ਜੌਰਜ ਫਲਾਇਡ : ਹਿੰਸਕ ਮੁਜ਼ਾਹਰਿਆਂ ਦੀ ਅੱਗ 'ਚ ਬਲਦੇ ਅਮਰੀਕਾ ਦੇ ਕੀ ਹਨ ਹਾਲਾਤ

ਇੱਕ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਭੜਕੀ ਹਿੰਸਾ ਨੂੰ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਨੇ ਫ਼ੌਜ ਤਾਇਨਾਤ ਕਰਨ ਦੀ ਧਮਕੀ ਦਿੱਤੀ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਵਿੱਚ ਜੌਰਜ ਫਲਾਇਡ ਦੀ ਮੌਤ ਨੂੰ ਲੈ ਕੇ ਹੋ ਰਹੀ ਹਿੰਸਾ ਦੇ ਚਲਦਿਆਂ ਕਿਹਾ, "ਮੈਂ ਹਜ਼ਾਰਾਂ ਹਥਿਆਰਬੰਦ ਫ਼ੌਜੀ ਤੇ ਕਾਨੂੰਨ ਲਾਗੂ ਕਰਵਾਉਣ ਲਈ ਅਧਿਕਾਰੀਆਂ ਨੂੰ ਭੇਜ ਰਿਹਾ ਹਾਂ ਤਾਂ ਕਿ ਦੰਗੇ, ਲੁੱਟ, ਤੋੜ-ਫੋੜ, ਪ੍ਰਾਪਰਟੀ ਦੀ ਤਬਾਹੀ ਤੇ ਹਮਲਿਆਂ ਨੂੰ ਰੋਕਿਆ ਜਾ ਸਕੇ"

ਪਿਛਲੀ ਰਾਤ ਵਾਸ਼ਿੰਗਟਨ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ 'ਕਲੰਕ' ਕਰਾਰ ਕਰਦਿਆਂ, ਟਰੰਪ ਨੇ ਅੱਜ ਤੋਂ ਕਰਫ਼ਿਊ ਵਿੱਚ ਸਖ਼ਤੀ ਵਰਤਣ ਦਾ ਐਲਾਨ ਕੀਤਾ ਹੈ।

ਇੱਕ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਭੜਕੀ ਹਿੰਸਾ ਨੂੰ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਨੇ ਫ਼ੌਜ ਤਾਇਨਾਤ ਕਰਨ ਦੀ ਧਮਕੀ ਦਿੱਤੀ ਹੈ।

ਉਨ੍ਹਾਂ ਕਿਹਾ ਜੇਕਰ ਸ਼ਹਿਰ ਤੇ ਸੂਬਾ ਸਰਕਾਰਾਂ ਮੁਜ਼ਾਹਰਿਆਂ ਨੂੰ ਰੋਕਣ ਤੇ ਆਪਣੇ ''ਸ਼ਹਿਰੀਆਂ ਦੀ ਰੱਖਿਆ ਕਰਨ'' ਅਤੇ ਮਸਲੇ ਦਾ ਹੱਲ ਕੱਢਣ ਵਿਚ ਕਾਮਯਾਬ ਨਹੀਂ ਹੁੰਦੇ ਤਾਂ ਉਹ ਫੌਜ ਭੇਜ ਦੇਣਗੇ।

ਪਿਛਲੇ ਇੱਕ ਹਫ਼ਤੇ ਤੋਂ ਜੌਰਜ਼ ਫਲਾਇਡ ਦੀ ਮੌਤ ਤਾਂ ਬਾਅਦ ਪੂਰੇ ਅਮਰੀਕਾ ਵਿਚ ਹਿੰਸਕ ਮੁਜ਼ਾਹਰੇ ਹੋ ਰਹੇ ਹਨ।

ਇਸ ਹਿੰਸਾ ਦੌਰਾਨ ਮਿਸੂਰੀ ਵਿਚ 4 ਪੁਲਿਸ ਮੁਲਾਜ਼ਮ ਅਤੇ ਸ਼ਿਕਾਗੋ ਵਿਚ ਦੋ ਵਿਅਕਤੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ।

