You’re viewing a text-only version of this website that uses less data. View the main version of the website including all images and videos.
ਦਲਿਤ ਕਾਰਕੁਨ ਜਿਸ ਨੇ ਬਲਾਤਕਾਰ ਪੀੜਤਾਂ ਨੂੰ ਸਿਖਾਇਆ, ਇਨਸਾਫ਼ ਕਿਵੇਂ ਮੰਗਣਾ ਹੈ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
"ਜਦੋਂ ਮੈਂ ਉਸ ਨੂੰ ਮਿਲੀ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰੇ ਕੋਲ ਬੰਦੂਕ ਤਾਂ ਹੈ ਪਰ ਅਸਲਾ ਨਹੀਂ ਹੈ।"
28 ਸਾਲਾ ਦਲਿਤ ਮਹਿਲਾ ਕਾਰਕੁਨ ਭਾਵਨਾ ਨਾਰਕਰ ਨੇ ਆਪਣੀ ਮੁਰਸ਼ਦ (ਗੁਰੁ) ਮੰਜੁਲਾ ਪ੍ਰਦੀਪ (52) ਬਾਰੇ ਕੁਝ ਇਸ ਲਹਿਜ਼ੇ 'ਚ ਦੱਸਿਆ।
ਮੰਜੁਲਾ ਪ੍ਰਦੀਪ ਦਰਜਨਾਂ ਹੀ ਬਲਾਤਕਾਰ ਪੀੜਤਾਂ-ਖਾਸ ਕਰਕੇ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀਆਂ ਪੀੜਤਾਂ ਨੂੰ ਨਿਆਂ ਦਿਵਾਉਣ 'ਚ ਮਦਦ ਕਰਨ ਲਈ ਸਿਖਲਾਈ ਦੇ ਰਹੇ ਹਨ ਅਤੇ ਨਾਰਕਰ ਉਨ੍ਹਾਂ ਦਰਜਨਾਂ ਔਰਤਾਂ 'ਚੋਂ ਇੱਕ ਹਨ।
ਦਲਿਤ, ਜਿੰਨ੍ਹਾਂ ਨੂੰ ਪਹਿਲੇ ਜ਼ਮਾਨੇ 'ਚ ਅਛੂਤ ਵੀ ਕਿਹਾ ਜਾਂਦਾ ਸੀ, ਵਿਤਕਰਾ ਭਰਪੂਰ ਹਿੰਦੂ ਜਾਤੀ ਪ੍ਰਣਾਲੀ ਦੇ ਸਭ ਤੋਂ ਹੇਠਲੇ ਪੱਧਰ 'ਚ ਆਉਂਦੇ ਹਨ।
ਇਤਿਹਾਸਕ ਤੌਰ 'ਤੇ ਇੱਕ ਵਾਂਝੇ, ਪਛੜੇ ਸਮੂਹ ਵੱਜੋਂ, ਉਹ ਕਾਨੂੰਨ ਵੱਲੋਂ ਤਾਂ ਸੁਰੱਖਿਅਤ ਹਨ ਪਰ ਉਨ੍ਹਾਂ ਨੂੰ ਪ੍ਰਣਾਲੀਗਤ ਅਤੇ ਵਿਆਪਕ ਪੱਖਪਾਤ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਹੈ।
