ਆਈਐੱਸ ਦੇ ਕਤਲੇਆਮ 'ਚੋ ਬਚੇ ਮੁੰਡੇ ਦੀ ਆਪਬੀਤੀ : 'ਮੇਰੀ ਲਾਇਨ ਦੇ ਤੀਜੇ ਮੁੰਡੇ ਨੂੰ ਗੋਲ਼ੀ ਮਾਰੀ ਤਾਂ ਉਸਦੇ ਗ਼ਰਮ ਲਹੂ ਦੇ ਛਿੱਟੇ ਮੇਰੇ ਉੱਤੇ ਪਏ'

ਚੇਤਾਵਨੀ- ਕਹਾਣੀ ਦੇ ਕੁਝ ਵੇਰਵੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ। ਘਟਨਾ ਸਾਲ 2014 ਦੀ ਹੈ, ਜਦੋਂ ਇਰਾਕ ਵਿੱਚ ਇਸਲਾਮਿਕ ਸਟੇਟ ਦਾ ਕਹਿਰ ਸੀ।
ਇਰਾਕ ਸ਼ੀਆ ਅਤੇ ਸੁੰਨੀ ਦੀ ਡੂੰਘੇ ਪਾੜੇ ਵਿਚ ਵੰਡਿਆ ਹੋਇਆ ਸੀ। ਇਰਾਕ ਦੇ ਮਰਹੂਮ ਸ਼ਾਸਕ ਸਦਾਮ ਹੁਸੈਨ ਇੱਕ ਸੁੰਨੀ ਸਨ ਅਤੇ ਉਨ੍ਹਾਂ ਦੀ ਮੌਤ ਦਾ ਫ਼ਤਵਾ ਜਾਰੀ ਕਰਨ ਵਾਲਿਆਂ ਵਿੱਚੋਂ ਬਹੁਤੇ ਸ਼ੀਆ ਜੱਜ ਸਨ।
ਇਹ ਕਹਾਣੀ ਹੈ ਅਲੀ ਹੁਸੈਨ ਖ਼ਾਦਿਮ ਦੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅਤੇ ਦੇਸ਼ ਦੇ ਬਹੁਤ ਮੁਸ਼ਕਲ ਭਰੇ ਦੌਰ ਵਿੱਚ ਇਰਾਕੀ ਫ਼ੌਜ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ।
ਖ਼ਾਦਿਮ ਨੇ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਹਿੱਸੇ ਵਿੱਚ ਜੰਗ ਅਤੇ ਖਾਨਾਜੰਗੀ ਦੀ ਉਥਲਪੁਥਲ ਹੀ ਦੇਖੀ ਸੀ।
ਇਸਲਾਮਿਕ ਸਟੇਟ, ਜਿਸ ਦਾ ਕਿ ਮਿਸ਼ਨ ਹੀ ਇਰਾਕ ਅਤੇ ਸੀਰੀਆ ਦੇ ਵੱਡੇ ਇਲਾਕੇ ਵਿੱਚ ਇਸਲਾਮਿਕ ਰਾਜ ਕਾਇਮ ਕਰਨਾ ਸੀ, ਤੇਜ਼ੀ ਨਾਲ ਆਪਣਾ ਅਧਿਕਾਰ ਵਧਾਅ ਰਹੀ ਸੀ।
ਇਸਲਾਮਿਕ ਸਟੇਟ ਦੇ ਅੱਗੇ ਇਰਾਕੀ ਸਰਕਾਰ ਦੇ ਅਫ਼ਸਰ ਅਤੇ ਪੁਲਿਸ ਬਿਲਕੁਲ ਨਹੀਂ ਟਿਕ ਰਹੀ ਸੀ। ਸੰਗਠਨ ਆਪਣੇ ਰਾਹ ਵਿੱਚ ਆਉਣ ਵਾਲੇ ਹਰ ਸ਼ਹਿਰ ਅਤੇ ਸਰੋਤ ਨੂੰ ਲੁੱਟ ਰਿਹਾ ਸੀ।
ਅਜਿਹੇ ਸਮੇਂ ਵਿੱਚ ਪਰਿਵਾਰਕ ਮਜਬੂਰੀਆਂ ਅਤੇ ਆਰਥਿਕ ਤੰਗੀਆਂ ਦੇ ਪੁੜਾਂ ਵਿੱਚ ਪਿਸ ਰਹੇ ਖ਼ਾਦਿਮ ਨੇ ਇਰਾਕੀ ਫ਼ੌਜ ਵਿੱਚ ਸ਼ਾਮਲ ਹੋਣ ਦਾ ਇਰਾਦਾ ਕੀਤਾ ਸੀ।
ਸਦਾਮ ਬਾਰੇ ਨਫ਼ਰਤ
''ਮੇਰਾ ਜਨਮ ਇੱਕ ਮੱਧ ਵਰਗੀ ਪਰਿਵਾਰ ਵਿੱਚ ਸਾਲ 1991 ਵਿੱਚ ਹੋਇਆ। ਇਹ ਉਹੀ ਸਾਲ ਸੀ ਜਦੋਂ ਅਮਰੀਕਾ ਨੇ ਇਰਾਕ ਉੱਤੇ ਪਾਬੰਦੀਆਂ ਲਾਗੂ ਕੀਤੀਆਂ ਸਨ।''
''ਜਦੋਂ ਮੈਂ ਨਿੱਕਾ ਹੁੰਦਾ ਸੀ ਤਾਂ ਮੇਰੇ ਯਾਦ ਹੈ ਕਿ ਮੇਰਾ ਪਰਿਵਾਰ ਸਦਾਮ ਹੁਸੈਨ ਤੋਂ ਬਹੁਤ ਨਾਰਾਜ਼ ਰਹਿੰਦਾ ਸੀ।''
''ਉਹ ਹਮੇਸ਼ਾ ਸਦਾਮ ਬਾਰੇ ਬਹੁਤ ਦਬੀ ਜ਼ਬਾਨ ਵਿੱਚ ਗੱਲਾਂ ਕਰਦੇ ਸਨ ਅਤੇ ਮੈਂ ਹਮੇਸ਼ਾ ਇਹੀ ਸੁਣਦਾ ਸੀ ਕਿ ਸਦਾਮ ਕਿੰਨੇ ਭੈੜੇ ਵਿਅਕਤੀ ਸਨ।''
ਇਨ੍ਹਾਂ ਗੱਲਾਂ ਨੇ ਮੇਰੇ ਅੰਦਰ ਸਦਾਮ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਭਰ ਦਿੱਤੀ। ਇੱਕ ਦਿਨ ਜਦੋਂ ਮੈਂ ਸਕੂਲ ਗਿਆ ਤਾਂ ਨਫ਼ਰਤ ਵੱਸ ਹੋ ਕੇ ਮੈਂ ਸਦਾਮ ਦੀ ਇੱਕ ਤਸਵੀਰ ਨਸ਼ਟ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਮੈਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ।

