ਸੱਦਾਮ ਨੇ ਵਿਨੋਦ ਨੂੰ ਜੱਫੀ ਪਾ ਕੇ ਕਿਹਾ, 'ਪਾਣੀ ਪਾਣੀ ਤੋਂ ਵੱਖ ਨਹੀਂ ਹੋ ਸਕਦਾ'

ਤਸਵੀਰ ਸਰੋਤ, PTI
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਆਸਨਸੋਲ ਤੋਂ ਬੀਬੀਸੀ ਪੱਤਰਕਾਰ
'ਸਾਡਾ ਸਾਰਾ ਕੁਝ ਸੜ ਗਿਆ, ਮੈਂ ਇਕੱਲਾ ਆਦਮੀ ਹਾਂ, ਹੁਣ ਮੈਂ ਕੀ ਕਰਾਂਗਾ...' ਉਹ ਕਹਿੰਦੇ - ਕਹਿੰਦੇ ਰਾਮਚੰਦਰ ਦਾ ਗਲਾ ਭਰ ਆਇਆ ਅਤੇ ਅੱਖਾਂ 'ਚੋਂ ਹੰਝੂ ਵਹਿਣ ਲੱਗੇ।
ਉਨ੍ਹਾਂ ਦੀ ਗੱਲ ਪੂਰੀ ਕਰਦਿਆਂ ਸੱਦਾਮ ਨੇ ਦੱਸਿਆ, "ਇਹ ਆਪਣੇ ਘਰ ਵਿੱਚ ਕਮਾਉਣ ਵਾਲਾ ਇਕੱਲਾ ਆਦਮੀ ਹੈ। ਦੁਕਾਨ ਹੀ ਪੂਰੇ ਪਰਿਵਾਰ ਦਾ ਸਹਾਰਾ ਸੀ. ਜਦੋਂ ਤੋਂ ਦੁਕਾਨ ਸੜੀ ਹੈ, ਪੂਰਾ ਦਿਨ ਰੋ ਰੋ ਕੇ ਲੰਘਦਾ ਹੈ। ਇਧਰ-ਉਧਰ ਸਿਰ ਫੜ ਕੇ ਬੈਠੇ ਰਹਿੰਦੇ ਹਾਂ।"
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਨੈਸ਼ਨਲ ਹਾਈਵੇਅ ਨੰਬਰ-19 (ਸਾਲ 2010 ਤੋਂ ਪਹਿਲਾਂ ਤੱਕ ਗ੍ਰਾਂਡ ਟ੍ਰੰਕ ਰੋਡ ਜਾਂ ਇਹ ਹਿੱਸਾ ਨੈਸ਼ਨਲ ਹਾਈਵੇਅ ਨੰਬਰ 2 ਸੀ।) ਪਰ ਦਿੱਲੀ ਵੱਲ ਨੂੰ ਕਰੀਬ 200 ਕਿਲੋਮੀਟਰ ਤੁਰਨ 'ਤੇ ਇੱਕ ਸੜਕ ਖੱਬੇ ਪਾਸੇ ਮੁੜਦਿਆਂ ਹੀ ਰਾਣੀਗੰਜ ਪਹੁੰਚਦੀ ਹੈ।

ਇੱਥੇ ਭਗਵਾ(ਸੰਤਰੀ) ਝੰਡੇ ਲਹਿਰਾ ਰਹੇ ਹਨ। ਜਿਵੇਂ ਜਿਵੇਂ ਸੜਕ ਰਾਣੀਗੰਜ ਵੱਲ ਵਧਦੀ ਹੈ, ਸੜਕ ਸਜਾਉਣ ਲਈ ਲਾਏ ਗਏ ਝੰਡਿਆਂ ਦੀ ਗਿਣਤੀ ਵੀ ਵਧਦੀ ਜਾਂਦੀ ਹੈ।
ਤਣਾਅ 'ਚ ਡੁੱਬਿਆ ਸ਼ਹਿਰ
ਪਹਿਲੀ ਨਜ਼ਰ ਵਿੱਚ ਇੱਥੇ ਸਾਰਾ ਕੁਝ ਸਾਧਾਰਨ ਜਿਹਾ ਲਗਦਾ ਹੈ, ਸਿਵਾਏ ਪੁਲਿਸ ਬਲ ਦੀ ਭਾਰੀ ਮੌਜੂਦਗੀ ਦੇ।
ਘਰਾਂ, ਚੌਰਾਹਿਆਂ ਅਤੇ ਸੜਕਾਂ 'ਤੇ ਲਹਿਰਾ ਰਹੇ ਭਗਵਾ ਝੰਡੇ ਦੱਸਦੇ ਹਨ, ਜਿਵੇਂ ਸ਼ਹਿਰ ਭਗਵਾਨ ਰਾਮ ਦੇ ਜਨਮ ਦੇ ਜਸ਼ਨ ਵਿੱਚ ਡੁੱਬਿਆ ਹੋਇਆ ਹੈ ਪਰ ਅਸਲ ਵਿੱਚ ਇਹ ਸ਼ਹਿਰ ਹੁਣ ਤਣਾਅ ਵਿੱਚ ਡੁੱਬਿਆ ਹੋਇਆ ਹੈ।