ਦਲਿਤ ਔਰਤਾਂ, ਜੋ ਕਿ ਭਾਰਤ ਦੀਆਂ ਔਰਤਾਂ ਦੇ ਲਗਭਗ 16% ਹਿੱਸੇ ਦੀ ਅਗਵਾਈ ਕਰਦੀਆਂ ਹਨ, ਨੂੰ ਜਿਨਸੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਉੱਚ ਜਾਤੀ ਸਮੂਹਾਂ ਵੱਲੋਂ ਜਬਰਜਨਾਹ ਵਰਗਾ ਗੈ਼ਰ-ਮਨੁੱਖੀ ਕਾਰਾ ਦਲਿਤ ਭਾਈਚਾਰੇ ਨੂੰ ਸਜ਼ਾ ਦੇਣ ਜਾਂ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਲਈ ਕੀਤਾ ਜਾਂਦਾ ਹੈ।
ਮੰਜੁਲਾ ਪ੍ਰਦੀਪ ਜੋ ਕਿ ਪਿਛਲੇ 30 ਸਾਲਾਂ ਤੋਂ ਦਲਿਤ ਔਰਤਾਂ ਦੇ ਅਧਿਕਾਰਾਂ ਲਈ ਲੜ੍ਹ ਰਹੇ ਹਨ, ਉਨ੍ਹਾਂ ਨੇ ਇਸ ਸਾਲ ਮਹਿਲਾ ਆਗੂਆਂ ਦੀ ਰਾਸ਼ਟਰੀ ਕੌਂਸਲ ਦੀ ਸਹਿ-ਸਥਾਪਨਾ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਦਲਿਤ ਸਮਾਜ ਦੀਆਂ ਮਹਿਲਾ ਆਗੂਆਂ ਨੂੰ ਪ੍ਰੇਰਿਤ ਕਰਨਾ ਅਤੇ ਅੱਗੇ ਲਿਆਉਣਾ ਇੱਕ ਲੰਮੇ ਸਮੇਂ ਦਾ ਸੁਪਨਾ ਸੀ।"
ਇਹ ਵੀ ਪੜ੍ਹੋ-
"ਜਦੋਂ ਮੈਂ ਕੋਵਿਡ ਮਹਾਮਾਰੀ ਦੌਰਾਨ ਜਿਨਸੀ ਹਿੰਸਾ ਦੇ ਮਾਮਲਿਆਂ ਦਾ ਦਸਤਾਵੇਜ਼ੀਕਰਨ ਕਰ ਰਹੀ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਹੁਣ ਉਚਿਤ ਸਮਾਂ ਹੈ ਕਿ ਇੱਕ ਸੰਗਠਨ ਨੂੰ ਹੋਂਦ 'ਚ ਲਿਆਂਦਾ ਜਾਵੇ, ਜੋ ਕਿ ਮਹਿਲਾ ਆਗੂਆਂ ਨੂੰ ਸੰਗਠਿਤ ਕਰੇ ਅਤੇ ਔਰਤਾਂ ਨੂੰ ਸਨਮਾਨ ਅਤੇ ਮਾਣ ਨਾਲ ਰਹਿਣ, ਜਿਉਣ 'ਚ ਮਦਦ ਕਰੇ।"
ਨਾਰਕਾਰ ਪੱਛਮੀ ਭਾਰਤੀ ਸੂਬੇ ਗੁਜਰਾਤ ਦੇ ਇੱਕ ਛੋਟੇ ਜਿਹੇ ਕਸਬੇ 'ਚ ਰਹਿੰਦੀ ਹੈ।
ਇਸ ਇਲਾਕੇ 'ਚ ਗਰੀਬ ਦਲਿਤ ਔਰਤਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਮਿਲਦੇ ਹਨ।
ਨਾਰਕਰ ਦਾ ਕਹਿਣਾ ਹੈ, "ਔਰਤਾਂ ਉਸ ਸਮੇਂ ਪ੍ਰੇਸ਼ਾਨ ਹੁੰਦੀਆਂ ਹਨ ਜਦੋਂ ਉਨ੍ਹਾਂ ਨਾਲ ਇੱਕ ਪਾਸੇ ਜਿਨਸੀ ਹਿੰਸਾ ਹੁੰਦੀ ਹੈ ਅਤੇ ਦੂਜੇ ਪਾਸੇ ਜਦੋਂ ਉਹ ਨਿਆਂ ਦੀ ਮੰਗ ਕਰਦੀਆਂ ਹਨ ਤਾਂ ਪਰਿਵਾਰਾਂ ਅਤੇ ਸਮਾਜ 'ਚ ਆਪਣੇ ਹੱਕਾਂ ਅਤੇ ਆਪਣੇ ਨਾਲ ਹੋਏ ਜ਼ੁਲਮਾਂ ਖਿਲਾਫ਼ ਆਵਾਜ਼ ਚੁੱਕਣੀ ਵੀ ਮੁਸ਼ਕਲ ਹੁੰਦੀ ਹੈ।"
"ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਨੂੰ ਆਪਣੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਬਾਰੇ ਜਾਣਕਾਰੀ ਹੀ ਨਹੀਂ ਹੈ।"
ਪ੍ਰਦੀਪ ਦੇ ਬੋਲਾਂ ਨੇ ਜ਼ਿੰਦਗੀ ਬਦਲੀ
ਨਾਰਕਰ ਨੇ ਜਦੋਂ ਪ੍ਰਦੀਪ ਨੂੰ ਜਨਵਰੀ 2020 'ਚ ਦਲਿਤ ਔਰਤਾਂ ਦੇ ਇੱਕ ਇੱਕਠ 'ਚ ਬੋਲਦਿਆਂ ਸੁਣਿਆ ਤਾਂ ਪ੍ਰਦੀਪ ਦੇ ਬੋਲਾਂ ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿੱਤੀ।
ਇਸ ਮੌਕੇ ਉਸ ਨੇ ਮਹਿਸੂਸ ਕੀਤਾ ਕਿ ਕਾਨੂੰਨ ਹਰ ਕਿਸੇ ਦੀ ਪਹੁੰਚ 'ਚ ਹੈ।
ਪ੍ਰਦੀਪ ਨੇ ਬਹੁਤ ਹੀ ਜੋਸ਼ ਨਾਲ ਗੱਲ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਬੁਨਿਆਦੀ ਕਾਨੂੰਨੀ ਗਿਆਨ ਬਾਰੇ ਦਿਹਾਤੀ ਔਰਤਾਂ ਨੂੰ ਜਾਗਰੂਕ ਕਰਨ ਸਮੇਤ ਪ੍ਰਣਾਲੀਗਤ ਰੁਕਾਵਟਾਂ ਨਾਲ ਨਜਿੱਠਣ ਲਈ ਮਜਬੂਤ ਵਿਚਾਰ ਵੀ ਰੱਖੇ।
ਪ੍ਰਦੀਪ ਨੇ ਕਿਹਾ, "ਮੈਂ ਉਨ੍ਹਾਂ ਨੂੰ ਅਜਿਹੇ ਵਕੀਲ ਕਹਿੰਦੀ ਹਾਂ ਜੋ ਕਿ ਪੀੜਤਾਂ ਨੂੰ ਨਿਆਂ ਪ੍ਰਣਾਲੀ ਤੱਕ ਪਹੁੰਚਾਉਣ ਅਤੇ ਰੂੜੀਵਾਦੀਆਂ ਨਾਲ ਲੜਣ 'ਚ ਮਦਦ ਕਰਨ ਲਈ ਮਹੱਤਵਪੂਰਨ ਹਨ।"
"ਪੂਰੀ ਅਪਰਾਧਿਕ ਨਿਆਂ ਪ੍ਰਣਾਲੀ ਦਲਿਤ ਔਰਤਾਂ ਪ੍ਰਤੀ ਪੱਖਪਾਤੀ ਹੈ। ਅਦਾਲਤਾਂ 'ਚ ਪੀੜਤਾਂ ਨੂੰ ਸ਼ਰਮਿੰਦਾ ਕਰਨ ਵਾਲੇ ਸਵਾਲ ਕੀਤੇ ਜਾਂਦੇ ਹਨ।"
"ਜਿਵੇਂ ਕਿ 'ਉੱਚ ਜਾਤੀ ਦੇ ਮਰਦ ਨੇ ਉਸ ਨਾਲ ਬਲਾਤਕਾਰ ਕਿਉਂ ਕਰਨਗੇ? ਉਹ ਇੱਕ ਅਛੂਤ ਹੈ। ਜ਼ਰੂਰ ਉਸ ਨੇ ਹੀ ਆਪਣੇ ਨਾਲ ਜਿਨਸੀ ਸੰਪਰਕ ਬਣਾਉਣ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਹੋਵੇਗਾ।"
ਹੁਣ ਪ੍ਰਣਾਲੀ ਨੂੰ ਨੈਵੀਗੇਟ ਕਰਨ ਅਤੇ ਅਪਰਾਧੀਆਂ ਦੀਆਂ ਧਮਕੀਆਂ ਅਤੇ ਪ੍ਰਤੀਕਿਰਿਆਵਾਂ ਨਾਲ ਨਜਿੱਠਣ ਦੀ ਸਮਰੱਥਾ ਨਾਲ ਲੈਸ ਹੋਣ ਕਰਕੇ ਨਾਰਕਰ ਆਪਣੇ ਆਪ ਨੂੰ ਸ਼ਕਤੀਸ਼ਾਲੀ ਮਹਿਸੂਸ ਕਰਦੀ ਹੈ।
ਉਹ ਇੱਕ ਸਥਾਨਕ ਦਲਿਤ ਅਧਿਕਾਰ ਸੰਗਠਨ 'ਚ ਸ਼ਾਮਲ ਹੋ ਗਈ ਹੈ ਅਤੇ ਜਦੋਂ ਕਿਤੇ ਵੀ ਉਹ ਖੇਤਰ 'ਚ ਬਲਾਤਕਾਰ ਦੇ ਮਾਮਲਿਆਂ ਬਾਰੇ ਸੁਣਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪੀੜਤ ਤੱਕ ਪਹੁੰਚਦੀ ਹੈ।
ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 2014 ਤੋਂ 2019 ਦੇ ਅਰਸੇ ਦਰਮਿਆਨ ਦਲਿਤ ਔਰਤਾਂ ਨਾਲ ਹੋਈ ਜਬਰਜਨਾਹ ਦੇ ਮਾਮਲਿਆਂ 'ਚ 50% ਵਾਧਾ ਹੋਇਆ ਹੈ।
ਪਰ ਅਧਿਐਨ ਦਰਸਾਉਂਦੇ ਹਨ ਕਿ ਦਲਿਤ ਔਰਤਾਂ ਨਾਲ ਬਲਾਤਕਾਰ ਦੇ ਬਹੁਤੇ ਮਾਮਲੇ ਸਾਹਮਣੇ ਹੀ ਨਹੀਂ ਆਉਂਦੇ ਜਾਂ ਆਉਣ ਨਹੀਂ ਦਿੱਤੇ ਜਾਂਦੇ ਹਨ।
ਪਰਿਵਾਰ ਵੱਲੋਂ ਸਹਿਯੋਗ ਦੀ ਘਾਟ ਅਤੇ ਉੱਚ ਜਾਤੀ ਦੇ ਮਰਦਾਂ ਖਿਲਾਫ ਸ਼ਿਕਾਇਤਾਂ ਦਰਜ ਕਰਨ 'ਚ ਪੁਲਿਸ ਦੀ ਝਿਜਕ ਆਮ ਰੁਕਾਵਟਾਂ ਹਨ।
ਇਸ ਲਈ ਆਪਣੀ ਸਿਖਲਾਈ 'ਚ ਪ੍ਰਦੀਪ ਪੀੜਤ ਵਿਅਕਤੀ ਦੇ ਮਨੋਬਲ ਨੂੰ ਵਧਾਉਣ ਅਤੇ ਇੱਕ ਵਿਸਤ੍ਰਿਤ ਪੁਲਿਸ ਸ਼ਿਕਾਇਤ ਦੀ ਲੋੜ ਨੂੰ ਸਮਝਣ 'ਚ ਉਸ ਦੀ ਮਦਦ ਕਰਨ 'ਤੇ ਜ਼ੋਰ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ 'ਚ ਇਹ ਪ੍ਰਵਿਰਤੀ ਉਨ੍ਹਾਂ ਨਾਲ ਬਾਲ ਅਵਸਥਾ ਦੌਰਾਨ ਹੋਏ ਜਿਨਸੀ ਸ਼ੋਸ਼ਣ ਦੇ ਕਾਰਨ ਪੈਦਾ ਹੋਏ ਇਕੱਲੇਪਣ ਦੇ ਤਜ਼ਰਬੇ ਤੋਂ ਆਈ ਹੈ।
'ਮੈਂ ਅਜਨਬੀਆਂ ਤੋਂ ਡਰਦੀ'
