You’re viewing a text-only version of this website that uses less data. View the main version of the website including all images and videos.
ਜੌਰਜ ਫਲਾਇਡ : ਮੌਤ ਤੋਂ ਪਹਿਲਾਂ ਦੇ 30 ਮਿੰਟਾਂ 'ਚ ਕੀ ਕੁਝ ਵਾਪਰਿਆ
ਅਫ਼ਰੀਕੀ ਮੂਲ ਦੇ -ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਤੱਕ ਫ਼ੈਲ ਗਏ ਹਨ।
ਪੂਰੇ ਅਮਰੀਕਾ ਵਿਚ ਹਿੰਸਕ ਮੁਜ਼ਾਹਰੇ ਹੋ ਰਹੇ ਹਨ। 40 ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ ਅਤੇ ਰਾਸ਼ਟਰਪਤੀ ਟਰੰਪ ਫੌਜ ਤਾਇਨਾਤ ਕਰਨ ਦੀਆਂ ਧਮਕੀਆਂ ਦੇ ਰਹੇ ਹਨ।
46 ਸਾਲ ਦੇ ਜੌਰਜ ਫਲਾਇਡ ਨੂੰ ਮਿਨੀਆਪੋਲਿਸ, ਮਿਨੇਸੋਟਾ ਦੀ ਇੱਕ ਦੁਕਾਨ ਦੇ ਬਾਹਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜੋ:
ਇੱਕ ਵੀਡੀਓ ਕਲਿੱਪ ਵਿੱਚ ਇੱਕ ਪੁਲਿਸ ਅਧਿਕਾਰੀ ਜੌਰਜ ਫਲਾਇਡ ਨਾਮ ਦੇ ਇੱਕ ਨਿਹੱਥੇ ਆਦਮੀ ਦੇ ਗਲ਼ੇ 'ਤੇ ਗੋਡਾ ਧਰਦਿਆਂ ਦੇਖਿਆ ਗਿਆ। ਇਹ ਵੀਡੀਓ 25 ਮਈ ਦੀ ਹੈ।
44 ਸਾਲਾ ਸਾਬਕਾ ਪੁਲਿਸ ਮੁਲਾਜ਼ਮ ਡੈਰੇਕ ਸ਼ਾਵਿਨ 'ਤੇ ਫਲਾਇਡ ਦੇ ਕਤਲ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਹੁਣ ਤੱਕ ਜੋ ਹੋਇਆ
- ਅਮਰੀਕਾ ਦੇ 75 ਸ਼ਹਿਰਾਂ ਵਿਚ ਹਿੰਸਕ ਮੁਜ਼ਾਹਰੇ ਹੋ ਰਹੇ ਹਨ ਅਤੇ 40 ਵਿਚ ਕਰਫਿਊ ਲਗਾਇਆ ਗਿਆ ਹੈ।
- ਕਰੀਬ ਇੱਕ ਹਫ਼ਤੇ ਤੋਂ ਭੜਕੀ ਹਿੰਸਾ ਦਾ ਕਾਰਨ ਅਫਰੀਕੀ ਮੂਲ ਦੇ ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਹੈ।
- ਜੌਰਜ ਨੇ ਸਿਗਰਟ ਖਰੀਦੀ ਸੀ ਤੇ ਉਸ ਵਲੋਂ ਦਿੱਤਾ ਨੋਟ ਜਾਅਲੀ ਹੋਣ ਦੇ ਸ਼ੱਕ ਕਾਰਨ ਦੁਕਾਨਦਾਰ ਨੇ ਪੁਲਿਸ ਨੂੰ ਸੂਚਿਤ ਕੀਤਾ
- ਪੁਲਿਸ ਨਾਲ ਖਿੱਚੋਤਾਣ ਦੌਰਾਨ ਉਹ ਜ਼ਮੀਨ ਉੱਤੇ ਡਿੱਗ ਪਿਆ ਤੇ ਪੁਲਿਸ ਵਾਲੇ ਵਲੋਂ ਉਸਦੇ ਗਲ਼ ਉੱਤੇ ਗੋਡਾ ਰੱਖੇ ਜਾਣ ਕਾਰਨ ਉਸਦੀ ਮੌਤ ਹੋ ਗਈ।
- ਕਈ ਸ਼ਹਿਰਾਂ ਵਿਚ ਪੁਲਿਸ ਵਾਲਿਆਂ ਨੂੰ ਮੁਜ਼ਾਹਰਾਕਾਰੀਆਂ ਨੇ ਨਿਸ਼ਾਨਾਂ ਬਣਾਇਆ ਹੈ ਅਤੇ ਦੁਕਾਨਾਂ ਵਿਚ ਲੁੱਟ ਮਾਰ ਕੀਤੀ ਹੈ।
- ਮੁਜ਼ਾਹਰਾਕਾਰੀ ਵਾਸ਼ਿੰਗਟਨ ਡੀਸੀ ਵਿਚਲੇ ਵ੍ਹਾਇਟ ਹਾਊਸ ਦੇ ਅੱਗੇ ਵੀ ਪਹੁੰਚੇ ਹੋਏ ਹਨ।
- ਹਾਲਾਤ ਬੇਕਾਬੂ ਹੋਣ ਕਾਰਨ ਰਾਸਟਰਪਤੀ ਟਰੰਪ ਫੌਜ ਦੀ ਤੈਨਾਤੀ ਦੀ ਧਮਕੀ ਦੇਣ ਲੱਗ ਪਏ ਹਨ।
ਫਲਾਇਡ ਦੀ ਮੌਤ ਲਗਭਗ 3 ਮਿੰਟਾਂ ਵਿੱਚ ਹੋਈ। ਚਸ਼ਮਦੀਦਾਂ, ਵੀਡੀਓ ਤੇ ਅਧਿਕਾਰੀਆਂ ਦੇ ਬਿਆਨ ਮਗਰੋਂ ਫਲਾਇਡ ਦੀ ਮੌਤ ਦੇ ਕੁਝ ਤੱਥ ਸਾਹਮਣੇ ਆਏ ਹਨ।
ਸੋਮਵਾਰ ਨੂੰ ਪੁਲਿਸ ਨੂੰ ਇੱਕ ਜਨਰਲ ਸਟੋਰ ਤੋਂ ਫ਼ੋਨ ਆਇਆ ਕਿ ਜੌਰਜ ਫਲਾਇਡ ਨੇ 20 ਡਾਲਰ ਦਾ ਨਕਲੀ ਨੋਟ ਦਿੱਤਾ ਹੈ। ਫਲਾਇਡ ਨੇ 25 ਮਈ ਨੂੰ ਕੱਪ ਫੂਡਜ਼ ਨਾਂ ਦੇ ਇਸ ਸਟੋਰ ਤੋਂ ਸਿਗਰੇਟ ਖਰੀਦੀ ਸੀ।
ਫਲਾਇਡ ਮਿਨੀਆਪੋਲਿਸ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਸਨ। ਪਰ ਉਹ ਹਿਊਸਟਨ ਦੇ ਮੂਲ ਵਾਸੀ ਸਨ। ਉਹ ਸ਼ਹਿਰ ਵਿੱਚ ਇੱਕ ਬਾਊਂਸਰ ਵਜੋਂ ਨੌਕਰੀ ਕਰ ਰਹੇ ਸਨ।
ਪਰ ਕੋਰੋਨਾਵਾਇਰਸ ਕਾਰਨ ਲੱਖਾਂ ਅਮਰੀਕੀਆਂ ਦੀ ਨੌਕਰੀ ਚਲੀ ਗਈ ਤੇ ਫਲਾਇਡ ਵੀ ਇੰਨ੍ਹਾਂ ਲੋਕਾਂ ਵਿੱਚੋਂ ਇੱਕ ਸਨ।
ਫਲਾਇਡ ਕੱਪ ਫੂਡਜ਼ ਨਾਂ ਦੇ ਇਸ ਸਟੋਰ ਵਿੱਚ ਅਕਸਰ ਆਉਂਦੇ ਰਹਿੰਦੇ ਸਨ।
ਸਟੋਰ ਦੇ ਮਾਲਕ ਮਾਇਕ ਅਬੂਮਾਇਆਲੇਹ ਨੇ ਅਮਰੀਕਾ ਦੇ NBC ਨੈੱਟਵਰਕ ਨੂੰ ਦੱਸਿਆ ਕਿ ਫਲਾਇਡ ਇੱਕ ਚੰਗੇ ਗਾਹਕ ਸਨ, ਜਿਨ੍ਹਾਂ ਨੇ ਕਦੇ ਵੀ ਸਟੋਰ ਵਿੱਚ ਖਰੀਦਦਾਰੀ ਦੌਰਾਨ ਕੋਈ ਤਰ੍ਹਾਂ ਦੀ ਦਿੱਕਤ ਨਹੀਂ ਕੀਤੀ।
ਪਰ ਜਿਸ ਦਿਨ ਇਹ ਹਾਦਸਾ ਵਾਪਰਿਆ, ਅਬੂਮਾਇਆਲੇਹ ਕੰਮ 'ਤੇ ਮੌਜੂਦ ਨਹੀਂ ਸਨ। ਫਲਾਇਡ ਦੁਆਰਾ ਦਿੱਤੇ ਗਏ ਪੈਸਿਆਂ 'ਤੇ ਸ਼ੱਕ ਹੋਣ ‘ਤੇ ਪੁਲਿਸ ਨੂੰ ਰਿਪੋਰਟ ਕਰਕੇ, ਅਬੂਮਾਇਆਲੇਹ ਦੇ ਅਲ੍ਹੜ ਉਮਰ ਦੇ ਕਰਮਚਾਰੀ ਨੇ ਮਹਿਜ਼ ਨਿਯਮਾਂ ਦੀ ਪਾਲਣਾ ਕੀਤੀ ਸੀ।
ਜੌਰਜ ਫਲਾਇਲ ਨੂੰ ਪੁਲਿਸ ਨੇ ਕਿਉਂ ਫੜ੍ਹਿਆ?
