ਜਾਰਜ ਫਲਾਇਡ ਦੀ ਮੌਤ : ਜੇ ਕਹਿਣ ਨੂੰ ਕੁਝ ਸਾਰਥਕ ਨਹੀਂ ਹੈ ਤਾਂ ਕ੍ਰਿਪਾ ਕਰਕੇ ਮੂੰਹ ਬੰਦ ਰੱਖੋ - ਟਰੰਪ ਨੂੰ ਪੁਲਿਸ ਮੁਖੀ ਦੀ ਸਲਾਹ

ਅਮਰੀਕਾ ਵਿੱਚ ਹਿੰਸਾ ਲਗਾਤਾਰ ਜਾਰੀ ਹੈ। ਕਾਰਨ ਇੱਕ ਅਮਰੀਕੀ-ਅਫ਼ਰੀਕੀ ਸ਼ਖ਼ਸ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਹੈ।

ਇਸੇ ਮੁੱਦੇ ਨੂੰ ਲੈ ਕੇ ਸੀਐੱਨਐੱਨ ਚੈਨਲ ਉੱਤੇ ਐਂਕਰ ਕ੍ਰਿਸਟੀਅਨ ਐਮਨਪੋਰ ਹਿਊਸਟਨ ਪੁਲਿਸ ਮੁਖੀ ਨਾਲ ਗੱਲਬਾਤ ਕਰ ਰਹੇ ਸਨ।

ਇਸ ਇੰਟਰਵਿਊ ਦੌਰਾਨ ਪੁਲਿਸ ਮੁਖੀ ਆਰਟ ਏੇਸੇਵੇਡੋ ਨੇ ਕਿਹਾ, ਦੇਸ ਦੇ ਸਾਰੇ ਸੂਬਿਆਂ ਦੇ ਪੁਲਿਸ ਮੁਖੀਆਂ ਦੀ ਤਰਫੋਂ ਮੈਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਕੁਝ ਕਹਿਣ ਦਿਓ, ''ਜੇ ਤੁਹਾਡੇ ਕੋਲ ਕੁਝ ਸਾਰਥਕ ਕਹਿਣ ਨੂੰ ਨਹੀਂ ਹੈ ਤਾਂ ਕ੍ਰਿਪਾ ਕਰਕੇ ਆਪਣਾ ਮੂੰਹ ਬੰਦ ਰੱਖੋ।''

ਹਿਊਸਟਨ ਪੁਲਿਸ ਮੁਖੀ ਆਰਟ ਏੇਸੇਵੇਡੋ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਅੱਗੇ ਕਿਹਾ ਕਿ ''ਤੁਸੀਂ ਅੱਲੜ ਉਮਰ ਦੀਆਂ ਕੁੜੀਆਂ, ਜੋ ਆਪਣੀ 20 ਸਾਲ ਦੀ ਉਮਰ 'ਚ ਹਨ, ਉਨ੍ਹਾਂ ਲਈ ਖ਼ਤਰਾ ਪੈਦਾ ਕਰ ਰਹੇ ਹੋ'' ਅਤੇ ''ਇਹ ਸਮਾਂ ਕਿਸੇ ਉੱਤੇ ਦਬਾਅ ਪਾਉਣ ਦਾ ਨਹੀਂ ਸਗੋ ਦਿਲਾਂ ਤੇ ਦਿਮਾਗਾਂ ਨੂੰ ਜਿੱਤਣ ਲਈ ਹੈ।''

ਹੁਣ ਤੱਕ ਜੋ ਹੋਇਆ

  • ਅਮਰੀਕਾ ਦੇ 75 ਸ਼ਹਿਰਾਂ ਵਿਚ ਹਿੰਸਕ ਮੁਜ਼ਾਹਰੇ ਹੋ ਰਹੇ ਹਨ ਅਤੇ 40 ਵਿਚ ਕਰਫਿਊ ਲਗਾਇਆ ਗਿਆ ਹੈ।
  • ਕਰੀਬ ਇੱਕ ਹਫ਼ਤੇ ਤੋਂ ਭੜਕੀ ਹਿੰਸਾ ਦਾ ਕਾਰਨ ਅਫਰੀਕੀ ਮੂਲ ਦੇ ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਹੈ।
  • ਜੌਰਜ ਨੇ ਸਿਗਰਟ ਖਰੀਦੀ ਸੀ ਤੇ ਉਸ ਵਲੋਂ ਦਿੱਤਾ ਨੋਟ ਜਾਅਲੀ ਹੋਣ ਦੇ ਸ਼ੱਕ ਕਾਰਨ ਦੁਕਾਨਦਾਰ ਨੇ ਪੁਲਿਸ ਨੂੰ ਸੂਚਿਤ ਕੀਤਾ
  • ਪੁਲਿਸ ਨਾਲ ਖਿੱਚੋਤਾਣ ਦੌਰਾਨ ਉਹ ਜ਼ਮੀਨ ਉੱਤੇ ਡਿੱਗ ਪਿਆ ਤੇ ਪੁਲਿਸ ਵਾਲੇ ਵਲੋਂ ਉਸਦੇ ਗਲ਼ ਉੱਤੇ ਗੋਡਾ ਰੱਖੇ ਜਾਣ ਕਾਰਨ ਉਸਦੀ ਮੌਤ ਹੋ ਗਈ।
  • ਕਈ ਸ਼ਹਿਰਾਂ ਵਿਚ ਪੁਲਿਸ ਵਾਲਿਆਂ ਨੂੰ ਮੁਜ਼ਾਹਰਾਕਾਰੀਆਂ ਨੇ ਨਿਸ਼ਾਨਾਂ ਬਣਾਇਆ ਹੈ ਅਤੇ ਦੁਕਾਨਾਂ ਵਿਚ ਲੁੱਟ ਮਾਰ ਕੀਤੀ ਹੈ।
  • ਮੁਜ਼ਾਹਰਾਕਾਰੀ ਵਾਸ਼ਿੰਗਟਨ ਡੀਸੀ ਵਿਚਲੇ ਵ੍ਹਾਇਟ ਹਾਊਸ ਦੇ ਅੱਗੇ ਵੀ ਪਹੁੰਚੇ ਹੋਏ ਹਨ।
  • ਹਾਲਾਤ ਬੇਕਾਬੂ ਹੋਣ ਕਾਰਨ ਰਾਸਟਰਪਤੀ ਟਰੰਪ ਫੌਜ ਦੀ ਤੈਨਾਤੀ ਦੀ ਧਮਕੀ ਦੇਣ ਲੱਗ ਪਏ ਹਨ।

ਸੀਐੱਨਐੱਨ ਐਂਕਰ ਕ੍ਰਿਸਟੀਅਨ ਨੇ ਬਕਾਇਦਾ ਇਹ ਵੀਡੀਓ ਆਪਣੇ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤੀ ਅਤੇ ਇਸ ਤੋਂ ਬਾਅਦ ਇਹ ਵੀਡੀਓ ਕਲਿੱਪ ਲਗਾਤਾਰ ਵਾਇਰਲ ਹੋ ਰਹੀ।

ਇਸ ਉੱਤੇ ਟਵਿੱਟਰ ਯੂਜ਼ਰ ਆਪੋ-ਆਪਣੀ ਪ੍ਰਤੀਕਿਰਿਆ ਰੱਖ ਰਹੇ ਹਨ।

ਇਹ ਵੀ ਪੜ੍ਹੋ:-

ਮੁਹੀਬ ਰਹਿਮਾਨ ਲਿਖਦੇ ਹਨ, ''ਉਮੀਦ ਹੈ ਕਿ ਇਸ ਸ਼ਖ਼ਸ ਦੀ ਨੌਕਰੀ ਇਸ ਇੰਟਰਵਿਊ ਕਰਕੇ ਨਹੀਂ ਜਾਵੇਗੀ। ਇਸ 'ਚ ਬਹੁਤ ਸੱਚ ਹੈ।''

ਏਂਜਲਾ ਜੋਇਲ ਲਿਖਦੇ ਹਨ, ''ਵਾਹ! ਇਸ ਸ਼ਖ਼ਸ ਲਈ ਬਹੁਤ ਸਤਿਕਾਰ।''

ਅਫ਼ਾਮ ਗੋਡਫ੍ਰੇ ਨੇ ਲਿਖਿਆ, ''ਨਫ਼ਰਤ 'ਤੇ ਕਾਬੂ ਪਾਉਣ ਦਾ ਇੱਕੋ ਤਰੀਕਾ ਪਿਆ ਹੈ।''

ਮਹਿਮਤ ਫਾਇਕ ਨੇ ਲਿਖਿਆ, ''ਬੇਬਾਕ ਅਤੇ ਸਾਫ਼!''

ਰਵੀ ਨਿਤੇਸ਼ ਨੇ ਲਿਖਿਆ, ''ਸੀਐੱਨਐੱਨ ਅਤੇ ਕ੍ਰਿਸਟਿਅਨ ਤੁਹਾਡਾ ਸ਼ੁਕਰੀਆ, ਇਸ ਸਭ ਲਈ।''

ਪ੍ਰਦੀਪ ਕੁਮਾਰ ਗੁਪਤਾ ਲਿਖਦੇ ਹਨ, ''ਅਮਰੀਕਾ ਵਿੱਚ ਅਸਲ ਲੋਕਤੰਤਰ ਹੈ।''

ਨਦੀਮ ਗੌਰ ਨੇ ਲਿਖਿਆ, ''ਅਫ਼ਸਰ ਨੂੰ ਸਲਾਮ...ਅਮਰੀਕਾ ਵਿੱਚ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਇਹ ਪੱਧਰ ਹੈ...ਮੈਂ ਉਹ ਮੁਲਕ ਵਿੱਚ ਰਹਿੰਦਾ ਹਾਂ, ਜਿੱਥੇ ਚੀਫ਼ ਜਸਟਿਸ ਆਫ਼ ਇੰਡੀਆ ਰਾਜ ਸਭਾ ਦੀ ਸੀਟ ਵੱਲ ਨਿਗਾਹ ਰੱਖਦੇ ਹਨ।''

ਮਾਮਲਾ ਕੀ ਹੈ?

ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀ ਨਾਰਾਜ਼ਗੀ ਸਾਹਮਣੇ ਆਈ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਜੌਰਜ ਫਲਾਇਡ ਨਾਮ ਦੇ ਇਕ ਨਿਹੱਥੇ ਆਦਮੀ ਦੀ ਧੌਣ 'ਤੇ ਗੋਡੇ ਟੇਕਦੇ ਦੇਖਿਆ ਗਿਆ।

ਕੁਝ ਮਿੰਟਾਂ ਬਾਅਦ, 46-ਸਾਲਾ ਜੌਰਜ ਫਲਾਇਡ ਦੀ ਮੌਤ ਹੋ ਗਈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੌਰਜ ਅਤੇ ਉਸ ਦੇ ਆਸ ਪਾਸ ਦੇ ਲੋਕ ਪੁਲਿਸ ਅਧਿਕਾਰੀ ਕੋਲ ਫਲਾਇਡ ਨੂੰ ਛੱਡਣ ਦੀ ਬੇਨਤੀ ਕਰ ਰਹੇ ਸਨ।

ਵੀਡੀਓ ਵਿੱਚ ਪੁਲਿਸ ਮੁਲਾਜ਼ਮ ਸ਼ਾਵਿਨ ਨੇ ਫਲਾਇਡ ਦੀ ਧੌਣ 'ਤੇ ਗੋਡਾ ਧਰਿਆ ਹੋਇਆ ਹੈ ਤੇ ਫਲਾਇਡ ਕਹਿ ਰਿਹਾ ਹੈ, "ਮੈਨੂੰ ਸਾਹ ਨਹੀਂ ਆ ਰਿਹਾ", "ਮੈਨੂੰ ਨਾ ਮਾਰੋ"।

ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ, ਪ੍ਰਦਰਸ਼ਨਕਾਰੀ 'ਆਈ ਕਾਂਟ ਬ੍ਰੀਥ' ਦਾ ਬੈਨਰ ਲੈ ਕੇ ਮੁਜ਼ਾਹਰੇ ਕਰ ਰਹੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)