ਤਸਵੀਰ ਸਰੋਤ, Getty Images
ਇਰਾਕ ਵਿੱਚ ਸ਼ੀਆ-ਸੁੰਨੀ ਵਿਵਾਦ
ਖ਼ਾਦਿਮ ਦਾ ਪਰਿਵਾਰ ਇੱਕ ਸ਼ੀਆ ਸੀ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਵੀ ਇੱਕ ਸ਼ੀਆ ਇਲਾਕੇ ਵਿੱਚ ਹੋਇਆ।
ਇੱਥੇ ਇਸਲਾਮਿਕ ਫਿਰਕੂਵਾਦ ਦਾ ਉਨ੍ਹਾਂ ਨੂੰ ਇੰਨਾ ਪਤਾ ਨਹੀਂ ਲੱਗਿਆ, ਜਿੰਨਾ ਕਿਸੇ ਮਿਸ਼ਰਿਤ ਵਸੋਂ ਦੇ ਵਸਨੀਕ ਨੂੰ ਲੱਗ ਜਾਂਦਾ ਹੋਵੇਗਾ।
''ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਸ਼ੀਆ ਅਤੇ ਸੁੰਨੀ ਬਾਰੇ ਜ਼ਿਆਦਾ ਸੁਣਨ ਨੂੰ ਨਹੀਂ ਮਿਲਿਆ ਪਰ ਮੈਨੂੰ ਇਹ ਪਤਾ ਲੱਗਣ ਲੱਗ ਪਿਆ ਸੀ ਕਿ ਰਾਜ ਸੁੰਨੀ ਕਰ ਰਹੇ ਹਨ ਅਤੇ ਸਾਰੇ ਤਾਕਤਵਰ ਅਹੁਦੇ ਸੁੰਨੀਆਂ ਕੋਲ ਹੀ ਹਨ।''
ਇਹ ਵੀ ਪੜ੍ਹੋ :
ਇਹ ਵੀ ਕਿ ਜੇ ਤੁਸੀਂ ਸੁੰਨੀਆਂ ਬਾਰੇ ਕੁਝ ਮੰਦਾ-ਚੰਗਾ ਬੋਲਿਆ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਉਦੋਂ ਮੈਨੂੰ ਸੁੰਨੀ ਬਿਰਾਦਰੀ ਅਤੇ ਸਦਾਮ ਇੱਕੋ ਹੀ ਲੱਗਣ ਲੱਗੇ ਸਨ।
ਇਸੇ ਦੌਰਾਨ 2003 ਵਿੱਚ ਅਮਰੀਕਾ ਨੇ ਇਰਾਕ ਉੱਪਰ ਹਮਲਾ ਕਰ ਦਿੱਤਾ। ਸਦਾਮ ਹੁਸੈਨ ਦਾ ਤਖ਼ਤਾ ਪਲਟ ਦਿੱਤਾ ਗਿਆ, ਬਾਥ ਪਾਰਟੀ ਖ਼ਤਮ ਕਰ ਦਿੱਤੀ ਗਈ।
ਇਸ ਦੇ ਨਾਲ ਹੀ ਇਰਾਕ ਵਿੱਚ ਸੁੰਨੀ ਦਬਦਬੇ ਦਾ ਯੁੱਗ ਦੀਆਂ ਵੀ ਤ੍ਰਿਕਾਲਾਂ ਉਤਰ ਆਈਆਂ।
''2003 ਇੱਕ ਬਹੁਤ ਹੀ ਖ਼ਸ਼ਗਵਾਰ ਸਾਲ ਸੀ। ਇਹ ਇਰਾਕ ਲਈ ਅਜ਼ਾਦੀ ਦਾ ਪਲ ਸੀ।''

ਤਸਵੀਰ ਸਰੋਤ, Getty Images
ਗਠਜੋੜ ਫ਼ੌਜਾਂ ਨੇੜੇ ਹੀ ਹਮਲੇ ਕਰ ਰਹੀਆਂ ਸਨ ਅਤੇ ਇੱਕ ਬੱਚੇ ਦੇ ਰੂਪ ਵਿੱਚ ਇਹ ਸਭ ਮੇਰੇ ਲਈ ਬਹੁਤ ਡਰਾਉਣਾ ਸੀ।''
ਉਹ ਸਮਾਂ ਮੈਨੂੰ ਲਗਦਾ ਹੈ ਕਿ ਇੱਕ ਡਰ ਭਰੀ ਖ਼ੁਸ਼ੀ ਵਾਲਾ ਸੀ।''
ਹਾਲਾਂਕਿ ਸਦਾਮ ਦੇ ਬਰਤਰਫ਼ ਹੋਣ ਨਾਲ ਇਰਾਕ ਦੀਆਂ ਸਾਰੀਆਂ ਸਮੱਸਿਆਵਾਂ ਨਹੀਂ ਸੁਲਝੀਆਂ ਅਤੇ ਦੇਸ਼ ਵਿੱਚ ਫਿਰਕੂ-ਫ਼ਸਾਦ ਛਿੜ ਪਏ।
ਸੁੰਨੀ ਸਮਾਜ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਤੋਂ ਰਾਜ ਖੁੱਸ ਗਿਆ ਹੈ ਅਤੇ ਨਵੀਂ ਸਰਕਾਰ ਦੇਸ਼ ਵਿੱਚ ਸ਼ਾਂਤੀ ਬਹਾਲੀ ਲਈ ਜੂਝ ਰਹੀ ਸੀ।
ਇਸ ਦੌਰਾਨ ਦੇਸ਼ ਵਿੱਚ ਅਲਾਕਾਇਦਾ ਦੀ ਤਾਕਤ ਨੇ ਵੀ ਜ਼ੋਰ ਫੜਿਆ। ਇਹੀ ਉਹ ਸਮਾਂ ਸੀ ਜਦੋਂ ਖ਼ਾਲਿਦ ਨੂੰ ਨੌਕਰੀ ਦੀ ਲੋੜ ਸੀ।
''ਸਾਡੇ ਪਰਿਵਾਰ ਵਿੱਚ 12 ਜੀਅ ਸਨ, ਅਸੀਂ ਗ਼ਰੀਬ ਨਹੀਂ ਸੀ ਪਰ ਨਿਮਾਣੇ ਜ਼ਰੂਰ ਸੀ, ਮੇਰੀਆਂ ਬਹੁਤ ਸਾਰੇ ਛੋਟੇ ਭੈਣ-ਭਰਾ ਸਨ। ਮੇਰੀ ਇੱਕ ਧੀ ਵੀ ਸੀ।''

ਤਸਵੀਰ ਸਰੋਤ, Reuters
ਫ਼ੌਜ ਵਿੱਚ ਜਾਣ ਦਾ ਫ਼ੈਸਲਾ