ਦੋਵਾਂ ਘਟਨਾਵਾਂ ਦੇ ਹਾਲਾਤ ਬਾਰੇ ਸਪੱਸ਼ਟਤਾ ਨਹੀਂ ਹੈ।

ਹੁਣ ਤੱਕ ਜੋ ਹੋਇਆ

  • ਅਮਰੀਕਾ ਦੇ 75 ਸ਼ਹਿਰਾਂ ਵਿਚ ਹਿੰਸਕ ਮੁਜ਼ਾਹਰੇ ਹੋ ਰਹੇ ਹਨ ਅਤੇ 40 ਵਿਚ ਕਰਫਿਊ ਲਗਾਇਆ ਗਿਆ ਹੈ।
  • ਕਰੀਬ ਇੱਕ ਹਫ਼ਤੇ ਤੋਂ ਭੜਕੀ ਹਿੰਸਾ ਦਾ ਕਾਰਨ ਅਫਰੀਕੀ ਮੂਲ ਦੇ ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਹੈ।
  • ਜੌਰਜ ਨੇ ਸਿਗਰਟ ਖਰੀਦੀ ਸੀ ਤੇ ਉਸ ਵਲੋਂ ਦਿੱਤਾ ਨੋਟ ਜਾਅਲੀ ਹੋਣ ਦੇ ਸ਼ੱਕ ਕਾਰਨ ਦੁਕਾਨਦਾਰ ਨੇ ਪੁਲਿਸ ਨੂੰ ਸੂਚਿਤ ਕੀਤਾ
  • ਪੁਲਿਸ ਨਾਲ ਖਿੱਚੋਤਾਣ ਦੌਰਾਨ ਉਹ ਜ਼ਮੀਨ ਉੱਤੇ ਡਿੱਗ ਪਿਆ ਤੇ ਪੁਲਿਸ ਵਾਲੇ ਵਲੋਂ ਉਸਦੇ ਗਲ਼ ਉੱਤੇ ਗੋਡਾ ਰੱਖੇ ਜਾਣ ਕਾਰਨ ਉਸਦੀ ਮੌਤ ਹੋ ਗਈ।
  • ਕਈ ਸ਼ਹਿਰਾਂ ਵਿਚ ਪੁਲਿਸ ਵਾਲਿਆਂ ਨੂੰ ਮੁਜ਼ਾਹਰਾਕਾਰੀਆਂ ਨੇ ਨਿਸ਼ਾਨਾਂ ਬਣਾਇਆ ਹੈ ਅਤੇ ਦੁਕਾਨਾਂ ਵਿਚ ਲੁੱਟ ਮਾਰ ਕੀਤੀ ਹੈ।
  • ਮੁਜ਼ਾਹਰਾਕਾਰੀ ਵਾਸ਼ਿੰਗਟਨ ਡੀਸੀ ਵਿਚਲੇ ਵ੍ਹਾਇਟ ਹਾਊਸ ਦੇ ਅੱਗੇ ਵੀ ਪਹੁੰਚੇ ਹੋਏ ਹਨ।
  • ਹਾਲਾਤ ਬੇਕਾਬੂ ਹੋਣ ਕਾਰਨ ਰਾਸਟਰਪਤੀ ਟਰੰਪ ਫੌਜ ਦੀ ਤੈਨਾਤੀ ਦੀ ਧਮਕੀ ਦੇਣ ਲੱਗ ਪਏ ਹਨ।

ਟਰੰਪ ਨੇ ਅਮਰੀਕੀ ਹਿੰਸਾ 'ਤੇ ਕੀ ਕਿਹਾ

ਉਨ੍ਹਾਂ ਕਿਹਾ ਕਿ ਨਿਯਮ ਤੋੜਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਤੇ ਉਨ੍ਹਾਂ 'ਤੇ ਨਿਯਮਾਂ ਅਧੀਨ ਪੂਰੀ ਕਾਰਵਾਈ ਹੋਵੇਗੀ।