ਉਹ ਉਸ ਸਮੇਂ ਮਹਿਜ਼ ਚਾਰ ਸਾਲਾਂ ਦੀ ਸੀ, ਜਦੋਂ ਗੁਆਂਢ ਦੇ ਚਾਰ ਆਦਮੀਆਂ ਨੇ ਉਸ ਨਾਲ ਜਬਰਜਨਾਹ ਕੀਤਾ ਸੀ।
ਉਸ ਦੱਸਦੀ ਹੈ, "ਮੈਨੂੰ ਯਾਦ ਹੈ ਕਿ ਉਸ ਦਿਨ ਮੈਂ ਪੀਲੇ ਰੰਗ ਦੀ ਫਰੌਕ ਪਾਈ ਹੋਈ ਸੀ।"
"ਮੈਨੂੰ ਅੱਜ ਵੀ ਉਨ੍ਹਾਂ ਦੇ ਚਿਹਰੇ ਅਤੇ ਉਨ੍ਹਾਂ ਵੱਲੋਂ ਕੀਤਾ ਗਿਆ ਕਾਰਾ ਚੰਗੀ ਤਰ੍ਹਾਂ ਨਾਲ ਯਾਦ ਹੈ।"
"ਉਸ ਜਿਨਸੀ ਸ਼ੋਸ਼ਣ ਨੇ ਮੈਨੂੰ ਬਦਲ ਕੇ ਰੱਖ ਦਿੱਤਾ, ਮੈਂ ਇੱਕ ਡਰੀ ਹੋਈ ਅਤੇ ਸ਼ਰਮੀਲੀ ਬੱਚੀ ਬਣ ਗਈ ਸੀ।"
"ਮੈਂ ਅਜਨਬੀਆਂ ਤੋਂ ਡਰਦੀ ਅਤੇ ਉਨ੍ਹਾਂ ਤੋਂ ਦੂਰੀ ਰਹਿਣ ਲੱਗੀ ਸੀ ਅਤੇ ਜਦੋਂ ਵੀ ਕੋਈ ਮੇਰੇ ਘਰ ਆਉਂਦਾ ਤਾਂ ਮੈਂ ਲੁਕ ਜਾਂਦੀ ਸੀ।"
ਉਨਾਂ ਅੱਗੇ ਕਿਹਾ ਕਿ ਉਸ ਨੇ ਆਪਣੇ ਨਾਲ ਹੋਏ ਇਸ ਗ਼ੈਰ-ਮਨੁੱਖੀ ਕਾਰੇ ਬਾਰੇ ਕਿਸੇ ਨੂੰ ਨਾ ਦੱਸਿਆ।
"ਮੈਂ ਆਪਣੇ ਮਾਪਿਆਂ ਨੂੰ ਵੀ ਇਸ ਬਾਰੇ ਨਾ ਦੱਸ ਸਕੀ ਕਿਉਂਕਿ ਮੈਂ ਉਸ ਸਮੇਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੀ ਸੀ।"
ਉਸ ਦੀ ਮਾਂ ਦਾ ਵਿਆਹ 14 ਸਾਲ ਦੀ ਉਮਰ 'ਚ ਹੋ ਗਿਆ ਸੀ ਅਤੇ ਉਸ ਦਾ ਵਿਆਹ ਆਪਣੇ ਤੋਂ 17 ਸਾਲ ਵੱਡੀ ਉਮਰ ਦੇ ਵਿਅਕਤੀ ਨਾਲ ਹੋਇਆ ਸੀ।
ਉਸ ਦੇ ਪਿਤਾ ਨਾਖੁਸ਼ ਸਨ ਕਿਉਂਕਿ ਉਹ ਇੱਕ ਹੋਰ ਧੀ ਦੀ ਥਾਂ 'ਤੇ ਪੁੱਤਰ ਚਾਹੁੰਦੇ ਸਨ।
ਉਨ੍ਹਾਂ ਨੇ ਦੱਸਿਆ, "ਉਹ ਮੇਰੀ ਮਾਂ ਨਾਲ ਹਮੇਸ਼ਾ ਹੀ ਮਾੜਾ ਵਤੀਰਾ ਕਰਦੇ ਸਨ। ਉਹ ਮੇਰਾ ਵੀ ਮਜ਼ਾਕ ਉਡਾਉਂਦੇ ਅਤੇ ਮੈਨੂੰ ਬਦਸੂਰਤ ਕਹਿੰਦੇ ਸਨ। ਉਹ ਮੈਨੂੰ ਬੇਲੋੜਾ ਅਤੇ ਅਣਚਾਹਿਆ ਮਹਿਸੂਸ ਕਰਵਾਉਂਦੇ ਸਨ।"
ਉਸ ਦੇ ਪਿਤਾ, ਜੋ ਕਿ ਹੁਣ ਇਸ ਦੁਨੀਆਂ 'ਚ ਨਹੀਂ ਹਨ, ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ 'ਚ ਹੋਇਆ ਸੀ ਅਤੇ ਉਹ ਕੰਮ ਦੇ ਮਾਮਲੇ 'ਚ ਗੁਜਰਾਤ ਆ ਕੇ ਵਸ ਗਏ ਸਨ।