''ਜਦੋਂ ਮੈਂ ਫ਼ੌਜ ਵਿੱਚ ਗਿਆ ਤਾਂ ਮੈਨੂੰ ਬਹੁਤ ਉਮੀਦ ਸੀ ਕਿ ਅਸੀਂ ਅਲਕਾਇਦਾ ਨੂੰ ਹਰਾ ਦੇਵਾਂਗੇ ਅਤੇ ਸਾਡੀ ਨੌਜਵਾਨ ਪੀੜ੍ਹੀ ਦੇਸ਼ ਦੀ ਤਕਦੀਰ ਬਦਲ ਦੇਵੇਗੀ।''
''ਪਰ ਅਜਿਹਾ ਨਹੀਂ ਹੋ ਸਕਿਆ ਅਤੇ ਜੋ ਹੋਇਆ ਉਹ ਸਭ ਦੇ ਸਾਹਮਣੇ ਹੈ।''
''ਇਸ ਤਰ੍ਹਾਂ ਮੈਂ ਇੱਕ ਉਮੀਦ ਅਤੇ ਇਰਾਦੇ ਨਾਲ ਇਰਾਕੀ ਫ਼ੌਜ ਵਿੱਚ ਭਰਤੀ ਹੋਣ ਦਾ ਫ਼ੈਸਲਾ ਲਿਆ।''
ਉਨ੍ਹਾਂ ਨੂੰ ਟਿਕਰੀਤ ਦੇ ਕੋਲ ਸਪਾਈਕਰ ਆਰਮੀਬੇਸ ਵਿੱਚ ਟਰੇਨਿੰਗ ਲਈ ਭੇਜਿਆ ਗਿਆ।
ਇਹ ਵੀ ਪੜ੍ਹ ਸਕਦੇ ਹੋ
ਟਿਕਰੀਤ ਇੱਕ ਸੁੰਨੀ ਬਹੁਗਿਣਤੀ ਸ਼ਹਿਰ ਸੀ ਪਰ ਉਸ ਤੋਂ ਵੀ ਜ਼ਿਆਦਾ ਇਹ ਸਦਾਮ ਦਾ ਸ਼ਹਿਰ ਸੀ, ਉੱਥੇ ਉਨ੍ਹਾਂ ਦਾ ਮਹਿਲ ਸੀ।
''ਜਦੋਂ ਮੇਰੀ ਤੈਨਾਅਤੀ ਉੱਥੇ ਕੀਤੀ ਗਈ ਤਾਂ ਮੈਂ ਬਿਲਕੁਲ ਨੌਸਿਖੀਆ ਸੀ।''
''ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਇਹ ਸਦਾਮ ਦਾ ਸ਼ਹਿਰ ਹੈ।''
ਅਲੀ ਨੇ ਦੱਸਿਆ,''ਮੈਨੂੰ ਮੇਰੇ ਸਾਰੇ ਦੋਸਤਾਂ, ਪਰਿਵਾਰ ਅਤੇ ਚਾਹੁਣ ਵਾਲਿਆਂ ਨੇ ਦੱਸਿਆ ਕਿ, ਸਪੀਸ਼ਰ ਨਾ ਜਾਓ ਕਿਉਂਕਿ ਇਹ ਟਿਕਰੀਤ ਵਿੱਚ ਹੈ।''
''ਟਿਕਰੀਤ ਸਦਾਮ ਹੁਸੈਨ ਦੀ ਮਾਂ ਹੈ। ਜਿਨ੍ਹਾਂ ਨੇ ਸਦਾਮ ਨੂੰ ਮਾਰਨ ਦੇ ਹੁਕਮਾਂ ਉੱਪਰ ਦਸਤਖ਼ਤ ਕੀਤੇ ਉਹ ਸ਼ੀਆ ਸਨ।''
''ਸੱਚ ਦੱਸਾਂ ਤਾਂ ਜਦੋਂ ਮੈਂ ਗਿਆ ਤਾਂ ਮੈਂ ਡਰਿਆ ਹੋਇਆ ਸੀ ਪਰ ਜਦੋਂ ਮੈਂ ਪਹੁੰਚਿਆ ਤਾਂ ਦੇਖਿਆ ਕਿ ਜ਼ਿਆਦਤਰ ਸੁੰਨੀ ਲੋਕ ਨੇਕ ਇਨਸਾਨ ਸਨ।''
''ਮੈਂ ਹੈਰਾਨ ਸੀ, ਇਹ ਪਹਿਲੀ ਵਾਰ ਸੀ ਕਿ ਮੈਂ ਕਿਸੇ ਸੁੰਨੀ ਨੂੰ ਦੇਖਿਆ ਸੀ।''
''ਫਿਰ ਇੱਕ ਦਿਨ ਇੱਕ ਨਵਾਂ ਖ਼ਤਰਾ ਉਨ੍ਹਾਂ ਦੇ ਸਾਹਮਣੇ ਮੂੰਹ ਖੋਲ੍ਹ ਕੇ ਖੜ੍ਹਾ ਹੋ ਗਿਆ। ਧੁਰ ਉੱਤਰ ਵੱਲੋਂ ਇੱਕ ਫ਼ੌਜੀ ਆਇਆ। ਉਸ ਦੇ ਫ਼ੋਨ ਵਿੱਚ ਤਸਵੀਰਾਂ ਸਨ।''
''ਇੱਕ ਆਈਐਸ ਲੜਾਕਾ ਪਹਾੜੀ ਕੋਲ ਆਪਣਾ ਝੰਡਾ ਚੁੱਕੀ ਖੜ੍ਹਾ ਸੀ, ਮ੍ਰਿਤਕ ਲੋਕਾਂ ਦੀਆਂ ਤਸਵੀਰਾਂ ਸਨ।''
''ਮੈਨੂੰ ਲੱਗਿਆ ਕਿ ਆਈਐਸ ਫ਼ੌਜੀ ਤਾਕਤ ਨਾਲ ਨਹੀਂ ਸਗੋਂ ਮੀਡੀਆ ਦੀ ਤਾਕਤ ਨਾਲ ਜਿੱਤਾਂ ਹਾਸਲ ਕਰ ਰਹੇ ਸਨ।''
''ਕਈ ਸ਼ਹਿਰਾਂ ਨੇ ਆਈਐਸ ਦੇ ਅਕਸ ਕਾਰਨ ਹਥਿਆਰ ਸੁੱਟ ਦਿੱਤੇ।''
''ਜਦੋਂ ਆਈਐਸ ਨੇ ਮੌਸੂਲ ਉੱਪਰ ਅਧਿਕਾਰ ਕੀਤਾ ਤਾਂ ਇਸ ਦੀ ਧਮਕ ਦੂਰ ਤੱਕ ਪਈ ਅਤੇ ਇਸ ਸਮੇਂ ਦੌਰਾਨ ਇੱਕ ਸੁੰਨੀ ਇਲਾਕੇ ਵਿੱਚ ਹੋਣਾ ਖ਼ਾਲਿਦ ਵਰਗੇ ਸ਼ੀਆ ਲਈ ਇੱਕ ਖ਼ਤਰਨਾਕ ਮੌਕਾ ਮੇਲ ਸੀ।''

ਤਸਵੀਰ ਸਰੋਤ, AFP
ਅਫ਼ਸਰਾਂ ਨੇ ਮੌਸੂਲ ਦੀ ਹਾਰ ਦਾ ਓਲ੍ਹਾ ਰੱਖਿਆ
''ਮੌਸੂਲ 9 ਜੂਨ ਨੂੰ ਹਾਰਿਆ ਜਾ ਚੁੱਕਿਆ ਸੀ ਪਰ ਅਫ਼ਸਰਾਂ ਨੇ ਕੈਂਪ ਵਿੱਚ ਸਾਨੂੰ ਇਸ ਬਾਰੇ ਨਹੀਂ ਦੱਸਿਆ।''
ਕੀ ਮੌਸੂਲ ਦੀ ਹਾਰ ਤੋਂ ਬਾਅਦ ਅਫ਼ਸਰਾਂ ਕੋਲ ਕੋਈ ਯੋਜਨਾ ਸੀ, ਉਹ ਕੀ ਕਰ ਰਹੇ ਸਨ?
''ਮੇਰੇ ਯਾਦ ਹੈ ਗਿਆਰਾਂ ਨਵੰਬਰ ਨੂੰ ਮੈਂ ਅਫ਼ਸਰਾਂ ਵਿੱਚ ਕੁਝ ਸਰਗਰਮੀ ਦੇਖੀ। ਉਨ੍ਹਾਂ ਵਿੱਚੋਂ ਲਗਭਗ ਅੱਧੇ ਹੈਲੀਕਾਪਟਰ ਵਿੱਚ ਬੈਠ ਕੇ ਭੱਜ ਗਏ।''
''ਜਿਹੜੇ ਰਹਿ ਗਏ ਉਨ੍ਹਾਂ ਨੇ ਫ਼ੌਜੀਆਂ ਨੂੰ ਬੇਸ ਦੀ ਰਾਖੀ ਲਈ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਸਭ ਵਿਅਰਥ ਸੀ।''
''ਉਨ੍ਹਾਂ ਦੇ ਭੱਜਣ ਦਾ ਇੱਕ ਹੀ ਕਰਨ ਸੀ, ਡਰ। ਬੇਸ ਵਿੱਚ ਸਾਧਨ, ਅਸਲ੍ਹਾ, ਖਾਣਾ ਸਭ ਕੁਝ ਮੌਜੂਦ ਸੀ।''
''ਕੈਂਪ ਬਹੁਤ ਮਜ਼ਬੂਤ ਸੀ ਅਤੇ ਅੰਦਰ ਰਹਿਣ ਵਾਲਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਸੀ।''
ਅਫ਼ਸਰਾਂ ਦੇ ਭਗੌੜੇ ਹੋ ਜਾਣ ਤੋਂ ਬਾਅਦ ਰੰਗਰੂਟਾਂ ਅਤੇ ਸਿਪਾਹੀਆਂ ਨੂੰ ਲੱਗਿਆ ਜਿਵੇਂ ਉਨ੍ਹਾਂ ਨਾਲ ਧੋਖਾ ਹੋਇਆ ਹੋਵੇ, ਉਹ ਤਿਆਗੇ ਗਏ ਹੋਣ।

ਤਸਵੀਰ ਸਰੋਤ, AFP
ਖ਼ਾਲਿਦ ਆਪਣੀ ਮਨੋਸਥਿਤੀ ਬਾਰੇ ਦੱਸਦੇ ਹਨ,''ਮੇਰੇ ਪਰਿਵਾਰ ਵਾਲੇ ਫ਼ੋਨ ਉੱਪਰ ਕਹਿ ਰਹੇ ਸਨ ਕਿ ਮਤ ਜਾਓ, ਤੇਰੇ ਬਚਾਅ ਦੀ ਇੱਕੋ-ਇੱਕ ਜਗ੍ਹਾ ਹੈ, ਉਹ ਹੈ ਬੇਸ।''
''ਜਿਸ ਇੱਕੋ-ਇੱਕ ਗੱਲ ਨੇ ਮੈਨੂੰ ਜਾਣ ਲਈ ਮਜਬੂਰ ਕੀਤਾ ਉਹ ਸੀ ਕਿ ਮੇਰੇ ਦੋਸਤ ਜਾ ਰਹੇ ਸਨ।''
''ਮੈਂ ਸੋਚਿਆ ਕਿ ਮੈਨੂੰ ਜਿਹੜੀ ਵੀ ਕਾਰ ਮਿਲੀ ਉਸ ਨੂੰ ਰੋਕਾਂਗਾ ਅਤੇ ਕਿਸੇ ਸੁਰੱਖਿਅਤ ਥਾਂ ਲਈ ਲਿਫ਼ਟ ਲਵਾਂਗਾ।''
''ਬਗ਼ਦਾਦ ਜਾਂ ਕਿਤੇ ਵੀ। ਜਦਕਿ ਹਾਲਾਤ ਉਮੀਦ ਮੁਤਾਬਕ ਨਹੀਂ ਰਹੇ।''
ਕਦੋਂ ਤੁਸੀਂ ਫ਼ੈਸਲਾ ਕੀਤਾ ਕਿ ਤੁਸੀਂ ਹੁਣ ਇੱਕ ਫ਼ੌਜੀ ਨਹੀਂ ਹੋ?
''ਹਾਂ, ਜਦੋਂ ਅਸੀਂ ਬੇਸ ਛੱਡਿਆ ਤਾਂ ਅਸੀਂ ਸਿਵਲੀਅਨ ਕੱਪੜਿਆਂ ਵਿੱਚ ਸੀ।''
''ਅਸੀਂ ਫ਼ੌਜੀ ਵਰਦੀਆਂ ਲਾਹ ਕੇ ਨਾਗਰਿਕਾਂ ਵਾਲੇ ਕੱਪੜੇ ਪਾ ਲਏ ਅਤੇ ਕੈਂਪ ਛੱਡ ਕੇ ਬਾਹਰ ਆ ਗਏ।''
''ਰਸਤੇ ਵਿੱਚ ਸਾਨੂੰ ਆਈਐਸ ਲੜਾਕੇ ਮਿਲੇ। ਤੁਸੀਂ ਉਨ੍ਹਾਂ ਦੇ ਚਿਹਰੇ ਦੇਖ ਕੇ ਦੱਸ ਸਕਦੇ ਸੀ ਕਿ ਉਨ੍ਹਾਂ ਵਿੱਚ ਰਤੀ ਭਰ ਵੀ ਦਇਆ ਨਹੀਂ ਸੀ ਪਰ ਉਨ੍ਹਾਂ ਨੇ ਸਾਨੂੰ ਜਾਣ ਦਿੱਤਾ।''

ਤਸਵੀਰ ਸਰੋਤ, AFP
ਕੁਝ ਮੀਲ ਤੱਕ ਜਾਂਦਿਆਂ ਅਲੀ ਦੀ ਉਮੀਦ ਵਧ ਰਹੀ ਸੀ ਅੱਗੇ ਜਾਕੇ ਉਨ੍ਹਾਂ ਨੂੰ ਆਈਐਸ ਲੜਾਕਿਆਂ ਦਾ ਇੱਕ ਦਲ ਮਿਲਿਆ।
''ਅਲੀ ਦੱਸਦੇ ਹਨ,-ਆਈਐਸ ਦੇ ਮੈਂਬਰ ਸਾਡੇ ਕੋਲ ਆਏ ਤੇ ਕਹਿੰਦੇ -ਸਵਾਗਤ ਹੈ''
''ਉਨ੍ਹਾਂ ਨੇ ਕਿਹਾ ਠੀਕ ਹੈ ਸਾਡੇ ਕੋਲ ਹਥਿਆਰ ਹਨ ਪਰ ਅਸੀਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ।''
''ਡਰੋ ਨਾ ਅਸੀਂ ਸਿਰਫ਼ ਤੁਹਾਨੂੰ ਰਾਸ਼ਟਰਪਤੀ ਭਵਨ ਲੈ ਕੇ ਜਾ ਰਹੇ ਹਾਂ...''
''ਜਿੱਥੇ ਤੁਸੀਂ ਸਹੁੰ ਚੁੱਕੋਗੇ ਕਿ ਕਦੇ ਫ਼ੌਜ ਵਿੱਚ ਵਾਪਸ ਨਹੀਂ ਆਓਗੇ।''
ਬੀਸੀ ਨਿਊਜ਼ ਪੰਜਾਬੀ ਨੂੰ ਇੰਝ ਲਿਆਓ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਸਮਾਰਾ ਲਿਜਾਇਆ ਜਾ ਰਿਹਾ ਹੈ। ਜਿੱਥੇ ਉਹ ਸਹੁੰ ਚੁੱਕ ਸਕਣਗੇ ਕਿ ਉਹ ਵਾਪਸ ਕਦੇ ਫ਼ੌਜ ਵਿੱਚ ਭਰਤੀ ਨਹੀਂ ਹੋਣਗੇ।
''ਜਦਕਿ ਅਜਿਹਾ ਨਹੀਂ ਹੋਇਆ,- ਉਹ ਸਾਨੂੰ ਦੂਜੀ ਦਿਸ਼ਾ ਵਿੱਚ, ਪੂਰਬ ਵੱਲ ਲੈ ਗਏ।''
ਆਈਐਸ ਦੇ ਕਈ ਕਮਾਂਡਰ ਸਦਾਮ ਹੁਸੈਨ ਦੀ ਸੁੰਨੀ ਹਕੂਮਤ ਦਾ ਹਿੱਸਾ ਰਹੇ ਸਨ। ਉਨ੍ਹਾਂ ਨੇ ਸੁੰਨੀ ਰੰਗਰੂਟਾਂ ਨੂੰ ਤਾਂ ਵਾਪਸ ਭੇਜ ਦਿੱਤਾ ਪਰ ਸ਼ੀਆ ਨੂੰ ਰੋਕ ਲਿਆ।
''ਉਹ ਸਾਨੂੰ ਟਿਕਰੀਤ ਵਿੱਚ ਪੁਰਾਣੇ ਗਣਰਾਜੀ ਪੈਲਿਸ ਲੈ ਗਏ।''
''ਫਿਰ ਸਾਨੂੰ ਸਮਝ ਆ ਗਈ ਕਿ ਕੁਝ ਤਾਂ ਗ਼ਲਤ ਹੈ ਅਤੇ ਫਿਰ ਸਾਡੇ ਹੱਥ ਬੰਨ੍ਹ ਦਿੱਤੇ ਗਏ।''
''ਮੇਰੇ ਯਾਦ ਹੈ ਫਿਰ ਕੀ ਹੋਇਆ, ਉੱਥੇ ਆਈਐਸ ਦਾ ਇੱਕ ਮੈਂਬਰ ਸੀ। ਉਸ ਨੇ ਕਿਹਾ,''ਅਸੀਂ ਤੁਹਾਡੇ ਤੋਂ ਸਦਾਮ ਦਾ ਬਦਲਾ ਲਵਾਂਗੇ, ਅਸੀਂ ਤੁਹਾਨੂੰ ਕਤਲ ਕਰਾਂਗੇ।''
ਆਈਐੱਸ ਦੇ ਚੁੰਗਲ ਤੋਂ ਭੱਜੇ ਨੌਜਵਾਨ ਦੀ ਆਪਬੀਤੀ - ਵੀਡੀਓ
'ਸਾਡੀ ਮੌਤ ਦੇ ਫੁਰਮਾਨ ਆਏ'
''ਜਦੋਂ ਅਸੀਂ ਪੈਲੇਸ ਵਿੱਚ ਪਹੁੰਚੇ ਤਾਂ ਸਾਨੂੰ ਤਿੰਨ-ਤਿੰਨ ਸੌ ਦੀਆਂ ਟੁਕੜੀਆਂ ਵਿੱਚ ਵੰਡ ਦਿੱਤਾ ਗਿਆ, ਜਿਨ੍ਹਾਂ ਉੱਪਰ ਕਿ ਇੱਕ-ਇੱਕ ਆਈਐਸ ਲੜਾਕਾ ਨਿਗਰਾਨੀ ਰੱਖ ਰਿਹਾ ਸੀ।''
''ਉਨ੍ਹਾਂ ਨੇ ਸਾਨੂੰ ਕੁੱਟਣਾ ਅਤੇ ਸਮੁੱਚੇ ਸ਼ੀਆ ਭਾਈਚਾਰੇ ਪ੍ਰਤੀ ਅਪਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ।''
''ਇੰਨੇ ਵਿੱਚ ਸਾਡੀ ਮੌਤ ਦੇ ਫੁਰਮਾਨ ਆ ਗਏ, ਉਹ ਸਾਨੂੰ ਦਸ-ਦਸ ਕਰਕੇ ਲਿਜਾਂਦੇ।''
ਉਹ ਸਾਨੂੰ ਮਹਿਲ ਦੇ ਪਿੱਛੇ ਇੱਕ ਘਾਟੀ ਵਿੱਚ ਲੈ ਗਏ ਅਤੇ ਸਾਡੇ ਉੱਪਰ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।''
''ਉਸ ਸਮੇਂ ਮੈਨੂੰ ਲੱਗਿਆ ਕਿ ਅਸੀਂ ਮਾਰੇ ਗਏ, ਉਹ ਬਾਰੇ ਗੱਲ ਕਰਨਾ ਬੜਾ ਮੁਸ਼ਕਲ ਹੈ।''
'ਇਹ ਦੱਸਦਿਆਂ ਅਲੀ ਦਾ ਗਲ਼ਾ ਜਿਵੇਂ ਭਰ ਗਿਆ ਅਤੇ ਕੋਈ ਬੋਲ ਨਹੀਂ ਨਿਕਲਿਆ।
ਇਹ ਵੀ ਪੜ੍ਹੋ:
ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੀ ਗੱਲ ਮੁੜ ਸ਼ੁਰੂ ਕੀਤੀ, ''ਮੈਂ ਕਤਾਰ ਵਿੱਚ ਚੌਥੇ ਨੰਬਰ ਤੇ ਖੜ੍ਹਾ ਸੀ, ਫਿਰ ਉਹ ਸਾਡੀ ਲਾਈਨ ਵਿੱਚ ਆਏ ਅਤੇ ਪਹਿਲੇ ਬੰਦੇ ਨੂੰ ਪੁੱਛਿਆ, ਸੁੰਨੀ ਕਿ ਸ਼ੀਆ?
''ਫਿਰ ਉਹ ਉਸ ਨੂੰ ਲੈ ਗਏ ਅਤੇ ਗੋਲ਼ੀ ਮਾਰ ਦਿੱਤੀ। ਉਸ ਸਮੇਂ ਤੱਕ ਡਰ ਮੇਰੇ ਸਿਰ ਤੋਂ ਉੱਤਰ ਚੁੱਕਿਆ ਸੀ ਅਤੇ ਮੈਂ ਸਿਰਫ਼ ਆਪਣੇ ਬੱਚਿਆਂ ਬਾਰੇ ਸੋਚ ਰਿਹਾ ਸੀ।''

ਤਸਵੀਰ ਸਰੋਤ, AFP
''ਫਿਰ ਮੈਂ ਆਪਣੇ ਅਪਾਹਜ ਪਿਤਾ ਬਾਰੇ ਸੋਚਣ ਲੱਗਿਆ, ਜਿਸ ਨੂੰ ਮੇਰੀ ਗੈਰ-ਮੌਜੂਦਗੀ ਵਿੱਚ ਪਰਿਵਾਰ ਦੀ ਦੇਖਭਾਲ ਕਰਨੀ ਪਵੇਗੀ।''
''ਮੈਂ ਮੌਤ ਸਾਹਮਣੇ ਸਮਰਪਣ ਕਰ ਦਿੱਤਾ ਸੀ, ਆਪਣੇ ਦੋਸਤਾਂ ਨੂੰ ਮਰਦਿਆਂ ਦੇਖ ਕੇ ਮੈਂ ਤਿਆਰ ਸੀ।''
''ਜਿਵੇਂ ਹੀ ਉਸ ਨੇ ਮੇਰੀ ਲਾਇਨ ਦੇ ਤੀਜੇ ਮੁੰਡੇ ਨੂੰ ਗੋਲ਼ੀ ਮਾਰੀ ਤਾਂ ਉਸਦੇ ਗ਼ਰਮ ਲਹੂ ਦੇ ਛਿੱਟੇ ਮੇਰੇ ਉੱਤੇ ਪਏ।''
''ਫਿਰ ਮੈਨੂੰ ਚੌਥੀ ਗੋਲ਼ੀ ਦੀ ਅਵਾਜ਼ ਸੁਣੀ ਜੋ ਮੇਰੇ ਲਈ ਸੀ ਪਰ ਪਤਾ ਨਹੀਂ ਕੀ ਹੋਇਆ ਉਹ ਕਿੱਧਰ ਚਲੀ ਗਈ। ਗੋਲ਼ੀਆਂ ਤੋਂ ਬਾਅਦ ਉਸ ਨੇ ਲਾਸ਼ਾਂ ਨੂੰ ਠੁੱਡ ਮਾਰੇ।''
'ਇਹ ਹਾਲੇ ਵੀ ਸਾਹ ਲੈ ਰਿਹਾ ਹੈ,ਅਜੇ ਜਿਉਂਦਾ ਹੈ'
''ਮੇਰੇ ਦੋਸਤ ਦੇ ਲਹੂ ਨੇ ਮੈਨੂੰ ਬਚਾਅ ਲਿਆ। ਜਦੋਂ ਉਹ ਮੈਨੂੰ ਸੁੱਟਣ ਲਈ ਲੈ ਕੇ ਗਏ ਤਾਂ ਮੈਂ ਮ੍ਰਿਤਕ ਬਣਿਆ ਰਿਹਾ ਪਰ ਉਨ੍ਹਾਂ ਵਿੱਚੋ ਇੱਕ ਸਿਪਾਹੀ ਨੇ ਮੇਰੇ ਬਾਰੇ ਕਿਹਾ, ਇਹ ਮੁੰਡਾ ਹਾਲੇ ਵੀ ਸਾਹ ਲੈ ਰਿਹਾ ਹੈ। ਇਹ ਹਾਲੇ ਵੀ ਸਾਹ ਲੈ ਰਿਹਾ ਹੈ,ਅਜੇ ਜਿਉਂਦਾ ਹੈ।''
''ਇਸ 'ਤੇ ਉਨ੍ਹਾਂ ਦੇ ਆਗੂ ਨੂੰ ਕਿਹਾ, ਛੱਡ ਦਿਓ ਉਸ ਨੂੰ, ਛੱਡ ਦਿਓ ਉਸ ਨੂੰ। ਉਹ ਈਮਾਨ ਰੱਖਣ ਵਾਲ਼ਾ ਨਹੀਂ ਹੈ, ਉਹ ਇੱਕ ਸ਼ੀਆ ਹੈ।''
''ਉਸ ਨੂੰ ਛੱਡ ਦਿਓ ਅਤੇ ਲਹੂ ਵਹਿਣ ਨਾਲ ਤੜਫ਼ ਕੇ ਮਰਨ ਦਿਓ ਪਰ ਮੇਰਾ ਲਹੂ ਨਹੀਂ ਵਗ ਰਿਹਾ ਸੀ ਤੇ ਮੇਰੇ ਗੋਲ਼ੀ ਨਹੀਂ ਲੱਗੀ ਸੀ।''
ਅਲੀ ਅਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕੀ ਉਹ ਵਾਕਈ ਬਚ ਗਏ ਸਨ।
ਸਗੋਂ,''ਇਹ ਖੂਨ ਤਾਂ ਉਸ ਵਿਚਾਰੇ ਦਾ ਸੀ, ਜਿਸ ਨੂੰ ਮੇਰੇ ਤੋਂ ਪਹਿਲਾਂ ਗੋਲ਼ੀ ਮਾਰੀ ਗਈ ਸੀ।''
ਇਸੇ ਦੌਰਾਨ ਜਦੋਂ ਉਹ ਦੇਖ ਰਹੇ ਸਨ ਕਿ ਉਨ੍ਹਾਂ ਵਿੱਚੋਂ ਕੋਈ ਜ਼ਿੰਦਾ ਤਾਂ ਨਹੀਂ ਹੈ, ਅਲੀ ਦੇ ਨਾਲ ਪਏ ਬੰਦੇ ਦੇ ਸਿਰ ਉੱਪਰ ਗੰਭੀਰ ਜ਼ਖਮੀ ਸੀ ਅਤੇ ਉਹ ਲੜਾਕੇ ਨੂੰ ਚੀਖ-ਚੀਖ ਕੇ ਕਹਿ ਰਿਹਾ ਸੀ ਕਿ ਉਸ ਨੂੰ ਮਾਰ ਦਿੱਤਾ ਜਾਵੇ।