ਉਨ੍ਹਾਂ ਕਿਹਾ, "ਦਹਿਸ਼ਤ ਫੈਲਾਉਣ ਵਾਲਿਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਲੰਬੇ ਸਮੇ ਲਈ ਜੇਲ੍ਹ ਭੇਜਿਆ ਜਾਵੇਗਾ।"

ਐਲਾਨ ਦੇ ਕੁਝ ਸਮੇਂ ਬਾਅਦ ਹੀ ਵਹਾਈਟ ਹਾਊਸ ਦੇ ਨੇੜੇ ਪਾਰਕ ਵਿੱਚ ਬੈਠੇ ਮੁਜ਼ਾਹਰਾਕਾਰੀਆਂ ਨੂੰ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਨਾਲ ਉੱਠਾ ਦਿੱਤਾ ਗਿਆ।

ਇਹ ਵੀ ਪੜ੍ਹੋ:-

ਪਰ ਕੁਝ ਰਿਪੋਰਟਾਂ ਮੁਤਾਬਕ ਟਰੰਪ ਦੇ ਇਸ ਐਲਾਨ ਦੇ ਬਾਵਜੂਦ ਵਾਸ਼ਿੰਗਟਨ ਵਿੱਚ ਕਈ ਲੋਕ ਅਜੇ ਵੀ ਸੜਕਾਂ ਉੱਤੇ ਮੌਜੂਦ ਹਨ।

ਟਰੰਪ ਦੇ ਰਹੇ ਫੌਜ ਦੀ ਤੈਨਾਤੀ ਦੀ ਹੱਲ

ਐਂਥਨੀ ਜ਼ਰਚਰ, ਬੀਬੀਸੀ ਪੱਤਰਕਾਰ

ਸੋਮਵਾਰ ਨੂੰ ਰਾਸ਼ਟਰਪਤੀ ਟਰੰਪ ਉੱਤੇ ਦਬਾਅ ਬਣਿਆ ਰਿਹਾ ਕਿ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਵਿੱਚ ਹੋ ਰਹੇ ਮੁਜ਼ਾਹਰਿਆਂ ਸਬੰਧੀ ਕੋਈ ਕਾਰਵਾਈ ਕੀਤੇ ਜਾਵੇ।

ਵਾਸ਼ਿੰਗਟਨ ਡੀਸੀ ਵਿੱਚ ਸ਼ਾਮ ਨੂੰ ਜਲਦਬਾਜ਼ੀ ਵਿੱਚ ਰੋਜ਼ ਗਾਰਡਨ ਵਿੱਚ ਪ੍ਰਬੰਧ ਕੀਤੇ ਸੰਬੋਧਨ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਾਰਵਾਈ ਕੀ ਹੋਵੇਗੀ।

ਗਵਰਨਰਜ਼ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਉਹ ਪ੍ਰਭਾਵਸ਼ਾਲੀ ਤਰੀਕੇ ਨਾਲ ਸੜਕਾਂ 'ਤੇ ਜਾਇਦਾਦ ਅਤੇ ਸੁਰੱਖਿਆ ਨੂੰ ਯਕੀਨੀ ਨਹੀਂ ਕਰਦੇ ਤਾਂ ਰਾਸ਼ਟਰਪਤੀ ਅਮਰੀਕੀ ਧਰਤੀ ਉੱਤੇ ਅਮਰੀਕੀ ਫੌਜ ਨੂੰ ਭੇਜਣ ਲਈ ਸਦੀਆਂ ਪੁਰਾਣੇ ਕਾਨੂੰਨ ਦਾ ਸਹਾਰਾ ਲੈਣਗੇ।

ਅਤੇ ਕੋਲੰਬੀਆ ਵਿੱਚ ਜੋ ਕਿ ਸੰਘੀ ਸ਼ਾਸਨ ਅਧੀਨ ਹੈ, ਵਿੱਚ ਰਾਸ਼ਟਰਪਤੀ ਨੇ ਪਹਿਲਾਂ ਹੀ ਫੌਜ ਦੀ ਤੈਨਾਤੀ ਲਈ ਹੁਕਮ ਦੇ ਦਿੱਤੇ ਸਨ।

ਰਾਸ਼ਟਰਪਤੀ ਦੇ ਸੰਬੋਧਨ ਤੋਂ ਕੁਝ ਪਲ ਪਹਿਲਾਂ ਜਦੋਂ ਉਹ ਸ਼ਾਂਤਮਈ ਮੁਜ਼ਾਹਰਾਕਾਰੀਆਂ ਦੇ ਨਾਲ ਹੋਣ ਦਾ ਵਾਅਦਾ ਕਰ ਰਹੇ ਸਨ, ਉਨ੍ਹਾਂ ਹਥਿਆਰਬੰਦ ਫੌਜੀਆਂ ਨੇ ਵ੍ਹਾਈਟ ਹਾਊਸ ਤੋਂ ਸੜਕ ਦੇ ਪਾਰ ਲੈਫੇਟੇਅਰ ਚੌਂਕ ਤੋਂ ਸ਼ਾਂਤਮਈ ਮੁਜ਼ਾਹਰਾਕਾਰੀਆਂ ਦਾ ਸਫ਼ਾਇਆ ਕਰ ਦਿੱਤਾ।

ਇਸ ਕਾਰਨ ਰਾਸ਼ਟਰਪਤੀ ਲਈ ਆਪਣੇ ਸੀਨੀਅਰ ਸਟਾਫ਼ ਦੇ ਨਾਲ ਪਾਰਕ ਤੋਂ ਸੇਂਟ ਜੌਹਨ ਚਰਚ ਤੱਕ ਚੱਲਣ ਦਾ ਰਾਹ ਪੱਧਰਾ ਹੋ ਗਿਆ ਜੋ ਕਿ ਇੱਕ ਸ਼ਾਮ ਪਹਿਲਾਂ ਮੁਜ਼ਾਹਾਰਾਕੀਆਂ ਵੱਲੋਂ ਲਾਈ ਗਈ ਅੱਗ ਕਾਰਨ ਥੋੜ੍ਹਾ ਨੁਕਸਾਨਿਆ ਗਿਆ ਸੀ।

ਇਹ ਇੱਕ ਅਹਿਮ ਪ੍ਰਤੀਕਾਤਮਕ ਸੰਕੇਤ ਸੀ ਜਾਂ ਬੇਲੋੜਾ ਫੋਟੋ ਦਾ ਮੌਕਾ, ਹਰੇਕ ਦੇ ਨਜ਼ਰੀਏ 'ਤੇ ਨਿਰਭਰ ਕਰਦਾ ਹੈ।

ਬਾਈਬਲ ਨਾਲ ਇੱਕ ਇਮਾਰਤ ਦੇ ਸਾਹਮਣੇ ਖੜ੍ਹੇ ਹੋ ਕੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਅਮਰੀਕਾ "ਮਜ਼ਬੂਤੀ ਨਾਲ ਵਾਪਸ ਆ ਰਿਹਾ ਹੈ" ਅਤੇ "ਇਸ ਵਿੱਚ ਬਹੁਤ ਦੇਰ ਨਹੀਂ ਲੱਗੇਗੀ।"

ਸ਼ਾਮ ਦੀ ਕਾਰਵਾਈ ਦੌਰਾਨ ਪੁਲਿਸ ਬਦਲਾਅ ਜਾਂ ਮੁਜ਼ਾਹਰੇ ਦੇ ਅਸਲ ਕਾਰਨਾਂ ਬਾਰੇ ਕੋਈ ਚਰਚਾ ਨਹੀਂ ਸੀ।