ਇੱਥੇ ਆ ਕੇ ਉਨ੍ਹਾਂ ਨੇ ਆਪਣੇ ਦਲਿਤ ਹੋਣ ਦੀ ਗੱਲ ਛੁਪਾਈ ਸੀ। ਉਨ੍ਹਾਂ ਨੇ ਆਪਣੀ ਪਤਨੀ ਅਤੇ ਧੀ ਨੂੰ ਆਪਣਾ ਪਹਿਲਾ ਨਾਮ-ਪ੍ਰਦੀਪ ਆਪਣੇ ਆਖਰੀ ਨਾਮ ਜਾਂ ਗੋਤ ਵੱਜੋਂ ਅਪਣਾਉਣ ਲਈ ਕਿਹਾ।
ਮੰਜੁਲ ਪ੍ਰਦੀਪ ਨੇ ਕਿਹਾ ਕਿ ਇੰਨ੍ਹਾਂ ਕੁਝ ਕਰਨ ਦੇ ਬਾਵਜੂਦ ਉਨ੍ਹਾਂ ਦੀ ਪਛਾਣ ਛੁਪੀ ਨਹੀਂ ਰਹੀ।
ਵਡੋਦਰਾ ਵਰਗੇ ਵੱਡੇ ਸ਼ਹਿਰ 'ਚ ਜਿੱਥੇ ਉਹ ਰਹਿੰਦੇ ਸਨ, ਉੱਥੇ ਵੀ ਉਨ੍ਹਾਂ ਨਾਲ ਕਈ ਢੰਗ ਨਾਲ ਵਿਤਕਰੇ ਹੁੰਦੇ ਹੀ ਰਹੇ।
ਉਹ ਦੱਸਦੇ ਹਨ , "ਜਦੋਂ ਮੈਂ 9 ਸਾਲਾਂ ਦੀ ਸੀ, ਉਸ ਸਮੇਂ ਮੇਰੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਾਈ ਦੇ ਅਧਾਰ 'ਤੇ ਦਰਜਾਬੰਦੀ ਕਰਨ ਲਈ ਕਿਹਾ ਅਤੇ ਜਮਾਤ ਦੇ ਸਾਫ਼-ਸੁਥਰੇ ਬੱਚਿਆਂ 'ਚੋਂ ਇੱਕ ਹੋਣ ਦੇ ਬਾਵਜੂਦ, ਮੈਨੂੰ ਆਖਰੀ ਦਰਜੇ 'ਤੇ ਰੱਖਿਆ ਗਿਆ ਸੀ।"
"ਕਿਉਂਕਿ ਦਲਿਤਾਂ ਨੂੰ ਹਮੇਸ਼ਾ ਹੀ ਅਸ਼ੁੱਧ ਅਤੇ ਗੰਦਾ ਸਮਝਿਆ ਜਾਂਦਾ ਹੈ। ਇਸ ਘਟਨਾ ਨੇ ਮੈਨੂੰ ਬਹੁਤ ਅਪਮਾਨਿਤ ਮਹਿਸੂਸ ਕਰਵਾਇਆ ਸੀ।"
ਸਕੂਲੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਪ੍ਰਦੀਪ ਨੇ ਸਮਾਜਿਕ ਕਾਰਜ ਅਤੇ ਕਾਨੂੰਨ ਦੀ ਡਿਗਰੀ ਹਾਸਲ ਕਰਨ ਦਾ ਫ਼ੈਸਲਾ ਲਿਆ।
ਪੇਂਡੂ ਖੇਤਰਾਂ ਦੇ ਦੌਰਿਆਂ ਨੇ ਉਨ੍ਹਾਂ ਨੂੰ ਦਲਿਤਾਂ ਦੇ ਮੁੱਦੇ ਚੁੱਕਣ ਲਈ ਪ੍ਰੇਰਿਤ ਕੀਤਾ।
1992 ਦੇ ਆਸ-ਪਾਸ, ਉਹ ਨਵਸਰਜਨ 'ਚ ਸ਼ਾਮਲ ਹੋਣ ਵਾਲੀ ਪਹਿਲੀ ਔਰਤ ਬਣੀ, ਜੋ ਕਿ ਇੱਕ ਦਲਿਤ ਅਧਿਕਾਰ ਸੰਗਠਨ ਹੈ।
