ਦੋ ਪੰਜਾਬੀ ਦੋਸਤਾਂ ਨੇ ਬ੍ਰਿਟੇਨ 'ਚ ਕਿਵੇਂ ਜਗਾਈ ਆਜ਼ਾਦੀ ਅਤੇ ਸਮਾਨਤਾ ਦੀ ਚਿਣਗ

    • ਲੇਖਕ, ਵੇਨੇਸਾ ਪਿਅਰਸ
    • ਰੋਲ, ਬੀਬੀਸੀ

ਬ੍ਰਿਟੇਨ ਦੂਜੇ ਵਿਸ਼ਵ ਯੁੱਧ ਦੀ ਤਬਾਹੀ ਤੋਂ ਉਭਰਨ ਲਈ ਕਾਮਨਵੈਲਥ (ਰਾਸ਼ਟਰਮੰਡਲ) ਵੱਲ ਵੇਖ ਰਿਹਾ ਸੀ।

ਉਸ ਸਮੇਂ ਦੌਰਾਨ ਦੇਸ਼ ਵਿੱਚ ਮਜ਼ਦੂਰਾਂ ਦੀ ਡਾਢੀ ਕਮੀ ਹੋ ਗਈ ਸੀ ਅਤੇ ਬਹੁਤ ਸਾਰੇ ਜ਼ਰੂਰੀ ਕੰਮ ਕਰਨ ਵਾਲੇ ਮਜ਼ਦੂਰ ਪੱਖਪਾਤ ਤੇ ਨਸਲਵਾਦ ਦਾ ਸਾਹਮਣਾ ਕਰ ਰਹੇ ਸਨ।

ਯੁੱਧ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਬ੍ਰਿਟੇਨ ਪਹੁੰਚੇ ਦੋ ਭਾਰਤੀ ਮਿੱਤਰ ਭਵਿੱਖ ਦੀ ਮੁਹਾਰ ਮੋੜਨ ਵਾਲੇ ਸਨ।

ਵੀਪੀ ਹੰਸਰਾਨੀ ਅਤੇ ਉਜਾਗਰ ਸਿੰਘ ਨੇ ਪੰਜਾਬ ਦੇ ਆਪਣੇ ਛੋਟੇ ਜਿਹੇ ਪਿੰਡ ਰੁੜਕਾ ਕਲਾਂ ਤੋਂ ਬ੍ਰਿਟੇਨ ਤੱਕ ਦਾ ਸਫ਼ਰ ਬੜੀਆਂ ਉਮੀਦਾਂ ਨਾਲ ਤੈਅ ਕੀਤਾ ਸੀ।

'1928 ਇੰਸਟੀਚਿਊਟ' ਨਾਮਕ ਸੰਸਥਾ ਨਾਲ ਜੁੜੇ ਡਾਕਟਰ ਨਿਕੇਤ ਵੇਦ ਦਾ ਮੰਨਣਾ ਹੈ ਕਿ ਇਨ੍ਹਾਂ ਦੋ ਨੌਜਵਾਨ ਦੋਸਤਾਂ ਨੇ ਨਾ ਸਿਰਫ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਭੂਮਿਕਾ ਨਿਭਾਈ ਬਲਕਿ ਸਮਕਾਲੀ ਬ੍ਰਿਟਿਸ਼ ਏਸ਼ਿਆਈ ਲੋਕਾਂ ਲਈ ਸਮਾਨਤਾ ਦੀ ਨੀਂਹ ਵੀ ਰੱਖੀ।

ਭਾਰਤ ਦੇ ਸੁਤੰਤਰਤਾ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਦੋਵਾਂ ਦੋਸਤਾਂ ਨੇ ਯੁੱਧ ਸ਼ੁਰੂ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਕੋਵੇਂਟਰੀ ਵਿੱਚ ਇੰਡੀਅਨ ਵਰਕਰਜ਼ ਐਸੋਸੀਏਸ਼ਨ - ਆਈਡਬਲਿਊਏ (ਭਾਰਤੀ ਕਾਮਿਆਂ ਦੀ ਯੂਨੀਅਨ) ਕਾਇਮ ਕਰ ਦਿੱਤੀ ਸੀ।

ਮੈਲਕਮ ਐਕਸ

ਅੱਗੇ ਚੱਲ ਕੇ ਦੇਸ਼ ਵਿੱਚ ਇਸੇ ਸੰਗਠਨ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਅਤੇ ਪਰਵਾਸੀ ਮਜਦੂਰਾਂ ਦੀ ਭਲਾਈ ਨਾਲ ਜੁੜੇ ਮੁੱਦਿਆਂ ਨੂੰ ਚੁੱਕਿਆ ਗਿਆ।

ਸਾਲ 1965 ਵਿੱਚ ਮੈਲਕਮ ਐਕਸ ਦੀ ਵੇਸਟ ਮਿਡਲੈਂਡਰਜ਼ ਯਾਤਰਾ ਨੇ ਇਸ ਸੰਸਥਾ ਨੂੰ ਨਕਸ਼ੇ 'ਤੇ ਲਿਆ ਦਿੱਤਾ, ਪਰ ਹੰਸਰਾਨੀ ਤੇ ਸਿੰਘ ਨੂੰ ਬਹੁਤ ਪਹਿਲਾਂ ਹੀ ਇਹ ਅਹਿਸਾਸ ਹੋ ਚੁੱਕਿਆ ਸੀ ਕਿ ਚੰਗੇ ਜੀਵਨ ਲਈ ਉਨ੍ਹਾਂ ਨੂੰ ਕੁਝ ਕਦਮ ਚੁੱਕਣੇ ਹੀ ਪੈਣਗੇ।

