। ਕਮਲ ਦੀ ਟਿਕਟ ਬੁੱਕ ਨਹੀਂ ਹੋ ਸਕੀ ਸੀ, ਇਸ ਲਈ ਮੈਂ ਵੀ ਦੋਸਤ ਨੂੰ ਛੱਡ ਕੇ ਆਉਣਾ ਬਿਹਤਰ ਨਹੀਂ ਸਮਝਿਆ।
ਪਰਿਵਾਰਾਂ ਦਾ ਕੀ ਕਹਿਣਾ ਹੈ
ਕਮਲ ਸਿੰਘ ਰਾਜਪੂਤ ਦਾ ਪਰਿਵਾਰ ਵਾਰਾਣਸੀ ਦੇ ਪਾਂਡੇਪੁਰ ਵਿੱਚ ਰਹਿੰਦਾ ਹੈ। ਉਨ੍ਹਾਂ ਦੇ ਪਿਤਾ ਉਦੈ ਨਰਾਇਣ ਸਿੰਘ ਦਾ ਉੱਥੇ ਹਸਪਤਾਲ ਹੈ ਅਤੇ ਉਨ੍ਹਾਂ ਦੇ ਮਾਤਾ ਜੀ ਘਰੇਲੂ ਮਹਿਲਾ ਹਨ। ਕਮਲ ਦੀ ਭੈਣ ਵਰਤਿਕਾ ਆਈਆਈਟੀ ਭੋਪਾਲ ਵਿੱਚ ਪੜ੍ਹਦੇ ਹਨ।
ਦੂਜੇ ਪਾਸੇ, ਫੈਸਲ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਹਾਪੁੜ 'ਚ ਬੁਲੰਦਸ਼ਹਿਰ ਰੋਡ 'ਤੇ ਰਹਿੰਦਾ ਹੈ। ਉਨ੍ਹਾਂ ਦੇ ਪਿਤਾ ਸਾਊਦੀ ਅਰਬ ਵਿੱਚ ਇੱਕ ਕੰਪਨੀ ਵਿੱਚ ਨੌਕਰੀ ਕਰਦੇ ਹਨ।
ਫੈਸਲ ਦੇ ਮਾਂ ਸਾਇਰਾ ਨੇ ਬੀਬੀਸੀ ਨੂੰ ਦੱਸਿਆ, "ਪੁੱਤਰ ਦੀ ਫਲਾਈਟ 23 ਫਰਵਰੀ ਨੂੰ ਸੀ, ਪਰ ਅਚਾਨਕ ਉਸ ਦੇ ਫਲਾਈਟ ਛੱਡਣ ਦੇ ਫੈਸਲੇ ਤੋਂ ਅਸੀਂ ਸਾਰੇ ਬਹੁਤ ਹੈਰਾਨ ਸੀ।''

ਤਸਵੀਰ ਸਰੋਤ, Kamal and Faisal
''ਸੱਚ ਮੰਨੋ, ਮੈਂ ਬੇਟੇ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਸੀ ਅਤੇ ਅਜਿਹੇ ਸਮੇਂ 'ਚ ਉਸ ਦਾ ਇਹ ਫੈਸਲਾ ਬਿਲਕੁਲ ਵੀ ਠੀਕ ਨਹੀਂ ਲੱਗਾ, ਪਰ ਜਦੋਂ ਫੈਸਲ ਨੇ ਕਮਲ ਬਾਰੇ ਦੱਸਿਆ ਤਾਂ ਸਾਨੂੰ ਲੱਗਿਆ ਕਿ ਸ਼ਾਇਦ ਉਸ ਨੇ ਠੀਕ ਕੀਤਾ। ਹੁਣ ਸਾਡੀਆਂ ਦੁਆਵਾਂ 'ਚ ਦੋਵੇਂ ਬੱਚੇ ਸ਼ਾਮਲ ਹੋ ਗਏ ਹਨ।"
ਇੱਕ-ਦੂਜੇ ਦਾ ਹੱਥ ਫੜ੍ਹ ਕੇ ਪਾਰ ਕੀਤੀ ਸਰਹੱਦ
ਫੈਸਲ ਮੁਤਾਬਕ, ਉਨ੍ਹਾਂ ਨੇ ਲੰਘੇ ਸ਼ਨੀਵਾਰ ਸਵੇਰੇ 11 ਵਜੇ ਇਵਾਨੋ ਛੱਡਿਆ। ਬੱਸ ਰਾਹੀਂ, ਇੱਥੇ ਉਨ੍ਹਾਂ ਨੂੰ ਰੋਮਾਨੀਆ ਦੀ ਸਰਹੱਦ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਹੀ ਉਤਾਰ ਦਿੱਤਾ ਗਿਆ। ਇੱਥੋਂ ਉਨ੍ਹਾਂ ਨੇ ਪੈਦਲ ਹੀ ਸਰਹੱਦ ਪਾਰ ਕਰਨੀ ਸੀ।
ਫੈਸਲ ਨੇ ਕਿਹਾ, "ਅਸੀਂ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ, ਬਾਰਡਰ ਤੋਂ ਲਗਭਗ 10 ਕਿਲੋਮੀਟਰ ਪਹਿਲਾਂ ਪਹੁੰਚ ਗਏ ਸੀ। ਇਸ ਤੋਂ ਬਾਅਦ ਕਮਲ ਸਿੰਘ ਅਤੇ ਮੈਂ ਇੱਕ-ਦੂਜੇ ਦਾ ਹੱਥ ਫੜ੍ਹ ਲਿਆ। ਅਸੀਂ ਕਿਹਾ ਕਿ ਅਸੀਂ ਇੱਕ-ਦੂਜੇ ਦਾ ਹੱਥ ਨਹੀਂ ਛੱਡਾਂਗੇ।"
ਘੰਟਿਆਂ ਦੀ ਖੱਜਲ-ਖੁਆਰੀ ਅਤੇ ਭਾਰੀ ਭੀੜ ਹੋਣ ਦੇ ਬਾਵਜੂਦ ਵੀ ਫੈਸਲ ਅਤੇ ਕਮਲ ਨੇ ਇੱਕ-ਦੂਜੇ ਦਾ ਹੱਥ ਨਹੀਂ ਛੱਡਿਆ।

ਤਸਵੀਰ ਸਰੋਤ, Kamal and Faisal
ਕਮਲ ਸਿੰਘ ਨੇ ਕਿਹਾ, "ਉੱਥੇ ਸਰਹੱਦ ਪਾਰ ਕਰਨਾ ਸੌਖਾ ਨਹੀਂ ਸੀ। ਭਾਰੀ ਭੀੜ ਸੀ। ਹਰ ਕਿਸੇ ਨੂੰ ਸਿਰਫ਼ ਆਪਣਾ ਹੀ ਪਈ ਸੀ। ਅਸੀਂ ਘੰਟਿਆਂ ਬੱਧੀ ਧੱਕਾ-ਮੁੱਕੀ 'ਚ ਰਹੇ। ਐਤਵਾਰ ਤੜਕੇ ਸਾਢੇ ਤਿੰਨ ਵਜੇ ਅਸੀਂ ਸਰਹੱਦ ਦੇ ਗੇਟ ਕੋਲ ਜਾ ਲੱਗੇ। ਭੀੜ ਦੇ ਧੱਕੇ ਨਾਲ ਅਸੀਂ ਦਰਵਾਜ਼ੇ 'ਤੇ ਜਿਵੇਂ ਚਿਪਕ ਗਏ ਸੀ। ਇਸ ਦੌਰਾਨ, ਅਸੀਂ ਹੌਲੀ-ਹੌਲੀ ਅੱਗੇ ਵਧਦੇ ਰਹੇ।
ਜਦੋਂ ਅਸੀਂ ਗੇਟ ਤੋਂ ਨਿਕਲ ਰਹੇ ਸੀ ਤਾਂ ਯੂਕਰੇਨੀ ਸਿਪਾਹੀਆਂ ਨੇ ਸਾਡੇ ਮੋਢਿਆਂ 'ਤੇ ਬੰਦੂਕਾਂ ਦੇ ਬੱਟ ਮਾਰੇ। ਉਹ ਸਾਡੇ ਦੁਆਰਾ ਇੱਕ-ਦੂਜੇ ਦਾ ਹੱਥ ਫੜਨ ਕਾਰਨ ਨਾਰਾਜ਼ ਸਨ, ਪਰ ਅਸੀਂ ਇੱਕ-ਦੂਜੇ ਨੂੰ ਨਹੀਂ ਛੱਡਿਆ। ਸਵੇਰੇ 6 ਵਜੇ ਅਸੀਂ ਰੋਮਾਨੀਆ ਦੀ ਸਰਹੱਦ ਵਿੱਚ ਦਾਖਲ ਹੋ ਗਏ।''
''ਇਸੇ ਸਵੇਰ, ਸਾਢੇ ਨੌ ਵਜੇ ਦੇ ਕਰੀਬ ਸਾਰੀ ਜ਼ਰੂਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅਸੀਂ ਸ਼ਰਨਾਰਥੀ ਕੈਂਪ ਰੋਮਾਨੀਆ ਪਹੁੰਚ ਚੁੱਕੇ ਸੀ। ਹੁਣ ਇੱਥੇ ਫਲਾਈਟ ਦੀ ਉਡੀਕ 'ਚ ਹਾਂ।
ਭਾਰਤ ਵਿੱਚ ਪੜ੍ਹਾਈ ਮਹਿੰਗੀ, ਇਸੇ ਕਾਰਨ ਗਏ ਯੂਕਰੇਨ
ਫੈਸਲ ਅਤੇ ਕਮਲ ਸਿੰਘ ਨੇ ਬਾਰ੍ਹਵੀਂ ਜਮਾਤ ਤੋਂ ਬਾਅਦ ਦੋ-ਦੋ ਵਾਰ ਨੀਟ (NEET) ਲਈ ਪ੍ਰੀਖਿਆ ਦਿੱਤੀ ਹੈ।

ਤਸਵੀਰ ਸਰੋਤ, Kamal and Faisal
ਮੁਹੰਮਦ ਫੈਸਲ ਦੇ ਅਨੁਸਾਰ, 2020-21 ਵਿੱਚ ਉਨ੍ਹਾਂ ਨੇ ਨੀਟ 'ਚ 512 ਅੰਕ ਪ੍ਰਾਪਤ ਕੀਤੇ ਸਨ, ਪਰ ਇਨ੍ਹਾਂ ਅੰਕਾਂ ਨਾਲ ਸਿਰਫ ਨਿੱਜੀ ਮੈਡੀਕਲ ਕਾਲਜਾਂ ਵਿੱਚ ਹੀ ਦਾਖਲਾ ਮਿਲ ਸਕਦਾ ਸੀ।
