You’re viewing a text-only version of this website that uses less data. View the main version of the website including all images and videos.
ਦੁਨੀਆਂ ਭਰ ਦੀਆਂ ਔਰਤਾਂ ਆਪਣੇ ਪਤੀਆਂ ਨਾਲੋਂ ਘੱਟ ਪੈਸੇ ਕਿਉਂ ਕਮਾਉਂਦੀਆਂ ਹਨ?-ਰਿਪੋਰਟ 'ਚ ਸਾਹਮਣੇ ਆਈ ਸੱਚਾਈ
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਕੀ ਤੁਸੀਂ ਆਪਣੇ ਪਤੀ ਦੇ ਬਰਾਬਰ ਪੈਸੇ ਕਮਾਉਂਦੇ ਹੋ?
ਇੱਕ ਨਵੇਂ ਵਿਸ਼ਵ ਪੱਧਰ 'ਤੇ ਹੋਏ ਅਧਿਐਨ ਦੌਰਾਨ, ਜ਼ਿਆਦਾਤਰ ਔਰਤਾਂ ਨੇ ਇਸ ਪ੍ਰਸ਼ਨ ਦਾ ਉੱਤਰ 'ਨਹੀਂ' ਵਿੱਚ ਦਿੱਤਾ।
ਇਸ ਅਧਿਐਨ ਵਿੱਚ, 45 ਵੱਖ-ਵੱਖ ਦੇਸ਼ਾਂ ਵਿੱਚ ਜਨਤਕ ਤੌਰ 'ਤੇ ਉਪਲਬਧ ਅੰਕੜਿਆਂ ਦੀ ਮਦਦ ਨਾਲ ਸਾਲ 1973 ਤੋਂ 2016 ਦੇ ਵਿਚਕਾਰ ਔਰਤਾਂ ਦੀ ਆਮਦਨ ਦੀ ਪੜਤਾਲ ਕੀਤੀ ਗਈ।
ਇਹ ਦੁਨੀਆਂ ਦਾ ਪਹਿਲਾ ਅਜਿਹਾ ਸਰਵੇਖਣ ਹੈ ਜਿਸ ਵਿੱਚ ਔਰਤਾਂ ਅਤੇ ਉਨ੍ਹਾਂ ਦੇ ਪਤੀਆਂ ਦੀ ਕਮਾਈ ਦੀ ਤੁਲਨਾ ਕੀਤੀ ਗਈ ਹੈ।
ਭਾਰਤੀ ਪ੍ਰਬੰਧਨ ਸੰਸਥਾਨ (ਆਈਆਈਐੱਮ) ਬੰਗਲੌਰ ਵਿੱਚ ਸੈਂਟਰ ਫਾਰ ਪਬਲਿਕ ਪਾਲਿਸੀ ਦੇ ਪ੍ਰੋਫੈਸਰ ਹੇਮਾ ਸਵਾਮੀਨਾਥਨ ਅਤੇ ਪ੍ਰੋਫੈਸਰ ਦੀਪਕ ਮਲਗਨ ਸਣੇ ਹੋਰ ਖੋਜਕਾਰਾਂ ਨੇ 18-65 ਸਾਲਾਂ ਦੇ ਵਰਗ ਵਾਲੇ ਜੋੜਿਆਂ ਵਿੱਚਕਾਰ ਅਤੇ 28.5 ਲੱਖ ਘਰਾਂ ਵਿੱਚ ਪਤੀ-ਪਤਨੀ ਦੀ ਕਮਾਈ ਦਾ ਤੁਲਨਾਤਮਕ ਅਧਿਐਨ ਕੀਤਾ।
ਘਰਾਂ ਅੰਦਰ ਵੱਡੀ ਅਸਮਾਨਤਾ