ਸਗੋਂ ਉਨ੍ਹਾਂ ਨੇ ਕਿਹਾ ਕਿ ਉਹ 'ਕਾਨੂੰਨ ਦੇ ਰਾਸ਼ਟਰਪਤੀ' ਹਨ। ਇਹ ਸੰਕੇਤ ਹੈ ਕਿ ਮੌਜੂਦਾ ਹਾਲਾਤ ਲਈ ਉਨ੍ਹਾਂ ਦੇ ਹੱਲ ਦਾ ਮਤਲਬ ਹੋਵੇਗਾ ਫੌਜ (force) ਦੀ ਵਧੇਰੇ ਵਰਤੋਂ।

ਵ੍ਹਾਇਟ ਹਾਊਸ ਅੱਗੇ ਵੀ ਪਹੁੰਚੇ ਮੁਜ਼ਾਹਰਾਕਾਰੀ

ਪਿਛਲੇ ਦਿਨ ਵਾਸ਼ਿੰਗਟਨ ਵਿੱਚ ਮੁਜ਼ਾਹਰਾਕਾਰੀ ਵ੍ਹਾਈਟ ਹਾਊਸ ਦੇ ਬਾਹਰ ਵੀ ਇਕੱਠੇ ਹੋ ਗਏ ਸਨ। ਮੁਜ਼ਾਹਰਾਕਾਰੀਆਂ ਨੇ ਪੁਲਿਸ 'ਤੇ ਪੱਥਰ ਵੀ ਸੁੱਟੇ ਸੀ।

ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਫ਼ੈਲ ਗਏ ਹਨ।

ਲਗਾਤਾਰ ਛੇਵੇਂ ਦਿਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹਿੰਸਕ ਰੋਸ ਮੁਜਾਹਰੇ ਜਾਰੀ ਹਨ। ਕਰੀਬ 40 ਸ਼ਹਿਰਾਂ ਵਿੱਚ ਕਰਫਿਊ ਲਗਾਇਆ ਗਿਆ ਹੈ। ਪਰ ਲੋਕਾਂ ਨੇ ਪਰਵਾਹ ਨਾ ਕੀਤੀ ਅਤੇ ਸੜਕਾਂ 'ਤੇ ਉਤਰ ਆਏ।

ਨਿਊਯਾਰਕ, ਸ਼ਿਕਾਗੋ, ਫਿਲਾਡੇਲਫਿਆ ਤੇ ਲਾਸ ਏਂਜਲਸ ਵਿੱਚ ਦੰਗਾ ਵਿਰੋਧੀ ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਹਿੰਸਾ ਹੋਈ।

ਕੀ ਹਨ ਅਮਰੀਕੀ ਸ਼ਹਿਰਾਂ ਦੇ ਹਾਲਾਤ

ਜੌਰਜ ਫਲਾਇਡ ਨਾਲ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਅਮਰੀਕਾ ਦੇ 75 ਸ਼ਹਿਰਾਂ ਵਿਚ ਹਿੰਸਕ ਮੁਜ਼ਾਹਰੇ ਹੋ ਰਹੇ ਹਨ।

ਕੋਰੋਨਾ ਮਹਾਮਾਰੀ ਕਾਰਨ ਸੁੰਨੀਆਂ ਪਈਆਂ ਸ਼ਹਿਰਾਂ ਦੀਆਂ ਸੜਕਾਂ ਉੱਤੇ ਲੋਕਾਂ ਦੀਆਂ ਭੀੜਾਂ ਨਸਲਵਾਦ ਖ਼ਿਲਾਫ਼ ਨਾਅਰੇ ਮਾਰਦੀਆਂ ਘੁੰਮ ਰਹੀਆਂ ਹਨ।

ਹਾਲਾਤ ਨੂੰ ਸ਼ਾਤ ਕਰਨ ਲਈ 40 ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ। ਪਰ ਲੋਕਾਂ ਨੂੰ ਇਸ ਦੀ ਪਰਵਾਹ ਨਹੀਂ ਹੈ।