ਰਾਮਨੌਮੀ ਦਾ ਜਸ਼ਨ ਇੱਥੇ ਦੰਗਿਆਂ ਦਾ ਦਾਗ਼ ਦੇ ਗਿਆ। ਜਲੂਸ ਕੱਢਣ ਦੌਰਾਨ ਹੋਇਆ ਬੋਲ-ਕਬੋਲ ਅੱਗਜ਼ਨੀ ਵਿੱਚ ਬਦਲ ਗਈ ਅਤੇ ਸ਼ਹਿਰ ਸੁਲਗ ਗਿਆ ਹੈ।
26 ਮਾਰਚ ਨੂੰ ਹੋਏ ਹਿੰਦੂ-ਮੁਸਲਮਾਨ ਦੰਗਿਆਂ ਵਿੱਚ ਦਰਜਨਾਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਸਨ। ਰਾਮ ਚੰਦਰ ਪੰਡਿਤ ਦੀ ਦੁਕਾਨ ਵੀ ਉਨ੍ਹਾਂ 'ਚੋਂ ਇੱਕ ਸੀ।
ਸੱਦਾਮ ਦੀ ਦੁਕਾਨ ਵੀ ਦੰਗਿਆਂ ਵਿੱਚ ਸੜ ਗਈ ਪਰ ਉਨ੍ਹਾਂ ਨੂੰ ਰਾਮ ਚੰਦਰ ਦੀ ਦੁਕਾਨ ਦੀ ਵੱਧ ਚਿੰਤਾ ਹੈ।

ਮੈਂ ਜਦੋਂ ਰਾਣੀਗੰਜ ਦੇ ਹੱਟਿਆ ਬਾਜ਼ਾਰ 'ਚ ਸੜੀਆਂ ਦੁਕਾਨਾਂ ਦੀਆਂ ਤਸਵੀਰਾਂ ਖਿੱਚ ਰਿਹਾ ਸੀ ਤਾਂ ਸੱਦਾਮ ਹੀ ਮੈਨੂੰ ਰਾਮ ਚੰਦਰ ਦੀ ਦੁਕਾਨ 'ਤੇ ਲੈ ਗਏ।
ਕੌਣ ਕਰੇਗਾ ਮਦਦ...
ਰਾਮ ਚੰਦਰ ਦੀ ਦੁਕਾਨ ਦੇ ਨੇੜੇ ਹੀ ਭਗਵਾਨ ਦਾਸ ਦੀ ਦੁਕਾਨ ਹੈ। ਕੁਝ ਦਿਨ ਪਹਿਲਾਂ ਤੱਕ ਦੁਕਾਨ ਹੱਟਿਆ ਬਾਜ਼ਾਰ ਦੀ ਸ਼ਾਨ ਸੀ।
ਉਨ੍ਹਾਂ ਨੇ ਦੁਕਾਨ 'ਚ ਕੰਮ ਕਰਵਾਇਆ ਸੀ ਅਤੇ ਲੱਖਾਂ ਰੁਪਏ ਦਾ ਮਾਲ ਪਾਇਆ ਸੀ। ਹੁਣ ਇੱਥੇ ਸੜੇ ਹੋਏ ਫਰਨੀਚਰ, ਟੁੱਟੇ ਹੋਏ ਪਲਾਸਟਰ ਅਤੇ ਸੁਆਹ ਹੋ ਗਈਆਂ ਉਮੀਦਾਂ ਤੋਂ ਇਲਾਵਾ ਕੁਝ ਨਹੀਂ ਹੈ।
ਭਗਵਾਨ ਦਾਸ ਦੱਸਦੇ ਹਨ, "ਸਾਡੇ ਹੱਥ ਪੈਰ ਸਭ ਕੁਝ ਟੁੱਟ ਗਏ ਹਨ, ਹੁਣ ਤਾਂ ਖੜੇ ਹੋਣ 'ਚ 6-7 ਸਾਲ ਲੱਗ ਗਏ ਜਾਣਗੇ। ਕੌਣ ਮਦਦ ਕਰੇਗਾ ਸਾਡੀ, ਸਰਕਾਰ ਦੇਵੇਗੀ ਪੈਸਾ? ਮਜ਼ਾ ਲੈਣ ਵਾਲਾ ਮਜ਼ਾ ਲੈ ਕੇ ਚਲਾ ਗਿਆ, ਦੁਕਾਨ ਵਾਲਾ ਫਸ ਗਿਆ। ਅਸੀਂ ਤਾਂ ਦੰਗਾ ਨਹੀਂ ਕੀਤਾ ਪਰ ਸਾਡੀਆਂ ਸਭ ਦੀਆਂ ਦੁਕਾਨਾਂ ਸੜ ਗਈਆਂ।"
ਭਗਵਾਨ ਦਾਸ ਆਪਣੀ ਗਾਥਾ ਕਹਿ ਰਹੇ ਸਨ ਤਾਂ ਨੇੜੇ ਖੜੇ ਨਦੀਮ ਖਾਨ ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਸਨ। ਉਨ੍ਹਾਂ ਦੀ 100 ਸਾਲ ਤੋਂ ਵੱਧ ਪੁਰਾਣੀ ਪੁਸ਼ਤੈਨੀ ਦੁਕਾਨ ਵੀ ਦੰਗਿਆ ਦੀ ਭੇਟ ਚੜ੍ਹ ਗਈ।

