ਅਮਰੀਕਾ 'ਚ ਹਿੰਸਾ , ਵ੍ਹਾਈਟ ਹਾਊਸ ਨੇੜੇ ਪਹੁੰਚੇ ਮੁਜ਼ਾਹਰਾਕਾਰੀ

ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਫ਼ੈਲ ਗਏ ਹਨ।

ਵਾਸ਼ਿੰਗਟਨ ਵਿੱਚ ਤਾਂ ਮੁਜ਼ਾਹਰਾਕਾਰੀ ਵ੍ਹਾਈਟ ਹਾਊਸ ਦੇ ਬਾਹਰ ਵੀ ਇਕੱਠੇ ਹੋ ਗਏ। ਮੁਜ਼ਾਹਰਾਕਾਰੀਆਂ ਨੇ ਪੁਲਿਸ 'ਤੇ ਪੱਥਰ ਵੀ ਸੁੱਟੇ।

ਲਗਾਤਾਰ ਛੇਵੇਂ ਦਿਨ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਿੰਸਕ ਰੋਸ ਮੁਜਾਹਰੇ ਜਾਰੀ ਹਨ। ਕਰੀਬ 40 ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ। ਪਰ ਲੋਕਾਂ ਨੇ ਪਰਵਾਹ ਨਾ ਕੀਤੀ ਅਤੇ ਸੜਕਾਂ ਉਁਤੇ ਉਤਰ ਆਏ।

ਨਿਊਯਾਰਕ, ਸ਼ਿਕਾਗੋ, ਫਿਲਾਡੇਲਫਿਆ ਤੇ ਲਾਂ ਏਜਲਸ ਵਿਚ ਦੰਗਾ ਵਿਰੋਧੀ ਪੁਲਿਸ ਤੇ ਮੁਜਾਹਰਾਕਾਰੀਆਂ ਵਿਚਾਲੇ ਹਿੰਸਾ ਹੋਈ।

ਤਾਜ਼ਾ ਹਾਲਾਤ ਕੀ ਹਨ?

ਐਤਵਾਰ ਨੂੰ, ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਮੁਜ਼ਾਹਰਿਆਂ ਦੌਰਾਨ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ।

ਜਦਕਿ ਪੁਲਿਸ ਨੇ ਵੀ ਮੁਜ਼ਾਹਰਾਕਾਰੀਆਂ 'ਤੇ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਫਲੈਸ਼ ਗ੍ਰਨੇਡ ਦੀ ਵਰਤੋਂ ਕੀਤੀ।

ਫਿਲਾਡੇਲਫਿਆ ਵਿੱਚ ਸਥਾਨਕ ਟੀਵੀ ਸਟੇਸ਼ਨਾਂ 'ਤੇ ਦਿਖਾਇਆ ਗਿਆ ਕਿ ਕਿਵੇਂ ਲੋਕ ਪੁਲਿਸ ਵਾਲਿਆਂ ਦੀ ਕਾਰ ਭੰਨ ਰਹੇ ਸਨ ਅਤੇ ਇੱਕ ਸਟੋਰ ਲੁੱਟਿਆ ਜਾ ਰਿਹਾ ਸੀ।

ਇਸ ਦੌਰਾਨ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕੀਤਾ ਕਿ ਲੋਕ ਫਿਲਾਡੇਲਫਿਆ ਦੇ ਸਟੋਰਾਂ ਨੂੰ ਲੁੱਟ ਰਹੇ ਹਨ। ਉਨ੍ਹਾਂ ਨੇ ਨੈਸ਼ਨਲ ਗਾਰਡ ਤਾਇਨਾਤ ਕਰਨ ਦੀ ਵੀ ਗੱਲ ਕਹੀ।

ਸੈਂਟਾ ਮੋਨਿਕਾ ਅਤੇ ਕੈਲੀਫੋਰਨੀਆ ਤੋਂ ਵੀ ਲੁੱਟ ਖੋਹ ਦੀਆਂ ਖਬਰਾਂ ਆਈਆਂ ਹਨ।

ਮਿਨੀਆਪੋਲਿਸ ਵਿੱਚ ਇੱਕ ਲੌਰੀ ਚਾਲਕ ਨੂੰ ਉਸ ਸਮੇਂ ਗਿਰਫ਼ਤਾਰ ਕੀਤਾ ਗਿਆ ਜਦੋਂ ਉਸ ਨੇ ਕਥਿਤ ਤੌਰ 'ਤੇ ਇੱਕ ਸੜਕ ਬੈਰੀਅਰ ਨੂੰ ਤੋੜ ਕੇ ਮੁਜ਼ਾਹਰਾਕਾਰੀਆਂ ਦੀ ਭੀੜ ਵੱਲ ਵਧਣ ਦੀ ਕੋਸ਼ਿਸ਼ ਕੀਤੀ।