ਨਿਊਯਾਰਕ ਵਿਚ ਕਰਫਿਊ ਲਾਗੂ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਸੜਕਾਂ ਉੱਤੇ ਉਤਰ ਆਏ। ਪੁਲਿਸ ਨੇ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਹੀ ਲਿਆ ਹੈ। ਕਈ ਥਾਵਾਂ ਉੱਤੇ ਦੁਕਾਨਾਂ ਦੀ ਭੰਨਤੋੜ ਹੋਣ ਦੀਆਂ ਵੀ ਰਿਪੋਰਟਾਂ ਹਨ।

ਪੁਲਿਸ ਵਲੋਂ ਲੋਕਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਮੁਜ਼ਾਹਰਾਕਾਰੀ ਅੱਗੇ ਹੀ ਅੱਗੇ ਵਧਦੇ ਜਾ ਰਹੇ ਹਨ।

ਫਿਲਾਡੇਲਫਿਆ ਵਿੱਚ ਸਥਾਨਕ ਟੀਵੀ ਸਟੇਸ਼ਨਾਂ 'ਤੇ ਦਿਖਾਇਆ ਗਿਆ ਕਿ ਕਿਵੇਂ ਲੋਕ ਪੁਲਿਸ ਵਾਲਿਆਂ ਦੀ ਕਾਰ ਭੰਨ ਰਹੇ ਸਨ ਅਤੇ ਇੱਕ ਸਟੋਰ ਲੁੱਟਿਆ ਜਾ ਰਿਹਾ ਸੀ।

ਇਸ ਦੌਰਾਨ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕੀਤਾ ਕਿ ਲੋਕ ਫਿਲਾਡੇਲਫਿਆ ਦੇ ਸਟੋਰਾਂ ਨੂੰ ਲੁੱਟ ਰਹੇ ਹਨ। ਉਨ੍ਹਾਂ ਨੇ ਨੈਸ਼ਨਲ ਗਾਰਡ ਤਾਇਨਾਤ ਕਰਨ ਦੀ ਵੀ ਗੱਲ ਕਹੀ।

ਕੀ ਹੈ ਜੌਰਜ ਫਲਾਇਡ ਦਾ ਪੂਰਾ ਮਾਮਲਾ

ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀ ਨਾਰਾਜ਼ਗੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਜੌਰਜ ਫਲਾਇਡ ਨਾਮ ਦੇ ਇਕ ਨਿਹੱਥੇ ਆਦਮੀ ਦੀ ਗਰਦਨ 'ਤੇ ਗੋਡੇ ਟੇਕਦੇ ਦੇਖਿਆ ਗਿਆ। ਕੁਝ ਮਿੰਟਾਂ ਬਾਅਦ, 46-ਸਾਲਾ ਜੌਰਜ ਫਲਾਇਡ ਦੀ ਮੌਤ ਹੋ ਗਈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੌਰਜ ਅਤੇ ਉਸ ਦੇ ਆਸ ਪਾਸ ਦੇ ਲੋਕ ਪੁਲਿਸ ਅਧਿਕਾਰੀ ਕੋਲ ਫਲਾਇਡ ਨੂੰ ਛੱਡਣ ਦੀ ਬੇਨਤੀ ਕਰ ਰਹੇ ਹਨ।

ਵੀਡੀਓ ਵਿੱਚ ਸ਼ਾਵਿਨ ਨੇ ਫਲਾਇਡ ਦੀ ਧੌਣ 'ਤੇ ਗੋਡਾ ਧਰਿਆ ਹੋਇਆ ਹੈ ਤੇ ਫਲਾਇਡ ਕਹਿ ਰਿਹਾ ਹੈ, "ਮੈਨੂੰ ਸਾਹ ਨਹੀਂ ਆ ਰਿਹਾ", "ਮੈਨੂੰ ਨਾ ਮਾਰੋ"।

ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ, ਪ੍ਰਦਰਸ਼ਨਕਾਰੀ 'ਆਈ ਕਾਂਟ ਬ੍ਰੀਥ' ਦਾ ਬੈਨਰ ਲੈ ਕੇ ਜਾ ਰਹੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)