ਇਸ ਸਰਵੇਖਣ ਲਈ ਲਗਜ਼ਮਬਰਗ ਇਨਕਮ ਸਟਡੀ (ਐੱਲਆਈਐੱਸ) ਨਾਂ ਦੇ ਇੱਕ ਐੱਨਜੀਓ ਨੇ ਅੰਕੜੇ ਇਕੱਠੇ ਕੀਤੇ ਸਨ।
ਪ੍ਰੋਫੈਸਰ ਸਵਾਮੀਨਾਥਨ ਕਹਿੰਦੇ ਹਨ, "ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਘਰਾਂ ਵਿੱਚ ਸਮਾਨਤਾ ਹੋਵੇਗੀ ਅਤੇ ਆਮਦਨੀ ਨੂੰ ਬਰਾਬਰ ਵੰਡਿਆ ਜਾਵੇਗਾ, ਪਰ ਅਸਲ ਵਿੱਚ ਘਰਾਂ ਵਿੱਚ ਬਹੁਤ ਅਸਮਾਨਤਾਵਾਂ ਹੁੰਦੀਆਂ ਹਨ ਅਤੇ ਅਸੀਂ ਇਸ ਨੂੰ ਸਭ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਸੀ।"
ਇਸ ਰਿਪੋਰਟ ਵਿੱਚ ਘਰਾਂ ਨੂੰ 'ਕਾਲਾ ਡੱਬਾ' ਕਿਹਾ ਗਿਆ ਹੈ।
ਪ੍ਰੋਫੈਸਰ ਸਵਾਮੀਨਾਥਨ ਕਹਿੰਦੇ ਹਨ, "ਅਸੀਂ ਇਸ ਕਾਲੇ ਡੱਬੇ ਦੇ ਅੰਦਰ ਨਹੀਂ ਵੇਖ ਰਹੇ ਹਾਂ, ਪਰ ਜੇ ਅਸੀਂ ਅੰਦਰ ਨਹੀਂ ਵੇਖਾਂਗੇ ਤਾਂ ਤਸਵੀਰ ਕਿਵੇਂ ਬਦਲੇਗੀ"?
ਇਹ ਤਾਂ ਸਪੱਸ਼ਟ ਹੈ ਕਿ ਭਾਰਤੀਆਂ ਵਿੱਚ ਲਿੰਗ ਅਸਮਾਨਤਾ ਹੈ ਅਤੇ ਆਮ ਤੌਰ 'ਤੇ ਕਾਰਜ ਖੇਤਰ ਵਿੱਚ ਬਹੁਤ ਘੱਟ ਔਰਤਾਂ ਹਨ ਅਤੇ ਜੋ ਹਨ ਉਹ ਵੀ ਫੁਲ ਟਾਈਮ ਕੰਮ ਘੱਟ ਹੀ ਕਰਦੀਆਂ ਹਨ।
ਪ੍ਰੋਫੈਸਰ ਸਵਾਮੀਨਾਥਨ ਅਤੇ ਪ੍ਰੋਫੈਸਰ ਮਲਗਨ ਭਾਰਤ ਤੋਂ ਇਲਾਵਾ ਵਿਸ਼ਵੀ ਸਥਿਤੀ ਦੀ ਜਾਂਚ ਵੀ ਕਰਨਾ ਚਾਹੁੰਦੇ ਸਨ।
ਉਨ੍ਹਾਂ ਕਿਹਾ, "ਮਿਸਾਲ ਵਜੋਂ, ਨੌਰਡਿਕ ਦੇਸ਼ਾਂ (ਨਾਰਵੇ, ਡੈਨਮਾਰਕ, ਸਵੀਡਨ, ਫਿਨਲੈਂਡ ਅਤੇ ਆਈਸਲੈਂਡ) ਨੂੰ ਲਿੰਗ ਸਮਾਨਤਾ ਦੀ ਉਮੀਦ ਨਾਲ ਵੇਖਿਆ ਜਾਂਦਾ ਹੈ, ਪਰ ਉੱਥੇ ਅਸਲ ਵਿੱਚ ਕੀ ਸਥਿਤੀ ਹੈ? ਕੀ ਉੱਥੇ ਘਰਾਂ ਵਿੱਚ ਕੰਮ ਅਤੇ ਪੈਸੇ ਦੀ ਬਰਾਬਰ ਵੰਡ ਹੈ?"