ਨਦੀਮ ਕਹਿੰਦੇ ਹਨ, "ਪੂਰੀ ਦੁਕਾਨ ਸੜ ਗਈ ਹੈ ਕੁਝ ਨਹੀਂ ਬਚਿਆ, ਸਭ ਸੁਆਹ ਹੋ ਗਿਆ ਹੈ, ਦੋ ਦਿਨ ਤੋਂ ਸੁਆਹ ਚੁੱਕ ਰਹੇ ਹਾਂ,ਦੇਖ ਰਹੇ ਹੋ ਨਾ ਪੂਰਾ ਹੱਥ ਕਾਲਾ ਹੋ ਗਿਆ ਹੈ ਸੁਆਹ ਚੁੱਕਦੇ - ਚੁੱਕਦੇ।"
ਸਭ ਤੋਂ ਵੱਧ ਨੁਕਸਾਨ
ਰਾਣੀਗੰਜ ਦੇ ਸ਼ਾਇਰ ਰੌਣਕ ਨਈਮ ਦੇ ਬੇਟਿਆਂ ਦੀਆਂ ਦੁਕਾਨਾਂ ਵੀ ਦੰਗਾਕਾਰੀਆਂ ਦਾ ਨਿਸ਼ਾਨਾ ਬਣੀਆਂ।
ਉਨ੍ਹਾਂ ਦਾ ਪੁੱਤਰ ਕਹਿੰਦਾ ਹੈ, "ਮੇਰੀ ਦੁਕਾਨ ਰੌਣਕ ਵਾਚ ਅਤੇ ਮੇਰੇ ਭਾਰ ਦੀ ਦੁਕਾਨ ਰੌਣਕ ਕੁਲੈਕਸ਼ਨ ਨੂੰ ਲੁੱਟ ਲਿਆ ਗਿਆ। ਅਸੀਂ ਕਦੇ ਕਿਸੇ ਹਿੰਦੂ ਭਰਾ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਸਾਡੇ ਨਾਲ ਅਜਿਹਾ ਹੋਇਆ। ਸਿਰਫ ਮੁਸਲਮਾਨਾਂ ਦਾ ਹੀ ਨੁਕਸਾਨ ਨਹੀਂ ਹੋਇਆ ਹੈ, ਹਿੰਦੂਆਂ ਦਾ ਵੀ ਬਰਾਬਰ ਨੁਕਸਾਨ ਹੋਇਆ ਹੈ।"
ਹੱਟਿਆ ਬਾਜ਼ਾਰ ਦੀਆਂ ਜ਼ਿਆਦਾਤਰ ਦੁਕਾਨਾਂ ਸੜ ਗਈਆਂ ਹਨ। ਸਭ ਤੋਂ ਵੱਧ ਨੁਕਸਾਨ ਛੋਟੇ ਕਾਰੋਬਾਰੀਆਂ ਦਾ ਹੋਇਆ ਹੈ ਜੋ ਪਟੜੀ 'ਤੇ ਦੁਕਾਨਾਂ ਲਗਾਉਂਦੇ ਸਨ। ਸਭ ਤੋਂ ਵੱਧ ਸੱਟ ਤਾਂ ਇਨ੍ਹਾਂ ਨੂੰ ਹੀ ਵੱਜੀ ਹੈ।

ਪਟੜੀ 'ਤੇ ਦੁਕਾਨ ਲਗਾਉਣ ਵਾਲੇ ਇੱਕ ਨੌਜਵਾਨ ਕਹਿੰਦੇ ਹਨ, "100-200 ਰੁਪਏ ਰੋਜ਼ ਕਮਾਉਂਦੇ ਸੀ। 4-4, 5-5 ਬੱਚਿਆਂ ਦਾ ਢਿੱਡ ਉਸ ਨਾਲ ਪਲ ਰਿਹਾ ਸੀ। ਉਸ ਨੂੰ ਖ਼ਤਮ ਕਰ ਦਿਓਗੇ ਤਾਂ ਆਦਮੀ ਕੀ ਖਾਵੇਗਾ, ਕਿੱਥੇ ਜਾਵੇਗਾ?"
ਇਹ ਨੌਜਵਾਨ ਆਪਣੀ ਪੂਰੀ ਗੱਲ ਕਰਦਾ ਇਸ ਤੋਂ ਪਹਿਲਾਂ ਹੀ ਇੱਕ ਹੋਰ ਦੁਕਾਨਦਾਰ ਵਿਨੋਦ ਕੁਮਾਰ ਬੋਲ ਪਏ, "ਇੰਜ ਬੈਠਣ ਨਾਲ ਇਸ ਦੀ ਥਾਲੀ ਵਿੱਚ ਰੋਟੀ ਨਹੀਂ ਰਹੇਗੀ ਤਾਂ ਸਾਡੀ ਥਾਲੀ ਵਿੱਚ ਕਿਵੇਂ ਖਾਣਾ ਆਊ? ਇਸ ਦੀ ਦੁਕਾਨ ਸੜ ਗਈ ਹੈ, ਇਸ ਲਈ ਅਸੀਂ ਵੀ ਦੁਕਾਨ ਬੰਦ ਕਰ ਦਿੱਤੀ ਹੈ।"
ਦੋਵਾਂ ਦੀ ਗਲਤੀ ਹੈ......
ਸੱਦਾਮ ਹੁਸੈਨ ਵਿਨੋਦ ਕੁਮਾਰ ਨੂੰ ਗਲ ਨਾਲ ਲਾ ਲੈਂਦੇ ਹਨ।
ਵਿਨੋਦ ਕਹਿੰਦੇ ਹਨ, "ਅਸੀਂ ਲੋਕ ਭਰਾ - ਭਰਾ ਹਾਂ, ਵੱਖ ਨਹੀਂ ਹਾਂ। ਸਾਰੇ ਕੰਮ ਕਰਕੇ ਹੀ ਖਾਂਦੇ ਹਨ, ਅਸੀਂ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਵਾਂਗੇ। ਕੁਝ ਮੁੰਡੇ ਅਜਿਹੇ ਹਨ ਜਿੰਨ੍ਹਾਂ ਨੇ ਗੱਲਾਂ 'ਚ ਆ ਕੇ ਇਹ ਕੰਮ ਕਰ ਦਿੱਤਾ ਪਰ ਇੱਕ ਦਿਨ ਉਨ੍ਹਾਂ ਨੂੰ ਵੀ ਸਮਝ ਆ ਜਾਵੇਗੀ। ਉਨ੍ਹਾਂ ਨੂੰ ਵੀ ਅਹਿਸਾਸ ਹੋ ਜਾਵੇਗਾ ਕਿ ਕਿੰਨਾ ਵੀ ਕਰ ਲਓ ਪਾਣੀ ਤੋਂ ਪਾਣੀ ਕਦੇ ਵੱਖ ਨਹੀਂ ਹੋ ਸਕਦਾ।"

ਹੱਟਿਆ ਬਾਜ਼ਾਰ ਤੋਂ ਕੁਝ ਦੂਰ ਸ਼ਹਿਰ ਵਿੱਚ ਇੱਕ ਦੂਜੇ ਇਲਾਕੇ ਮਜ਼ਾਰ ਰੋਡ 'ਤੇ ਰਾਣੀਗੰਜ ਦੇ ਵੱਡੇ ਕਾਰੋਬਾਰੀ ਵਿਨੋਦ ਸਰਾਫ਼ ਦੀ ਥੋਕ ਦੀ ਦੁਕਾਨ ਹੈ। ਉਸ ਦਿਨ ਦੰਗਾਕਾਰੀਆਂ ਨੇ ਉਨ੍ਹਾਂ ਦੀ ਦੁਕਾਨ ਵੀ ਲੁੱਟ ਲਈ।
ਵਿਨੋਦ ਕਹਿੰਦੇ ਹਨ, "ਮੈਂ ਛੱਤ ਤੋਂ ਸਭ ਕੁਝ ਦੇਖ ਰਿਹਾ ਸੀ। ਸੈਂਕੜੇ ਲੋਕ ਸਨ। ਉਨ੍ਹਾਂ ਦੇ ਹੱਥਾਂ ਵਿੱਚ ਲੋਹੇ ਦੀਆਂ ਪਾਈਪਾਂ ਸਨ। ਲਗਾਤਾਰ ਪੁਲਿਸ ਨੂੰ ਫੋਨ ਕਰ ਰਿਹਾ ਸੀ, ਮੈਂ ਥਾਣੇ ਵੀ ਗਿਆ ਪਰ ਕੋਈ ਮਦਦ ਨਹੀਂ ਮਿਲੀ। ਨਾਲ ਹੀ ਮੇਰੇ ਚਾਚੇ ਦੀ ਦੁਕਾਨ ਨੂੰ ਵੀ ਅੱਗ ਲਗਾ ਦਿੱਤੀ, ਉਸ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਜਵਾਬ ਮਿਲਿਆ ਸਾਡੇ ਕੋਲ ਕੋਈ ਗੱਡੀ ਨਹੀਂ ਹੈ।"
ਵਿਨੋਦ ਕਹਿੰਦੇ ਹਨ, "ਜੋ ਹੋਇਆ ਹੈ ਉਸ ਵਿੱਚ ਦੋਵਾਂ ਦੀ ਗਲਤੀ ਹੈ। ਜਲੂਸ ਨੂੰ ਮਸਜਿਦ ਦੇ ਸਾਹਮਣੇ ਕਿਉਂ ਕੱਢਿਆ ਗਿਆ, ਜਦੋਂ ਪਤਾ ਸੀ ਕਿ ਇਸ ਨਾਲ ਤਣਾਅ ਹੋ ਸਕਦਾ ਹੈ, ਅਜਿਹਾ ਕਰਨ ਦੀ ਲੋੜ ਹੀ ਕੀ ਸੀ?
ਅਚਾਨਕ ਪੱਥਰਬਾਜ਼ੀ ਸ਼ੁਰੂ ਹੋ ਗਈ....
