DSGMC ਚੋਣਾਂ ਦੇ 5 ਮੁੱਖ ਮੁੱਦੇ ਕੀ ਹਨ ਤੇ ਉਨ੍ਹਾਂ ’ਤੇ ਪਾਰਟੀਆਂ ਦਾ ਸਟੈਂਡ ਕੀ ਹੈ

    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 22 ਅਗਸਤ 2021 ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਚੋਣ ਮੈਦਾਨ ਵਿੱਚ ਆਪੋ-ਆਪਣੇ ਉਮੀਦਵਾਰਾਂ ਨਾਲ ਉਤਰੀਆਂ ਹਨ।

ਇਹ ਚੋਣਾਂ ਪਹਿਲਾਂ 25 ਅਪ੍ਰੈਲ 2021 ਨੂੰ ਹੋਣੀਆਂ ਤੈਅ ਹੋਈਆਂ ਸਨ ਪਰ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਇਹ ਚੋਣਾਂ ਮੁਲਤਵੀ ਕਰਨੀਆਂ ਪਈਆਂ ਸਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਿੱਖਾਂ ਦੀ ਧਾਰਮਿਕ ਸੰਸਥਾ ਹੈ, ਜਿਹੜੀ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ। ਇਸ ਵੱਲੋਂ ਕਈ ਸਿੱਖਿਆ ਅਤੇ ਸਿਹਤ ਅਦਾਰੇ ਵੀ ਚਲਾਏ ਜਾ ਰਹੇ ਹਨ।

ਇਹ ਵੀ ਪੜ੍ਹੋ:

ਕਿਸ ਐਕ ਤਹਿਤ ਹੁੰਦੀਆਂ ਹਨ ਚੋਣਾਂ?

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਹੈ ਅਤੇ ਇਸ ਦੀਆਂ ਪਹਿਲੀ ਵਾਰ ਚੋਣਾਂ 1974 ਵਿੱਚ ਹੋਈਆਂ ਸਨ।

ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਆਫ ਗੁਰਦੁਆਰਾ ਇਲੈਕਸ਼ਨਜ਼ ਦੀ ਸਥਾਪਨਾ 1974 ਵਿੱਚ ਹੋਈ ਸੀ। ਇਸ ਲਈ ਦੇਸ ਦੀ ਸੰਸਦ ਵਿੱਚ ਐਕਟ ਪਾਸ ਕੀਤਾ ਗਿਆ ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਵਜੋਂ ਜਾਣਿਆ ਜਾਣ ਲੱਗਾ।

ਇਹ ਐਕਟ ਦਿੱਲੀ ਦੇ ਗੁਰਦੁਆਰੇ ਅਤੇ ਉਨ੍ਹਾਂ ਨਾਲ ਜੁੜੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਦੇ ਨਿਯਮ ਤੇ ਦਿਸ਼ਾ ਨਿਰਦੇਸ਼ ਤੈਅ ਕਰਦਾ ਹੈ।

ਇਸ ਵਾਰ ਦੀਆਂ ਡੀਐੱਸਜੀਐੱਮਸੀ ਦੀਆਂ ਚੋਣਾਂ ਵਿੱਚ ਮੁੱਖ ਤੌਰ 'ਤੇ ਤਿੰਨ ਪਾਰਟੀਆਂ ਵਿਚਾਲੇ ਮੁਕਾਬਲਾ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਜਾਗੋ ਪਾਰਟੀ।

ਜਾਗੋ ਪਾਰਟੀ ਇਸ ਵਾਰ ਪਹਿਲੀ ਵਾਰ ਚੋਣਾਂ ਲੜ ਰਹੀ ਹੈ। ਮਨਜੀਤ ਸਿੰਘ ਜੀ ਕੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਇਹ ਨਵੀਂ ਪਾਰਟੀ ਬਣਾਈ ਹੈ।

ਇਨ੍ਹਾਂ ਚੋਣਾਂ ਵਿੱਚ ਮੁੱਖ ਤੌਰ 'ਤੇ ਜਿਹੜੇ ਮੁੱਦੇ ਸਾਹਮਣੇ ਆਏ ਹਨ, ਉਹ ਹਨ ਦਿੱਲੀ ਕਮੇਟੀ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਿਹਤ ਸਹੂਲਤਾਂ, ਬਾਲਾ ਸਾਹਿਬ ਹਸਪਤਾਲ, ਸਿੱਖਿਆ ਅਦਾਰਿਆਂ ਦਾ ਮਿਆਰ ਤੇ ਭ੍ਰਿਸ਼ਟਾਚਾਰ।

ਅਸੀਂ ਇਨ੍ਹਾਂ ਮੁੱਦਿਆਂ ਬਾਰੇ ਤਿੰਨੇ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ।

1. ਸਿਹਤ ਸਹੂਲਤਾਂ

ਇਸ ਵੇਲੇ ਕੋਰੋਨਾਵਾਇਰਸ ਮਹਾਂਮਾਰੀ ਦਾ ਦੌਰ ਚਲ ਰਿਹਾ ਹੈ। ਦਿੱਲੀ ਨੇ ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚ ਕਾਫੀ ਮਾੜੇ ਹਾਲਾਤ ਵੇਖੇ ਹਨ।

ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੀ ਦਿੱਲੀ ਕਮੇਟੀ ਇਹ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਕਾਫੀ ਸੇਵਾ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ, "ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਦਿੱਲੀ ਕਮੇਟੀ ਨੇ ਜੋ ਕੰਮ ਕੀਤਾ ਉਸ ਦੀ ਕੋਈ ਮਿਸਾਲ ਨਹੀਂ ਹੈ। ਅਸੀਂ 10 ਦਿਨਾਂ ਦੇ ਅੰਦਰ 400 ਬਿਸਤਰਿਆਂ ਵਾਲਾ ਕੋਵਿਡ ਸੈਂਟਰ ਰਕਾਬ ਗੰਜ ਵਿੱਚ ਬਣਾਇਆ।"

"ਅਸੀਂ ਕੋਰੋਨਾਵਾਇਰਸ ਦੀ ਤੀਜੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ 125 ਬਿਸਤਰਿਆਂ ਦਾ ਬਾਲਾ ਸਾਹਿਬ ਹਸਪਤਾਲ ਵੀ ਬਣਾ ਲਿਆ ਹੈ ਤੇ ਉੱਥੇ ਡਾਇਲੈਸਿਸ ਸੈਂਟਰ ਖੋਲ੍ਹਿਆ ਗਿਆ। ਇਸ ਦੇ ਨਾਲ ਹੀ ਰੋਜ਼ਾਨਾ ਪੌਣੇ ਦੋ ਲੱਖ ਦੇ ਕਰੀਬ ਲੋਕਾਂ ਨੂੰ ਲੰਗਰ ਵਿੱਚ ਪਹੁੰਚਾਇਆ ਗਿਆ ਸੀ।"

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਾਅਵਾ ਕੀਤਾ ਗਿਆ ਕਿ ਬਜ਼ਾਰ ਤੋਂ ਕਾਫੀ ਘੱਟ ਕੀਮਤ ਉੱਤੇ ਦਵਾਈਆਂ ਵੀ ਦਵਾਖਾਨੇ ਖੋਲ੍ਹ ਕੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਈਆਂ ਹਨ।

ਇਸ ਦੇ ਨਾਲ ਹੀ ਐੱਮਆਰਆਈ ਵਰਗੇ ਟੈਸਟ ਕੇਵਲ 50 ਰੁਪਏ ਵਿੱਚ ਕਰਵਾਏ ਜਾ ਰਹੇ ਹਨ।

ਉੱਧਰ ਵਿਰੋਧੀ ਧਿਰ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਦਿੱਲੀ ਕਮੇਟੀ ਵੱਲੋਂ ਵਧਾ-ਚੜ੍ਹਾ ਕੇ ਦਾਅਵੇ ਕੀਤੇ ਜਾ ਰਹੇ ਹਨ।

ਅਕਾਲੀ ਦਲ ਦਿੱਲੀ ਦੇ ਆਗੂ ਹਰਵਿੰਦਰ ਸਿੰਘ ਸਰਨਾ ਨੇ ਕਿਹਾ, "ਬਾਲਾ ਸਾਹਿਬ ਹਸਪਤਾਲ ਨੂੰ ਕਾਫੀ ਕਾਹਲੀ ਵਿੱਚ ਤਿਆਰ ਕੀਤਾ ਗਿਆ ਹੈ। ਹਸਪਤਾਲ ਦੇ ਜਿਸ ਹਿੱਸੇ ਵਿੱਚ ਐਮਰਜੈਂਸੀ ਵਾਰਡ ਹੋਣਾ ਚਾਹੀਦਾ ਸੀ, ਉੱਥੇ ਬਿਸਤਰ ਲਗਾ ਦਿੱਤੇ ਗਏ ਹਨ। ਇਹ ਹਸਪਤਾਲ ਮਲਟੀ-ਸਿਪੈਸ਼ਿਐਲਿਟੀ ਦੀ ਇੱਕ ਵੀ ਸ਼ਰਤ ਪੂਰੀ ਨਹੀਂ ਕਰਦਾ ਹੈ।"

2. ਸਿੱਖਿਆ ਸੰਸਥਾਨਾਂ ਦਾ ਮਿਆਰ

ਦਿੱਲੀ ਕਮੇਟੀ ਦੇ ਅਧੀਨ 13 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚਲਦੇ ਹਨ। ਇਸ ਤੋਂ ਇਲਾਵਾ 7 ਕਾਲਜ, 2 ਆਈਟੀਆਈ ਕਾਲਜ, 5 ਸਰਕਾਰ ਦੇ ਸਹਿਯੋਗ ਨਾਲ ਚੱਲਣ ਵਾਲੇ ਸਕੂਲ (ਗਵਰਮੈਂਟ ਏਡਡ) ਤੇ 5 ਹਸਪਤਾਲ ਅਤੇ ਦਵਾਖ਼ਾਨੇ ਹਨ।

ਮਨਜੀਤ ਸਿੰਘ ਜੀਕੇ ਨੇ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਦੇ ਪ੍ਰਧਾਨਗੀ ਛੱਡਣ ਮਗਰੋਂ ਦਿੱਲੀ ਕਮੇਟੀ ਵੱਲੋਂ ਚਲਾਏ ਜਾਂਦੇ ਸਿੱਖਿਆ ਸੰਸਥਾਨਾਂ ਵਿੱਚ ਬੱਚਿਆਂ ਦੀ ਗਿਣਤੀ ਘਟੀ ਹੈ।

ਪਰਮਜੀਤ ਸਿੰਘ ਸਰਨਾ ਨੇ ਮੌਜੂਦਾ ਕਮੇਟੀ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਿੱਖਿਆ ਸੰਸਥਾਂਵਾਂ ਦਾ ਮਾੜਾ ਹਾਲ ਕੀਤਾ ਗਿਆ ਹੈ।

ਪਰਮਜੀਤ ਸਿੰਘ ਸਰਨਾ ਨੇ ਕਿਹਾ, "ਸਾਡੇ ਕਮੇਟੀ ਵਿੱਚ ਹੋਣ ਵੇਲੇ ਅਸੀਂ 120 ਕਰੋੜ ਰੁਪਏ ਦਾ ਫੰਡ ਛੱਡ ਕੇ ਗਏ ਸੀ। ਇਨ੍ਹਾਂ ਦੀ ਪਾਰਟੀ ਵੱਲੋਂ ਸਿੱਖਿਆ ਸੰਸਥਾਨਾਂ ਦਾ ਹਾਲ ਕਾਫੀ ਮਾੜਾ ਕੀਤਾ ਗਿਆ ਹੈ। ਕਈ ਸਿੱਖਿਆ ਸੰਸਥਾਨ ਬੰਦ ਵੀ ਕੀਤੇ ਗਏ ਹਨ ਤੇ ਟੀਚਰਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਹਨ।"

ਇਸ ਬਾਰੇ ਹਰਮੀਤ ਸਿੰਘ ਕਾਲਕਾ ਨੇ ਪਲਟਵਾਰ ਕਰਦਿਆਂ ਕਿਹਾ, "ਪਰਮਜੀਤ ਸਿੰਘ ਸਰਨਾ ਫੰਡ ਤਾਂ ਦੱਸਦੇ ਹਨ ਪਰ ਇਹ ਨਹੀਂ ਦੱਸਦੇ ਕਿ ਪੌਣੇ ਦੋ ਸੌ ਕਰੋੜ ਰੁਪਏ ਦੀਆਂ ਦੇਣਦਾਰੀਆਂ ਉਹ ਛੱਡ ਕੇ ਗਏ ਸਨ।"

"ਦਿੱਲੀ ਕਮੇਟੀ ਇੱਕ ਅਜਿਹਾ ਅਦਾਰਾ ਹੈ ਜਿਸ ਨੇ ਕੋਵਿਡ ਦੇ ਮੁਸ਼ਕਿਲ ਵੇਲੇ ਵੀ ਟੀਚਰਾਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਹਨ।"

3. ਬਾਲਾ ਸਾਹਿਬ ਹਸਪਤਾਲ 'ਤੇ ਕੀ ਸਟੈਂਡ ਹੈ?

ਦਿੱਲੀ ਦੇ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਦਾ ਕੰਮ ਕਈ ਸਾਲਾਂ ਤੋਂ ਪੂਰਾ ਨਹੀਂ ਹੋ ਸਕਿਆ ਹੈ। ਹਰ ਵਾਰ ਹਸਪਤਾਲ ਦਾ ਮੁੱਦਾ ਚੋਣਾਂ ਵਿੱਚ ਚੁੱਕਿਆ ਜਾਂਦਾ ਹੈ।

ਚੋਣ ਜ਼ਾਬਤਾ ਲੱਗਣ ਮਗਰੋਂ ਦਿੱਲੀ ਕਮੇਟੀ ਵੱਲੋਂ ਇਸ ਦੇ ਉਦਘਾਟਨ ਦੀ ਤਿਆਰੀ ਕੀਤੀ ਗਈ ਸੀ। ਪਰਮਜੀਤ ਸਿੰਘ ਸਰਨਾ ਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਉਦਘਾਟਨ ਦਾ ਵਿਰੋਧ ਕੀਤਾ ਗਿਆ ਜਿਸ ਮਗਰੋਂ ਉਦਘਾਟਨ ਦਾ ਕੰਮ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜਾਬਤੇ ਦੌਰਾਨ ਇਸ ਹਸਪਤਾਲ ਦੇ ਉਦਾਘਾਟਨ ਬਾਰੇ ਇਹ ਤਰਕ ਦਿੱਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕੋਰੋਨਾਵਾਇਰਸ ਦੀ ਤੀਜੀ ਲਹਿਰ ਦੀ ਚੇਤਾਵਨੀ ਕਾਰਨ ਇਹ ਹਸਪਤਾਲ ਛੇਤੀ ਨਾਲ ਬਣਾਇਆ ਗਿਆ।

ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਸਪਤਾਲ ਨੂੰ 60 ਦਿਨਾਂ ਵਿੱਚ ਤਿਆਰ ਕੀਤਾ ਗਿਆ ਹੈ।

4. ਭ੍ਰਿਸ਼ਟਾਚਾਰ ਕਿੰਨਾ ਵੱਡਾ ਮੁੱਦਾ?

ਮਨਜੀਤ ਸਿੰਘ ਜੀ ਕੇ ਨੂੰ ਦੋ ਸਾਲ ਪਹਿਲਾਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਕਾਰਨ ਪ੍ਰਧਾਨਗੀ ਦਾ ਅਹੁਦਾ ਛੱਡਣਾ ਪੈ ਗਿਆ ਸੀ।

ਇਸ ਵਾਰ ਵੀ ਭ੍ਰਿਸ਼ਟਾਚਾਰ ਦਾ ਮੁੱਦਾ ਹਰ ਪਾਰਟੀ ਵੱਲੋਂ ਚੁੱਕਿਆ ਜਾ ਰਿਹਾ ਹੈ। ਇਹ ਮੁੱਦਾ ਤਿੰਨੇ ਪਾਰਟੀਆਂ ਦੀਆਂ ਇਲਜ਼ਾਮ ਤਰਾਸ਼ੀਆਂ ਵਿੱਚ ਹੀ ਉਲਝਿਆ ਰਹਿ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ‘ਕੇਵਲ ਦੋ ਸਾਲ ਬੇਮਿਸਾਲ’।

ਇਸ ਪਿੱਛੇ ਹਰਮੀਤ ਸਿੰਘ ਕਾਲਕਾ ਤਰਕ ਦਿੰਦੇ ਹੋਏ ਕਹਿੰਦੇ ਹਨ ਕਿ ਦੋ ਸਾਲ ਤੋਂ ਪਹਿਲਾਂ ਦਿੱਲੀ ਕਮੇਟੀ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ, ਉਸ ਵੇਲੇ ਮਨਜੀਤ ਸਿੰਘ ਜੀਕੇ ਪ੍ਰਧਾਨ ਸਨ। ਉਹ ਉਸ ਵੇਲੇ ਨੂੰ ‘ਕਾਲਾ ਅਧਿਆਏ’ ਕਹਿੰਦੇ ਹਨ।

5. ਔਰਤਾਂ ਦੀ ਘੱਟ ਸ਼ਮੂਲੀਅਤ

ਦਿੱਲੀ ਕਮੇਟੀ ਦੀਆਂ ਚੋਣਾਂ ਦੌਰਾਨ ਔਰਤਾਂ ਦੇ ਬੇਹੱਦ ਘੱਟ ਸ਼ਮੂਲੀਅਤ ਵੇਖੀ ਜਾਂਦੀ ਹੈ। ਇਸ ਵਾਰ ਕੋਈ ਸੁਧਾਰ ਨਹੀਂ ਆਇਆ ਹੈ ਤੇ ਜ਼ਿਆਦਾ ਔਰਤਾਂ ਚੋਣ ਮੈਦਾਨ ਵਿੱਚ ਨਜ਼ਰ ਨਹੀਂ ਆ ਰਹੀਆਂ ਹਨ।

ਪਰਮਜੀਤ ਸਿੰਘ ਸਰਨਾ ਅਨੁਸਾਰ ਔਰਤਾਂ ਅਜੇ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਦਿਲਚਸਪੀ ਨਹੀਂ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਬਾਰੇ ਕਾਫੀ ਕੋਸ਼ਿਸ਼ ਕੀਤੀ ਗਈ ਹੈ ਪਰ ਉਸ ਸਫ਼ਲ ਨਹੀਂ ਹੋ ਸਕੇ ਹਨ।

ਮਨਜੀਤ ਸਿੰਘ ਜੀ ਕੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ 5 ਸੀਟਾਂ ਉੱਤੇ ਔਰਤਾਂ ਨੂੰ ਟਿਕਟ ਦਿੱਤੀ ਗਈ ਹੈ।

ਹਰਮੀਤ ਸਿੰਘ ਕਾਲਕਾ ਵੀ ਔਰਤਾਂ ਦੀ ਘੱਟ ਦਿਲਚਸਪੀ ਨੂੰ ਚੋਣਾਂ ਵਿੱਚ ਉਨ੍ਹਾਂ ਦੀ ਘੱਟ ਸ਼ਮੂਲੀਅਤ ਦਾ ਕਾਰਨ ਮੰਨਦੇ ਹਨ।

ਉਨ੍ਹਾਂ ਕਿਹਾ, "ਸ਼੍ਰੋਮਣੀ ਅਕਾਲੀ ਦਲ ਬਾਦਲ ਲਗਾਤਾਰ ਔਰਤਾਂ ਦਾ ਸਤਿਕਾਰ ਕਰਦਾ ਰਿਹਾ ਹੈ। ਪਰ ਉਨ੍ਹਾਂ ਦੀ ਦਿਲਚਸਪੀ ਘੱਟ ਰਹੀ ਹੈ। ਸਾਡੀ ਪਾਰਟੀ ਵੱਲੋਂ ਪਹਿਲੀ ਵਾਰ ਇੱਕ ਔਰਤ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਐੱਸਜੀਪੀਸੀ ਵਿੱਚ ਵੀ ਇਸ ਵੇਲੇ ਬੀਬੀ ਜਗੀਰ ਕੌਰ ਪ੍ਰਧਾਨ ਹਨ।"

"ਟਿਕਟਾਂ ਦੇਣ ਵੇਲੇ ਸਾਡੀ ਤਰਜੀਹ ਲਿੰਗ ਅਧਾਰਿਤ ਨਹੀਂ ਹੁੰਦੀ ਹੈ। ਅਸੀਂ ਉਨ੍ਹਾਂ ਨੂੰ ਹੀ ਟਿਕਟ ਦਿੰਦੇ ਹਾਂ ਹੋ ਐਕਟਿਵ ਹੋ ਕੇ ਸਮਾਜ ਸੇਵਾ ਦਾ ਕੰਮ ਕਰਦੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)