ਖੋਜਕਾਰਾਂ ਨੇ ਵੱਖੋ-ਵੱਖਰੇ ਦੇਸ਼ਾਂ ਨੂੰ ਆਮ ਤੌਰ 'ਤੇ ਮੌਜੂਦ ਅਸਮਾਨਤਾ ਅਤੇ ਘਰਾਂ ਵਿੱਚ ਅਸਮਾਨਤਾ ਮੁਤਾਬਕ ਵੱਖਰੀ ਰੈਂਕਿੰਗ ਦਿੱਤੀ ਹੈ।
ਸਰਵੇਖਣ ਦੇ ਨਤੀਜਿਆਂ ਅਨੁਸਾਰ, ਲਿੰਗ ਅਸਮਾਨਤਾ ਪੂਰੀ ਦੁਨੀਆਂ ਵਿੱਚ, ਹਰ ਵੇਲੇ, ਗਰੀਬ ਅਤੇ ਅਮੀਰ ਹਰ ਪ੍ਰਕਾਰ ਦੇ ਘਰਾਂ ਵਿੱਚ ਮੌਜੂਦ ਰਹੀ ਹੈ।
ਇਹ ਵੀ ਪੜ੍ਹੋ-
ਦੁਨੀਆਂ ਦੇ ਹਰ ਦੇਸ਼ ਵਿੱਚ ਅਸਮਾਨਤਾ
ਪ੍ਰੋਫੈਸਰ ਮਲਗਨ ਨੇ ਦੱਸਿਆ, "ਤਾਜ਼ਾ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਜੇ ਪਤੀ ਅਤੇ ਪਤਨੀ ਦੋਵੇਂ ਬਾਹਰ ਕੰਮ ਕਰਦੇ ਹਨ, ਤਾਂ ਅਜਿਹਾ ਕੋਈ ਵੀ ਦੇਸ਼ (ਨਾ ਤਾਂ ਵਿਕਾਸਸ਼ੀਲ ਤੇ ਨਾ ਹੀ ਵਿਕਸਤ) ਨਹੀਂ ਹੈ ਜਿੱਥੇ ਪਤਨੀਆਂ ਆਪਣੇ ਪਤੀ ਦੇ ਬਰਾਬਰ ਪੈਸੇ ਕਮਾਉਂਦੀਆਂ ਹੋਣ।"
ਉਨ੍ਹਾਂ ਕਿਹਾ, "ਇੱਥੋਂ ਤੱਕ ਕਿ ਲਿੰਗ ਅਸਮਾਨਤਾ ਦੇ ਸਭ ਤੋਂ ਹੇਠਲੇ ਪੱਧਰ ਵਾਲੇ ਨੌਰਡਿਕ ਦੇਸ਼ਾਂ ਵਿੱਚ ਵੀ ਅਸੀਂ ਦੇਖਿਆ ਕਿ ਕਮਾਈ ਵਿੱਚ ਔਰਤਾਂ ਦਾ ਹਿੱਸਾ 50% ਤੋਂ ਘੱਟ ਹੀ ਹੈ।
ਔਰਤਾਂ ਦੇ ਘੱਟ ਪੈਸੇ ਕਮਾਉਣ ਦੇ ਕੁਝ ਕਾਰਨ ਸਾਰੀਆਂ ਥਾਵਾਂ 'ਤੇ ਇੱਕੋ-ਜਿਹੇ ਹਨ।
ਜਿਵੇਂ ਕਿ ਲਗਭਗ ਹਰੇਕ ਸੱਭਿਆਚਾਰ ਵਿੱਚ ਮਰਦਾਂ ਨੂੰ ਰੋਜ਼ੀ-ਰੋਟੀ ਕਮਾਉਣ ਵਾਲਾ ਅਤੇ ਔਰਤਾਂ ਨੂੰ ਘਰ ਸੰਭਾਲਣ ਵਾਲੀ ਮੰਨਿਆ ਜਾਂਦਾ ਹੈ।
ਕਈ ਔਰਤਾਂ ਮਾਂ ਬਣਨ ਤੋਂ ਬਾਅਦ, ਬਿਨਾਂ ਤਨਖਾਹ ਜਾਂ ਤਨਖਾਹ ਸਹਿਤ ਕੰਮ ਤੋਂ ਛੁੱਟੀ ਲੈਂਦੀਆਂ ਹਨ।
ਇਸ ਤੋਂ ਇਲਾਵਾ, ਲਿੰਗ ਅਨੁਸਾਰ ਤਨਖਾਹ ਵਿੱਚ ਅੰਤਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀ ਸੱਚਾਈ ਹੈ।
