ਅਮਰੀਕਾ 'ਚ ਹਿੰਸਾ ਮਗਰੋਂ ਕਈ ਸ਼ਹਿਰਾਂ 'ਚ ਕਰਫਿਊ, ਜਾਣੋ ਵਿਵਾਦ ਦੀ ਪੂਰੀ ਕਹਾਣੀ

ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਅਮਰੀਕਾ ਭਰ ਵਿਚ ਹੋ ਰਹੀਆਂ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਨੂੰ ਰੋਕਣ ਲਈ ਕਈ ਸ਼ਹਿਰਾਂ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ।

ਮੁਜ਼ਾਹਰਾਕਾਰੀਆਂ ਨੇ ਕਈ ਸ਼ਹਿਰਾਂ ਵਿਚ ਭੰਨ-ਤੋੜ ਕੀਤੀ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਅੱਗਾਂ ਲਾ ਦਿੱਤੀਆਂ।

ਪੁਲਿਸ ਨੇ ਵੀ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਤੇ ਰਬੜ ਦੇ ਕਾਰਤੂਸਾਂ ਦੀ ਵਰਤੋਂ ਕੀਤੀ ਹੈ।

ਰਾਸ਼ਟਰਪਤੀ ਟਰੰਪ ਨੇ ਮੁਜ਼ਾਹਰਾਕਾਰੀਆਂ ਨੂੰ ''ਲੁਟੇਰੇ ਅਤੇ ਹੁੜਦੰਗੀ'' ਕਰਾਰ ਦਿੰਦਿਆਂ ਹਿੰਸਾ ਲਈ ਜ਼ਿੰਮੇਵਾਰ ਦੱਸਿਆ ਹੈ।

46 ਸਾਲ ਦੇ ਜੌਰਜ ਫਲਾਇਡ ਨਾਂ ਦੇ ਅਫਰੀਕੀ ਮੂਲ ਦੇ ਅਮਰੀਕੀ ਦੀ ਪੁਲਿਸ ਹਿਰਾਸਤ ਦੌਰਾਨ ਮਿਨੀਆਪੋਲਿਸ ਵਿਚ ਮੌਤ ਹੋ ਗਈ ਸੀ।

ਇਸ ਮਾਮਲੇ ਵਿੱਚ 44 ਸਾਲਾ ਸਾਬਕਾ ਪੁਲਿਸ ਮੁਲਾਜ਼ਮ ਡੇਰੇਕ ਸ਼ਾਵਿਨ 'ਤੇ ਉਸ ਦੇ ਕਤਲ ਦੇ ਦੋਸ਼ ਵਿਚ ਦੋਸ਼ ਆਇਦ ਕੀਤੇ ਗਏ ਹਨ।

ਸ਼ਾਵਿਨ ਨੂੰ ਇਸ ਮੁਕੱਦਮੇ ਵਿੱਚ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਵਾਇਰਲ ਹੋਈ ਇੱਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਫਲਾਇਡ ਦੀ ਧੌਣ 'ਤੇ ਗੋਡਾ ਧਰੀ ਬੈਠਾ ਹੈ।

ਇਸ ਵੀਡੀਓ ਵਿੱਚ ਫਲਾਇਡ ਵਾਰ-ਵਾਰ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ।ਇਸ ਤੋਂ ਇਲਾਵਾ ਇਸ ਘਟਨਾ ਵੇਲੇ ਮੌਜੂਦ ਤਿੰਨ ਹੋਰ ਪੁਲਿਸ ਕਰਮੀਆਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ।

ਮੁਜ਼ਾਹਰਿਆਂ ਦਾ ਹਾਲ

ਅਮਰੀਕਾ ਦੇ ਘੱਟੋ-ਘੱਟ ਦੋ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਵੱਡੇ ਪੱਧਰ 'ਤੇ ਮੁਜ਼ਾਹਰੇ ਹੋ ਰਹੇ ਹਨ।ਸ਼ਿਕਾਗੋ ਵਿੱਚ ਮੁਜ਼ਾਹਰਾਕਾਰੀਆਂ ਨੇ ਪੁਲਿਸ ਅਧਿਕਾਰੀਆਂ 'ਤੇ ਪੱਥਰਬਾਜ਼ੀ ਕੀਤੀ, ਜਿਸ ਮਗਰੋਂ ਪੁਲਿਸ ਨੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ।

ਸ਼ਨੀਵਾਰ ਨੂੰ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।

ਲਾਸ ਏਂਜਲੇਸ ਵਿੱਚ ਵੀ ਪੁਲਿਸ ਨੇ ਮੁਜ਼ਾਹਰਾਕਾਰੀਆਂ ਦੇ ਇਕੱਠ ਉੱਤੇ ਕਾਬੂ ਪਾਉਣ ਲਈ ਰਬੜ ਦੀਆਂ ਗੋਲੀਆਂ ਦਾ ਸਹਾਰਾ ਲਿਆ।