ਲੰਡਨ ਵਿੱਚ ਕਾਮਿਆਂ ਨਾਲ ਰਹਿਣ ਤੋਂ ਬਾਅਦ ਦੋਵੇਂ ਦੋਸਤ ਸਾਲ 1939 ਵਿੱਚ ਵੇਸਟ ਮਿਡਲੈਂਰਡਜ਼ ਚਲੇ ਗਏ ਸਨ। ਉਨ੍ਹਾਂ ਨੂੰ ਬਰਮਿੰਘਮ ਦੀ ਇੱਕ ਮੈਟਲ ਵਰਕ ਫੈਕਟਰੀ ਵਿੱਚ ਕੰਮ ਮਿਲ ਗਿਆ ਸੀ।

ਹੰਸਰਾਨੀ ਨੇ ਇਸ ਬਾਰੇ ਲਿਖਿਆ ਸੀ, ''ਇਹ ਬਹੁਤ ਔਖਾ ਕੰਮ ਸੀ, ਬਹੁਤ ਗਰਮੀ ਹੁੰਦੀ ਸੀ ਅਤੇ ਹਾਲਾਤ ਬਹੁਤੇ ਚੰਗੇ ਨਹੀਂ ਸਨ। ਹਫ਼ਤੇ ਦੇ 6 ਦਿਨ ਕੰਮ ਕਰਨ ਲਈ ਢਾਈ ਪਾਊਂਡ ਮਿਲਦੇ ਸਨ।''

ਉਹ ਕਹਿੰਦੇ ਹਨ, ''ਉਜਾਗਰ ਨੇ ਮੈਨੂੰ ਕਿਹਾ ਕਿ ਆਪਾਂ ਕੋਵੇਂਟਰੀ ਜਾਵਾਂਗੇ ਅਤੇ ਚੰਗੀ ਤਨਖਾਹ ਵਾਲਾ ਕੰਮ ਲੱਭਾਂਗੇ ਤੇ ਨਾਲ ਹੀ ਰਹਿਣ ਲਈ ਥਾਂ ਵੀ ਲੱਭ ਲਵਾਂਗੇ।''

ਹੰਸਰਾਨੀ ਨੂੰ ਕੁਝ ਹੱਥ-ਪੈਰ ਮਾਰਨ ਤੋਂ ਬਾਅਦ ਫੇਰੀਵਾਲੇ ਦਾ ਕੰਮ ਕਰਨ ਦੀ ਪ੍ਰਵਾਨਗੀ ਮਿਲ ਗਈ।

ਆਪਣੀ ਸਮ੍ਰਿਤੀ ਵਿੱਚ ਉਹ ਲਿਖਦੇ ਹਨ ਕਿ ਦੋ ਪੌਂਡ ਅਤੇ ਦਸ ਸ਼ਿਲਿੰਗ ਨਾਲ ਉਨ੍ਹਾਂ ਨੇ ਟਾਈ, ਰੁਮਾਲ, ਰੇਜ਼ਰ ਬਲੇਡ, ਨਿੱਕਰ ਅਤੇ ਮੇਜਪੋਸ਼ ਖਰੀਦੇ ਅਤੇ ਵੇਚਣੇ ਸ਼ੁਰੂ ਕਰ ਦਿੱਤੇ।

ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਅਤੇ ਉਨ੍ਹਾਂ ਦੇ ਦੋਸਤ ਕਿਸ ਤਰ੍ਹਾਂ ਜਰਮਨੀ ਦੇ ਹਵਾਈ ਹਮਲਿਆਂ ਦੌਰਾਨ ਬੰਬਾਰੀ ਤੋਂ ਬਚਦੇ ਸਨ ਅਤੇ ਉਹ ਰਾਤਾਂ ਕੋਵੈਂਟਰੀ ਦੇ ਬਾਹਰ ਮੈਦਾਨ ਵਿੱਚ ਬਿਤਾਉਂਦੇ ਸਨ।

ਦੂਜੇ ਪਾਸੇ ਭਾਰਤ ਦੀ ਆਜ਼ਾਦੀ ਦਾ ਅੰਦੋਲਨ ਮਜਬੂਤ ਹੋ ਰਿਹਾ ਸੀ ਅਤੇ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਗੁੱਸਾ ਵਧਦਾ ਜਾ ਰਿਹਾ ਸੀ।

ਆਪਣੇ ਅਹਿੰਸਕ ਅੰਦੋਲਨ ਨਾਲ ਮਹਾਤਮਾ ਗਾਂਧੀ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਏ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਬ੍ਰਿਟਿਸ਼ ਰਾਜ ਵਿੱਚ ਭਾਰਤੀਆਂ ਨਾਲ ਅਨਿਆਂ ਹੋ ਰਿਹਾ ਹੈ ਅਤੇ ਇਸ ਨੂੰ ਚੁਣੌਤੀ ਦੇਣ ਲਈ ਉਨ੍ਹਾਂ ਨੇ ਆਪਣੇ ਅਹਿੰਸਕ ਤਰੀਕਿਆਂ ਦੀ ਵਰਤੋਂ ਕੀਤੀ।

ਹਾਲਾਂਕਿ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੁੰਦਿਆਂ ਹੀ ਭਾਰਤ ਦੇ ਆਜ਼ਾਦੀ ਲਈ ਉੱਠਣ ਵਾਲੇ ਕਦਮ ਵੀ ਥਮ ਗਏ ਸਨ।

ਇਹ ਵੀ ਪੜ੍ਹੋ:

1939 ਵਿੱਚ ਕ੍ਰਿਸਮਸ ਤੋਂ ਪਹਿਲੀ ਰਾਤ ਕੋਵੇਂਟਰੀ ਦੇ ਇੱਕ ਇਲਾਕੇ ਦੇ ਇੱਕ ਘਰ 'ਚ ਇੱਕੋ ਜਿਹੀ ਵਿਚਾਰਧਾਰਾ ਵਾਲੇ ਕੁਝ ਪਰਵਾਸੀ ਇਕੱਠੇ ਹੋਏ।