ਅਲੀ ਨੇ ਉਸਨੂੰ ਕਿਹਾ ਕਿ ਉਹ ਰੌਲਾ ਨਾ ਪਾਵੇ ਨਹੀਂ ਤਾਂ ਉਨ੍ਹਾਂ ਨੂੰ ਅਲੀ ਦੇ ਜ਼ਿੰਦਾ ਹੋਣ ਦਾ ਪਤਾ ਲੱਗ ਜਾਵੇਗਾ ਪਰ ਉਹ ਚੀਖ ਰਿਹਾ ਸੀ।
''ਰਾਤ ਪੈਣ ਤੱਕ ਮੈਂ ਉੱਥੇ ਹੀ ਪਿਆ ਰਿਹਾ। ਮੈਂ ਖੂਨ ਵਿੱਚ ਪੂਰੀ ਤਰ੍ਹਾਂ ਲਥਪਥ ਪਿਆ ਸੀ। ਮੇਰੇ ਕੰਨਾਂ ਵਿੱਚ ਵੀ ਖੂਨ ਸੀ।''
ਮੌਤ ਵਿੱਚ ਘਿਰੇ ਹੋਣ ਦਾ ਅਨੁਭਵ
''ਮ੍ਰਿਤਕਾਂ ਦੀ ਅਵਾਜ਼, ਉਨ੍ਹਾਂ ਦੇ ਘਰਾੜੇ, ਘਰਾੜੇ (ਉਹ ਗਲੇ ਵਿੱਚੋਂ ਫ਼ਸਵੀਂ ਜਿਹੀ ਅਵਾਜ਼ ਕੱਢ ਕੇ ਸੁਣਾਉਂਦੇ ਹਨ),ਮੈਂ ਨਹੀਂ ਜਾਣਦਾ ਮੈਂ ਉਸ ਸਭ ਵਿੱਚ ਕਿਵੇਂ ਹੋਸ਼ ਵਿੱਚ ਰਹਿ ਸਕਿਆ।''
''ਫਿਰ ਵੀ ਜ਼ਿੰਦਾ ਬਚਣ ਮਗਰੋਂ ਅਤੇ ਆਸਪਾਸ ਆਈਐਸ ਲੜਾਕਿਆਂ ਦੀਆਂ ਅਵਾਜ਼ਾਂ ਸੁਣਨ ਦੇ ਬਾਵਜੂਦ ਮੈਨੂੰ ਜ਼ਿੰਦਾ ਰਹਿਣ ਦਾ ਬਹੁਤ ਹੌਂਸਲਾ ਮਿਲਿਆ।''
''ਫਿਰ ਰਾਤ ਦੇ ਹਨੇਰੇ ਵਿੱਚ ਮੈਂ ਟਿਗਰਿਸ ਦਰਿਆ ਕੋਲ ਪਹੁੰਚਿਆ ਅਤੇ ਉੱਥੋਂ ਰੱਬ ਦੇ ਸ਼ੁਕਰ ਨਾਲ ਉੱਥੋਂ ਬਚ ਨਿਕਲ ਸਕਿਆ।''
''ਦਰਿਆ ਉੱਪਰ ਮੈਨੂੰ ਇੱਕ ਹੋਰ ਜਣਾ ਮਿਲਿਆ ਜੋ ਬਚ ਗਿਆ ਸੀ, ਅੱਬਾਸ।''
''ਅੱਬਾਸ ਅਤੇ ਮੈਂ ਤਿੰਨ ਦਿਨਾਂ ਤੱਕ ਲੁਕੇ ਰਹੇ, ਉਸਨੂੰ ਗੋਲ਼ੀ ਮਾਰ ਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ।''
''ਅੱਬਾਸ ਦਾ ਮਿਲਣਾ ਇੱਕ ਚਮਤਕਾਰ ਵਾਂਗ ਸੀ, ਹਾਲਾਂਕਿ ਉਸ ਦੀਆਂ ਪਸੱਲੀਆਂ ਟੁੱਟੀਆਂ ਹੋਈਆਂ ਸਨ ਪਰ ਉਸ ਤੋਂ ਬਿਨਾਂ ਮੈਂ ਆਪਣੇ ਹੱਥ ਨਹੀਂ ਖੋਲ੍ਹ ਸਕਦਾ ਸੀ।''
ਇਰਾਕ: ਕਿਵੇਂ ਖ਼ਤਰਾ ਮੁੱਲ ਕੇ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਪਨਾਹ ਦਿੰਦੀ ਹੈ ਇਹ ਮਹਿਲਾ -ਵੀਡੀਓ
ਅੱਬਾਸ ਨੂੰ ਛੱਡਣਾ ਪਿਆ
''ਅੱਬਾਸ ਮਰ ਰਿਹਾ ਸੀ ਅਤੇ ਉਹ ਮੈਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਮੈਂ ਉਸ ਨੂੰ ਛੱਡ ਜਾਵਾਂ।
''ਆਈਐਸ ਦੇ ਲੜਾਕੇ ਝਾੜੀਆਂ ਨੂੰ ਅੱਗ ਲਗਾ ਰਹੇ ਸਨ ਅਤੇ ਸਾਡੇ ਲਈ ਜ਼ਰੂਰੀ ਸੀ ਕਿ ਅਸੀਂ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਉੱਥੋਂ ਚਲੇ ਜਾਈਏ।
''ਅੱਬਾਸ ਮੈਨੂੰ ਮੁੜ ਕਦੇ ਨਹੀਂ ਮਿਲਿਆ।
ਇੱਕ ਸੁੰਨੀ ਤੋਂ ਮਿਲੀ ਮਦਦ
ਟਿਗਰਿਸ ਨਦੀ ਪਾਰ ਕਰਨ ਤੋਂ ਬਾਅਦ ਉਹ ਇੱਕ ਸੁੰਨੀ ਪਿਰਵਾਰ ਦੇ ਘਰ ਪਹੁੰਚੇ। ਹਾਲਾਂਕਿ ਉੱਥੋਂ ਕਿਸੇ ਦੀ ਵੀ ਮਦਦ ਮੰਗਣੀ ਉਨ੍ਹਾਂ ਨੂੰ ਨਵੀਂ ਬਿਪਤਾ ਵਿੱਚ ਪਾ ਸਕਦੀ ਸੀ। ਉਸ ਵਿਅਕਤੀ ਨੇ ਉਨ੍ਹਾਂ ਦੀ ਮਦਦ ਕੀਤੀ, ਖਾਣਾ ਖੁਆਇਆ ਅਤੇ ਜਾਣ ਸਮੇਂ ਕੁਝ ਪੈਸੇ ਵੀ ਦਿੱਤੇ।
ਜਦੋਂ ਅਲੀ ਵਾਪਸ ਪਿੰਡ ਪਹੁੰਚੇ ਤਾਂ ਉਨ੍ਹਾਂ ਦਾ ਜੋਸ਼ੀਲਾ ਸਵਾਗਤ ਕੀਤਾ ਗਿਆ। ਲੋਕਾਂ ਨੇ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਹਵਾਈ ਫਾਇਰ ਕੀਤੀ। ਹਰ ਕੋਈ ਰੋ ਰਿਹਾ ਸੀ
ਅਲੀ ਨੇ ਦੱਸਿਆ, ''ਸਾਰੇ ਰੋ ਰਹੇ ਸਨ, ਪਰ ਮੈਂ ਨਹੀਂ ਰੋ ਰਿਹਾ ਸੀ, ਮੈਂ ਉਦੋਂ ਰੋਇਆ ਜਦੋਂ ਮੈਂ ਆਪਣੇ ਬੇਟੀ ਨੂੰ ਮਿਲਿਆ।''
''ਰੱਬ ਦਾ ਸ਼ੁਕਰ ਹੈ ਕਿ ਮੈਂ ਆਪਣੇ ਪਰਿਵਾਰ ਕੋਲ ਵਾਪਸ ਆ ਸਕਿਆ।''
''ਜੋ ਮੈਂ ਦੇਖਿਆ ਉਸ ਨੂੰ ਭੁਲਾਅ ਨਹੀਂ ਸਕਾਂਗਾ,ਇਹ ਸੌਖਾ ਨਹੀਂ ਹੈ।''
ਉਸ ਕਤਲੇਆਮ ਵਿੱਚ ਆਈਐਸ ਨੇ ਸਤਾਰਾਂ ਸੌ ਰੰਗਰੂਟਾਂ ਨੂੰ ਮਾਰ ਮੁਕਾਇਆ ਸੀ।'
ਹੁਸੈਨ ਖ਼ਾਦਿਮ ਉਨ੍ਹਾਂ ਕੁਝ ਵਿੱਚੋਂ ਹਨ, ਜਿਨ੍ਹਾਂ ਬਾਰੇ ਪਤਾ ਹੈ ਕਿ ਉਹ ਬਚ ਸਕੇ ਸਨ। ਉੱਥੋ ਬਚਣ ਤੋਂ ਬਾਅਦ ਖ਼ਾਲਿਦ ਨੇ ਉਸ ਸਦਮੇ ਵਿੱਚੋਂ ਨਿਕਲਣ ਲਈ ਜਿਸ ਦੌਰਾਨ ਉਨ੍ਹਾਂ ਨੇ ਇਨਸਾਨੀਅਤ ਦਾ ਸਭ ਤੋਂ ਵਹਿਸ਼ੀ ਅਤੇ ਸਭ ਤੋਂ ਮਨੁੱਖੀ ਚਿਹਰਾ ਦੇਖਿਆ, ਅਲੀ ਮਦਦ ਲੈ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਇਰਾਕ ਵਿੱਚੋਂ ਅਮਰੀਕੀ ਫ਼ੌਜ ਇਸ ਸਾਲ ਦੇ ਅੰਤ ਤੱਕ ਕੱਢ ਲਈ ਜਾਵੇਗੀ। ਇਰਾਕ ਦੇ ਰਾਸ਼ਟਰਪਤੀ ਵੀ ਕਹਿ ਚੁੱਕੇ ਹਨ ਕਿ ਹੁਣ ਇਰਾਕ ਵਿੱਚ ਵਿਦੇਸ਼ੀ ਫ਼ੌਜਾਂ ਦੀ ਜ਼ਰੂਰਤ ਨਹੀਂ ਹੈ।
ਜੋਅ ਬਾਇਡਨ ਨੇ ਕਿਹਾ ਹੈ ਕਿ ਹਾਲਾਂਕਿ ਅਮਰੀਕੀ ਫ਼ੌਜਾਂ ਦੇਸ਼ ਵਿੱਚ ਸਰਗਰਮ ਨਹੀਂ ਰਹਿਣਗੀਆਂ ਪਰ ਉਹ ਇਰਾਕੀ ਸੁਰੱਖਿਆ ਦਸਤਿਆਂ ਦੀ ਟਰੇਨਿੰਗ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣੀ ਜਾਰੀ ਰੱਖਣਗੀਆਂ
ਇਹ ਲੇਖ ਬੀਬੀਸੀ ਸਾਊਂਡ ਦੇ ਆਊਟਲੁੱਕ ਲਈ ਖ਼ਾਲਿਦ ਨਾਲ ਕੀਤੀ ਮੁਬੀਨ ਅਜ਼ਹਰ ਦੀ ਗੱਲਬਾਤ ਇਸਕੇਪਿੰਗ ਦਾ ਆਈਐਸ ਅਤੇ ਬੀਬੀਸੀ ਦਸਤਾਵੇਜ਼ੀ ਉੱਪਰ ਅਧਾਰਿਤ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