ਇਨ੍ਹਾਂ ਦੰਗਿਆਂ ਵਿੱਚ ਵਿਨੋਦ ਦਾ ਕਰੀਬ 4-5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਉਨ੍ਹਾਂ ਨੂੰ ਸ਼ਹਿਰ ਦੇ ਛੋਟੇ ਕਾਰੋਬਾਰੀਆਂ ਦੀ ਜ਼ਿਆਦਾ ਫਿਕਰ ਹੈ, ਜਿਨ੍ਹਾਂ ਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਹੈ।

ਉਹ ਕਹਿੰਦੇ ਹਨ, "ਅਸੀਂ ਤਾਂ ਫੇਰ ਵੀ ਨੁਕਸਾਨ ਝੱਲ ਲਵਾਂਗੇ ਪਰ ਛੋਟੋ ਕਾਰੋਬਾਰੀਆਂ ਦਾ ਕੀ?ਜੋ ਆਰਥਿਕ ਨੁਕਸਾਨ ਹੋਇਆ ਉਸ ਦੀ ਭਰਪਾਈ ਤਾਂ ਹੋ ਜਾਵੇਗੀ ਪਰ ਭਰਾ-ਭਰਾ ਵਿਚਾਲੇ ਜੋ ਪਾੜਾ ਵਧ ਗਿਆ ਹੈ, ਉਹ ਕਿਵੇਂ ਮਿਟੇਗਾ?"
ਸਥਾਨਕ ਕੌਂਸਲਰ ਆਰਿਜ਼ ਜਲੀਸ ਕਹਿੰਦੇ ਹਨ, "ਜਿੱਥੇ ਘਟਨਾ ਵਾਪਰੀ ਉੱਥੇ ਅਸੀਂ ਸਵੇਰ ਤੋਂ ਹੀ ਸੀ। ਜਲੂਸ ਦਾ ਇੱਕ ਹਿੱਸਾ ਨਿਕਲ ਗਿਆ ਸੀ ਦੂਜੇ ਵਿੱਚ ਕੁਝ ਅਜਿਹੇ ਨਾਅਰੇ ਲਾਏ ਜਾ ਰਹੇ ਸਨ ਅਤੇ ਗਾਣੇ ਗਾਏ ਜਾ ਰਹੇ ਸਨ, ਜਿਸ ਦਾ ਉੱਥੇ ਲੋਕਾਂ ਨੇ ਵਿਰੋਧ ਕੀਤਾ।"
"ਇਹ ਨਾਅਰੇ ਅਤੇ ਗਾਣੇ ਸਿੱਧੇ ਦੂਜੇ ਧਰਮ ਨੂੰ ਨਿਸ਼ਾਨਾ ਬਣਾ ਰਹੇ ਸਨ। ਉਸ ਦੀਆਂ ਗੱਲਾਂ-ਗੱਲਾਂ 'ਚ ਅਚਾਨਕ ਪੱਥਰਬਾਜ਼ੀ ਸ਼ੁਰੂ ਹੋ ਗਈ, ਜਿਸ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ।
ਫਿਰਕੂ ਤਣਾਅ
ਜਲੀਸ ਕਹਿੰਦੀ ਹਨ, "ਜੋ ਵੀ ਲੋਕ ਉਥੇ ਮੌਜੂਦ ਸਨ ਉਨ੍ਹਾਂ ਨੇ ਕਾਫੀ ਦੇਰ ਤੱਕ ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਬਲ ਡੇਢ ਦੋ ਘੰਟਿਆਂ ਤੱਕ ਮੌਕੇ 'ਤੇ ਨਾ ਪਹੁੰਚ ਸਕੀ। ਇਹ ਮਾਮਲਾ ਪੂਰੇ ਸ਼ਹਿਰ ਵਿੱਚ ਅਫਵਾਹ ਵਾਂਗ ਫੈਲ ਗਿਆ ਅਤੇ ਬਾਕੀ ਥਾਵਾਂ 'ਤੇ ਵੀ ਹਿੰਸਾ ਹੋਣ ਲੱਗੀ।"

"ਜੇ ਪੁਲਿਸ ਸਮੇਂ 'ਤੇ ਪਹੁੰਚ ਜਾਂਦੀ ਅਤੇ ਹਾਲਾਤ ਨੂੰ ਉੱਥੇ ਹੀ ਕਾਬੂ ਕਰ ਲੈਂਦੀ ਤਾਂ ਰਾਣੀਗੰਜ ਨੂੰ ਇੰਨਾ ਭਿਆਨਕ ਦਿਨ ਨਾ ਦੇਖਣਾ ਪੈਂਦਾ।"
ਸਥਾਨਕ ਪੱਤਰਕਾਰ ਵਿਮਲ ਦੇਵ ਗੁਪਤਾ ਤਿੰਨ ਦਹਾਕਿਆਂ ਤੋਂ ਰਾਣੀਗੰਜ ਅਤੇ ਨੇੜਲੇ ਇਲਾਕਿਆਂ ਤੋਂ ਰਿਪੋਰਟਿੰਗ ਕਰ ਰਹੇ ਹਨ।
ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਆਪਣੀਆਂ ਰਿਪੋਰਟਾਂ 'ਚ ਫਿਰਕੂ ਤਣਾਅ ਜਾਂ ਦੰਗੇ ਵਰਗੇ ਸ਼ਬਦ ਇਸਤੇਮਾਲ ਕਰਨੇ ਪੈ ਰਹੇ ਹਨ।
ਵਿਮਲ ਦੇਵ ਕਹਿੰਦੇ ਹਨ, "ਰਾਣੀਗੰਜ 'ਚ ਪਹਿਲੀ ਵਾਰ ਇਸ ਤਰ੍ਹਾਂ ਵਾਲਾ ਮਾਹੌਲ ਅਸੀਂ ਦੇਖਿਆ ਹੈ। ਜਦੋਂ ਤੋਂ ਮੈਂ ਪੱਤਰਕਾਰੀ ਕਰ ਰਿਹਾ ਹਾਂ ਇਸ ਖੇਤਰ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਦੰਗਾ ਨਹੀਂ ਹੋਇਆ। ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਸਪੱਸ਼ਟ ਤੌਰ 'ਤੇ ਕਮਨਿਊਨਲ ਰਾਇਟ, ਫਿਰਕੂ ਦੰਗਿਆਂ ਵਰਗੇ ਸ਼ਬਦ ਲਿਖੇ ਜਾ ਰਹੇ ਹਨ।"
ਪੱਛਮੀ ਬੰਗਾਲ ਦੀ ਧਰਤੀ 'ਤੇ...
ਵਿਮਲ ਦੇਵ ਦੱਸਦੇ ਹਨ, "ਇਸ ਨਾਲ ਪਹਿਲਾਂ ਕਦੀ ਫਿਰਕੂ ਸ਼ਬਦ ਰਿਪੋਰਟਾਂ 'ਚ ਨਹੀਂ ਲਿਖਿਆ ਜਾਂਦਾ ਸੀ। ਇਹ ਪਹਿਲੀ ਵਾਰ ਹੈ ਜਦੋਂ ਪੱਛਮੀ ਬੰਗਾਲ ਦੀ ਇਸ ਧਰਤੀ 'ਤੇ ਇਹ ਸਭ ਹੋ ਰਿਹਾ ਹੈ। ਇਹ ਬੇਹੱਦ ਦੁੱਖ ਭਰਿਆ ਹੈ। ਇਹ ਸਿਰਫ਼ ਇਸ ਨਗਰ ਜਾਂ ਖੇਤਰ ਲਈ ਹੀ ਨਹੀਂ ਬਲਕਿ ਪੂਰੇ ਦੇਸ ਲਈ ਦੁੱਖ ਭਰਿਆ ਹੈ।"

ਰਾਣੀਗੰਜ ਬੰਗਾਲ ਦੇ ਵੱਡੇ ਉਦਯੋਗਿਕ ਖੇਤਰ ਆਸਨਸੋਲ ਦੇ ਨੇੜੇ ਵਸਿਆ ਕਰੀਬ ਸਵਾ ਲੱਖ ਦੀ ਆਬਾਦੀ ਵਾਲਾ ਕਸਬਾ ਹੈ, ਜਿੱਥੇ ਜ਼ਿਆਦਾਤਰ ਰਲੇ -ਮਿਲੇ ਫਿਰਕਿਆਂ ਦੀ ਆਬਾਦੀ ਹੈ ਇੱਥੇ ਦੂਜਿਆਂ ਸੂਬਿਆਂ ਤੋਂ ਆਏ ਲੋਕਾਂ ਦੀ ਵੱਡੀ ਗਿਣਤੀ ਹੈ।
ਉਹ ਕਹਿੰਦੇ ਹਨ, "ਭਾਰਤ ਦੀ ਪਹਿਲੀ ਕੋਲਾ ਖਾਣ ਰਾਣੀਗੰਜ 'ਚ ਹੀ ਸ਼ੁਰੂ ਹੋਈ ਸੀ। ਇੱਥੇ ਭਾਰਤ ਦੇ ਵੱਖ - ਵੱਖ ਹਿੱਸਿਆਂ ਤੋਂ ਲੋਕ ਆ ਕੇ ਵਸੇ ਅਤੇ ਇਸ ਲਈ ਇਸ ਨੂੰ ਮਿੰਨੀ ਇੰਡੀਆ ਵੀ ਕਿਹਾ ਜਾਂਦਾ ਹੈ। ਗੰਗਾ-ਜਮਨਾ ਤਹਿਜ਼ੀਬ ਇਥੇ ਦੀ ਖ਼ਾਸ ਪਛਾਣ ਰਹੀ ਹੈ। ਅਸੀਂ ਲੋਕ ਸੋਚ ਵੀ ਨਹੀਂ ਸਕਦੇ ਸੀ ਕਿ ਰਾਣੀਗੰਜ 'ਚ ਵੀ ਫਿਰਕੂ ਤਣਾਅ ਹੋ ਜਾਵੇਗਾ।"
ਇਥੋਂ ਦੇ ਆਮ ਲੋਕ, ਵਪਾਰੀ, ਸਮਾਜ ਸੇਵੀ ਅਤੇ ਸਥਾਨਕ ਨੇਤਾ ਦੰਗਿਆਂ ਦੇ ਦੋ ਵੱਡੇ ਕਾਰਨ ਦੱਸਦੇ ਹਨ।
ਪ੍ਰਸ਼ਾਸਨ ਦੀ ਜ਼ਿੰਮੇਵਾਰੀ
ਪਹਿਲੀ ਰਾਮਨੌਮੀ ਦੇ ਜਲੂਸ 'ਚ ਭੜਕਾਊ ਨਾਅਰੇਬਾਜ਼ੀ, ਦੂਜੀ ਪੁਲਿਸ ਦੀ ਸਥਿਤੀ ਦਾ ਅੰਦਾਜ਼ਾ ਅਤੇ ਸਾਂਭਣ 'ਚ ਪੂਰੀ ਤਰ੍ਹਾਂ ਅਸਫਲ ਰਹਿਣਾ।
ਰਾਣੀਗੰਜ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਰਾਜਿੰਦਰ ਪ੍ਰਸਾਦ ਖੇਤਾਨ ਕਹਿੰਦੇ ਹਨ, "ਦੰਗੇ ਰੋਕਣਾ ਪ੍ਰਸ਼ਾਸਨ ਦੀ ਜ਼ਿੰਮੇਵਰੀ ਹੈ। ਰਾਮਨੌਮੀ ਦੇ ਜਲੂਸ ਨੂੰ ਲੈ ਕੇ ਦੰਗਾ ਹੋਇਆ. ਪਿਛਲੇ 4-5 ਸਾਲਾਂ ਤੋਂ ਹਰ ਸਾਲ ਰਾਮਨੌਮੀ 'ਤੇ ਵੱਡੀਆਂ ਧਾਰਮਿਕ ਯਾਤਰਾ ਕੱਢੀਆਂ ਜਾਂਦੀਆਂ ਹਨ।"
"ਸਾਰਿਆਂ ਨੂੰ ਪਤਾ ਸੀ ਕਿ 10-15 ਹਜ਼ਾਰ ਲੋਕ ਰਹਿਣਗੇ। ਉਨ੍ਹਾਂ ਨੂੰ ਕਾਬੂ ਵਿੱਚ ਰੱਖਣ ਲਈ, ਅਮਨ-ਕਾਨੂੰਨ ਦੀ ਸਥਿਤੀ ਨੂੰ ਸਾਂਭਣ ਲਈ ਸਭ ਤੋਂ ਪਹਿਲੀ ਜ਼ਿੰਮੇਵਾਰੀ ਤਾਂ ਪ੍ਰਸ਼ਾਸਨ ਦੀ ਹੈ।"
ਖੇਤਾਨ ਕਹਿੰਦੇ ਹਨ, "ਸਰਕਾਰ ਦਾ ਖ਼ੁਫ਼ੀਆ ਤੰਤਰ ਸਥਿਤੀ 'ਤੇ ਨਜ਼ਰ ਰੱਖਣ ਦਾ ਕੰਮ ਕਰਦਾ ਹੈ ਅਤੇ ਉਸੇ ਆਧਾਰ 'ਤੇ ਸਥਾਨਕ ਪ੍ਰਸ਼ਾਸਨ ਵਿਵਸਥਾ ਕਰਦਾ ਹੈ। ਲੋੜ ਪੈਣ 'ਤੇ ਸੁਰੱਖਿਆ ਬਲ ਤਾਇਨਾਤ ਕੀਤੇ ਜਾਂਦੇ ਹਨ। ਜੇਕਰ ਵਿਵਸਥਾ ਹੀ ਨਹੀਂ ਹੋਵੇਗੀ ਤਾਂ ਸਥਿਤੀ ਕਿਵੇਂ ਕਾਬੂ 'ਚ ਹੋਵੇਗੀ?"
ਲੋਕਾਂ ਦੇ ਦਿਲ ਟੁੱਟ ਗਏ ਹਨ...
ਰਾਜਿੰਦਰ ਪ੍ਰਸਾਦ ਖੇਤਾਨ ਮੁਤਾਬਕ, "26 ਮਾਰਚ ਨੂੰ ਦੰਗੇ ਹੋਏ। ਹੁਣ ਤੱਕ ਬਾਜ਼ਾਰ ਦੇ ਹਾਲਾਤ ਆਮ ਨਹੀਂ ਹੋ ਸਕੇ। ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਅਸੀਂ ਪੂਰਾ ਅੰਦਾਜ਼ਾ ਨਹੀਂ ਲਗਾ ਸਕੇ ਹਾਂ। ਸਭ ਤੋਂ ਵੱਧ ਨੁਕਸਾਨ ਇਹ ਹੈ ਕਿ ਲੋਕਾਂ ਦੇ ਦਿਲ ਟੁੱਟ ਗਏ ਹਨ, ਸਾਡੇ ਸ਼ਹਿਰ ਦੀ ਗੰਗਾ-ਜਮਨਾ ਤਹਿਜ਼ੀਬ ਹੈ ਉਸ ਨੂੰ ਨੁਕਸਾਨ ਪਹੁੰਚਿਆ ਹੈ।"

"ਆਪਸੀ ਰਿਸ਼ਤੇ ਟੁੱਟ ਰਹੇ ਹਨ, ਸਾਨੂੰ ਉਨ੍ਹਾਂ ਦਾ ਚਿੰਤਾ ਜ਼ਿਆਦਾ ਹੈ। ਦੰਗਾਕਾਰੀ ਅੱਗ ਲੈ ਕੇ ਚਲੇ ਜਾਂਦੇ ਹਨ ਅਤੇ ਸਾਡੇ ਸ਼ਹਿਰ ਦੇ ਲੋਕ ਆਪਣੇ ਜ਼ਖ਼ਮਾਂ ਨੂੰ ਚੱਟਦੇ ਰਹਿੰਦੇ ਹਨ, ਸਾਨੂੰ ਇਸ ਗੱਲ ਦੀ ਤਕਲੀਫ਼ ਜ਼ਿਆਦਾ ਹੈ।"
ਸ਼ਨੀਵਾਰ ਨੂੰ ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਹਿੰਸਾ ਪ੍ਰਭਾਵਿਤ ਆਸਨਸੋਲ ਅਤੇ ਰਾਣੀਗੰਜ ਦਾ ਦੌਰਾ ਕੀਤਾ।
ਸਥਾਨਕ ਪੁਲਿਸ ਅਧਿਕਾਰੀ ਟਾਇਰਾਂ ਦੀ ਇੱਕ ਸੜੀ ਹੋਈ ਦੁਕਾਨ ਦਿਖਾਉਂਦੇ ਹੋਏ, ਰਾਜਪਾਲ ਨੂੰ ਦੱਸ ਰਹੇ ਸਨ, "ਜਲੂਸ ਭੜਕ ਗਿਆ ਸੀ। ਡੀਜੇ ਅਤੇ ਨਾਅਰੇਬਾਜ਼ੀ ਦੇ ਚਲਦਿਆਂ ਤਣਾਅ ਪੈਦਾ ਹੋ ਗਿਆ ਅਤੇ ਲੋਕ ਆਹਮੋ-ਸਾਹਮਣੇ ਆ ਗਏ।"
ਮੰਦਿਰ 'ਤੇ ਲਹਿਰਾ ਰਿਹਾ ਭਗਵਾ ਝੰਡਾ
ਆਈਪੀਐੱਸ ਅਧਿਕਾਰੀ ਸ਼ਾਇਦ ਦਾਸ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੂੰ ਸਥਿਤੀ ਸਮਝਾ ਹੀ ਰਹੇ ਸਨ ਕਿ ਰਾਣੀਗੰਜ ਦੇ ਇੱਕ ਬਜ਼ੁਰਗ ਪੱਤਰਕਾਰ ਨੇ ਆਪਣਾ ਕਾਰਡ ਰਾਜਪਾਲ ਦੇ ਹੱਥਾਂ ਵਿੱਚ ਦਿੱਤਾ।
ਰਾਜਪਾਲ ਨੇ ਜਦੋਂ ਪੁੱਛਿਆ, 'ਕੀ ਹੋਇਆ' ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਜੋ ਨਹੀਂ ਹੋਣਾ ਚਾਹੀਦਾ ਸੀ ਉਹ ਹੋ ਗਿਆ। ਅਸੀਂ ਕਦੇ ਅਜਿਹਾ ਨਹੀਂ ਦੇਖਿਆ ਸੀ। ਆਪਸ ਵਿੱਚ ਦਰਾਰ ਪੈ ਗਈ ਹੈ। ਜੋ ਭਰਾ ਮਿਲ-ਜੁਲ ਕੇ ਰਹਿੰਦੇ ਸਨ, ਉਨ੍ਹਾਂ ਵਿੱਚ ਦਰਾਰ ਪੈ ਗਈ ਹੈ।"
ਪੱਤਰਕਾਰ ਰਾਜਪਾਲ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੱਟਿਆ ਬਾਜ਼ਾਰ ਲੈ ਕੇ ਜਾਣਾ ਚਾਹੁੰਦੇ ਸਨ, ਪਰ ਸਥਾਨਕ ਪੁਲਿਸ ਨੇ ਕਿਹਾ ਕਿ ਅੱਗੇ ਗੱਡੀ ਨਹੀਂ ਜਾ ਸਕਦੀ ਹੈ।
ਰਾਜਪਾਲ ਹੱਟਿਆ ਬਾਜ਼ਾਰ ਦੀ ਹਾਲਤ ਨਹੀਂ ਦੇਖ ਸਕੇ ਪਰ ਬਾਜ਼ਾਰ ਦੇ ਕੋਨੇ 'ਤੇ ਸਥਿਤ ਮੰਦਿਰ 'ਤੇ ਲਹਿਰਾ ਰਿਹਾ ਭਗਵਾ ਝੰਡਾ ਅਤੇ ਨੇੜੇ ਹੀ ਮਸਜਿਦ ਦੀ ਮੀਨਾਰ ਹਟਿਆ ਬਾਜ਼ਾਰ ਨੂੰ ਦੇਖ ਰਹੀ ਹੈ, ਠੀਕ ਉਵੇਂ ਜਿਵੇਂ ਰਾਣੀਗੰਜ ਦੇ ਲੋਕ ਇੱਕ ਦੂਜੇ ਦਾ ਚਿਹਰਾ ਦੇਖ ਰਹੇ ਹਨ। ਜਿਵੇਂ ਪੁੱਛੇ ਰਹੇ ਹੋਣ ਕਿ ਇਹ ਰਾਣੀਗੰਜ ਨੂੰ ਕੀ ਹੋ ਗਿਆ ਹੈ?