ਇਨ੍ਹਾਂ ਲੋਕਾਂ ਵਿੱਚ ਉਜਾਗਰ ਸਿੰਘ ਅਤੇ ਵੀਪੀ ਸਿੰਘ ਹੰਸਰਾਨੀ ਵੀ ਸ਼ਾਮਲ ਸਨ। ਉਨ੍ਹਾਂ ਨੇ ਬ੍ਰਿਟੇਨ ਵਿੱਚ ਰਹਿ ਰਹੇ ਪਰਵਾਸੀਆਂ ਅੰਦਰ ਭਾਰਤ ਦੀ ਆਜ਼ਾਦੀ ਪ੍ਰਤੀ ਜਾਗਰੂਕਤਾ ਲਿਆਉਣ ਲਈ ਇੱਕ ਸੰਸਥਾ ਬਣਾਉਣ ਬਾਰੇ ਚਰਚਾ ਕੀਤੀ।

ਹੰਸਰਾਨੀ ਦੇ ਪੋਤੇ ਅਰੁਣ ਵੇਦ ਕਹਿੰਦੇ ਹਨ, ''ਇਸਦਾ ਗਠਨ ਨਾ ਸਿਰਫ ਭਾਰਤੀ ਕਾਮਿਆਂ ਨੂੰ ਭਾਰਤ ਦੇ ਹਾਲਾਤਾਂ ਨਾਲ ਜਾਣੂ ਕਰਾਉਣ ਲਈ ਕੀਤਾ ਗਿਆ ਸੀ ਸਗੋਂ ਸੰਪੂਰਨ ਆਜ਼ਾਦੀ ਦੇ ਲਈ ਕੋਸ਼ਿਸ਼ਾਂ ਕਰਨ ਲਈ ਕੀਤਾ ਗਿਆ ਸੀ।''

''ਉਹ ਕੋਈ ਹਿੰਸਕ ਸਮੂਹ ਨਹੀਂ ਸਨ, ਬਲਕਿ ਕਾਰਕੁਨ ਸਨ ਜੋ ਚਰਚਾ ਕਰਦੇ ਸਨ ਅਤੇ ਗਠਜੋੜ ਬਣਾਉਂਦੇ ਸਨ।''

ਉਜਾਗਰ ਸਿੰਘ ਇਸ ਸੰਸਥਾ ਦੇ ਖਜ਼ਾਨਚੀ ਬਣੇ ਅਤੇ ਹੰਸਰਾਨੀ ਸੰਸਥਾ ਦੇ ਮਾਸਿਕ ਨਿਊਜ਼ ਬੁਲੇਟਿਨ 'ਆਜ਼ਾਦ ਹਿੰਦ' ਦਾ ਸੰਪਾਦਨ ਕਰਦੇ ਸਨ। ਹੰਸਰਾਨੀ ਨੇ ਭਾਰਤ ਤੋਂ ਆਪਣੀ ਸਿੱਖਿਆ ਹਾਸਲ ਕੀਤੀ ਸੀ।

ਵੇਦ ਦੱਸਦੇ ਹਨ, ''ਇਸਦਾ ਕੰਮ ਲੋਕਾਂ ਵਿੱਚ ਜਾਗਰੂਕਤਾ ਲਿਆਉਣਾ ਸੀ ਪਰ ਇਹ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦੇ ਪਖੰਡ 'ਤੇ ਵੀ ਰੌਸ਼ਨੀ ਪਾ ਰਿਹਾ ਸੀ।

ਉਹ ਕਹਿੰਦੇ ਹਨ, ''ਅਸੀਂ ਨਾਜ਼ੀਆਂ ਅਤੇ ਜਰਮਨ ਸਾਮਰਾਜਵਾਦ ਨਾਲ ਲੜ ਰਹੇ ਸੀ ਅਤੇ ਉਸੇ ਸਮੇਂ ਬ੍ਰਿਟੇਨ ਦਾ ਆਪਣਾ ਇੱਕ ਸਾਮਰਾਜ ਸੀ ਜਿਹੜਾ ਭਾਰਤੀਆਂ, ਅਫਰੀਕੀਆਂ ਅਤੇ ਕੈਰੀਬਿਆਈ ਲੋਕਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਦਾ ਸੀ।''

''ਆਈਡਬਲਿਊ ਅਤੇ ਇੰਡੀਆ ਲੀਗ ਵਰਗੇ ਸਮੂਹਾਂ ਨੇ ਇਸ ਪਖੰਡ ਨੂੰ ਜ਼ੋਰ-ਸ਼ੋਰ ਨਾਲ ਚੁੱਕਿਆ ਅਤੇ ਸਹਿਯਾਤਰੀਆਂ ਤੇ ਲੋਕਾਂ ਵਿੱਚ ਇੱਕਜੁੱਟਤਾ ਪੈਦਾ ਕੀਤੀ।''

ਬ੍ਰਿਟੇਨ ਵਿੱਚ ਰਹਿ ਰਹੇ ਭਾਰਤੀਆਂ 'ਤੇ ਸੋਧ ਕਰਨ ਅਤੇ ਉਨ੍ਹਾਂ ਨੂੰ ਰੇਖਾਂਕਿਤ ਕਰਨ ਲਈ ਸਥਾਪਿਤ ਥਿੰਕ ਟੈਂਕ 'ਦਿ 1928 ਇੰਸਟੀਚਿਊਟ' ਵੀਪੀ ਹੰਸਰਾਨੀ ਅਤੇ ਉਜਾਗਰ ਸਿੰਘ ਵਰਗੇ ਲੁਕੇ ਹੋਏ ਨਾਇਕਾਂ ਦੀਆਂ ਕਹਾਣੀਆਂ ਸਾਹਮਣੇ ਲਿਆ ਰਿਹਾ ਹੈ।

ਪਹਿਲਾਂ ਇਸ ਨੂੰ ਇੰਡੀਆ ਲੀਗ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਯੂਨੀਵਰਸਿਟੀ ਆਫ਼ ਆਕਫ਼ੋਰਡ ਦੇ ਨਾਲ ਇਸਦੇ ਕੰਮ ਦੇ ਚੱਲਦਿਆਂ, ਹੁਣ ਇਸ ਨੂੰ ਨਵੀਂ ਪਛਾਣ ਦਿੱਤੀ ਗਈ ਹੈ।

'ਕਮਿੰਗ ਟੂ ਕੋਵੇਂਟਰੀ - ਸਟੋਰੀਜ਼ ਆਫ਼ ਦਿ ਸਾਊਥ ਇੰਡੀਅਨ ਪਾਇਨੀਰਜ਼' ਪੁਸਤਕ ਅਤੇ ਸੋਧ ਪ੍ਰੋਜੈਕਟ ਦੇ ਲੇਖਿਕਾ ਡਾਕਟਰ ਪੀਪਾ ਵਿਰਦੀ ਦੱਸਦੇ ਹਨ ਕਿ ਉਸ ਦੌਰ ਵਿੱਚ ਇੰਗਲੈਂਡ 'ਚ ਰਹਿ ਰਹੇ ਲੋਕਾਂ 'ਚ ਇੱਕ ਖਾਸ ਕੱਟੜਪੰਥੀ ਸਿਆਸੀ ਵਿਚਾਰਧਾਰਾ ਸੀ ਪਰ ਇਹ ਉਸ ਦੌਰ ਵਿੱਚ ਪੰਜਾਬ 'ਚ ਚੱਲ ਰਹੇ ਆਜ਼ਾਦੀ ਅੰਦੋਲਨ ਨਾਲ ਵੀ ਪ੍ਰਭਾਵਿਤ ਸੀ।

''ਇੱਕ ਖੱਬੇਪੱਖੀ ਪ੍ਰਗਤੀਸ਼ੀਲ ਸਿਆਸਤ ਸੀ, ਜਿਸਦਾ ਵਿਆਪਕ ਅਸਰ ਹੋ ਰਿਹਾ ਸੀ ਅਤੇ ਆਈਡਬਲਿਊਏ ਵੀ ਉਸੇ ਤੋਂ ਪ੍ਰਭਾਵਿਤ ਸੀ।''

ਹੱਤਿਆ ਦੀ ਇੱਕ ਘਟਨਾ ਨੇ ਇਸ ਸਮੂਹ ਨੂੰ ਬ੍ਰਿਟੇਨ ਦੀਆਂ ਸੂਹੀਆ ਸੇਵਾਵਾਂ ਦੀ ਰਡਾਰ 'ਤੇ ਲੈ ਆਉਂਦਾ ਸੀ ਅਤੇ ਇਸਦੇ ਆਗੂਆਂ 'ਤੇ ਨਜ਼ਰ ਰੱਖੀ ਜਾਣ ਲੱਗੀ ਸੀ।

13 ਮਾਰਚ, 1940 ਨੂੰ ਲੰਡਨ ਦੇ ਕੈਕਸਟਲ ਹਾਲ 'ਚ ਉੱਧਮ ਸਿੰਘ ਨੇ ਮਾਇਕਲ ਓ ਡਾਇਰ ਨੂੰ ਗੋਲੀ ਮਾਰ ਦਿੱਤੀ ਸੀ।

ਕੋਵੇਂਟਰੀ ਵਿੱਚ ਆਈਡਬਲਿਊਏ ਦੀਆਂ ਬੈਠਕਾਂ 'ਚ ਸ਼ਾਮਲ ਹੋਣ ਵਾਲੇ ਉੱਧਮ ਸਿੰਘ, ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਨੂੰ ਸਾਲ 1919 'ਚ ਹੋਏ ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਲਈ ਜ਼ਿੰਮੇਦਾਰ ਮੰਨਦੇ ਸਨ।

ਪੰਜਾਬ ਦੇ ਅੰਮ੍ਰਤਸਰ ਸ਼ਹਿਰ ਵਿੱਚ ਇੱਕ ਸਭਾ 'ਚ ਹਿੱਸਾ ਲੈ ਰਹੇ ਸੈਂਕੜੇ ਭਾਰਤੀ ਲੋਕਾਂ 'ਤੇ ਬ੍ਰਿਟਿਸ਼ ਪੁਲਿਸ ਵਾਲਿਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ।

ਮਾਇਕਲ ਓ ਡਾਇਰ ਨੂੰ ਮਾਰਨ ਬਦਲੇ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ।

ਇੰਡੀਆ ਆਫਿਸ ਦੇ ਰਿਕਾਰਡ ਦੱਸਦੇ ਹਨ ਕਿ ਇਸ ਕਤਲੇਆਮ ਤੋਂ ਬਾਅਦ, ਇਸ ਸਮੂਹ ਬਾਰੇ ਰਿਪੋਰਟਾਂ ਲਿਖੀਆਂ ਗਈਆਂ ਸਨ।

ਇਨ੍ਹਾਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਭਾਵੇਂ ਹੀ ਇਸ ਸਮੂਹ ਨਾਲ ਜੁੜੇ ਲੋਕ ਹਿੰਸਕ ਨਾ ਹੋਣ ਪਰ ਉਨ੍ਹਾਂ ਵਿੱਚ ਵੱਡੀ ਸੰਖਿਆ ਵਿੱਚ ਅਜਿਹੇ ਮੈਂਬਰ ਹਨ ਜੋ ਹਿੰਸਕ ਤਰੀਕਿਆਂ ਦੇ ਪੱਖੀ ਹਨ ਹਨ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਦੇ ਹਨ।

ਇਨ੍ਹਾਂ ਰਿਪੋਰਟਾਂ ਵਿੱਚ 'ਆਜ਼ਾਦ ਹਿੰਦ' ਨੂੰ ਇੱਕ ਹਮਲਾਵਰ ਉਰਦੂ ਬੁਲੇਟਿਨ ਕਿਹਾ ਗਿਆ ਸੀ ਅਤੇ ਕਿ ਆਪਣੇ ਖੁੱਲ੍ਹੇ ਵਿਚਾਰਾਂ ਵਾਲੇ ਲੇਖਾਂ ਕਾਰਨ ਇਹ ਭਾਰਤੀ ਸਮੁਦਾਏ ਵਿੱਚ ਪ੍ਰਸਿੱਧ ਹੋ ਸਕਦਾ ਹੈ।

ਬ੍ਰਿਟਨ ਦੀ ਲਾਇਬ੍ਰੇਰੀ ਵਿੱਚ ਆਪਣੇ ਦਾਦਾ ਜੀ ਦੀ ਫਾਈਲ ਦੇਖਣ ਤੋਂ ਬਾਅਦ ਵੇਦ ਕਹਿੰਦੇ ਹਨ ਕਿ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਸੀ।

ਵੇਦ ਕਹਿੰਦੇ ਹਨ ਕਿ ਹੰਸਰਾਨੀ ਆਪਣੀਆਂ ਲਿਖਤਾਂ ਕਾਰਨ ਬ੍ਰਿਟਿਸ਼ ਸੂਹੀਆ ਸੇਵਾਵਾਂ ਦੀ ਰਡਾਰ 'ਤੇ ਆਏ ਹੋਣਗੇ, ਕਿਉਂਕਿ ਉਹੀ ਭਾਸ਼ਣ ਲਿਖਦੇ ਹੁੰਦੇ ਸਨ ਅਤੇ ਅਖ਼ਬਾਰ ਦਾ ਸੰਪਾਦਨ ਕਰਦੇ ਸਨ। ਇਸ ਤੋਂ ਇਲਾਵਾ ਉਹ ਸੰਗਠਨ ਦੇ ਕਾਰਕੁਨਾਂ ਨੂੰ ਵੀ ਇਕੱਠਾ ਕਰਦੇ ਸਨ।

ਭਾਰਤ ਦੀ ਵੰਡ ਅਤੇ ਫਿਰਕੂ ਹਿੰਸਾ

ਸਾਲ 1947 ਵਿੱਚ ਭਾਰਤ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਅਤੇ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਇੱਧਰ-ਉੱਧਰ ਜਾਣਾ ਪਿਆ, ਜਿਸ ਨਾਲ ਪੂਰੇ ਖੇਤਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਸੀ।

ਲਗਭਗ ਇੱਕ ਕਰੋੜ ਵੀਹ ਲੱਖ ਲੋਕ ਹਿਜਰਤੀ ਬਣ ਗਏ। ਇਸ ਫਿਰਕੂ ਹਿੰਸਾ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਵੀ ਹੋਈ।

ਉੱਧਰ, ਯੁੱਧ ਮਗਰੋਂ ਬ੍ਰਿਟੇਨ ਵਿੱਚ ਕਾਮਿਆਂ ਦੀ ਕਮੀ ਹੋ ਰਹੀ ਸੀ। ਸਾਲ 1948 ਵਿੱਚ ਆਏ ਬ੍ਰਿਟਿਸ਼ ਨਾਗਰਿਕਤਾ ਕਾਨੂੰਨ ਨੇ ਕਾਮਨਵੈਲਥ ਦੇਸ਼ਾਂ ਦੇ ਲੋਕਾਂ ਨੂੰ ਬਿਨਾਂ ਵੀਜ਼ੇ ਦੇ ਬ੍ਰਿਟੇਨ ਵਿੱਚ ਕੰਮ ਕਰਨ ਦਾ ਅਧਿਕਾਰ ਦੇ ਦਿੱਤਾ ਸੀ।

ਆਜ਼ਾਦੀ ਦਾ ਉਦੇਸ਼ ਪੂਰਾ ਹੋ ਚੁੱਕਿਆ ਸੀ ਅਤੇ ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਪਰਵਾਸੀਆਂ ਦੀ ਇੱਕ ਨਵੀਂ ਲਹਿਰ ਆ ਰਹੀ ਸੀ। ਅਜਿਹੀ ਸਥਿਤੀ ਵਿੱਚ ਆਈਡਬਲਿਊਏ ਨੇ ਪਰਵਾਸੀਆਂ ਦੇ ਮੁੱਦਿਆਂ ਨੂੰ ਆਪਣਾ ਉਦੇਸ਼ ਬਣਾ ਲਿਆ।

ਲੰਡਨ ਦੇ ਸਾਊਥਹਾਲ ਅਤੇ ਵੂਲਵਰਹੈਂਪਟਨ ਸਣੇ ਅਜਿਹੇ ਇਲਾਕਿਆਂ ਵਿੱਚ ਸੰਗਠਨ ਦੀਆਂ ਸ਼ਾਖਾਵਾਂ ਖੁੱਲ੍ਹ ਗਈਆਂ ਜਿੱਥੇ ਭਾਰਤੀ ਪਰਵਾਸੀਆਂ ਦੀ ਆਬਾਦੀ ਸੀ।

ਵਰਤਮਾਨ ਵਿੱਚ ਇਸਦੇ ਪ੍ਰਧਾਨ ਅਵਤਾਰ ਸਿੰਘ ਦੱਸਦੇ ਹਨ ਕਿ ਪ੍ਰਧਾਨ ਦੀ ਸਿਫਾਰਿਸ਼ 'ਤੇ ਸਥਾਨਕ ਐਸੋਸੀਏਸ਼ਨਾਂ ਨੇ ਇਕੱਠੇ ਹੋ ਕੇ 'ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ' ਦਾ ਗਠਨ ਕੀਤਾ।

1958 ਵਿੱਚ ਆਈਡਬਲਿਊਏ ਦੀ ਬਰਮਿੰਘਮ ਸ਼ਾਖਾ ਦੇ ਗਠਨ 'ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸਿੰਘ, ਉਸਦੇ ਪ੍ਰਮੁੱਖ ਕਾਰਕੁਨ ਵੀ ਸਨ।

ਉਹ ਕਹਿੰਦੇ ਹਨ ਕਿ ਉਸ ਦੌਰ ਵਿੱਚ ਨਸਲਵਾਦ ਬਹੁਤ ਜ਼ਿਆਦਾ ਸੀ। ਸਥਾਨਕ ਪੱਬਾਂ ਵਿੱਚ ਅਤੇ ਕਾਰਜ ਸਥਾਨਾਂ 'ਤੇ ਭਾਰਤੀਆਂ ਨਾਲ ਵਿਤਕਰਾ ਕੀਤਾ ਜਾਂਦਾ ਸੀ।

ਸਿਆਹਫਾਮ ਅਤੇ ਏਸ਼ੀਆਈ ਮੂਲ ਦੇ ਪਰਵਾਸੀਆਂ ਨੂੰ ਆਮ ਤੌਰ 'ਤੇ ਪੱਬਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਸੀ ਅਤੇ ਮਕਾਨ ਮਾਲਕ ਉਨ੍ਹਾਂ ਨੂੰ ਘਰ ਕਿਰਾਏ 'ਤੇ ਦੇਣ ਤੋਂ ਗੁਰੇਜ਼ ਕਰਦੇ ਸਨ।

''ਉਸ ਸਮੇਂ ਕੋਈ ਕਾਨੂੰਨ ਨਹੀਂ ਸੀ, ਕੋਈ ਵੀ ਬਿਨਾਂ ਕਿਸੇ ਰੋਕ-ਟੋਕ ਦੇ ਨਸਲਵਾਦ ਕਰ ਸਕਦਾ ਸੀ।''

''ਅਜਿਹੀ ਸਥਿਤੀ 'ਚ ਆਈਡਬਲਿਊਏ ਨੇ ਇਸਦੇ ਖਿਲਾਫ਼ ਰਾਸ਼ਟਰੀ ਪੱਧਰ ਦੀ ਮੁਹਿੰਮ ਸ਼ੁਰੂ ਕੀਤੀ, ਤਾਂ ਜੋ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ।''

ਹੌਲੀ-ਹੌਲੀ ਇਹ ਟਰੇਡ ਯੂਨੀਅਨ ਮੁਹਿੰਮ ਦੇ ਨੇੜੇ ਆਉਂਦੀ ਗਈ ਅਤੇ ਇਸਨੇ ਆਪਣੇ-ਆਪ ਨੂੰ ਵਿਤਕਰੇ ਖਿਲਾਫ਼ ਆਵਾਜ਼ ਚੁੱਕਣ ਲਈ ਵਚਨਬੱਧ ਕਰ ਲਿਆ।

ਇਹ ਵੀ ਪੜ੍ਹੋ:

ਇਸਦੇ ਨਾਲ-ਨਾਲ ਉਹ ਪਰਵਾਸੀਆਂ ਨੂੰ ਨਵੇਂ ਦੇਸ਼ ਵਿੱਚ ਆਪਣਾ ਇੱਕ ਭਾਈਚਾਰਾ ਹੋਣ ਦਾ ਅਹਿਸਾਸ ਵੀ ਦਿੰਦੀ ਸੀ।

ਅਵਤਾਰ ਸਿੰਘ ਕਹਿੰਦੇ ਹਨ, ''ਅਮਰੀਕੀ ਸਿਆਸੀ ਕਾਰਕੁਨ ਮੈਲਕਮ ਐਕਸ ਨੇ ਆਈਡਬਲਿਊਏ ਦੇ ਸੱਦੇ 'ਤੇ 1965 'ਚ ਸਮੇਥਵਿਕ ਦੀ ਯਾਤਰਾ ਕੀਤੀ। ਇਸ ਨੇ ਸਾਡੀ ਮੁਹਿੰਮ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆ ਦਿੱਤਾ ਸੀ।''

ਮਾਰਸ਼ਲ ਸਟ੍ਰੀਟ ਦੇ ਕੁਝ ਨਿਵਾਸੀ ਕੌਂਸਲ 'ਤੇ ਖਾਲੀ ਮਕਾਨਾਂ ਨੂੰ ਖਰੀਦਣ ਅਤੇ ਉਨ੍ਹਾਂ ਨੂੰ ਸਿਰਫ਼ ਗੋਰੇ ਲੋਕਾਂ ਲਈ ਉਪਲੱਬਧ ਕਰਾਉਣ ਦਾ ਦਬਾਅ ਬਣਾ ਰਹੇ ਸਨ।

ਮੈਲਕਮ ਐਕਸ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਇੱਥੇ ਇਸ ਲਈ ਆ ਰਹੇ ਹਨ ਕਿਉਂਕਿ ਉਹ ਸਿਆਹਫਾਮ ਲੋਕਾਂ ਨਾਲ ਹੋ ਰਹੇ ਵਿਹਾਰ ਨੂੰ ਲੈ ਕੇ ਦੁਖੀ ਹਨ।

ਅਵਤਾਰ ਸਿੰਘ ਦੱਸਦੇ ਹਨ, ''ਉਹ ਪੱਬ ਜਾਣਾ ਚਾਹੁੰਦੇ ਸਨ ਅਤੇ ਮੈਂ ਜਾਣ ਬੁਝ ਕੇ ਉਨ੍ਹਾਂ ਨੂੰ ਅਜਿਹੇ ਬਾਰ ਵਿੱਚ ਲੈ ਕੇ ਗਿਆ ਜਿੱਥੇ ਗੋਰਿਆਂ ਤੋਂ ਸਿਵਾ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਂਦਾ ਸੀ।''

''ਉਸ ਸਟ੍ਰੀਟ ਦੇ ਇੱਕ ਘਰ 'ਚ ਇੱਕ ਸਿਆਹਫਾਮ ਵਿਅਕਤੀ ਰਹਿੰਦਾ ਸੀ, ਉਨ੍ਹਾਂ ਨੇ ਉਸ ਨਾਲ ਗੱਲ ਕੀਤੀ। ਉੱਥੇ ਇੱਕ ਪੋਸਟਰ ਲੱਗਾ ਸੀ, ਜਿਸ 'ਤੇ ਲਿਖਿਆ ਸੀ ਕਿ ਸਿਰਫ਼ ਗੋਰੇ ਲੋਕ ਹੀ ਘਰ ਲੈਣ ਲਈ ਅਰਜ਼ੀ ਦੇਣ। ਇਹ ਸਭ ਦੇਖ ਕੇ ਉਹ ਬਹੁਤ ਹੈਰਾਨ ਸਨ।''

''ਉਨ੍ਹਾਂ ਨੇ ਟਿੱਪਣੀ ਕੀਤੀ ਸੀ ਕਿ ਇੱਥੇ ਤਾਂ ਸਥਿਤੀ ਅਮਰੀਕਾ ਤੋਂ ਵੀ ਮਾੜੀ ਹੈ।''

ਇਸ ਤੋਂ ਨੌ ਦਿਨ ਬਾਅਦ ਨਿਊਯਾਰਕ ਵਿੱਚ ਇੱਕ ਰੈਲੀ ਦੌਰਾਨ ਮੈਲਕਮ ਐਕਸ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

1970 ਦੇ ਦਹਾਕੇ 'ਚ ਵਧੇਰੇ ਸੰਖਿਆ ਵਿੱਚ ਦੱਖਣੀ ਏਸ਼ੀਆਈ ਔਰਤਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਵੀ ਆਈਡਬਲਿਊਏ ਦੀਆਂ ਮੈਂਬਰ ਬਣ ਗਈਆਂ ਅਤੇ ਕਾਰਜ ਸਥਾਨਾਂ 'ਤੇ ਬਿਹਤਰ ਸਥਿਤੀਆਂ ਲਈ ਆਵਾਜ਼ ਚੁੱਕਣ ਲੱਗ ਪਈਆਂ।

1974 ਵਿੱਚ ਲੀਸੇਸਟਰ ਇੰਪੀਰੀਅਲ ਟਾਈਪਰਾਈਟਰਜ਼ ਫੈਕਟਰੀ 'ਚ ਤਿੰਨ ਮਹੀਨਿਆਂ ਤੱਕ ਹੜਤਾਲ ਚੱਲੀ। ਇਸ ਵਿੱਚ ਜ਼ਿਆਦਾਤਰ ਏਸ਼ੀਆਈ ਕਾਮਿਆਂ ਨੇ ਹਿੱਸਾ ਲਿਆ। ਆਈਡਬਲਿਊਏ ਇਸਦਾ ਸਮਰਥਨ ਕਰ ਰਹੀ ਸੀ। ਹਾਲਾਂਕਿ ਸਥਾਨਕ ਟ੍ਰਾਂਸਪੋਰਟ ਅਤੇ ਜਨਰਲ ਵਰਕਰਜ਼ ਯੂਨੀਅਨ ਨੇ ਇਸਦਾ ਸਮਰਥਨ ਨਹੀਂ ਕੀਤਾ ਸੀ। ਇਸ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ।

1964 ਵਿੱਚ ਹੈਰੋਲਡ ਵਿਲਸਨ ਦੀ ਅਗਵਾਈ 'ਚ ਲੇਬਰ ਪਾਰਟੀ ਦੀ ਸਰਕਾਰ ਬਣਨ ਤੋਂ ਇੱਕ ਸਾਲ ਬਾਅਦ ਰੇਸ ਰਿਲੇਸੰਜ਼ ਐਕਟ ਰੇਸ ਪਾਰਿਤ ਕਰ ਦਿੱਤਾ ਗਿਆ ਸੀ।

ਅਵਤਾਰ ਸਿੰਘ ਕਹਿੰਦੇ ਹਨ ਕਿ ਆਈਡਬਲਿਊਏ ਦੀ ਮੁਹਿੰਮ ਦੇ ਚੱਲਦਿਆਂ ਹੀ ਇਹ ਸੰਭਵ ਹੋ ਸਕਿਆ ਸੀ।

ਉਹ ਕਹਿੰਦੇ ਹਨ, ''ਆਈਡਬਲਿਊਏ ਨੇ 60 ਅਤੇ 70 ਦੇ ਦਹਾਕੇ ਅਤੇ ਫਿਰ ਅੱਗੇ 80-90 ਦੇ ਦਹਾਕੇ 'ਚ ਆਪਣੀ ਭੂਮਿਕਾ ਨਿਭਾਈ ਅਤੇ ਇਹ ਅਜੇ ਵੀ ਆਪਣਾ ਕੰਮ ਕਰ ਰਹੀ ਹੈ।''

ਸਾਲ 1978 ਵਿੱਚ ਊਧਮ ਸਿੰਘ ਦੇ ਸਨਮਾਨ ਵਿੱਚ ਸੋਹੋ ਰੋਡ ਹੈਂਡਜ਼ਵਰਥ 'ਚ ਇੱਕ ਸਮਾਜ ਭਲਾਈ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਅਵਤਾਰ ਸਿੰਘ ਇਸਦੇ ਮੋਢੀ ਟਰੱਸਟੀ ਹਨ।

ਉਹ ਕਹਿੰਦੇ ਹਨ ਕਿ ਕੋਵੇਂਟਰੀ 'ਚ ਸ਼ੁਰੂ ਹੋਈ ਇਹ ਸੰਸਥਾ, ਨਸਲਵਾਦ ਦੀਆਂ ਮੁਹਿੰਮਾਂ ਚਲਾਉਣ ਵਿੱਚ ਮੋਹਰੀ ਸੀ ਅਤੇ ਇਸਦੀ ਲੜਾਈ ਸਮਾਜ ਦੇ ਸਾਰੇ ਵਰਗਾਂ ਨੂੰ ਸਵੀਕਾਰ ਕਰਾਉਣ ਲਈ ਸੀ।

ਸਮਾਜ ਦਾ ਕੁਲੀਨ ਵਰਗ

ਪੰਜਾਬ ਤੋਂ ਆਏ ਦੋ ਦੋਸਤ ਜੋ ਕੋਵੇਂਟਰੀ 'ਚ ਆਈਡਬਲਿਊਏ ਦੀ ਸਥਾਪਨਾ ਕਰਨ ਦੇ ਮੋਹਰੀ ਸਨ, ਉਹ ਇਸ ਮੁਹਿੰਮ ਨਾਲ ਤਾਂ ਜੁੜੇ ਹੀ ਰਹੇ ਪਰ ਅੱਗੇ ਜਾ ਕੇ ਉਨ੍ਹਾਂ ਨੇ ਇੰਡੀਅਨ ਲੀਗ ਵਿੱਚ ਵੀ ਪ੍ਰਮੁੱਖ ਭੂਮਿਕਾ ਨਿਭਾਈ।

ਡਾਕਟਰ ਨਿਕਿਤਾ ਵੇਦ ਕਹਿੰਦੇ ਹਨ ਕਿ ਇਹ ਸਮੂਹ ਭਾਵੇਂ ਆਈਡਬਲਿਊਏ ਨਾਲ ਮਿਲ ਕੇ ਕੰਮ ਕਰਦਾ ਸੀ ਪਰ ਇਸਦੇ ਮੈਂਬਰ ਮਹਾਨਗਰਾਂ ਦੇ ਕੁਲੀਨ ਵਰਗ ਤੋਂ ਸਨ।

ਇਸਦੀ ਸਥਾਪਨਾ 1928 ਵਿੱਚ ਕ੍ਰਿਸ਼ਣਾ ਮੇਨਨ ਨੇ ਕੀਤੀ ਸੀ ਪਰ ਇਸ ਨਾਲ ਬਰਟ੍ਰੈਂਡ ਰਸਲ, ਐਨਯੁਰਿਨ ਬੇਵਾਨ ਅਤੇ ਐਚਜੀ ਵੇਲਸ ਵਰਗੇ ਖੱਬੇਪੱਖੀ ਵਿਚਾਰਕ ਵੀ ਜੁੜੇ ਸਨ।

ਦਿ 1928 ਇੰਸਟੀਚਿਊਟ ਨਾਲ ਜੁੜੇ ਡਾਕਟਰ ਵੇਦ ਕਹਿੰਦੇ ਹਨ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਏ ਹੰਸਰਾਨੀ ਅਤੇ ਸਿੰਘ ਆਪਣੇ ਸਾਰੇ ਸਰੋਤਾਂ ਦੀ ਵਰਤੋਂ ਕਰਕੇ ਬ੍ਰਿਟੇਨ ਪਹੁੰਚੇ ਸਨ।

ਉਹ ਕਹਿੰਦੇ ਹਨ ਕਿ ਆਮ ਸਿੱਖਿਆ ਦੇ ਬਾਵਜੂਦ ਉਨ੍ਹਾਂ ਨੇ ਉਸ ਦੌਰ ਦੇ ਮਹਾਨ ਸਾਹਿਤਕਾਰਾਂ ਅਤੇ ਕੁਲੀਨ ਅੰਗਰੇਜ਼ਾਂ ਨਾਲ ਸਮਾਂ ਬਿਤਾਇਆ।

ਉਜਾਗਰ ਸਿੰਘ ਦੇ ਪਰਿਵਾਰ ਦੇ ਮੈਂਬਰ ਬੈਰੋਨੇਸ ਸੰਦੀਪ ਵਰਮਾ ਹਾਊਸ ਆਫ ਲਾਰਡਸ ਦੇ ਮੈਂਬਰ ਰਹੇ ਅਤੇ ਸੰਯੁਕਤ ਰਾਸ਼ਟਰ ਦੇ ਮਹਿਲਾ ਸਮੂਹ ਦਾ ਹਿੱਸਾ ਵੀ ਰਹੇ।

ਉਹ ਕਹਿੰਦੇ ਹਨ ਕਿ ਹੰਸਰਾਨੀ ਅਤੇ ਸਿੰਘ ਨੇ ਸੈਂਕੜੇ ਭਾਰਤੀ ਪਰਿਵਾਰਾਂ ਨੂੰ ਬ੍ਰਿਟੇਨ 'ਚ ਵੱਸਣ ਵਿੱਚ ਮਦਦ ਕੀਤੀ।

''ਸਾਡੀ ਪੀੜ੍ਹੀ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਲਈ ਉਨ੍ਹਾਂ ਦੇ ਬਲੀਦਾਨਾਂ ਲਈ ਉਨ੍ਹਾਂ ਦੀ ਸ਼ੁਕਰਗੁਜ਼ਾਰ ਹੈ ਅਤੇ ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ।''

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)