ਇਸ ਸੰਗਠਨ ਦੀ ਸਥਾਪਨਾ ਉਸ ਸਮੇਂ ਪੰਜ ਵਿਅਕਤੀਆਂ ਵੱਲੋਂ ਕੀਤੀ ਗਈ ਸੀ, ਜਦੋਂ ਉਨ੍ਹਾਂ ਦੇ ਇੱਕ ਸਾਥੀ ਨੂੰ ਉੱਚ ਜਾਤੀ ਦੇ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇੱਕ ਦਹਾਕੇ ਬਾਅਦ ਉਨ੍ਹਾਂ ਨੇ ਸੰਗਠਨ ਦੀ ਕਾਰਜਕਾਰੀ ਨਿਰਦੇਸ਼ਕ ਬਣਨ ਦੀ ਚੋਣ ਜਿੱਤੀ।
ਉਨ੍ਹਾਂ ਨੇ ਬਹੁਤ ਹੀ ਮਾਣ ਨਾਲ ਕਿਹਾ, "ਕਿਸੇ ਵੀ ਦਲਿਤ ਔਰਤ ਲਈ ਇਸ ਪੱਧਰ ਤੱਕ ਪਹੁੰਚਣ ਦਾ ਮੌਕਾ ਹਾਸਲ ਹੋਣਾ ਬਹੁਤ ਘੱਟ ਹੁੰਦਾ ਹੈ।"
"ਮੈਂ ਚਾਰ ਆਦਮੀਆਂ ਨੂੰ ਹਰਾ ਕੇ ਇੱਕ ਅਜਿਹੀ ਸੰਸਥਾ ਦੀ ਚੋਣ ਜਿੱਤੀ ਜੋ ਕਿ ਔਰਤਾਂ ਅਤੇ ਮਰਦਾਂ ਦੋਵਾਂ ਨਾਲ ਮਿਲ ਕੇ ਕੰਮ ਕਰਦੀ ਹੈ।"
ਉਹ ਹੁਣ ਮੁੱਖ ਮਸਲਿਆਂ ਵੱਜੋਂ ਜਬਰਜਨਾਹ ਦੇ ਪੀੜਤਾਂ 'ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਹੈ।
ਉਨ੍ਹਾਂ ਨੇ ਹੁਣ ਤੱਕ 50 ਤੋਂ ਵੱਧ ਦਲਿਤ ਬਲਾਤਕਾਰ ਪੀੜਤਾਂ ਦੀ ਨਿਆਂ ਹਾਸਲ ਕਰਨ ਦੀ ਲੜਾਈ 'ਚ ਮਦਦ ਕੀਤੀ ਹੈ ਅਤੇ ਬਹੁਤ ਸਾਰੇ ਮਾਮਲਿਆਂ 'ਚ ਦੋਸ਼ੀ ਨੂੰ ਸਜ਼ਾ ਵੀ ਮਿਲੀ ਹੈ।
ਉਨ੍ਹਾਂ ਦੇ ਕੰਮ ਨੇ ਉਨ੍ਹਾਂ ਦੇ ਇਸ ਵਿਸ਼ਵਾਸ ਨੂੰ ਹੋਰ ਮਜਬੂਤ ਕਰ ਦਿੱਤਾ ਹੈ ਕਿ ਦਲਿਤ ਔਰਤਾਂ ਨੂੰ ਆਪਣੇ ਭਾਈਚਾਰੇ 'ਚ ਸਤਿਕਾਰਤ ਆਗੂ ਬਣਨ ਲਈ ਸੂਚਿਤ ਕਰਨ ਅਤੇ ਸਿਖਲਾਈ ਦੇਣ ਦੀ ਲੋੜ ਹੈ।
ਉਹ ਅੱਗੇ ਕਹਿੰਦੀ ਹੈ, " ਮੈਂ ਕੋਈ ਹੋਰ ਮੰਜੁਲਾ ਨਹੀਂ ਚਾਹੁੰਦੀ ਹਾਂ।"
"ਮੈਂ ਚਾਹੁੰਦੀ ਹਾਂ ਕਿ ਇੰਨ੍ਹਾਂ ਔਰਤਾਂ ਦੀ ਆਪਣੀ ਪਛਾਣ ਹੋਵੇ ਅਤੇ ਵਿਕਾਸ ਦੇ ਮੌਕੇ ਹੋਣ। ਪਰ ਇਹ ਸਭ ਮੇਰੀ ਛਤਰ ਛਾਇਆ ਹੇਠ ਨਹੀਂ ਬਲਕਿ ਇੱਕ ਸੁਤੰਤਰ ਹੋਂਦ ਵੱਜੋਂ ਉਹ ਇਸ ਮੁਕਾਮ ਨੂੰ ਹਾਸਲ ਕਰਨ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: