ਬੈਟਰ ਡਾਟ ਕਾਮ ਦੇ ਵਿਸ਼ਾਲ ਗਰਗ ਨੂੰ ਜਾਣੋ ਜਿਸ ਨੇ ਜ਼ੂਮ ਕਾਲ 'ਤੇ 900 ਮੁਲਾਜ਼ਮਾਂ ਨੂੰ ਕੱਢਿਆ

ਘਰ ਲਈ ਕਰਜ਼ਾ ਦੇਣ ਵਾਲੀ ਡਿਜੀਟਲ ਮੌਰਗੇਜ ਕੰਪਨੀ better.com ਦੇ ਭਾਰਤੀ ਮੂਲ ਦੇ ਅਮਰੀਕੀ ਸੀਈਓ ਵਿਸ਼ਾਲ ਗਰਗ ਨੇ ਬੁੱਧਵਾਰ ਨੂੰ ਇੱਕ ਜ਼ੂਮ ਕਾਲ ਦੌਰਾਨ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ।

ਇਸ ਜ਼ੂਮ ਕਾਲ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ੇਅਰ ਹੋ ਰਿਹਾ ਹੈ।

ਨੌਕਰੀ ’ਚੋਂ ਕੱਢਣ ਤੋਂ ਪਹਿਲਾਂ ਭਾਰਤੀ-ਅਮਰੀਕੀ ਸੀਈਓ ਨੇ ਇਸ ਫ਼ੈਸਲੇ ਲਈ ਬਜ਼ਾਰ ਦੀ ਕਾਰਜ ਸਮਰੱਥਾ, ਪ੍ਰਦਰਸ਼ਨ ਅਤੇ ਉਤਪਾਦਕਤਾ ਦਾ ਹਵਾਲਾ ਦਿੱਤਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਜ਼ੂਮ ਕਾਲ ਵਿੱਚ 43 ਸਾਲ ਦੇ ਵਿਸ਼ਾਲ ਗਰਗ ਕਹਿ ਰਹੇ ਹਨ, ''ਇਹ ਅਜਿਹੀ ਖ਼ਬਰ ਹੈ ਜਿਸ ਨੂੰ ਤੁਸੀਂ ਸੁਣਨਾ ਨਹੀਂ ਚਾਹੋਗੇ। ਜੇ ਤੁਸੀਂ ਇਸ ਕਾਲ ਵਿੱਚ ਹੋ ਤਾਂ ਤੁਸੀਂ ਉਸ ਬਦਕਿਸਮਤ ਗਰੁੱਪ ਵਿੱਚ ਹੋ ਜਿਸ ਨੂੰ ਬੰਦ ਕੀਤਾ ਜਾ ਰਿਹਾ ਹੈ। ਤੁਹਾਡੀ ਨੌਕਰੀ ਤੁਰੰਤ ਪ੍ਰਭਾਵ ਨਾਲ ਖ਼ਤਮ ਹੁੰਦੀ ਹੈ।''

''ਇਹ ਮੇਰਾ ਫ਼ੈਸਲਾ ਹੈ ਅਤੇ ਇਸ ਫ਼ੈਸਲੇ ਨੂੰ ਤੁਹਾਨੂੰ ਮੇਰੇ ਤੋਂ ਹੀ ਸੁਣਨਾ ਚਾਹੀਦਾ ਸੀ। ਇਹ ਮੇਰੇ ਲਈ ਬਹੁਤ, ਬਹੁਤ ਚੁਣੌਤੀ ਭਰਿਆ ਫ਼ੈਸਲਾ ਸੀ। ਮੇਰੇ ਕਰੀਅਰ ਵਿੱਚ ਇਹ ਦੂਜੀ ਵਾਰ ਹੈ ਜਦੋਂ ਮੈਨੂੰ ਅਜਿਹਾ ਕਰਨਾ ਪੈ ਰਿਹਾ ਹੈ ਅਤੇ ਮੈਂ ਇਹ ਬਿਲਕੁਲ ਵੀ ਨਹੀਂ ਕਰਨਾ ਚਾਹੁੰਦਾ ਹਾਂ।''

''ਆਖਰੀ ਵਾਰ ਜਦੋਂ ਮੈਂ ਇਹ ਕੀਤਾ ਸੀ ਉਦੋਂ ਮੈਂ ਰੋਇਆ ਸੀ ਪਰ ਮੈਨੂੰ ਉਮੀਦ ਹੈ ਕਿ ਇਸ ਵਾਰ ਮੈਂ ਮਜ਼ਬੂਤ ਰਹਾਂਗਾ।''

ਵੀਡੀਓ 'ਚ ਉਹ ਕਹਿ ਰਹੇ ਹਨ ਕਿ ਕਰਮਚਾਰੀਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਐੱਚਆਰ ਦੇ ਮੇਲ ਜ਼ਰੀਏ ਮਿਲੇਗੀ।

ਕਿਹਾ ਜਾ ਰਿਹਾ ਹੈ ਕਿ ਜਿੰਨੇ ਕਰਮਚਾਰੀਆਂ ਨੂੰ ਕੱਢਿਆ ਗਿਆ ਹੈ ਉਹ ਕੰਪਨੀ ਦੇ ਤਕਰੀਬਨ 10,000 ਕਰਮਚਾਰੀਆਂ ਦਾ ਸਿਰਫ਼ 9-15 ਫੀਸਦੀ ਹੈ।

ਇਹ ਵੀ ਪੜ੍ਹੋ:

ਕ੍ਰਿਸਮਸ ਤੋਂ ਪਹਿਲਾਂ ਆਏ ਇਸ ਫ਼ੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਸ਼ਾਲ ਗਰਗ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਇਹ ਇੱਕ ਕਰਮਚਾਰੀ ਨੇ ਇਸ ਜ਼ੂਮ ਕਾਲ ਨੂੰ ਰਿਕਾਰਡ ਕਰ ਕੇ ਉਸ ਨੂੰ ਜਨਤੱਕ ਕਰ ਦਿੱਤਾ ਸੀ।

ਵਿਸ਼ਾਲ ਗਰਗ ਕੌਣ ਹਨ

ਇੰਡੀਪੇਂਡੇਂਟ ਨਿਊਜ਼ ਵੈੱਬਸਾਈਟ ਮੁਤਾਬਕ, ਵਿਸ਼ਾਲ ਗਰਗ 'ਤੇ ਪਹਿਲਾਂ ਵੀ ਆਪਣੇ ਕਰਮਚਾਰੀਆਂ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਦਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ 'ਤੇ ਵਿੱਤੀ ਧੋਖਾਧੜੀ ਦੇ ਇਲਜ਼ਾਮ ਵੀ ਲੱਗ ਚੁੱਕੇ ਹਨ।

ਸੱਤ ਸਾਲ ਦੀ ਉਮਰ 'ਚ ਵਿਸ਼ਾਲ ਆਪਣੇ ਪਰਿਵਾਰ ਨਾਲ ਭਾਰਤ ਤੋਂ ਕਵੀਂਸ, ਨਿਊਯਾਰਕ ਵਿੱਚ ਆ ਕੇ ਵੱਸ ਗਏ ਸਨ।

2019 ਵਿੱਚ ਇੱਕ ਪੋਡਕਾਸਟ 'ਚ ਗਰਗ ਨੇ ਦੱਸਿਆ ਸੀ ਕਿ ਹਾਈ ਸਕੂਲ 'ਚ ਹੀ ਉਨ੍ਹਾਂ ਦਾ ਝੁਕਾਅ ਵਪਾਰ ਵੱਲ ਹੋ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਨਾਲ ਪੜ੍ਹਨ ਵਾਲਿਆਂ ਨੂੰ ਕਲਿਫਨੋਟਸ ਅਤੇ ਦੂਜੀਆਂ ਕਿਤਾਬਾਂ ਵੇਚੀਆਂ ਸਨ।

ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਈਬੇ 'ਤੇ ਕਿਫ਼ਾਇਤੀ ਦੁਕਾਨਾਂ ਦੇ ਕੱਪੜਿਆਂ ਨੂੰ ਵੀ ਵੇਚਿਆ ਪਰ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਹੁੰਦੀ ਹੈ।

ਸਾਲ 2000 'ਚ ਗਰਗ ਨੇ ਆਪਣੇ ਹਾਈ ਸਕੂਲ ਦੇ ਦੋਸਤ ਅਤੇ ਪਰਵਾਸੀ ਰਜ਼ਾ ਖ਼ਾਨ ਦੇ ਨਾਲ ਇੱਕ ਨਿੱਜੀ ਲੋਨ ਕੰਪਨੀ ਖੋਲ੍ਹੀ ਜੋ ਵਿਦਿਆਰਥੀਆਂ ਨੂੰ ਕਰਜ਼ ਦਿੰਦੀ ਸੀ। ਇਸ ਦਾ ਨਾਮ ਮਾਈ ਰਿਚ ਅੰਕਲ ਰੱਖਿਆ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸੇ ਦੌਰਾਨ ਗਰਗ ਨੇ ਨਿਊ ਯਾਰਕ ਯੂਨੀਵਰਸਿਟੀ ਦੇ ਸਟਰਨ ਸਕੂਲ ਆਫ਼ ਬਿਜ਼ਨੇਸ 'ਚ ਦਾਖਲਾ ਲਿਆ ਪਰ ਉਨ੍ਹਾਂ ਨੇ ਵਿਚਾਲੇ ਹੀ ਪੜ੍ਹਾਈ ਛੱਡ ਦਿੱਤੀ।

ਅਮਰੀਕਾ 'ਚ ਆਰਥਿਕ ਸੰਕਟ ਦੌਰਾਨ ਮਾਈ ਰਿਚ ਅੰਕਲ ਕੰਪਨੀ ਦਿਵਾਲੀਆ ਐਲਾਨ ਦਿੱਤੀ ਗਈ।

ਇਸ ਤੋਂ ਬਾਅਦ ਰਜ਼ਾ ਅਤੇ ਵਿਸ਼ਾਲ ਗਰਗ ਨੇ EIFC ਨਾਮ ਦਾ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜੋ ਮਾਈ ਰਿਚ ਅੰਕਲ ਦੀ ਤਰਜ਼ 'ਤੇ ਹੀ ਮਕਾਨ ਮਾਲਕਾਂ ਨੂੰ ਕਰਜ਼ ਲੈਣ ਦੇ ਲਈ ਕਰਜ਼ ਦੀਆਂ ਸ਼ਰਤਾਂ ਬਾਰੇ ਬੈਂਕਾਂ ਦੀਆਂ ਜਾਣਕਾਰੀਆਂ ਦਿੰਦਾ ਸੀ।

2013 ਆਉਂਦੇ-ਆਉਂਦੇ ਰਜ਼ਾ ਅਤੇ ਵਿਸ਼ਾਲ ਵਿਚਾਲੇ ਕੰਪਨੀ ਦੀ ਵਿੱਤੀ ਹਾਲਤ ਨੂੰ ਲੈ ਕੇ ਮਤਭੇਦ ਪੈਦਾ ਹੋ ਗਏ। ਰਜ਼ਾ ਨੇ ਇਲਜ਼ਾਮ ਲਗਾਇਆ ਕਿ ਕੰਪਨੀ ਦੀ ਵਿੱਤੀ ਸਥਿਤੀ ਨੂੰ ਦੇਖਣ ਵਾਲੇ ਗਰਗ ਨੇ ਬਿਜ਼ਨੇਸ ਟੈਕਸ ਨਹੀਂ ਭਰੇ ਅਤੇ 3 ਮਿਲੀਅਨ ਡਾਲਰ ਨੂੰ ਕੰਪਨੀ ’ਚੋਂ ਕੱਢ ਕੇ ਆਪਣੇ ਨਿੱਜੀ ਬੈਂਕ ਖ਼ਾਤੇ ਵਿੱਚ ਟ੍ਰਾਂਸਫਰ ਕੀਤਾ।

ਇਸ ਤੋਂ ਬਾਅਦ ਗਰਗ ਨੇ ਰਜ਼ਾ 'ਤੇ 4 ਲੱਖ ਡਾਲਰ ਚੋਰੀ ਕਰਨ ਦੇ ਇਲਜ਼ਾਮ ਲਗਾਏ ਜਿਸ ਨੂੰ ਰਜ਼ਾ ਨੇ ਖਾਰਜ ਕਰ ਦਿੱਤਾ। ਇਸ ਦੌਰਾਨ ਗਰਗ ਨੇ ਕੁਝ ਮਾੜੇ ਸ਼ਬਦਾਂ ਵਾਲੀਆਂ ਟਿੱਪਣੀਆਂ ਵੀ ਰਜ਼ਾ 'ਤੇ ਕੀਤੀਆਂ ਜਿਸ ਨੂੰ ਲੈਕੇ ਉਨ੍ਹਾਂ ਨੇ ਬਾਅਦ ਵਿੱਚ ਮਾਫ਼ੀ ਵੀ ਮੰਗੀ।