ਘਰ ਦੇ ਕੰਮਾਂ ਤੋਂ ਲੈ ਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਜ਼ਿਆਦਾਤਰ ਔਰਤਾਂ ਦੇ ਸਿਰ ਹੁੰਦੀ ਹੈ ਅਤੇ ਜਿਸ ਲਈ ਉਨ੍ਹਾਂ ਨੂੰ ਕੋਈ ਪੈਸੇ ਵੀ ਨਹੀਂ ਮਿਲਦੇ।
ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੀ ਸਾਲ 2018 ਦੀ ਰਿਪੋਰਟ ਦੇ ਅਨੁਸਾਰ, ਦੁਨੀਆ ਭਰ ਵਿੱਚ ਔਰਤਾਂ ਘਰ ਵਿੱਚ ਬਿਨਾਂ ਤਨਖਾਹ ਦੇ ਕੰਮ ਦੇ ਘੰਟਿਆਂ ਦਾ 76.2% ਹਿੱਸਾ ਪੂਰਾ ਕਰਦਿਆਂ ਹਨ।
ਜੋ ਮਰਦਾਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ। ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਤਾਂ ਇਹ ਹੋਰ ਜ਼ਿਆਦਾ ਵੱਧ ਕੇ 80% ਤੱਕ ਪਹੁੰਚ ਜਾਂਦਾ ਹੈ।
ਇਸ ਰਿਪੋਰਟ ਵਿੱਚ, ਬਿਨਾਂ ਤਨਖਾਹ ਦੇ ਘਰੇਲੂ ਕੰਮਾਂ ਨੂੰ ਔਰਤਾਂ ਨੂੰ ਅੱਗੇ ਵਧਣ ਅਤੇ ਵਾਪਸ ਪਰਤਣ ਤੋਂ ਰੋਕਣ ਦਾ ਮੁੱਖ ਕਾਰਨ ਦੱਸਿਆ ਗਿਆ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਘੱਟ ਕਮਾਈ ਦਾ ਅਸਰ ਨਾ ਕੇਵਲ ਆਰਥਿਕ ਤੌਰ 'ਤੇ ਹੁੰਦਾ ਹੈ ਬਲਕਿ ਇਹ ਸਮਾਜਿਕ ਤੌਰ 'ਤੇ ਵੀ ਉਨ੍ਹਾਂ ਨੂੰ ਬਾਹਰ ਅਤੇ ਘਰਾਂ ਵਿੱਚ ਨੀਵੇਂ ਪੱਧਰ 'ਤੇ ਰੱਖਦਾ ਹੈ।
ਔਰਤਾਂ ਦਾ ਆਰਥਿਕ ਭਵਿੱਖ ਖਤਰੇ ਵਿੱਚ
ਪ੍ਰੋਫੈਸਰ ਸਵਾਮੀਨਾਥਨ ਕਹਿੰਦੇ ਹਨ, "ਪਤਨੀ ਘਰ ਵਿੱਚ ਜੋ ਕੰਮ ਕਰਦੀ ਹੈ, ਉਹ ਕਿਸੇ ਨੂੰ ਨਹੀਂ ਦਿਖਾਈ ਦਿੰਦਾ, ਕਿਉਂਕਿ ਇਨ੍ਹਾਂ ਕੰਮਾਂ ਦੇ ਬਦਲੇ ਉਸ ਨੂੰ ਨਕਦੀ ਨਹੀਂ ਮਿਲਦੀ।"
"ਇਸ ਲਈ ਪੈਸੇ ਕਮਾਉਣ ਅਤੇ ਘਰ ਵਿੱਚ ਨਕਦੀ ਲਿਆਉਣ ਵਾਲੀਆਂ ਪਤਨੀਆਂ ਨੂੰ ਇੱਕ ਵੱਖਰਾ ਸਨਮਾਨ ਮਿਲਦਾ ਹੈ।"
"ਇਹ ਔਰਤ ਦੀ ਸਥਿਤੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਘਰ ਵਿੱਚ ਉਸਦੀ ਆਵਾਜ਼ ਨੂੰ ਮਹੱਤਤਾ ਦਿਵਾਉਂਦਾ ਹੈ।"