ਇਹ ਮੁਜ਼ਾਹਰਾਕਾਰੀ ਹਾਈਵੇ ਵੱਲ ਮਾਰਚ ਕਰ ਰਹੇ ਸਨ।

ਸੋਸ਼ਲ ਮੀਡੀਆ 'ਤੇ ਮੌਜੂਦ ਇੱਕ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਗੱਡੀ ਨੂੰ ਘੇਰ ਕੇ ਡਰਾਈਵਰ ਨੂੰ ਬਾਹਰ ਖਿੱਚਿਆ ਹੋਇਆ ਹੈ।

ਬਾਅਦ ਵਿੱਚ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਸਮੇਂ ਹੋਏ ਹੋਰ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਮਿਨੇਸੋਟਾ ਦੇ ਰਾਜਪਾਲ ਟਿਮ ਵਾਲਜ਼ ਨੇ ਕਿਹਾ ਹੈ ਕਿ ਡਰਾਈਵਰ ਦਾ ਇਰਾਦਾ ਅਸਪਸ਼ਟ ਸੀ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇਕ ਵੱਡੀ ਘਟਨਾ ਟਲ ਗਈ।

ਡੇਨੇਵਰ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਅਟਲਾਂਟਾ, ਬੋਸਟਨ, ਮਿਆਮੀ ਅਤੇ ਓਕਲਾਹੋਮਾ ਸ਼ਹਿਰ ਵਿੱਚ ਵੀ ਵੱਡੇ ਪ੍ਰਦਰਸ਼ਨ ਹੋਏ।

ਕਈ ਸ਼ਹਿਰਾਂ ਵਿੱਚ ਹੋਏ ਮੁਜ਼ਾਹਰੇ

ਐਟਲਾਂਟਾ ਅਤੇ ਜੌਰਜੀਆ ਵਿੱਚ ਜ਼ਿਆਦਾ ਜ਼ੋਰ ਦੀ ਵਰਤੋਂ ਕਾਰਨ ਦੋ ਅਧਿਕਾਰੀ ਬਰਖਾਸਤ ਕਰ ਦਿੱਤੇ ਗਏ ਹਨ।

ਹਾਊਸਟਨ ਵਿੱਚ ਜੌਰਜ ਫਲਾਇਡ ਦੀ ਯਾਦ ਵਿੱਚ ਲੋਕ ਸੜਕਾਂ 'ਤੇ ਉਤਰੇ।

ਫਲਾਇਡ ਮਾਮਲੇ 'ਚ ਅਮਰੀਕਾ ਵਿੱਚ ਪੁਲਿਸ ਹੱਥੋਂ ਹੋਏ ਕਤਲ ਕਰਕੇ ਲੋਕਾਂ ਵਿੱਚ ਗੁੱਸਾ ਭੜਕਿਆ ਹੈ।

ਇੱਕ ਹਫ਼ਤੇ ਤੋਂ ਚੱਲ ਰਹੇ ਵਿਰੋਧ ਮੁਜ਼ਾਹਰਿਆਂ ਦੌਰਾਨ ਸੈਂਕੜੇ ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

44 ਸਾਲਾ ਸਾਬਕਾ ਪੁਲਿਸ ਮੁਲਾਜ਼ਮ ਡੇਰੇਕ ਸ਼ਾਵਿਨ 'ਤੇ ਫਲਾਇਡ ਦੇ ਕਤਲ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਕੀ ਹੈ ਮਾਮਲਾ

ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀ ਨਾਰਾਜ਼ਗੀ ਸਾਹਮਣੇ ਆਈ ਹੈ ਜਿਸ ਵਿੱਚ ਇਕ ਪੁਲਿਸ ਅਧਿਕਾਰੀ ਜੌਰਜ ਫਲਾਇਡ ਨਾਮ ਦੇ ਇਕ ਨਿਹੱਥੇ ਆਦਮੀ ਦੀ ਗਰਦਨ 'ਤੇ ਗੋਡੇ ਟੇਕਦੇ ਦੇਖਿਆ ਗਿਆ। ਕੁਝ ਮਿੰਟਾਂ ਬਾਅਦ, 46-ਸਾਲਾ ਜੌਰਜ ਫਲਾਇਡ ਦੀ ਮੌਤ ਹੋ ਗਈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੌਰਜ ਅਤੇ ਉਸ ਦੇ ਆਸ ਪਾਸ ਦੇ ਲੋਕ ਪੁਲਿਸ ਅਧਿਕਾਰੀ ਕੋਲ ਫਲਾਇਡ ਨੂੰ ਛੱਡਣ ਦੀ ਬੇਨਤੀ ਕਰ ਰਹੇ ਹਨ।

ਵੀਡੀਓ ਵਿੱਚ ਸ਼ਾਵਿਨ ਨੇ ਫਲਾਇਡ ਦੀ ਧੌਣ 'ਤੇ ਗੋਡਾ ਧਰਿਆ ਹੋਇਆ ਹੈ ਤੇ ਫਲਾਇਡ ਕਹਿ ਰਿਹਾ ਹੈ, "ਮੈਨੂੰ ਸਾਹ ਨਹੀਂ ਆ ਰਿਹਾ", "ਮੈਨੂੰ ਨਾ ਮਾਰੋ"।

ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ, ਪ੍ਰਦਰਸ਼ਨਕਾਰੀ 'ਆਈ ਕਾਂਟ ਬ੍ਰਿਥ' ਦਾ ਬੈਨਰ ਲੈ ਕੇ ਜਾ ਰਹੇ ਹਨ।

ਬੀਬੀਸੀ ਦੇ ਉੱਤਰੀ ਅਮਰੀਕਾ ਦੇ ਰਿਪੋਰਟਰ ਐਂਥਨੀ ਜਚਰ ਦਾ ਵਿਸ਼ਲੇਸ਼ਣ

ਰਾਸ਼ਟਰਪਤੀ ਡੌਨਲਡ ਟਰੰਪ ਦਾ ਤਿੰਨ ਸਾਲਾਂ ਦਾ ਕਾਰਜਕਾਲ ਬਹੁਤਾ ਸ਼ਾਂਤੀਪੂਰਵਕ ਰਿਹਾ। ਇਸ ਦੌਰਾਨ, ਉਨ੍ਹਾਂ ਦੇ ਸਾਹਮਣੇ ਜੋ ਪਰੇਸ਼ਾਨੀਆਂ ਆਈਆਂ ਸਨ ਉਹ ਉਨ੍ਹਾਂ ਨੇ ਆਪ ਖੜੀਆਂ ਕੀਤੀਆਂ ਸੀ।

ਉਨ੍ਹਾਂ ਨੇ ਆਪਣੇ ਸਮਰਥਕਾਂ ਤੋਂ ਸਹਿਯੋਗ ਦੀ ਮੰਗ ਕਰਕੇ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਹੋਇਆਂ ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ।

ਪਰ ਇਸ ਸਮੇਂ, ਅਮਰੀਕੀ ਦੀ ਆਰਥਿਕਤਾ ਕੋਰੋਨਾਵਾਇਰਸ ਕਾਰਨ ਮੁਸੀਬਤ ਵਿੱਚ ਹੈ। ਇਸੇ ਦੌਰਾਨ, ਜੌਰਜ ਫਲਾਇਡ ਦੀ ਮੌਤ ਨੇ ਅਮਰੀਕਾ ਵਿੱਚ ਨਸਲੀ ਅਸ਼ਾਂਤੀ ਫੈਲਾ ਦਿੱਤੀ ਹੈ। ਲੋਕ ਡਰੇ ਹੋਏ, ਅਨਿਸ਼ਚਿਤਤਾ ਦੇ ਮਾਹੌਲ ਅਤੇ ਗੁੱਸੇ ਵਿੱਚ ਹਨ।

ਅਜਿਹੀ ਸਥਿਤੀ ਵਿੱਚ ਕਿਸੇ ਵੀ ਨੇਤਾ ਦੀ ਯੋਗਤਾ ਦੀ ਪਰਖ ਹੁੰਦੀ ਹੈ। ਪਰ ਡਰ ਇਹ ਹੈ ਕਿ ਡੌਨਲਡ ਟਰੰਪ ਕਿਤੇ ਹੋਰ ਉਲਝਣ ਵਿੱਚ ਨਾ ਪੈ ਜਾਣ। ਅਜੇ ਤੱਕ, ਉਨ੍ਹਾਂ ਦੀ ਸ਼ਾਂਤੀ ਦੀ ਅਪੀਲ ਨਾਲ ਬਹੁਤਾ ਜ਼ਿਆਦਾ ਪ੍ਰਭਾਵ ਨਹੀਂ ਪਿਆ।

ਮੌਜੂਦਾ ਸੰਕਟ ਵਿਚੋਂ ਬਾਹਰ ਨਿਕਲਣ ਦਾ ਰਾਹ ਇੰਨਾ ਸੌਖਾ ਨਹੀਂ ਜਾਪਦਾ।

ਬਰਾਕ ਓਬਾਮਾ ਕਿਸੇ ਵੀ ਮੁੱਦੇ ਨੂੰ ਸ਼ਾਂਤਮਈ ਢੰਗ ਨਾਲ ਨਜਿੱਠਣ ਲਈ ਜਾਣੇ ਜਾਂਦੇ ਸਨ, ਪਰ 2014 ਵਿੱਚ ਇੱਕ ਆਦਮੀ ਮਾਈਕਲ ਬਰਾਊਨ ਦੇ ਕਤਲ ਦੇ ਸਬੰਧ ਵਿੱਚ ਉਹ ਬਹੁਤ ਪਰੇਸ਼ਾਨ ਹੋਏ ਸੀ।

ਕੋਰੋਨਾ ਦੇ ਕਾਰਨ ਚੱਲ ਰਹੇ ਆਰਥਿਕ ਅਤੇ ਸਮਾਜਿਕ ਸੰਕਟ ਨੂੰ ਫਲਾਇਡ ਦੀ ਮੌਤ ਨੇ ਹੋਰ ਵਾਧਾ ਕੀਤਾ ਹੈ। ਰਾਸ਼ਟਰਪਤੀ ਟਰੰਪ ਲਈ ਇਸ ਨੂੰ ਰੋਕਣਾ ਮੁਸ਼ਕਲ ਹੋ ਸਕਦਾ ਹੈ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)