ਕੈਨੇਡਾ ਦੀਆਂ ਸਖ਼ਤ ਪਾਬੰਦੀਆਂ ਕਾਰਨ ਭਾਰਤੀ ਵਿਦਿਆਰਥੀ ਪੈਸੇ ਤੇ ਸਫ਼ਰ ਪੱਖੋਂ ਇੰਝ ਹੋ ਰਹੇ ਪ੍ਰਭਾਵਿਤ- ਪ੍ਰੈੱਸ ਰਿਵੀਊ

ਕੈਨੇਡਾ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ ਨੂੰ 21 ਸਤੰਬਰ ਤੱਕ ਨਾ ਚਲਾਉਣ ਦੇ ਫ਼ੈਸਲੇ ਕਾਰਨ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਮੁਤਾਬਕ ਯਾਤਰੀ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸ਼ਾਮਿਲ ਹਨ, ਨੂੰ ਭਾਰਤ ਤੋਂ ਕੈਨੇਡਾ ਜਾਣ ਲਈ ਤੀਜੇ ਦੇਸ਼ ਰਾਹੀਂ ਹੋ ਕੇ ਜਾਣਾ ਪੈਂਦਾ ਹੈ ਜਿੱਥੇ ਉਨ੍ਹਾਂ ਨੂੰ ਕੋਵਿਡ ਸਬੰਧੀ ਆਰਟੀਪੀਸੀਆਰ ਟੈਸਟ ਵੀ ਕਰਵਾਉਣਾ ਪੈਂਦਾ ਹੈ।

ਇਹ ਤੀਜਾ ਦੇਸ਼ ਕੈਨੇਡਾ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਸੂਚੀ ਵਿੱਚ ਹੋਣਾ ਲਾਜ਼ਮੀ ਹੈ।

ਖ਼ਬਰ ਅਨੁਸਾਰ ਇਸ ਨਾਲ ਕੈਨੇਡਾ ਜਾਣ ਵਾਲੇ ਲੋਕਾਂ ਦਾ ਖਰਚਾ ਵਧ ਰਿਹਾ ਹੈ ਅਤੇ ਯਾਤਰਾ ਵੀ ਲੰਬੀ ਹੋ ਰਹੀ ਹੈ। ਕਈ ਵਾਰ ਭਾਰਤ ਤੋਂ ਕੈਨੇਡਾ ਪਹੁੰਚਣ ਲਈ ਵਿਦਿਆਰਥੀਆਂ ਨੂੰ ਚਾਰ ਦੇਸ਼ਾਂ ਵਿੱਚ ਹੋ ਕੇ ਗੁਜ਼ਰਨਾ ਪੈ ਰਿਹਾ ਹੈ।

ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਭਾਰਤ ਅਤੇ ਕੈਨੇਡਾ ਵਿਚਕਾਰ ਉਡਾਣਾਂ ਸਬੰਧੀ ਏਅਰ ਇੰਡੀਆ ਦੇ ਨੁਮਾਇੰਦੇ ਰੈਸ਼ਲ ਲਾਰੈਂਸ ਨਾਲ ਬੈਠਕ ਕੀਤੀ ਸੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮੁੱਦਾ ਚੁੱਕਿਆ ਸੀ।

ਇਹ ਵੀ ਪੜ੍ਹੋ:

ਜੌਹਨਸਨ ਐਂਡ ਜੌਹਨਸਨ ਨੇ ਕਲੀਨਿਕਲ ਟ੍ਰਾਇਲ ਲਈ ਮੰਗੀ ਇਜਾਜ਼ਤ

ਅਮਰੀਕਾ ਦੀ ਦਵਾਈਆਂ ਨਾਲ ਸਬੰਧਤ ਕੰਪਨੀ ਜੌਹਨਸਨ ਐਂਡ ਜੌਹਨਸਨ ਨੇ ਭਾਰਤ ਵਿੱਚ ਕੋਰੋਨਾਵਾਇਰਸ ਖ਼ਿਲਾਫ਼ ਆਪਣੀ ਇੱਕ ਖ਼ੁਰਾਕ ਵਾਲੀ ਵੈਕਸੀਨ ਦੇ ਕਲੀਨੀਕਲ ਟਰਾਇਲ ਲਈ ਇਜਾਜ਼ਤ ਮੰਗੀ ਹੈ।

ਇਹ ਇਜਾਜ਼ਤ 12-17 ਸਾਲ ਦੇ ਬੱਚਿਆਂ ਲਈ ਮੰਗੀ ਗਈ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਵਿੱਚ ਛਪੀ ਖਬਰ ਮੁਤਾਬਕ ਜੌਹਨਸਨ ਐਂਡ ਜੌਹਨਸਨ ਦੇ ਭਾਰਤ ਵਿੱਚ ਬੁਲਾਰੇ ਵੱਲੋਂ ਦੱਸਿਆ ਹੈ ਕਿ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੂੰ 17 ਅਗਸਤ ਨੂੰ ਇਹ ਅਰਜ਼ੀ ਭੇਜੀ ਗਈ ਹੈ।

ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਨੂੰ ਭਾਰਤ ਵਿੱਚ ਐਮਰਜੈਂਸੀ ਵਰਤੋਂ ਲਈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਹਰੀ ਝੰਡੀ ਅਗਸਤ ਚ' ਦਿੱਤੀ ਗਈ ਹੈ।

ਜਿਸ ਨਾਲ ਭਾਰਤ ਵਿੱਚ ਕੁੱਲ 5 ਵੈਕਸੀਨ ਨੂੰ ਕੋਰੋਨਾ ਖ਼ਿਲਾਫ਼ ਵਰਤੋਂ ਦੀ ਇਜਾਜ਼ਤ ਕੇਂਦਰ ਸਰਕਾਰ ਵੱਲੋਂ ਮਿਲੀ ਹੈ।

ਇਨ੍ਹਾਂ ਵਿੱਚ ਕੋਵਿਸ਼ੀਲਡ ਕੋਵੈਕਸੀਨ, ਰੂਸ ਦੀ ਸਪੂਤਨਿਕ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਸ਼ਾਮਲ ਹਨ।

ਭਾਰਤ ਵੱਲੋਂ ਜ਼ਾਇਡਸ ਕੈਡਿਲਾ ਦੀ ਜ਼ਾਇਕੋਵ-ਡੀ ਨੂੰ ਵੀ 12 ਸਾਲ ਤੋਂ ਉਪਰ ਦੇ ਬੱਚੇ ਅਤੇ ਬਾਲਗਾਂ ਲਈ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਸ਼ੁੱਕਰਵਾਰ ਨੂੰ ਮਿਲੀ ਹੈ।

ਹਰਿਆਣਾ : 11 ਮਹੀਨੇ ਵਿੱਚ ਕਿਸਾਨਾਂ ਉੱਪਰ 136 ਐੱਫਆਈਆਰ

ਹਰਿਆਣਾ ਵਿਧਾਨ ਸਭਾ ਇਜਲਾਸ ਦੌਰਾਨ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਲਿਖਤੀ ਜਵਾਬ ਵਿੱਚ ਦੱਸਿਆ ਗਿਆ ਕਿ ਪਿਛਲੇ 11 ਮਹੀਨਿਆਂ ਵਿੱਚ ਸੂਬੇ ਦੀ ਪੁਲਿਸ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਪਰ 136 ਐਫਆਈਆਰ ਦਰਜ ਕੀਤੀਆਂ ਹਨ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਮੁਤਾਬਕ ਇਨ੍ਹਾਂ ਵਿੱਚ ਦੋ ਰਾਜਧ੍ਰੋਹ ਨਾਲ ਸਬੰਧਤ ਐਫਆਈਆਰ ਵੀ ਹਨ। ਇਹ ਦੋ ਐਫਆਈਆਰ ਸਿਰਸਾ ਅਤੇ ਝੱਜਰ ਵਿਖੇ ਹੋਈਆਂ ਹਨ।

ਖ਼ਬਰ ਅਨੁਸਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਇਨ੍ਹਾਂ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਖੇਤੀ ਕਾਨੂੰਨ ਸਿਰਫ਼ ਹਰਿਆਣਾ ਦੇ ਕਿਸਾਨਾਂ ਦਾ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਨਾਲ ਸਬੰਧਤ ਮਾਮਲਾ ਹੈ।

ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਵੱਲੋਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਤਰੀਕੇ ਉਤੇ ਸਵਾਲ ਚੁੱਕੇ ਗਏ। ਮੋਹਨ ਲਾਲ ਬਦਾਲੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕੀਤੀਆਂ ਸਨ ਜਦੋਂਕਿ ਅਭੈ ਸਿੰਘ ਯਾਦਵ ਨੇ ਕਿਹਾ ਕਿ ਖੇਤੀ ਕਾਨੂੰਨ ਦੀਆਂ ਕਮੀਆਂ ਦੱਸੀਆਂ ਜਾਣ ਤਾਂ ਜੋ ਸਰਕਾਰ ਇਨ੍ਹਾਂ ਵਿੱਚ ਬਦਲਾਅ ਕਰ ਸਕੇ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)