ਬੇਟਰ ਡਾਟ ਕਾਮ ਦੀ ਸ਼ੁਰੂਆਤ

ਸਾਲ 2013 ਤੱਕ ਵਿਸ਼ਾਲ ਗਰਗ ਨੇ ਆਪਣੀ ਪਤਨੀ ਨਾਲ ਮਿਲ ਕੇ better.com ਦੀ ਸ਼ੁਰੂਆਤ ਕੀਤੀ ਜੋ ਕਿ ਆਪਣਾ ਘਰ ਖਰੀਦਣ ਵਾਲੇ ਲੋਕਾਂ ਨੂੰ ਡਿਜੀਟਲੀ ਕਰਜ਼ ਦੇਣ ਵਿੱਚ ਮਦਦ ਕਰਦੀ ਹੈ।

ਨਵੀਂ ਅਤੇ ਤੇਜ਼ੀ ਨਾਲ ਉੱਭਰੇ ਸਟਾਰ-ਅੱਪ ਕੰਪਨੀਆਂ ਵਿੱਚ ਇਸ ਦਾ ਨਾਮ ਵੀ ਸ਼ੁਮਾਰ ਹੋਇਆ।

ਕੰਪਨੀ ਨੂੰ ਬਣਾਉਂਦੇ ਸਮੇਂ ਆਪਣੇ ਫਾਉਂਡਿੰਗ ਨੋਟ 'ਚ ਵਿਸ਼ਾਲ ਨੇ ਦੱਸਿਆ ਸੀ, ''ਪੁਰਾਣੇ ਕਾਗਜ਼ਾਤ ਅਤੇ ਫ਼ੋਨ ਦੇ ਆਧਾਰ 'ਤੇ ਪ੍ਰੋਸੈਸਿੰਗ ਤੋਂ ਬਗੈਰ ਆਨਲਾਈਨ ਕਰਜ਼ ਦੇਣ ਲਈ ਮੈਨੂੰ ਇੱਕ ਵੀ ਕਰਜ਼ਦਾਰ ਨਹੀਂ ਮਿਲਿਆ। ਕੋਈ ਵੀ ਮੇਰੇ ਸ਼ੈਡਿਊਲ ਦੇ ਹਿਸਾਬ ਨਾਲ ਕੰਮ ਨਹੀਂ ਕਰਦਾ ਸੀ।''

ਜੂਨ 2021 'ਚ ਗਰਗ ਨੇ ਦਾਅਵਾ ਕੀਤਾ ਕਿ ਉਸ ਵੇਲੇ ਉਨ੍ਹਾਂ ਦੀ ਕੰਪਨੀ ਉਸ ਪੱਧਰ 'ਤੇ ਪਹੁੰਚ ਚੁੱਕੀ ਹੈ ਜਿੱਥੇ ਤੁਸੀਂ ਕਰਜ਼ ਦੇ ਲਈ ਪ੍ਰੀ-ਅਪਰੂਵਲ ਤਿੰਨ ਮਿੰਟ 'ਚ ਲੈ ਸਕਦੇ ਹੋ।

ਉਨ੍ਹਾਂ ਨੇ ਕਿਹਾ, ''ਸਾਡੀ ਟੀਮ ਅੱਜ ਸਾਈਜ਼ 'ਚ ਤਿੰਨ ਗੁਣਾ ਹੋ ਚੁੱਕੀ ਹੈ। ਅਸੀਂ ਸਿਰਫ਼ ਹੁਨਰਮੰਦ ਅਤੇ ਊਰਜਾ ਨਾਲ ਭਰੇ ਲੋਕਾਂ ਨੂੰ ਜੋੜ ਰਹੇ ਹਾਂ ਜੋ ਸਾਡੇ ਮਿਸ਼ਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਅਸੀਂ ਅਜੇ ਸ਼ੁਰੂਆਤ ਹੀ ਕੀਤੀ ਹੈ।''

ਹਾਲਾਂਕਿ 2019 ਵਿੱਚ ਵੀ ਕੰਪਨੀ ਅੰਦਰ ਵਿੱਤੀ ਗੜਬੜੀਆਂ ਦੇ ਇਲਜ਼ਾਮ ਲੱਗੇ।

ਹਾਲ ਹੀ ਦੀਆਂ ਮਾਰਕਿਟ ਰਿਪੋਰਟਾਂ ਮੁਤਾਬਕ ਸਾਫ਼ਟਬੈਂਕ ਨੇ ਹਾਲ ਹੀ 'ਚ ਇਸ ਕੰਪਨੀ ਨੂੰ 75 ਕਰੋੜ ਡਾਲਰ ਦੀ ਫੰਡਿੰਗ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)