ਇੱਥੇ ਗੁੱਸੇ ਵਿੱਚ ਭੜਕੇ ਮੁਜ਼ਾਹਰਾਕਾਰੀ ਬੋਤਲਾਂ ਸੁੱਟ ਰਹੇ ਸਨ ਤੇ ਕਾਰਾਂ ਵਿੱਚ ਅੱਗ ਲੈ ਰਹੇ ਸਨ।

ਕੁਝ ਤਸਵੀਰਾਂ ਵਿੱਚ ਤਾਂ ਲੋਕ ਪੁਲਿਸ ਵਾਹਨਾਂ ਉੱਤੇ ਹਮਲਾ ਕਰਦੇ ਨਜ਼ਰ ਆਏ।ਇਸੇ ਤਰ੍ਹਾਂ ਦੂਜੇ ਦਿਨ ਵਾਸ਼ਿੰਗਟਨ ਦੇ ਵ੍ਹਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।

ਜੌਰਜੀਆ ਦੇ ਅਟਲਾਂਟਾ ਵਿੱਚ ਸ਼ੁੱਕਰਵਾਰ ਨੂੰ ਇਮਾਰਤਾਂ ਦੀ ਭੰਨ-ਤੋੜ ਕੀਤੀ ਗਈ ਜਿਸ ਮਗਰੋਂ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਮਿਨੀਆਪੋਲਿਸ, ਨਿਊ ਯਾਰਕ, ਮਿਆਮੀ ਤੇ ਫਿਲਾਡੇਲਫਿਆ ਦੀਆਂ ਸੜਕਾਂ 'ਤੇ ਵੀ ਇਸ ਘਟਨਾ ਦੇ ਵਿਰੋਧ ਵਿੱਚ ਹਜ਼ਾਰਾਂ ਲੋਕ ਉਤਰੇ। ਪੋਰਟਲੈਂਡ, ਲੂਈਵਿਲ, ਮਿਨੀਆਪੋਲਿਸ, ਨਿਊ ਯਾਰਕ, ਮਿਆਮੀ ਤੇ ਫਿਲਾਡੇਲਫਿਆ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਰਾਤ ਵੇਲੇ ਕਰਫ਼ਿਊ ਲਾ ਦਿੱਤਾ ਗਿਆ ਹੈ।

ਪਰ ਇਸ ਦੇ ਬਾਵਜੂਦ ਕਈ ਸ਼ਹਿਰਾਂ ਵਿੱਚ ਲੋਕ ਕਰਫ਼ਿਊ ਦੀ ਪਾਲਣਾ ਨਹੀਂ ਕਰ ਰਹੇ। ਇਸ ਦੇ ਨਾਲ ਇਨ੍ਹਾਂ ਸ਼ਹਿਰਾਂ ਵਿੱਚ ਲੁੱਟ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਮਿੰਨੇਸੋਟਾ ਵਿੱਚ ਸ਼ੁੱਕਵਾਰ ਨੂੰ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ।

ਨੈਸ਼ਨਲ ਗਾਰਡ ਅਮਰੀਕਾ ਦੀ ਉਹ ਰਿਜ਼ਰਵ ਮਿਲਟਰੀ ਫੋਰਸ ਹੈ ਜੋ ਦੇਸ ਵਿੱਚ ਐਮਰਜੈਂਸੀ ਦੌਰਾਨ ਰਾਸ਼ਟਰਪਤੀ ਜਾਂ ਸੂਬੇ ਦੇ ਗਵਰਨਰ ਦੇ ਕਹਿਣ ਮਗਰੋਂ ਤਾਇਨਾਤ ਕੀਤੀ ਜਾਂਦੀ ਹੈ।

ਟਰੰਪ ਨੇ ਕੀ ਕਿਹਾ?