ਇੱਥੇ ਪੂਰੀ ਪੜ੍ਹਾਈ 'ਤੇ ਲਗਭਗ 65 ਤੋਂ 70 ਲੱਖ ਰੁਪਈਆ ਖਰਚਣਾ ਪੈਣਾ ਸੀ, ਜੋ ਉਨ੍ਹਾਂ ਦੇ ਪਰਿਵਾਰ ਦੀ ਪਹੁੰਚ ਤੋਂ ਬਾਹਰ ਸੀ।
ਇਸੇ ਸਾਲ ਕਮਲ ਸਿੰਘ ਨੇ ਵੀ ਨੀਟ 'ਚ 527 ਅੰਕ ਹਾਸਿਲ ਕੀਤੇ ਸਨ, ਉਨ੍ਹਾਂ ਨੇ ਵੀ ਇਹੀ ਕਾਰਨ ਦੱਸਦੇ ਹੋਏ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਦੀ ਗੱਲ ਕਹੀ।
ਫਸੇ ਹੋਏ ਵਿਦਿਆਰਥੀਆਂ ਦੀ ਮਦਦ ਕਰੇ ਸਰਕਾਰ
ਦੋਵੇਂ ਦੋਸਤ ਹੀ ਗੱਲਬਾਤ ਦੌਰਾਨ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦੇ ਰਹੇ ਸਨ ਕਿ ਸਰਕਾਰ ਨੂੰ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ।
ਕਮਲ ਨੇ ਕਿਹਾ, "ਸਾਨੂੰ ਪਤਾ ਹੈ ਕਿ ਵਿਦਿਆਰਥੀ ਉੱਥੇ ਕਿਸ ਮੁਸੀਬਤ ਵਿੱਚ ਹਨ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਕਿਵੇਂ ਭੁੱਖੇ-ਪਿਆਸੇ ਬੱਚੇ ਕੜਾਕੇ ਦੀ ਠੰਢ ਵਿੱਚ ਖੁੱਲ੍ਹੇ ਅਸਮਾਨ ਹੇਠ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਕੁੜੀਆਂ ਤਾਂ ਬੇਹੋਸ਼ ਹੋ ਕੇ ਡਿੱਗ ਪਈਆਂ। ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਮਦਦ ਕਰਨ।"
ਯੂਰੇਸ਼ੀਆ ਐਜੂਕੇਸ਼ਨ ਲਿੰਕ ਦੇ ਸੰਸਥਾਪਕ ਡਾਕਟਰ ਮਸਰੂਰ ਅਹਿਮਦ ਯੂਕਰੇਨ ਵਿੱਚ ਫਸੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ 'ਚ ਜੁਟੇ ਹਨ। ਉਨ੍ਹਾਂ ਦੀ ਸੰਸਥਾ ਰਾਹੀਂ ਹਰ ਸਾਲ ਸੈਂਕੜੇ ਬੱਚੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਪਹੁੰਚਦੇ ਹਨ।
ਡਾਕਟਰ ਮਸਰੂਰ ਬੀਬੀਸੀ ਨੂੰ ਦੱਸਦੇ ਹਨ, "ਹਾਪੁੜ ਦੇ ਮੁਹੰਮਦ ਫੈਸਲ ਮੇਰੇ ਵਿਦਿਆਰਥੀ ਹਨ। 23 ਫਰਵਰੀ ਨੂੰ ਉਨ੍ਹਾਂ ਦੀ ਫਲਾਈਟ ਸੀ, ਪਰ ਉਹ ਉਸ ਫਲਾਈਟ 'ਤੇ ਨਹੀਂ ਗਏ। ਉਨ੍ਹਾਂ ਦੀ ਥਾਂ ਕਿਸੇ ਹੋਰ ਵਿਦਿਆਰਥੀ ਨੂੰ ਭੇਜਿਆ ਗਿਆ ਸੀ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