ਉਹ ਕਹਿੰਦੇ ਹਨ, "ਔਰਤ ਦੀ ਆਮਦਨੀ ਵਧਣ ਦੇ ਨਾਲ ਹੀ ਉਸ ਦੀ ਫੈਸਲੇ ਲੈਣ ਦੀ ਤਾਕਤ ਵੀ ਵੱਧ ਜਾਂਦੀ ਹੈ। ਇੰਨਾ ਹੀ ਨਹੀਂ, ਅਜਿਹੀ ਸਥਿਤੀ ਵਿੱਚ ਸ਼ੋਸ਼ਣ ਹੋਣ 'ਤੇ ਉਹ ਘਰ ਛੱਡ ਕੇ ਬਾਹਰ ਵੀ ਨਿੱਕਲ ਸਕਦੀ ਹੈ।"
ਪ੍ਰੋਫੈਸਰ ਮਲਗਨ ਕਹਿੰਦੇ ਹਨ ਕਿ ਇਸ ਅਸਮਾਨਤਾ ਕਾਰਨ ਔਰਤਾਂ ਦੀ ਆਰਥਿਕ ਸੁਰੱਖਿਆ ਵੀ ਪ੍ਰਭਾਵਿਤ ਹੁੰਦੀ ਹੈ।
ਕਿਉਂਕਿ ਔਰਤਾਂ ਦੀ ਕੁੱਲ ਆਮਦਨੀ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ, ਇਸ ਲਈ ਉਨ੍ਹਾਂ ਦੀ ਬਚਤ ਅਤੇ ਰਿਟਾਇਰਮੈਂਟ ਤੋਂ ਬਾਅਦ ਦੀ ਪੈਨਸ਼ਨ ਵੀ ਘੱਟ ਰਹਿ ਜਾਂਦੀ ਹੈ।
ਇੱਕ ਚੰਗੀ ਖ਼ਬਰ
ਹਾਲਾਂਕਿ, ਇਸ ਰਿਪੋਰਟ ਵਿੱਚ ਇੱਕ ਚੰਗੀ ਖਬਰ ਵੀ ਸਾਹਮਣੇ ਆਈ ਹੈ।
ਇਸ ਅਨੁਸਾਰ, ਸਾਲ 1973 ਦੇ ਮੁਕਾਬਲੇ ਸਾਲ 2016 ਵਿੱਚ, ਇੱਕ ਘਰ ਵਿੱਚ ਪਤੀ ਅਤੇ ਪਤਨੀ ਦੀ ਆਮਦਨੀ ਵਿੱਚ ਅੰਤਰ 20% ਤੱਕ ਹੋ ਗਿਆ ਸੀ।
ਪ੍ਰੋਫੈਸਰ ਸਵਾਮੀਨਾਥਨ ਦੱਸਦੇ ਹਨ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ, ਕਾਰਜ ਖੇਤਰ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਣ ਨਾਲ ਆਰਥਿਕ ਵਿਕਾਸ ਅਤੇ ਆਰਥਿਕ ਵਾਧੇ ਵਿੱਚ ਸਹਾਇਤਾ ਮਿਲੀ ਹੈ।
ਉਨ੍ਹਾਂ ਕਿਹਾ, "ਦੁਨੀਆਂ ਦੇ ਕਈ ਹਿੱਸਿਆਂ ਵਿੱਚ ਔਰਤਾਂ ਦੇ ਹਿੱਤਾਂ ਲਈ ਬਣਾਈਆਂ ਗਈਆਂ ਨੀਤੀਆਂ ਕਾਰਨ ਵੀ ਇਹ ਅਸਮਾਨਤਾ ਘੱਟ ਹੋਈ ਹੈ।"
"ਕਈ ਦੇਸ਼ਾਂ ਵਿੱਚ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਅੰਦੋਲਨ ਵੀ ਹੋਏ ਹਨ। ਇਨ੍ਹਾਂ ਕਰਕੇ ਅਸਮਾਨਤਾ ਘੱਟ ਹੋਈ ਹੈ।"
ਅਜੇ ਬਹੁਤ ਕੁਝ ਬਦਲਣਾ ਬਾਕੀ ਹੈ...