ਸ਼ਨੀਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਫਲਾਇਡ ਦੀ ਮੌਤ ਨੇ ਦੇਸ ਦੇ ਲੋਕਾਂ ਵਿੱਚ 'ਡਰ, ਗੁੱਸਾ ਤੇ ਸੋਗ' ਪੈਦਾ ਕਰ ਦਿੱਤਾ ਹੈ। ਫਲੋਰਿਡਾ ਵਿੱਚ ਨਾਸਾ ਦੇ ਇੱਕ ਪ੍ਰੋਗਰਾਮ ਮਗਰੋਂ ਟਰੰਪ ਨੇ ਇੱਕ ਭਾਸ਼ਣ ਦੌਰਾਨ ਕਿਹਾ ਕਿ ਉਹ ਸ਼ਾਂਤੀ ਦੀ ਅਰਦਾਸ ਕਰ ਰਹੇ ਹਨ ਤੇ ਲੋਕਾਂ ਨੂੰ ਸਹਾਰਾ ਦੇਣ ਲਈ ਖੜੇ ਹਨ।ਉਨ੍ਹਾਂ ਨੇ ਮੁਜ਼ਾਹਰਿਆਕਾਰੀਆਂ ਦੀ 'ਲੁਟੇਰੇ ਅਤੇ ਹੁੜਦੰਗੀ' ਲੋਕਾਂ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਮੈਂ ਹਿੰਸਕ ਫੈਲਾ ਰਹੇ ਇਨ੍ਹਾਂ ਲੋਕਾਂ ਨੂੰ ਮਨ-ਮਰਜ਼ੀ ਨਹੀਂ ਕਰਨ ਦੇਵਾਂਗਾਉਨ੍ਹਾਂ ਨੇ ਮਿਨੀਆਪੋਲਿਸ ਦੇ ਮੇਅਰ ਉੱਤੇ ਮੁਜ਼ਾਹਰਿਆਂ 'ਤੇ ਕਾਬੂ ਨਾ ਪਾ ਸਕਣ ਦਾ ਇਲਜ਼ਾਮ ਵੀ ਲਾਇਆ।

ਜੌਰਜ ਫਲਾਇਡ ਨੂੰ ਕੀ ਹੋਇਆ ਸੀ?

ਸੋਮਵਾਰ ਨੂੰ ਪੁਲਿਸ ਨੂੰ ਇੱਕ ਜਨਰਲ ਸਟੋਰ ਤੋਂ ਫ਼ੋਨ ਆਇਆ ਕਿ ਜੌਰਜ ਫਲਾਇਡ ਨੇ 20 ਡਾਲਰ ਦਾ ਨਕਲੀ ਨੋਟ ਦਿੱਤਾ ਹੈ।ਪੁਲਿਸ ਨੇ ਇਸ 'ਤੇ ਕਾਰਵਾਈ ਕਰਦਿਆਂ ਫਲਾਇਡ ਨੂੰ ਪੁਲਿਸ ਵੈਨ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਲਾਇਡ ਜ਼ਮੀਨ 'ਤੇ ਲੇਟ ਗਿਆ।

ਪੁਲਿਸ ਮੁਤਾਬਕ ਉਸ ਨੇ ਪੁਲਿਸ ਨਾਲ ਨਾਲ ਹੱਥੋ-ਪਾਈ ਕੀਤੀ ਜਿਸ ਮਗਰੋਂ ਉਸ ਨੂੰ ਹੱਥਕੜੀ ਲਗਾ ਦਿੱਤੀ ਗਈ।

ਇਸ ਘਟਨਾ ਦੇ ਵਾਇਰਲ ਹੋਏ ਵੀਡੀਓ ਵਿੱਚ ਝੜਪ ਦੀ ਸ਼ੁਰੂਆਤ ਦੀ ਰਿਕਾਰਡਿੰਗ ਨਹੀਂ ਹੈ। ਵੀਡੀਓ ਵਿੱਚ ਸ਼ਾਵਿਨ ਨੇ ਫਲਾਇਡ ਦੀ ਧੌਣ 'ਤੇ ਗੋਡਾ ਧਰਿਆ ਹੋਇਆ ਹੈ ਤੇ ਫਲਾਇਡ ਕਹਿ ਰਿਹ ਹੈ, "ਮੈਨੂੰ ਸਾਹ ਨਹੀਂ ਆ ਰਿਹਾ", "ਮੈਨੂੰ ਨਾ ਮਾਰੋ"ਪੋਸਟ ਮਾਰਟਮ ਦੀ ਪਹਿਲੀ ਰਿਪੋਰਟ ਮੁਤਾਬਕ ਸ਼ਾਵਿਨ ਨੇ ਫਲਾਇਡ ਦੇ ਗਲੇ 'ਤੇ 8 ਮਿੰਟ 46 ਸਕਿੰਟ ਲਈ ਆਪਣਾ ਗੋਡਾ ਰੱਖਿਆ ਸੀ।

ਲਗਭਗ 3 ਮਿੰਟ ਬਾਅਦ ਫਲਾਇਡ ਨੇ ਹਿਲ-ਜੁਲ ਕਰਨੀ ਬੰਦ ਕਰ ਦਿੱਤੀ ਸੀ।ਸ਼ਾਵਿਨ ਜਦੋਂ ਉੱਠੇ ਤਾਂ, ਫਲਾਇਡ ਨੂੰ ਸਾਹ ਨਹੀਂ ਆ ਰਿਹਾ ਸੀ ਜਿਸ ਮਗਰੋਂ ਉਨ੍ਹਾੰ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਘੰਟੇ ਬਾਅਦ ਉਸ ਨੂੰ ਮਰਿਆ ਹੋਇਆ ਕਰਾਰ ਕਰ ਦਿੱਤਾ ਗਿਆ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)