ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਪੁੱਤਰ ਕੋਲੋਂ ਹਥਿਆਰ ਤੇ ਵਿਸਫੋਟਕ ਫੜ੍ਹੇ ਜਾਣ ਦੇ ਦਾਅਵੇ ਦੀ ਕਹਾਣੀ ਕੀ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਕਪੂਰਥਲਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਦੋ ਸਰਗਰਮ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਇਨ੍ਹਾਂ ਦੇ ਪਿੱਛੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐੱਸਆਈ ਹੈ।

ਪੰਜਾਬ ਪੁਲੀਸ ਨੇ ਇਸ ਤੋਂ ਪਹਿਲਾਂ ਲੰਘੀ ਅੱਧੀ ਰਾਤ ਨੂੰ ਸਵਾ 12 ਵਜੇ ਦੇ ਕਰੀਬ ਜਲੰਧਰ ਦੇ ਹਰਦਿਆਲ ਨਗਰ ਵਿੱਚੋਂ ਗੁਰਮੁਖ ਸਿੰਘ ਬਰਾੜ ਨੂੰ ਗ੍ਰਿਫਤਾਰ ਕੀਤਾ।

ਗੁਰਮੁਖ ਸਿੰਘ ਬਰਾੜ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਪੁੱਤਰ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਸੀ ਕਿ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਪਾਕਿਸਤਾਨ ਦੀ ਤਰਫ਼ੋਂ ਡਰੋਨ ਰਾਹੀਂ ਟਿਫ਼ਨ ਬੰਬ ਅਤੇ ਹੋਰ ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

ਕਪੂਰਥਲਾ ਪੁਲਿਸ ਨੇ ਕੀ ਦਾਅਵਾ ਕੀਤਾ?

ਕਪੂਰਥਲਾ ਪੁਲੀਸ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿੱਚ ਦਾਅਵਾ ਕੀਤਾ ਗਗਨਦੀਪ ਸਿੰਘ ਨਾਮੀ ਸ਼ਖਸ ਨੂੰ ਫਗਵਾੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਇਕ ਨਜਾਇਜ਼ ਪਿਸਤੌਲ ਬਰਾਮਦ ਕੀਤਾ ਸੀ।

ਪੁੱਛਗਿੱਛ ਦੌਰਾਨ ਗਗਨਦੀਪ ਨੇ ਦੱਸਿਆ ਸੀ ਕਿ ਇਹ ਪਿਸਤੌਲ ਉਨ੍ਹਾਂ ਹਥਿਆਰਾਂ ਦੀ ਵੱਡੀ ਖੇਪ ਦਾ ਹਿੱਸਾ ਹੈ ਜਿਹੜੇ ਕੁਝ ਮਹੀਨਿਆਂ ਦੌਰਾਨ ਡਰੋਨ ਰਾਹੀਂ ਸਰਹੱਦ ਪਾਰੋਂ ਭੇਜੀ ਗਈ ਸੀ।

ਪੁਲਿਸ ਦਾ ਦਾਅਵਾ ਹੈ ਕਿ ਇਸ ਖੇਪ ਦਾ ਵੱਡਾ ਹਿੱਸਾ ਉਸ ਨੇ ਆਪਣੇ ਨਜ਼ਦੀਕੀ ਦੋਸਤ ਗੁਰਮੁਖ ਸਿੰਘ ਦੇ ਕੋਲ ਹੋਣ ਦੀ ਗੱਲ ਮੰਨੀ ਸੀ।

ਪੁਲਿਸ ਮੁਤਾਬਕ ਇਸ 'ਤੇ ਤੁਰੰਤ ਕਾਰਵਾਈ ਕੀਤੀ ਤੇ ਪੁਲੀਸ ਟੀਮਾਂ ਨੇ ਗੁਰਮੁਖ ਸਿੰਘ ਦੇ ਘਰ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਕੀ-ਕੀ ਬਰਾਮਦ ਹੋਣ ਦਾ ਦਾਅਵਾ ਕੀਤਾ?

ਪੁਲੀਸ ਦੇ ਦਾਅਵੇ ਮੁਤਾਬਕ ਨੇ ਇਨ੍ਹਾਂ ਕੋਲੋਂ ਜੋ ਫੜ੍ਹਿਆ ਗਿਆ -

  • ਇੱਕ ਟਿਫਨ ਬੰਬ, ਪੰਜ ਹੈਂਡ ਗਰਨੇਡ, ਇਕ ਡੱਬਾ ਡੈਟੋਨੇਟਰ, ਦੋ ਟਿਊਬਾਂ ਜਿਨ੍ਹਾਂ ਵਿੱਚ ਆਰਡੀਐਕਸ ਹੋਣ ਦਾ ਸ਼ੱਕ ਹੈ, ਇੱਕ 30 ਬੋਰ ਦਾ ਪਿਸਤੌਲ, ਚਾਰ ਪਿਸਟਲ ਮੈਗਜ਼ੀਨ।
  • ਵੱਡਾ ਧਮਾਕਾ ਕਰਨ ਦੇ ਸਮਰੱਥ ਇੱਕ ਵਿਸਫੋਟਕ ਪੀਲੀ ਤਾਰ, 3 ਲੱਖ 75 ਹਜ਼ਾਰ ਦੀ ਭਾਰਤੀ ਕਰੰਸੀ, 14 ਪਾਸਪੋਰਟ, ਦੋ ਐੱਸਯੂਵੀ ਗੱਡੀਆਂ ।
  • ਪੁਲੀਸ ਮੁਤਾਬਕ ਇੱਕ ਜ਼ਿੰਦਾ ਟਿਫਨ ਬੰਬ ਤੇ ਹੋਰ ਵਿਸਫੋਟਕ ਸਮੱਗਰੀ ਜਲੰਧਰ ਬੱਸ ਅੱਡੇ ਕੋਲੋਂ ਬਰਾਮਦ ਕੀਤੀ ਜਿੱਥੇ ਗੁਰਮੁਖ ਸਿੰਘ ਦਾ ਦਫਤਰ ਹੈ।
  • ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਖੇਪ ਪਾਕਿਸਤਾਨੀ ਏਜੰਸੀ ਆਈਐਸਆਈ ਤੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਸਮੂਹਾਂ ਜਿਵੇਂ ਕਿ ISYF ਵੱਲੋਂ ਭੇਜੀ ਗਈ ਹੈ।

ਕਪੂਰਥਲਾ ਪੁਲੀਸ ਨੇ ਗੁਰਮੁਖ ਸਿੰਘ ਤੇ ਗਗਨਦੀਪ ਸਿੰਘ ਵਿਰੁੱਧ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਐਫਆਈਆਰ ਨੰਬਰ 92 ਮਿਤੀ 20-8-2021 ਨੂੰ ਥਾਣਾ ਫਗਵਾੜਾ ਸਦਰ ਵਿਚ ਦਰਜ ਕੀਤੀ ਹੈ।

ਇਸ ਦੇ ਨਾਲ ਹੀ ਵਿਸਫੋਟਕ ਪਦਾਰਥ ਐਕਟ ਅਤੇ ਅਸਲਾ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 8 ਅਗਸਤ ਨੂੰ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਪਿੰਡ ਡੱਲੇਕੇ ਤੋਂ ਇੱਕ ਟਿਫਨ ਬੰਬ ਬਰਾਮਦ ਕੀਤਾ ਸੀ ਜਿਸ ਵਿਚ ਆਰਡੀਐਕਸ ਵੀ ਸਥਾਪਤ ਕੀਤੀ ਗਈ ਸੀ, ਅਜੇ ਇਸ ਕੇਸ ਦੀ ਪੜਤਾਲ ਹੋਰ ਜਾਰੀ ਹੈ।

ਜਸਵੀਰ ਸਿੰਘ ਰੋਡੇ ਨੇ ਕੀ ਕਿਹਾ?

ਜਸਵੀਰ ਸਿੰਘ ਰੋਡੇ ਨੇ ਇਲਜ਼ਾਮ ਲਗਾਇਆ, ''ਪੁਲਿਸ ਵਾਲੇ ਰਾਤ ਨੂੰ ਘਰ ਅੰਦਰ ਕੰਧਾਂ ਟੱਪ ਕੇ ਦਾਖ਼ਲ ਹੋਏ। ਪੁਲੀਸ ਵਾਲਿਆਂ ਨੇ ਕਿਹਾ ਕਿ ਉਹ ਗੁਰਮੁਖ ਸਿੰਘ ਨੂੰ ਲੈਣ ਆਏ ਹਨ ਤੇ ਉਸ ਕੋਲੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕਰਨੀ ਹੈ।''

ਰੋਡੇ ਅੱਗੇ ਕਹਿੰਦ ਹਨ ਕਿ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੇਰਾ ਪੁੱਤਰ ਗੁਰਮੁਖ ਸਿੰਘ ਘਰ ਦੀ ਉੱਪਰਲੀ ਮੰਜ਼ਲ 'ਤੇ ਸੁੱਤਾ ਪਿਆ ਹੈ। ਉਹ ਪੰਜ-ਛੇ ਜਣੇ ਉੱਪਰ ਚਲੇ ਗਏ ਤੇ ਪੰਜ-ਛੇ ਜਣੇ ਹੇਠਾਂ ਖੜੇ ਰਹੇ। ਉਹ ਆਪ ਵੀ ਉੱਪਰ ਗੁਰਮੁਖ ਸਿੰਘ ਦੇ ਬੈੱਡ ਰੂਮ ਵਿਚ ਚਲੇ ਗਏ ਜਿੱਥੇ ਪੁਲੀਸ ਨੇ ਬੜੀ ਬਰੀਕੀ ਨਾਲ ਤਲਾਸ਼ੀ ਲਈ।

ਜਸਵੀਰ ਸਿੰਘ ਰੋਡੇ ਨੇ ਦਾਅਵਾ ਕੀਤਾ, ''ਜਦੋਂ ਛਾਪੇ ਮਾਰਨ ਵਾਲੀ ਟੀਮ ਗੁਰਮੁਖ ਸਿੰਘ ਨੂੰ ਨਾਲ ਲੈ ਕੇ ਗਈ ਸੀ ਤਾਂ ਉਦੋਂ ਉਨ੍ਹਾਂ ਕੋਲ ਕੋਈ ਵੀ ਸਮਾਨ ਨਹੀਂ ਸੀ। ਇੱਕ ਘੰਟੇ ਬਾਅਦ ਪੁਲੀਸ ਫਿਰ ਆਈ ਤੇ ਉਨ੍ਹਾਂ ਨੂੰ ਕਹਿਣ ਲੱਗੀ ਕਿ ਗੁਰਮੁਖ ਸਿੰਘ ਦੇ ਕਮਰੇ ਦੀ ਤਲਾਸ਼ੀ ਲੈਣੀ ਹੈ।''

ਉਹ ਅੱਗੇ ਕਹਿੰਦੇ ਹਨ, ''ਉਸ ਵੇਲੇ ਉਹ ਗੁਰਮੁਖ ਨੂੰ ਨਾਲ ਲੈ ਕੇ ਆਏ। ਮੇਰੀ ਸਿਹਤ ਠੀਕ ਨਾ ਹੋਣ ਕਰਕੇ ਮੈਂ ਵਾਰ-ਵਾਰ ਪੌੜੀਆ ਨਹੀਂ ਚੜ੍ਹ ਸਕਦਾ ਇਸ ਲਈ ਪੁਲੀਸ ਵਾਲੇ ਇਕੱਲੇ ਹੀ ਉੱਪਰ ਗਏ ਤੇ ਉਨ੍ਹਾਂ ਨੇ ਦੋ-ਤਿੰਨ ਘੰਟੇ ਲਾ ਕੇ ਕਮਰੇ ਦੀ ਤਲਾਸ਼ੀ ਲਈ ਤੇ ਉਸ ਤੋਂ ਬਾਅਦ ਦੋ-ਤਿੰਨ ਬੈਗ ਲੈ ਕੇ ਨਿਕਲੇ। ਜਾਣ ਲੱਗੇ ਉਹ ਗੁਰਮੁਖ ਸਿੰਘ ਦੀ ਗੱਡੀ ਵੀ ਨਾਲ ਲੈ ਗਏ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)