ਅਫ਼ਗਾਨਿਸਤਾਨ: ਅਹਿਮਦ ਸ਼ਾਹ ਮਸੂਦ ਦੇ ਪੁੱਤਰ ਨੇ ਦੁਨੀਆਂ ਨੂੰ ਕੀ ਅਪੀਲ ਕੀਤੀ ਹੈ

ਤਾਲਿਬਾਨ ਵਿਰੋਧੀ ਮਰਹੂਮ ਅਫ਼ਗਾਨ ਨੇਤਾ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਨੇ ਤਾਲਿਬਾਨ ਖ਼ਿਲਾਫ਼ ਲੜਨ ਦਾ ਫੈਸਲਾ ਕੀਤਾ ਹੋਇਆ ਸੀ ਅਤੇ 'ਦਿ ਵਾਸ਼ਿੰਗਟਨ ਪੋਸਟ' ਵਿੱਚ ਛਪੇ ਆਪਣੇ ਲੇਖ ਰਾਹੀਂ ਉਨ੍ਹਾਂ ਨੇ ਪੱਛਮੀ ਦੇਸ਼ਾਂ ਨੂੰ ਮਦਦ ਦੀ ਅਪੀਲ ਕੀਤੀ ਹੈ।

ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਾਖ਼ਲੇ ਤੋਂ ਬਾਅਦ ਆਪਣੀ ਆਮਦ ਦਾ ਐਲਾਨ ਕਰ ਦਿੱਤਾ ਹੈ।

ਪਰ ਦੇਸ਼ ਵਿੱਚ ਕੁਝ ਲੋਕ ਵਿਰੋਧ ਵਿੱਚ ਖੜ੍ਹੇ ਹੋ ਰਹੇ ਹਨ ਅਤੇ ਇਕੱਠੇ ਹੋ ਰਹੇ ਹਨ। ਇਨ੍ਹਾਂ ਲੋਕਾਂ ਵਿੱਚੋਂ ਇੱਕ ਅਹਿਮਦ ਮਸੂਦ ਹੈ ਜਿਸ ਨੇ ਤਾਲਿਬਾਨ ਦੇ ਖ਼ਿਲਾਫ਼ ਜੰਗ ਲੜਨ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਨੇ ਆਪਣੇ ਆਪ ਨੂੰ 'ਨੈਸ਼ਨਲ ਰਜਿਸਟੈਂਸ ਫ੍ਰੰਟ ਅਫ਼ਗਾਨਿਸਤਾਨ' ਦਾ ਆਗੂ ਦੱਸਿਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਵਾਸ਼ਿੰਗਟਨ ਪੋਸਟ' ਵਿੱਚ ਛਪੇ ਆਪਣੇ ਲੇਖ ਰਾਹੀਂ ਉਨ੍ਹਾਂ ਨੇ ਦੁਨੀਆਂ ਨੂੰ ਮਦਦ ਦੀ ਅਪੀਲ ਵੀ ਕੀਤੀ ਹੈ।

ਇਹ ਵੀ ਪੜ੍ਹੋ:

ਅਹਿਮਦ ਮਸੂਦ 'ਸ਼ੇਰ-ਏ-ਪੰਜਸ਼ੀਰ' ਦੇ ਨਾਮ ਨਾਲ ਮਸ਼ਹੂਰ ਅਫ਼ਗਾਨ ਨੇਤਾ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਹਨ।

ਆਪਣੇ ਪਿਤਾ ਅਤੇ ਮਸ਼ਹੂਰ ਅਫ਼ਗਾਨ ਨੇਤਾ ਅਹਿਮਦ ਸ਼ਾਹ ਮਸੂਦ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਅਹਿਮਦ ਮਸੂਦ ਨੇ ਵੀ ਤਾਲਿਬਾਨ ਖ਼ਿਲਾਫ਼ ਲੜਨ ਦਾ ਫ਼ੈਸਲਾ ਕੀਤਾ ਹੈ।

ਤਾਲਿਬਾਨ ਅੱਗੇ ਨਾ ਝੁਕਣਾ ਹੈ ਪੰਜਸ਼ੀਰ ਲਈ ਪੁਰਾਣਾ

ਪੰਜਸ਼ੀਰ ਇੱਕ ਅਜਿਹਾ ਸੂਬਾ ਹੈ ਜਿਸ 'ਤੇ ਤਾਲਿਬਾਨ ਨੇ ਆਪਣਾ ਕਬਜ਼ਾ ਨਹੀਂ ਕੀਤਾ। ਇੱਥੇ ਹੀ ਤਾਲਿਬਾਨ ਵਿਰੋਧੀ ਇਕੱਠੇ ਹੋ ਕੇ ਤਾਲਿਬਾਨ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਰਹੇ ਹਨ।

ਪੰਜਸ਼ੀਰ ਸੂਬਾ ਕਾਬੁਲ ਤੋਂ ਲਗਭਗ ਤਿੰਨ ਘੰਟੇ ਦਾ ਰਸਤਾ ਹੈ।

1996-2001 ਵਿੱਚ ਤਾਲਿਬਾਨ ਦੇ ਪਹਿਲੇ ਦੌਰ ਵਿੱਚ ਵੀ ਇਹ ਸੂਬਾ ਉਨ੍ਹਾਂ ਦੇ ਅਧੀਨ ਨਹੀਂ ਸੀ ਅਤੇ ਇਸ ਨੂੰ ਤਾਲਿਬਾਨ ਖ਼ਿਲਾਫ਼ ਵਿਰੋਧ ਲਈ ਜਾਣਿਆ ਜਾਂਦਾ ਹੈ।

'ਮੈਨੂੰ ਲੱਗਦਾ ਸੀ ਕਿ ਇਹ ਦਿਨ ਆ ਸਕਦਾ ਹੈ'

'ਦਿ ਵਾਸ਼ਿੰਗਟਨ ਪੋਸਟ' ਵਿੱਚ ਅਹਿਮਦ ਮਸੂਦ ਨੇ ਲਿਖਿਆ ਹੈ,"ਮੈਂ ਪੰਜਸ਼ੀਰ ਘਾਟੀ ਤੋਂ ਲਿਖ ਰਿਹਾ ਹਾਂ। ਮੈਂ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਉੱਪਰ ਚੱਲਦੇ ਹੋਏ ਇੱਕ ਵਾਰ ਫਿਰ ਤਾਲਿਬਾਨ ਨਾਲ ਲੜਾਈ ਲਈ ਤਿਆਰ ਹਾਂ।''

''ਸਾਡੇ ਕੋਲ ਹਥਿਆਰ ਅਤੇ ਅਸਲਾ ਮੌਜੂਦ ਹੈ ਜੋ ਅਸੀਂ ਮੇਰੇ ਪਿਤਾ ਦੇ ਸਮੇਂ ਤੋਂ ਇਕੱਠਾ ਕਰ ਰਹੇ ਹਾਂ ਕਿਉਂਕਿ ਸਾਨੂੰ ਲੱਗਦਾ ਸੀ ਕਿ ਇਹ ਦਿਨ ਆ ਸਕਦਾ ਹੈ।"

ਅਹਿਮਦ ਮਸੂਦ ਨੇ ਇਸ ਲੇਖ ਦੀ ਸ਼ੁਰੂਆਤ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਪਿਤਾ ਅਹਿਮਦ ਸ਼ਾਹ ਮਸੂਦ 2001 ਵਿੱਚ ਆਪਣੇ ਕਤਲ ਤੱਕ ਤਾਲਿਬਾਨ ਅਤੇ ਅਲ-ਕਾਇਦਾ ਖ਼ਿਲਾਫ਼ ਅਫ਼ਗਾਨਿਸਤਾਨ ਦੇ ਭਵਿੱਖ ਲਈ ਲੜਦੇ ਰਹੇ ਹਨ।

ਸਾਬਕਾ ਅਧਿਕਾਰੀ ਅਤੇ ਫ਼ੌਜੀ ਹੋ ਰਹੇ ਨੇ ਇਕੱਠੇ

ਮਸੂਦ ਨੇ ਇਸਦੀ ਪੁਸ਼ਟੀ ਕੀਤੀ ਹੈ ਅਤੇ ਆਪਣੇ ਲੇਖ ਵਿੱਚ ਲਿਖਿਆ ਹੈ," ਅਸੀਂ ਪੰਜਸ਼ੀਰ ਵਿੱਚ ਤਾਲਿਬਾਨ ਦੇ ਵਿਰੋਧ ਲਈ ਇਕੱਠਾ ਹੋਣ ਦੀ ਅਫ਼ਗਾਨ ਲੋਕਾਂ ਨੂੰ ਅਪੀਲ ਕੀਤੀ ਹੈ ਅਤੇ ਪਿਛਲੇ 72 ਘੰਟਿਆਂ ਵਿੱਚ ਸਾਨੂੰ ਹੁੰਗਾਰਾ ਮਿਲਿਆ ਹੈ।''

''ਅਫ਼ਗਾਨ ਸੁਰੱਖਿਆ ਬਲਾਂ ਦੇ ਫ਼ੌਜੀ ਵੀ ਸਾਡੇ ਨਾਲ ਜੁੜ ਰਹੇ ਹਨ ਜੋ ਫੌਜ ਦੇ ਆਤਮ ਸਮਰਪਣ ਤੋਂ ਨਿਰਾਸ਼ ਹਨ।"

ਇਸ ਨਾਲ ਹੀ ਮਸੂਦ ਨੇ ਲਿਖਿਆ ਹੈ ਕਿ ਅਫਗਾਨਿਸਤਾਨ ਦੇ ਸਾਬਕਾ ਵਿਸ਼ੇਸ਼ ਸੁਰੱਖਿਆ ਬਲਾਂ ਵਿੱਚ ਕੰਮ ਕਰ ਚੁੱਕੇ ਅਧਿਕਾਰੀ ਵੀ ਉਨ੍ਹਾਂ ਨਾਲ ਜੁੜ ਰਹੇ ਹਨ।

'ਲੋਕਤੰਤਰ ਲਈ ਹਥਿਆਰ' ਬਣੇ ਅਮਰੀਕਾ

ਮਸੂਦ ਅੱਗੇ ਲਿਖਦੇ ਹਨ ਕਿ ਇਹ ਕਾਫ਼ੀ ਨਹੀਂ ਹੈ ਅਤੇ ਉਨ੍ਹਾਂ ਨੇ ਪੱਛਮੀ ਦੇਸ਼ਾਂ ਤੋਂ ਸਹਾਇਤਾ ਅਤੇ ਹਥਿਆਰਾਂ ਰਾਹੀਂ ਮਦਦ ਦੀ ਅਪੀਲ ਵੀ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਤਾਲਿਬਾਨ ਦਾ ਪੰਜਸ਼ੀਰ ਵਿੱਚ ਵਿਰੋਧ ਹੋਵੇਗਾ।

ਇਹ ਵੀ ਪੜ੍ਹੋ:

ਮਸੂਦ ਅਨੁਸਾਰ,"ਭਾਵੇਂ ਅਮਰੀਕਾ ਅਤੇ ਸਹਾਇਕ ਸੁਰੱਖਿਆ ਬਲ ਇਹ ਮੈਦਾਨ ਛੱਡ ਗਏ ਹਨ ਪਰ ਅਮਰੀਕਾ ਹੁਣ ਵੀ 'ਲੋਕਤੰਤਰ ਲਈ ਹਥਿਆਰ 'ਬਣ ਸਕਦਾ ਹੈ।"

ਮਸੂਦ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟੇਨ ਦੀ ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਵੱਲੋਂ ਕੀਤੀ ਸਹਾਇਤਾ ਦਾ ਵੀ ਜ਼ਿਕਰ ਕੀਤਾ।

ਪੱਛਮ ਨਾਲ ਆਪਣੇ ਸਬੰਧਾਂ ਬਾਰੇ ਆਪਣੇ ਪਿਤਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਪੈਰਿਸ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਰਸਤੇ ਦਾ ਨਾਮ ਰੱਖਿਆ ਗਿਆ ਹੈ।

ਅਹਿਮਦ ਮਸੂਦ ਨੇ ਲਿਖਿਆ ਹੈ ,"ਲੰਡਨ ਵਿੱਚ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਸਾਡੀਆਂ ਕਦਰਾਂ ਕੀਮਤਾਂ ਇੱਕੋ ਜਿਹੀਆਂ ਹਨ। ਲੱਖਾਂ ਅਫ਼ਗਾਨ ਲੰਬੇ ਸਮੇਂ ਤੱਕ ਲੜੇ ਹਨ ਤਾਂ ਕਿ ਕੁੜੀਆਂ ਪੜ੍ਹ ਕੇ ਡਾਕਟਰ ਬਣ ਸਕਣ,ਪੱਤਰਕਾਰ ਬੇਖੌਫ ਹੋ ਕੇ ਲਿਖ ਸਕਣ।''

''ਲੋਕ ਸੰਗੀਤ ਅਤੇ ਖੇਡਾਂ ਦਾ ਆਨੰਦ ਚੁੱਕ ਸਕਣ ਜਿਨ੍ਹਾਂ ਨੂੰ ਤਾਲਿਬਾਨ ਨੇ ਇੱਕ ਸਮੇਂ ਬੰਦ ਕਰ ਦਿੱਤਾ ਸੀ।"

ਲੋਕਤੰਤਰ ਖ਼ਿਲਾਫ਼ ਸਾਜ਼ਿਸ਼ਾਂ ਦਾ ਖ਼ਦਸ਼ਾ

ਮਸੂਦ ਨੂੰ ਡਰ ਹੈ ਕਿ ਖੇਡਾਂ ਦੇ ਸਟੇਡੀਅਮ ਲੋਕਾਂ ਨੂੰ ਤਸੀਹੇ ਅਤੇ ਸਜ਼ਾ ਦੇਣ ਲਈ ਵਰਤੇ ਜਾਂਦੇ ਸਨ ਅਤੇ ਹੋ ਸਕਦਾ ਹੈ ਕਿ ਇਹ ਸਭ ਦੁਬਾਰਾ ਸ਼ੁਰੂ ਹੋ ਜਾਵੇ।

ਅਹਿਮਦ ਮਸੂਦ ਨੇ 'ਦਿ ਵਾਸ਼ਿੰਗਟਨ' ਪੋਸਟ ਵਿੱਚ ਆਪਣਾ ਨਜ਼ਰੀਆ ਜ਼ਾਹਿਰ ਕਰਦਿਆਂ ਲਿਖਿਆ ਹੈ ,"ਸਿਰਫ਼ ਤਾਲਿਬਾਨ ਲੋਕਾਂ ਲਈ ਮੁਸੀਬਤ ਨਹੀਂ ਸਗੋਂ ਤਾਲਿਬਾਨ ਦੇ ਰਾਜ ਵਿੱਚ ਉਨ੍ਹਾਂ ਦਾ ਦੇਸ਼ ਕੱਟੜਪੰਥੀ ਇਸਲਾਮਿਕ ਅੱਤਵਾਦ ਦਾ ਕੇਂਦਰ ਬਣ ਜਾਵੇਗਾ ਅਤੇ ਲੋਕਤੰਤਰ ਖ਼ਿਲਾਫ਼ ਸਾਜ਼ਿਸ਼ਾਂ ਰਚੀਆਂ ਜਾਣਗੀਆਂ।"

ਆਪਣੇ ਪਿਤਾ ਦੇ ਅੰਤ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਪਤਾ ਹੈ ਪਰ ਉਹ ਪੰਜਸ਼ੀਰ ਲਈ ਲੜਨਗੇ।

ਇਸ ਲਈ ਉਨ੍ਹਾਂ ਨੂੰ ਹੋਰ ਹਥਿਆਰਾਂ ਅਤੇ ਅਸਲੇ ਦੀ ਜ਼ਰੂਰਤ ਹੈ।

ਅਫ਼ਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਖਿਆ ਸੀ ਕਿ ਉਹ ਦੇਸ਼ ਵਿੱਚ ਹਨ ਅਤੇ ਕਾਨੂੰਨੀ ਰੂਪ ਵਿੱਚ ਦੇਸ਼ ਦੇ ਕਾਰਜਕਾਰੀ ਰਾਸ਼ਟਰਪਤੀ ਹਨ।

ਉਨ੍ਹਾਂ ਨੇ ਆਖਿਆ ਸੀ ਕਿ ਉਹ ਸਾਰੇ ਨੇਤਾਵਾਂ ਦਾ ਸਮਰਥਨ ਅਤੇ ਸਰਬਸੰਮਤੀ ਪਾਉਣ ਲਈ ਸੰਪਰਕ ਵਿੱਚ ਹਨ।

ਸੜਕਾਂ ਉੱਪਰ ਵਿਰੋਧ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਿਲ ਸਨ।

ਅਹਿਮਦ ਮਸੂਦ ਦੇ ਪਿਤਾ ਅਹਿਮਦ ਸ਼ਾਹ ਮਸੂਦ ਦਾ 2001 ਵਿੱਚ ਅਮਰੀਕਾ ਉੱਪਰ ਹੋਏ ਹਮਲੇ ਤੋਂ ਦੋ ਦਿਨ ਪਹਿਲਾਂ ਆਤਮਘਾਤੀ ਹਮਲਾਵਰਾਂ ਨੇ ਕਤਲ ਕੀਤਾ ਗਿਆ ਸੀ।

'ਨਾਰਦਰਨ ਅਲਾਇੰਸ' ਅਤੇ ਅਹਿਮਦ ਸ਼ਾਹ ਮਸੂਦ ਦੇ ਪ੍ਰਸ਼ੰਸਕ ਉਨ੍ਹਾਂ ਦੀ ਬਰਸੀ ਮੌਕੇ ਕਾਬੁਲ ਨੂੰ ਬੰਦ ਕਰਦੇ ਰਹੇ ਹਨ।

ਅਹਿਮਦ ਮਸੂਦ ਨੇ ਅਮਰੀਕਾ ਅਤੇ ਸਹਾਇਕ ਬਲਾਂ ਬਾਰੇ ਲਿਖਿਆ ਹੈ ਕਿ ਉਨ੍ਹਾਂ ਦੀ ਅਤੇ ਅਫ਼ਗਾਨ ਲੋਕਾਂ ਦੀ ਅੱਤਵਾਦ ਨਾਲ ਲੜਾਈ ਸਾਂਝੀ ਹੈ ਅਤੇ ਉਹੀ ਹੁਣ ਆਖ਼ਰੀ ਉਮੀਦ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)