ਫੋਨ ਨੂੰਬਰ 911 'ਤੇ 20:01 ਵਜੇ ਫ਼ੋਨ ਕਰਕੇ ਸਟੋਰ ਮੁਲਾਜ਼ਮ ਨੇ ਆਪਰੇਟਰ ਨੂੰ ਕਿਹਾ ਕਿ ਉਹ ਫਲਾਇਡ ਨੂੰ ਸਿਗਰੇਟ ਵਾਪਸ ਕਰਨ ਨੂੰ ਕਹਿ ਰਹੇ ਹਨ, ਪਰ ਉਹ ਦੇਣ ਨੂੰ ਤਿਆਰ ਨਹੀਂ ਹੈ।
ਅਧਿਕਾਰੀਆਂ ਦੁਆਰਾ ਰਿਲਿਜ਼ ਕੀਤੀ ਰਿਕਾਰਡਿੰਗ ਵਿੱਚ ਇਹ ਗੱਲਬਾਤ ਸਾਹਮਣੇ ਆਈ।
ਇਸੇ ਰਿਕਾਰਡਿੰਗ ਮੁਤਾਬਕ ਸਟੋਰ ਦੇ ਮੁਲਾਜ਼ਮ ਨੇ ਦੱਸਿਆ ਕਿ ਇਹ ਆਦਮੀ (ਫਲਾਇਡ) ਸ਼ਰਾਬੀ ਲੱਗ ਰਿਹਾ ਹੈ ਤੇ ਉਹ ਆਪਣੇ ਹੋਸ਼ ਵਿੱਚ ਨਹੀਂ ਹੈ।
ਫ਼ੋਨ ਕਰਨ ਦੇ ਕੁਝ ਹੀ ਮਿੰਟਾਂ ਮਗਰੋਂ, 20:08 ਦੇ ਕਰੀਬ ਦੋ ਪੁਲਿਸ ਅਧਿਕਾਰੀ ਸਟੋਰ 'ਤੇ ਪਹੁੰਚੇ।
ਫਲਾਇਡ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ਵਿੱਚ ਦੋ ਹੋਰ ਲੋਕਾਂ ਨਾਲ ਬੈਠਾ ਸੀ।
ਥੋਮਸ ਲੇਨ ਨਾਂ ਦੇ ਇੱਕ ਪੁਲਿਸ ਅਧਿਕਾਰੀ ਨੇ ਕਾਰ ਦੇ ਕੋਲ ਜਾ ਕੇ ਫਲਾਇਡ ਵੱਲ ਬੰਦੂਕ ਕਰਦਿਆਂ, ਉਸਨੂੰ ਹੱਥ ਉੱਪਰ ਕਰਨ ਲਈ ਕਿਹਾ।
ਇਸ ਘਟਨਾਕ੍ਰਮ ਬਾਰੇ ਦੱਸਦਿਆਂ ਪੁਲਿਸ ਦੇ ਵਕੀਲ ਇਹ ਨਹੀਂ ਦੱਸ ਸਕੇ ਕਿ ਪੁਲਿਸ ਅਧਿਕਾਰੀ ਲੇਨ ਨੇ ਫਲਾਇਡ 'ਤੇ ਬੰਦੂਕ ਕਿਉਂ ਤਾਣੀ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਲੇਨ ਨੇ ਫਲਾਇਡ ਨੂੰ ਹੱਥ ਉਪਰ ਕਰਨ ਲਈ ਕਿਹਾ ਤੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਪਰ ਫਲਾਇਡ ਹੱਥਕੜੀ ਲਗਵਾਉਣ ਤੋਂ ਬਚਦੇ ਰਹੇ।
ਪਰ ਜਦੋਂ ਫਲਾਇਡ ਨੂੰ ਹੱਥਕੜੀ ਪਾ ਦਿੱਤੀ ਗਈ ਤਾਂ ਉਸ ਦੁਆਰਾ ਪੁੱਛਣ 'ਤੇ ਲੇਨ ਨੇ ਦੱਸਿਆ ਕਿ ਉਸ ਉੱਤੇ ਨਕਲੀ ਪੈਸੇ ਦੇਣ ਦਾ ਇਲਜ਼ਾਮ ਹੈ।
ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਫਲਾਇਡ ਨੂੰ ਆਪਣੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਤੇ ਝੜਪ ਸ਼ੁਰੂ ਹੋ ਗਈ।
ਰਿਪੋਰਟ ਮੁਤਾਬਕ, ਕਰੀਬ 20:14 'ਤੇ ਫਲਾਇਡ ਨੂੰ ਸਾਹ ਚੜ੍ਹਿਆ ਤੇ ਉਹ ਜ਼ਮੀਨ 'ਤੇ ਡਿੱਗ ਗਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਤੇ ਉਹ ਕਲੱਸਟਰੋਫੋਬੀਕ ਹੈ।
ਫਿਰ ਸ਼ਾਵਿਨ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਹੋਰ ਪੁਲਿਸ ਵਾਲਿਆਂ ਨਾਲ ਮਿਲ ਕੇ ਫਲਾਇਡ ਨੂੰ ਪੁਲਿਸ ਦੀ ਕਾਰ ਵਿੱਚ ਬਿਠਾਇਆ।
ਇਸ ਦੌਰਾਨ, 20:19 'ਤੇ, ਸ਼ਾਵਿਨ ਨੇ ਫਲਾਇਡ ਨੂੰ ਕਾਰ ਵਿੱਚੋਂ ਕੱਢਿਆ ਤੇ ਉਹ ਜ਼ਮੀਨ 'ਤੇ ਡਿੱਗ ਗਿਆ।
ਫਲਾਇਡ ਜ਼ਮੀਨ 'ਤੇ ਮੂੰਹ ਥੱਲੇ ਕਰਕੇ ਪਿਆ ਰਿਹਾ।
ਜੌਰਜ ਦੇ ਵਾਇਰਲ ਵੀਡੀਓ ਵਿੱਚ ਕੀ?
ਇਸ ਮੌਕੇ 'ਤੇ ਚਸ਼ਮਦੀਦਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਵੀਡੀਓ ਕਈ ਮੋਬਾਇਲ ਫੋਨਾਂ 'ਤੇ ਬਣਾਈ ਗਈ ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈ।
ਫਲਾਇਡ ਨੂੰ ਪੁਲਿਸ ਵਾਲਿਆਂ ਨੇ ਫੜ੍ਹਿਆ ਹੋਇਆ ਸੀ।
ਵੀਡੀਓ ਵਿੱਚ ਸ਼ਾਵਿਨ ਨੇ ਫਲਾਇਡ ਦੇ ਗਲ਼ੇ 'ਤੇ ਗੋਡਾ ਧਰਿਆ ਹੋਇਆ ਹੈ ਤੇ ਫਲਾਇਡ ਕਹਿ ਰਿਹਾ ਹੈ, "ਮੈਨੂੰ ਸਾਹ ਨਹੀਂ ਆ ਰਿਹਾ", "ਮੈਨੂੰ ਨਾ ਮਾਰੋ”… "ਪਲੀਜ਼, ਪਲੀਜ਼"
ਰਿਪੋਰਟ ਮੁਤਾਬਕ ਸ਼ਾਵਿਨ ਨੇ ਫਲਾਇਡ ਦੇ ਗਲੇ 'ਤੇ 8 ਮਿੰਟ 46 ਸਕਿੰਟ ਲਈ ਆਪਣਾ ਗੋਡਾ ਰੱਖਿਆ ਸੀ। ਇਸ ਦੌਰਾਨ ਲਗਭਗ 6 ਮਿੰਟਾਂ ਲਈ ਫਲਾਇਡ ਬਿਲਕੁਲ ਨਹੀਂ ਹਿੱਲਿਆ।
ਉੱਥੇ ਮੌਜੂਦ ਇੱਕ ਪੁਲਿਸ ਅਧਿਕਾਰੀ ਜੇ.ਏ. ਕੁਇੰਗ ਨੇ ਫਲਾਇਡ ਦੀ ਨਬਜ਼ ਚੈੱਕ ਕੀਤੀ ਪਰ ਉਸਨੂੰ ਕੁਝ ਮਹਿਸੂਸ ਨਹੀਂ ਹੋਇਆ, ਫਲਾਇਡ ਸਾਹ ਨਹੀਂ ਲੈ ਰਹੇ ਸੀ। ਇਸ ਦੇ ਬਾਵਜੂਦ ਅਧਿਕਾਰੀ ਉੱਥੋਂ ਨਹੀਂ ਹਿੱਲੇ।
20:27 'ਤੇ ਸ਼ਾਵਿਨ ਨੇ ਜਦੋਂ ਆਪਣਾ ਗੋਡਾ ਚੁੱਕਿਆ ਤਾਂ ਫਲਾਇਡ ਬਿਲਕੁਲ ਨਹੀਂ ਹਿਲ ਰਹੇ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਫਲਾਇਡ ਨੂੰ ਐਂਬੂਲੈਂਸ ਵਿੱਚ ਹੇਨੇਪਿਨ ਕਾਊਂਟੀ ਮੈਡੀਕਲ ਸੈਂਟਰ ਲਿਜਾਇਆ ਗਿਆ।
ਇੱਕ ਘੰਟੇ ਬਾਅਦ ਉਸ ਨੂੰ ਮਰਿਆ ਹੋਇਆ ਕਰਾਰ ਕਰ ਦਿੱਤਾ ਗਿਆ।
ਫਲਾਇਡ ਦੀ ਮੌਤ ਤੋਂ ਇੱਕ ਰਾਤ ਪਹਿਲਾਂ ਉਨ੍ਹਾਂ ਨੇ ਆਪਣੇ ਦੋਸਤ ਕ੍ਰਿਸਟੋਫਰ ਹੈਰਿਸ ਨਾਲ ਗੱਲ ਕੀਤੀ ਸੀ। ਉਨ੍ਹਾਂ ਦੇ ਦੋਸਤ ਨੇ ਫਲਾਇਡ ਨੂੰ ਇੱਕ ਨੌਕਰੀਆਂ ਵਾਲੀ ਏਜੰਸੀ ਨਾਲ ਸੰਪਰਕ ਕਰਨ ਨੂੰ ਕਿਹਾ ਸੀ।
ਹੈਰਿਸ ਦਾ ਕਹਿਣਾ ਹੈ ਕਿ ਫਲਾਇਡ ਕਦੇ ਧੋਖਾ-ਧੜੀ ਨਹੀਂ ਕਰ ਸਕਦਾ।
ਹੈਰਿਸ ਕਹਿੰਦੇ ਹਨ, "ਉਸ ਦੀ ਮੌਤ ਜਿਸ ਤਰ੍ਹਾਂ ਹੋਈ, ਬੇਵਕੂਫੀ ਸੀ। ਉਸਨੇ ਆਪਣੀ ਜਾਨ ਲਈ ਹੱਥ ਵੀ ਜੋੜੇ ਸਨ, ਮਿੰਨਤਾਂ ਕੀਤੀਆਂ ਸੀ।”
"ਜਦੋਂ ਤੁਸੀਂ ਕਦੇ ਕਿਸੇ ਸਿਸਟਮ ਵਿੱਚ ਵਿਸ਼ਵਾਸ ਰੱਖਦੇ ਹੋ, ਉਸ ਸਿਸਟਮ ਵਿੱਚ ਜੋ ਤੁਹਾਡੇ ਲਈ ਨਹੀਂ ਬਣਿਆ ਤੇ ਕਾਨੂੰਨ ਅਨੁਸਾਰ ਨਿਆਂ ਦੀ ਕੋਸ਼ਿਸ਼ ਕਰਦੇ ਹੋ ਪਰ ਫਿਰ ਵੀ ਤੁਹਾਨੂੰ ਨਿਆਂ ਨਹੀਂ ਮਿਲਦਾ। ਤਾਂ ਤੁਸੀਂ ਆਪਣੇ ਹੱਥ ਵਿੱਚ ਕਾਨੂੰਨ ਲੈ ਲੈਂਦੇ ਹੋ।”
ਇਹ ਵੀਡੀਓਜ਼ ਵੀ ਦੇਖੋ