ਪਰ ਪ੍ਰੋਫੈਸਰ ਸਵਾਮੀਨਾਥਨ ਇਸ ਤੱਥ 'ਤੇ ਵੀ ਧਿਆਨ ਦਿਵਾਉਂਦੇ ਹਨ ਕਿ ਅਸਮਾਨਤਾ ਵਿੱਚ ਆਈ ਮਾਮੂਲੀ ਕਮੀ ਦੇ ਬਾਵਜੂਦ ਵੀ ਇਸ ਦਾ ਪੱਧਰ ਅਜੇ ਬਹੁਤ ਉੱਚਾ ਹੈ।
ਉਹ ਕਹਿੰਦੇ ਹਨ ਕਿ ਇਸ ਨੂੰ ਹੋਰ ਜ਼ਿਆਦਾ ਬਰਾਬਰੀ 'ਤੇ ਲੈ ਕੇ ਜਾਣ ਦੀ ਲੋੜ ਹੈ।
ਉਨ੍ਹਾਂ ਕਿਹਾ, "ਸਰਕਾਰਾਂ ਜਿੰਨੀਆਂ ਗੱਲਾਂ ਕਰਦੀਆਂ ਹਨ, ਉਨਾਂ ਕੰਮ ਨਹੀਂ ਕਰਦਿਆਂ। ਕੰਪਨੀਆਂ ਜ਼ਿਆਦਾ ਔਰਤਾਂ ਨੂੰ ਨੌਕਰੀਆਂ ਨਹੀਂ ਦੇ ਰਹੀਆਂ। ਹੁਣ ਉਨ੍ਹਾਂ ਨੂੰ ਘਰ ਦਾ ਬਿਨਾਂ ਤਨਖਾਹ ਵਾਲਾ ਕੰਮ ਕਰਨ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਪ੍ਰੋਫੈਸਰ ਸਵਾਮੀਨਾਥਨ ਕਹਿੰਦੇ ਹਨ, "ਸਾਨੂੰ ਪੁੱਛਣਾ ਪਏਗਾ ਕਿ ਕੀ ਔਰਤਾਂ ਦੇ ਕੰਮ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ? ਕੀ ਪਰਿਵਾਰ ਅਤੇ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੀਤੀਆਂ ਬਣਾਈਆਂ ਜਾ ਰਹੀਆਂ ਹਨ?"
"ਸਾਨੂੰ ਮੁੰਡਿਆਂ ਨੂੰ ਵੀ ਇਸ ਤਰੀਕੇ ਨਾਲ ਸਿੱਖਿਅਤ ਕਰਨਾ ਪਏਗਾ ਕਿ ਉਹ ਵੀ ਘਰ ਦੇ ਬਿਨਾਂ ਪੈਸੇ ਵਾਲੇ ਕੰਮਾਂ ਵਿੱਚ ਬਰਾਬਰ ਭਾਗੀਦਾਰ ਬਣਨ।"
ਪ੍ਰੋਫੈਸਰ ਸਵਾਮੀਨਾਥਨ ਕਹਿੰਦੇ ਹਨ ਕਿ ਹਾਲੇ ਵੀ ਸਰਕਾਰਾਂ ਅਤੇ ਸਮਾਜ ਦੁਆਰਾ ਬਹੁਤ ਕੁਝ ਕਰਨਾ ਬਾਕੀ ਹੈ ਕਿਉਂਕਿ ਮੌਜੂਦਾ ਸਥਿਤੀ ਉਚਿਤ ਨਹੀਂ ਹੈ।
ਇਹ ਵੀ ਪੜ੍ਹੋ: