You’re viewing a text-only version of this website that uses less data. View the main version of the website including all images and videos.
ਤਾਲਿਬਾਨ ਅਫ਼ਗ਼ਾਨਿਸਤਾਨ ਵਿੱਚ ਕਿੱਥੋਂ ਤੱਕ ਆਪਣਾ ਕਬਜ਼ਾ ਕਰ ਚੁੱਕਿਆ ਹੈ?
- ਲੇਖਕ, ਬੀਬੀਸੀ ਮੋਨੀਟਰਿੰਗ
- ਰੋਲ, ਖ਼ਬਰਾਂ ਦੀ ਰਿਪੋਰਟਿੰਗ ਅਤੇ ਵਿਸ਼ਲੇਸ਼ਣ
ਬੀਤੇ ਹਫ਼ਤਿਆਂ ਵਿੱਚ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਦੱਖਣੀ ਅਤੇ ਪੂਰਬੀ ਸੂਬਿਆਂ ਵਿੱਚ ਆਪਣੇ ਹਮਲੇ ਵਧਾ ਦਿੱਤੇ ਹਨ।
ਪਹਿਲਾਂ ਦੇਸ਼ ਦੇ ਉੱਤਰ ਦੇ ਇਲਾਕਿਆਂ ਵਿੱਚ ਉਨ੍ਹਾਂ ਦਾ ਧਿਆਨ ਕੇਂਦਰਿਤ ਸੀ। ਹੁਣ ਤਾਜ਼ਾ ਹਮਲਿਆਂ ਤੋਂ ਬਾਅਦ ਦੇਸ਼ ਦੇ 34 ਸੂਬਿਆਂ ਵਿੱਚੋਂ ਘੱਟੋ-ਘੱਟ 20 ਉੱਪਰ ਖਤਰਾ ਮੰਡਰਾ ਰਿਹਾ ਹੈ।
ਇਨ੍ਹਾਂ ਤਾਜ਼ਾ ਹਮਲਿਆਂ ਵਿੱਚ ਕਾਬੁਲ ਦੇ ਉੱਤਰ ਵਿੱਚ ਇੱਕ ਅਹਿਮ ਘਾਟੀ ਨੂੰ ਵੀ ਆਪਣੇ ਕਬਜ਼ੇ ਵਿੱਚ ਲੈਣਾ ਸ਼ਾਮਲ ਹੈ ਜਿਸ ਨਾਲ ਦੇਸ਼ ਦੀ ਰਾਜਧਾਨੀ ਉੱਤੇ ਵੀ ਖ਼ਤਰਾ ਵਧ ਗਿਆ ਹੈ।
ਇਹ ਵੀ ਪੜ੍ਹੋ :
ਇਨ੍ਹਾਂ ਵਿੱਚੋਂ ਕਈ ਸ਼ਹਿਰ ਬੇਹੱਦ ਮਹੱਤਵਪੂਰਨ ਹਨ ਕਿਉਂਕਿ ਉਹ ਕੌਮੀ ਰਾਜਧਾਨੀ ਕਾਬੁਲ ਨੂੰ ਦੇਸ਼ ਦੇ ਉੱਤਰ, ਦੱਖਣ, ਪੂਰਬ ਅਤੇ ਪੱਛਮ ਨਾਲ ਜੋੜਨ ਵਾਲੇ ਰਾਸ਼ਟਰੀ ਰਾਜ ਮਾਰਗਾਂ ਉੱਤੇ ਸਥਿਤ ਹਨ।
ਅੰਤਰਰਾਸ਼ਟਰੀ ਸੈਨਾ ਵਾਪਿਸ ਜਾ ਰਹੀ ਹੈ ਅਤੇ ਸ਼ਾਂਤੀ ਵਾਰਤਾ ਠੱਪ ਹੈ ਅਜਿਹੇ ਵਿੱਚ ਬੀਤੀ ਪਹਿਲੀ ਮਈ ਤੋਂ ਤਾਲਿਬਾਨ ਨੇ ਕਈ ਜ਼ਿਲ੍ਹਿਆਂ ਉੱਪਰ ਆਪਣਾ ਕਬਜ਼ਾ ਕਰ ਲਿਆ ਹੈ।
ਪ੍ਰਮੁੱਖ ਸੂਬਿਆਂ ਦੀਆਂ ਰਾਜਧਾਨੀਆਂ ਦੀ ਘੇਰਾਬੰਦੀ
ਕਈ ਮੁੱਖ ਸੂਬਿਆਂ ਦੀ ਰਾਜਧਾਨੀ ਦੀ ਤਾਲਿਬਾਨ ਨੇ ਘੇਰਾਬੰਦੀ ਕਰ ਦਿੱਤੀ ਹੈ।
ਜਿਨ੍ਹਾਂ ਸ਼ਹਿਰਾਂ ਨੂੰ ਤਾਲਿਬਾਨ ਨੇ ਘੇਰ ਰੱਖਿਆ ਹੈ ਉਹ ਉੱਤਰ ਦੇ ਉਨ੍ਹਾਂ ਸੂਬਿਆਂ ਵਿੱਚੋਂ ਹਨ ਜਿਨ੍ਹਾਂ ਦੀਆਂ ਸਰਹੱਦਾਂ ਅਫ਼ਗਾਨਿਸਤਾਨ ਤੇ ਮੱਧ ਏਸ਼ੀਆ ਦੇ ਗੁਆਂਢੀ ਦੇਸ਼ਾਂ ਨਾਲ ਲੱਗੀਆਂ ਹਨ।
ਪਰ ਤਾਲਿਬਾਨ ਨੇ ਪਿਛਲੇ ਹਫ਼ਤੇ ਆਪਣਾ ਰੁਖ਼ ਦੱਖਣ ਅਤੇ ਪੂਰਬ ਦੇ ਪ੍ਰਮੁੱਖ ਸ਼ਹਿਰਾਂ ਵੱਲ ਮੋੜ ਦਿੱਤਾ ਜਿਸ ਨਾਲ ਅਫ਼ਗਾਨਿਸਤਾਨ ਦੀ ਰਾਜਧਾਨੀ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਖਤਰਾ ਵਧ ਗਿਆ ਹੈ।
ਚਰੀਕਾਰ (ਪਰਵਾਨ ਸੂਬਾ)
ਤਾਲਿਬਾਨ ਨੇ ਪਰਵਾਨ ਸੂਬੇ ਵਿੱਚ ਸਥਿਤ ਘੋਰਬੰਦ ਘਾਟੀ ਉੱਤੇ ਕਬਜ਼ਾ ਕੀਤਾ ਹੈ ਜੋ ਰਣਨੀਤਿਕ ਪਹਿਲੂ ਤੋਂ ਮਹੱਤਵਪੂਰਨ ਹੈ।
ਇਸ ਨਾਲ ਸੂਬੇ ਦੀ ਰਾਜਧਾਨੀ ਚਰੀਕਾਰ ਵਾਸਤੇ ਖਤਰਾ ਵਧ ਗਿਆ ਹੈ ਜੋ ਕਾਬੁਲ ਘੋਰਬੰਦ ਅਤੇ ਹਾਲ ਹੀ ਵਿੱਚ ਅਮਰੀਕੀ ਸੈਨਾ ਦੇ ਖਾਲੀ ਕੀਤੇ ਗਏ ਬਗਰਾਮ ਹਵਾਈ ਅੱਡੇ ਤੋਂ ਸਿਰਫ਼ 60 ਕਿਲੋਮੀਟਰ ਦੂਰ ਹੈ।
ਪਰਵਾਨ ਨੂੰ ਦੂਸਰੇ ਸੁਰੱਖਿਅਤ ਸੂਬੇ ਬਮਿਆਨ ਨਾਲ ਜੋੜਨ ਵਾਲਾ ਮੁੱਖ ਮਾਰਗ ਵੀ ਇਸ ਘਾਟੀ ਵਿੱਚੋਂ ਹੋ ਕੇ ਲੰਘਦਾ ਹੈ।
11 ਜੁਲਾਈ ਨੂੰ ਤਾਲਿਬਾਨ ਨੇ ਕਥਿਤ ਤੌਰ 'ਤੇ ਬਾਮਿਆਨ ਦੇ ਕੋਹਮਾਰਦ ਜ਼ਿਲ੍ਹੇ ਉੱਪਰ ਕਬਜ਼ਾ ਕਰ ਲਿਆ ਜੋ ਇਸ ਸਮੂਹ ਦੇ ਕਬਜ਼ੇ ਵਿੱਚ ਆਉਣ ਵਾਲੇ ਸੂਬੇ ਦਾ ਪਹਿਲਾ ਜ਼ਿਲ੍ਹਾ ਸੀ।
ਕੰਧਾਰ ਸ਼ਹਿਰ (ਕੰਧਾਰ ਸੂਬਾ)
ਕੰਧਾਰ ਵਿੱਚ ਸ਼ੋਰਬਕ,ਅਗਰੇਸਥਾਨ, ਮਾਈਵੰਡ, ਖਾਕਰੇਜ਼ ,ਪੰਜਵਾਈ, ਮਰੂਫ, ਸ਼ਾਹਵਾਲੀ ਕੋਟ ਅਤੇ ਘੋਰਕ ਜ਼ਿਲ੍ਹੇ ਉੱਪਰ ਕਬਜ਼ੇ ਤੋਂ ਬਾਅਦ ਹੁਣ ਸੂਬੇ ਦੀ ਰਾਜਧਾਨੀ ਕੰਧਾਰ ਸ਼ਹਿਰ ਦੇ ਨੇੜੇ- ਤੇੜੇ ਝੜਪ ਦੀਆਂ ਸੂਚਨਾਵਾਂ ਮਿਲੀਆਂ ਹਨ।
ਜੇਕਰ ਤਾਲਿਬਾਨ ਦਾ ਇਸ ਸੂਬੇ ਉੱਤੇ ਹਮਲਾ ਜਾਰੀ ਰਹਿੰਦਾ ਹੈ ਤਾਂ ਪਾਕਿਸਤਾਨ ਵਿੱਚ ਕੰਧਾਰ ਨੂੰ ਬਲੋਚਿਸਤਾਨ ਨਾਲ ਜੋੜਨ ਵਾਲੀ ਸਪਿਨ ਬੋਲਡਕ -ਚਮਨ ਬਾਰਡਰ ਕਰਾਸਿੰਗ ਖਤਰੇ ਵਿੱਚ ਆ ਸਕਦੀ ਹੈ।
ਇਹ ਵੀ ਪੜ੍ਹੋ-
ਗਜ਼ਨੀ ਸ਼ਹਿਰ (ਗਜ਼ਨੀ ਸੂਬਾ)
ਇੱਕ ਹੋਰ ਸੂਬੇ ਦੀ ਰਾਜਧਾਨੀ ਨੂੰ ਤਾਲਿਬਾਨ ਦੇ ਵਧਦੇ ਕਦਮਾਂ ਨਾਲ ਖਤਰਾ ਹੈ। ਇਹ ਹੈ ਮੱਧ ਅਫ਼ਗਾਨਿਸਤਾਨ ਦਾ ਗਜ਼ਨੀ ਸ਼ਹਿਰ।
ਤਾਲਿਬਾਨ ਕਈ ਸਾਲਾਂ ਤੱਕ ਇਸ ਬਹੁਜਾਤੀ ਸੂਬੇ ਵਿੱਚ ਮੌਜੂਦ ਰਿਹਾ ਹੈ। 2018 ਵਿੱਚ ਕੁਝ ਸਮੇਂ ਲਈ ਰਾਜਧਾਨੀ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਦੇ ਕਬਜ਼ੇ ਹੇਠ ਵੀ ਰਿਹਾ ਹੈ।
ਗਜ਼ਨੀ ਸ਼ਹਿਰ ਦੇ ਕੋਲ ਤਾਲਿਬਾਨ ਅਤੇ ਅਫ਼ਗਾਨ ਸੈਨਾ ਵਿਚਕਾਰ ਸੰਘਰਸ਼ ਤੇਜ਼ ਹੋ ਗਿਆ ਹੈ।
ਪ੍ਰਾਈਵੇਟ ਨਿਊਜ਼ ਚੈਨਲ ਟੋਲੋ ਨਿਊਜ਼ ਟੀਵੀ ਦੀ 12 ਜੁਲਾਈ ਦੀ ਰਿਪੋਰਟ ਮੁਤਾਬਕ ਸੂਬਾ ਪ੍ਰੀਸ਼ਦ ਦੇ ਪ੍ਰਮੁੱਖ ਨਾਸਿਰ ਅਹਿਮਦ ਫ਼ਕੀਰੀ ਦਾ ਕਹਿਣਾ ਕਿ ਸੂਬੇ ਦੀ ਰਾਜਧਾਨੀ ਦੇ 50 ਫ਼ੀਸਦ ਤੱਕ ਤਾਲਿਬਾਨ ਦਾ ਕਬਜ਼ਾ ਹੋ ਸਕਦਾ ਹੈ।
ਗਜ਼ਨੀ ਦੀ ਸਰਹੱਦ ਅੱਠ ਸੂਬਿਆਂ ਨਾਲ ਲੱਗਦੀ ਹੈ। ਰਾਜਧਾਨੀ ਨੂੰ ਦੱਖਣ ਅਫਗਾਨਿਸਤਾਨ ਨਾਲ ਜੋੜਨ ਵਾਲਾ ਕਾਬੁਲ ਕੰਧਾਰ ਰਾਜ ਮਾਰਗ ਇਸ ਸੂਬੇ ਤੋਂ ਹੋ ਕੇ ਹੀ ਨਿਕਲਦਾ ਹੈ।
ਜ਼ਰੰਜ (ਨਿਮਰੋਜ਼ ਸੂਬਾ)
ਦੱਖਣੀ ਪ੍ਰਾਂਤ ਨਿਮਰੋਜ਼ ਦੇ ਜ਼ਿਲ੍ਹੇ 'ਚ ਖਾਨਪੁਰ ਅਤੇ ਡੇਲਾਰਾਮ ਦੇ ਪਤਨ ਤੋਂ ਬਾਅਦ ਸੂਬੇ ਦੀ ਰਾਜਧਾਨੀ ਜ਼ਰੰਜ ਅਤੇ ਇਰਾਨ ਦੇ ਨਾਲ ਲਗਦੇ ਮਿਲਕ ਜ਼ਰੰਜ ਬਾਰਡਰ ਕਰਾਸਿੰਗ ਉੱਪਰ ਖ਼ਤਰਾ ਵੱਧ ਰਿਹਾ ਹੈ।
ਮਿਲਕ-ਜ਼ਰੰਜ ਕਰਾਸਿੰਗ ਅਫਗਾਨਿਸਤਾਨ ਨੂੰ ਇਰਾਨ ਦੇ ਚਾਬਹਾਰ ਬੰਦਰਗਾਹ ਨਾਲ ਜੋੜਦਾ ਹੈ। ਇਸ ਨੂੰ ਓਮਾਨ ਦੀ ਖਾੜੀ ਵਿੱਚ ਭਾਰਤ ਨੇ ਵਿਕਸਿਤ ਕੀਤਾ ਹੈ।
ਕਾਲਾ-ਏ ਨਵਾ(ਬਦਗੀਸ ਸੂਬਾ)
ਤਾਲਿਬਾਨ ਨੇ ਪੱਛਮ ਉੱਤਰੀ ਸੀਮਾ 'ਤੇ ਮੌਜੂਦ ਸੂਬੇ ਦੇ ਹੋਰ ਸਾਰੇ ਜ਼ਿਲ੍ਹਿਆਂ ਉਤੇ ਕਬਜ਼ਾ ਕਰਨ ਤੋਂ ਬਾਅਦ ਰਾਜਧਾਨੀ ਉੱਪਰ ਲਗਾਤਾਰ ਹਮਲੇ ਸ਼ੁਰੂ ਕਰ ਦਿੱਤੇ ਹਨ।
ਤਾਲਿਬਾਨ ਸਮਰਥਕ ਕਈ ਟਿੱਪਣੀਕਾਰਾਂ ਨੇ ਬਦਗੀਜ਼ 'ਤੇ ਹਮਲੇ ਦਾ ਇਹ ਦਾਅਵਾ ਕਰਦੇ ਹੋਏ ਜਸ਼ਨ ਮਨਾਇਆ ਹੈ ਕਿ ਇਸ ਸਮੂਹ ਦੇ ਲੜਾਕਿਆਂ ਦਾ ਸ਼ਹਿਰ ਵਿੱਚ ਉਦੋਂ ਸਵਾਗਤ ਕੀਤਾ ਗਿਆ ਸੀ ਜਦੋਂ ਉਨ੍ਹਾਂ ਨੇ ਕਲਾ-ਏ ਨੌ ਜੇਲ੍ਹ ਵਿੱਚੋਂ ਕੈਦੀਆਂ ਨੂੰ ਮੁਕਤ ਕਰ ਦਿੱਤਾ।
ਪਰ ਕਲਾ- ਏ ਨੌ ਵਿੱਚ ਸਰਕਾਰੀ ਸੈਨਾ ਨੇ ਪਲਟਵਾਰ ਸ਼ੁਰੂ ਕੀਤਾ ਅਤੇ ਬਦਗੀਸ ਤੇ ਗਵਰਨਰ ਹਮਸੁਦੀਨ ਸ਼ਮਸ ਨੇ 7 ਜੁਲਾਈ ਨੂੰ ਟੋਲੋ ਟੀਵੀ ਨੂੰ ਦੱਸਿਆ ਕਿ "ਤਾਲਿਬਾਨ ਨੂੰ ਪਿੱਛੇ ਧਕੇਲ ਦਿੱਤਾ ਗਿਆ ਹੈ।"
ਮਜ਼ਾਰ -ਏ- ਸ਼ਰੀਫ਼ (ਬਲਖ਼ ਸੂਬਾ)
ਅਫਗਾਨਿਸਤਾਨ ਦੇ ਉੱਤਰ ਅਤੇ ਪੂਰਬ ਉੱਤਰ ਸੂਬੇ ਵਿੱਚ ਕੁਝ ਹੋਰ ਇਲਾਕਿਆਂ ਉੱਪਰ ਕਬਜ਼ੇ ਤੋਂ ਬਾਅਦ ਜੂਨ ਦੇ ਅਖੀਰ ਵਿੱਚ ਤਾਲਿਬਾਨ ਨੇ ਮਜ਼ਾਰ-ਏ- ਸ਼ਰੀਫ ਅਤੇ ਉਜ਼ਬੇਕਿਸਤਾਨ ਨਾਲ ਲੱਗਦੇ ਬਲਖ਼ ਸੂਬੇ ਦੇ ਕਈ ਜ਼ਿਲ੍ਹਿਆਂ ਉੱਤੇ ਕਬਜ਼ਾ ਕੀਤਾ।
ਅਫ਼ਗਾਨ ਮੀਡੀਆ ਨੇ ਦੱਸਿਆ ਕਿ ਸਾਂਸਦਾਂ ਦੇ ਨਾਲ ਮੰਨੇ- ਪ੍ਰਮੰਨੇ ਸਾਬਕਾ ਜਿਹਾਦੀ ਅਤੇ ਐਂਟੀ ਤਾਲਿਬਾਨ ਰਜਿਸਟੈਂਸ ਕਮਾਂਡਰ ਨੇ ਸਥਾਨਕ ਲੋਕਾਂ ਨੂੰ ਸਰਕਾਰੀ ਸੈਨਾ ਦੀ ਮਦਦ ਕਰਨ ਵਾਸਤੇ ਇਕੱਠਾ ਕੀਤਾ ਹੈ।
ਉਜ਼ਬੇਕਿਸਤਾਨ ਦੀ ਸੀਮਾ ਨਾਲ ਲੱਗਿਆ ਸ਼ਹਿਰ ਹੇਰਾਤਨ, ਮਜ਼ਾਰ-ਏ- ਸ਼ਰੀਫ ਤੋਂ ਤਕਰੀਬਨ 60 ਕਿਲੋਮੀਟਰ ਦੂਰ ਹੈ।
ਟੋਲੋ ਨਿਊਜ਼ ਮੁਤਾਬਕ 2 ਜੁਲਾਈ ਨੂੰ ਅਫ਼ਗ਼ਾਨੀ ਸੈਨਾ ਨੇ ਤਾਲਿਬਾਨ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਕਰਾਸਿੰਗ ਦੇ ਕੋਲ ਕਈ ਚੈੱਕ ਪੁਆਇੰਟ ਬਣਾਏ ਹਨ।
ਇਹ ਵੀ ਪੜ੍ਹੋ :
ਕੁੰਦੁਜ਼ ਸ਼ਹਿਰ (ਕੁੰਦੁਜ਼ ਸੂਬਾ)
ਤਾਲਿਬਾਨ ਕੁੰਦੁਜ਼ ਸ਼ਹਿਰ ਦੇ ਠੀਕ ਬਾਹਰ ਤੱਕ ਪਹੁੰਚ ਗਏ ਹਨ। ਕੁਝ ਰਿਪੋਰਟਸ ਵਿੱਚ ਦੱਸਿਆ ਗਿਆ ਹੈ ਕਿ ਇਸ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਉਨ੍ਹਾਂ ਦਾ ਕਬਜ਼ਾ ਹੋ ਚੁੱਕਿਆ ਹੈ। ਇਸ ਵਿੱਚ ਤਜ਼ਾਕਿਸਤਾਨ ਨਾਲ ਲੱਗਦਾ ਸ਼ੇਰਖ਼ਾਨ ਬਾਰਡਰ ਕਰਾਸਿੰਗ ਵੀ ਸ਼ਾਮਿਲ ਹੈ।
ਪਿਛਲੇ ਕੁਝ ਸਾਲਾਂ ਵਿੱਚ ਤਾਲਿਬਾਨ ਦਾ ਵਿੱਚ ਸੂਬੇ ਵਿੱਚ ਕਾਫ਼ੀ ਪ੍ਰਭਾਵ ਰਿਹਾ ਹੈ। 2015 ਵਿੱਚ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਥੋੜ੍ਹੇ ਸਮੇਂ ਲਈ ਕਬਜ਼ਾ ਵੀ ਰਿਹਾ।
ਇਹ ਸੂਬਾ ਤਜ਼ਾਕ ਸਰਹੱਦ ਉੱਤੇ ਸਥਿਤ ਤੱਖਰ ਅਤੇ ਬਦਖ਼ਸ਼ਾਂ ਦੇ ਪੂਰਬ ਉੱਤਰ ਸੂਬਿਆਂ ਨੂੰ ਬਲਖ਼ ਅਤੇ ਹੋਰ ਉੱਤਰੀ ਇਲਾਕਿਆਂ ਨਾਲ ਜੋੜਦਾ ਹੈ।
ਪੁਲ-ਏ-ਖੋਮਰੀ (ਬਾਗ਼ਲਾਨ ਸੂਬਾ)
ਕੁੰਦੁਜ਼ ਦੇ ਦੱਖਣ ਵਿੱਚ ਇੱਕ ਹੋਰ ਅਹਿਮ ਸ਼ਹਿਰ ਪੁਲ-ਏ-ਖੋਮਰੀਹੈ ਜੋ ਬਾਗ਼ਲਾਨ ਸੂਬੇ ਦੀ ਰਾਜਧਾਨੀ ਵੀ ਹੈ।
ਇਸ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਤਾਲਿਬਾਨ ਨਾਲ ਸੰਘਰਸ਼ ਜਾਰੀ ਹੈ। ਮਜ਼ਾਰ -ਏ- ਸ਼ਰੀਫ਼ ਅਤੇ ਕੁੰਦੁਜ਼ ਨੂੰ ਜੋੜਨ ਵਾਲਾ ਮੁੱਖ ਰਾਜਮਾਰਗ ਜੋ ਕਾਬੁਲ ਤੱਕ ਜਾਂਦਾ ਹੈ ਇਸ ਇਲਾਕੇ ਵਿੱਚ ਹੋ ਕੇ ਹੀ ਨਿਕਲਦਾ ਹੈ।
ਤਾਲੁਕਾਨ (ਤਖਰ ਸੂਬਾ)
ਤਖਰ ਸੂਬੇ ਦੇ 16 ਵਿੱਚੋਂ 14 ਜ਼ਿਲ੍ਹੇ ਤਾਲਿਬਾਨ ਦੇ ਕਬਜ਼ੇ ਵਿੱਚ ਹਨ। ਹੁਣ ਇਸ ਦੀ ਰਾਜਧਾਨੀ ਤਾਲੁਕਾਨ ਨੂੰ ਵੀ ਖਤਰਾ ਹੈ।
ਐਰਿਆਨਾ ਨਿਊਜ਼ ਟੀਵੀ ਦੇ ਮੁਤਾਬਕ ਸ਼ਹਿਰ ਵਿੱਚ ਸੁਰੱਖਿਆ ਦੀ ਸਥਿਤੀ ਖਰਾਬ ਹੈ। ਤਜਾਕਿਸਤਾਨ ਦੇ ਨਾਲ ਏ- ਖਾਨੁਮ ਬਾਰਡਰ ਕਰਾਸਿੰਗ ਇਸ ਸੂਬੇ ਵਿੱਚ ਸਥਿਤ ਹੈ ਜੋ ਤਾਲਿਬਾਨ ਦੇ ਕਬਜ਼ੇ ਵਿੱਚ ਹੈ।
ਤਖਰ ,ਕੁੰਦੁਜ਼ ਅਤੇ ਬਦਖ਼ਸ਼ਾਂ ਨੂੰ ਜੋੜਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮਾਯਮਾਨਾ (ਫ਼ਰਿਆਬ ਸੂਬਾ)
ਤੁਰਕਮੇਨਿਸਤਾਨ ਨਾਲ ਲਗਦੇ ਸਰਹੱਦੀ ਫ਼ਰਿਆਬ ਸੂਬੇ ਵਿੱਚ ਲੰਬੇ ਸਮੇਂ ਤੱਕ ਸੁਰੱਖਿਆ ਬਲਾਂ ਅਤੇ ਤਾਲਿਬਾਨ ਵਿਚਕਾਰ ਸੰਘਰਸ਼ ਚੱਲਿਆ ਹੈ।
ਜੂਨ ਵਿੱਚ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਉੱਪਰ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਹੁਣ ਰਾਜਧਾਨੀ ਮਾਯਮਾਨਾ ਦੇ ਬਾਹਰ ਤਾਇਨਾਤ ਹੈ।
ਅੰਧਕੋਏ ਜ਼ਿਲ੍ਹੇ ਵਿੱਚ ਸਥਿਤ ਅਕੀਨਾ ਬਾਰਡਰ ਕਰਾਸਿੰਗ ਨੂੰ ਵੀ ਖਤਰਾ ਹੈ।
ਉੱਤਰੀ ਅਫ਼ਗਾਨਿਸਤਾਨ ਨੂੰ ਹੈਰਾਤ ਸੂਬੇ ਨਾਲ ਜੋੜਨ ਵਾਲਾ ਰਾਜਮਾਰਗ ਫ਼ਰਿਆਬ ਵਿੱਚੋਂ ਹੋ ਕੇ ਨਿਕਲਦਾ ਹੈ।
ਹੋਰ ਰਾਜਧਾਨੀਆਂ ਜਿਨ੍ਹਾਂ ਉੱਪਰ ਖਤਰਾ ਮੰਡਰਾ ਰਿਹਾ ਹੈ
ਤਾਲਿਬਾਨ ਦੀ ਸੈਨਾ ਕਈ ਹੋਰ ਸੂਬਿਆਂ ਦੀਆਂ ਰਾਜਧਾਨੀਆਂ ਦੇ ਬਾਹਰ ਵੀ ਤੈਨਾਤ ਹੈ।
ਦੇਸ਼ ਦੇ ਉੱਤਰ ਵਿੱਚ ਮੌਜੂਦ ਸਰ- ਏ-ਪੁਲ ਸੂਬੇ ਵਿੱਚ ਰਾਜਧਾਨੀ ਸਰ- ਏ-ਪੁਲ ਸ਼ਹਿਰ ਅਤੇ ਬਲਖ਼ੁਆਬ ਜ਼ਿਲ੍ਹੇ ਨੂੰ ਛੱਡ ਕੇ ਸਾਰਿਆਂ ਉਪਰ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ।
ਪੂਰਬ ਉੱਤਰ ਵਿੱਚ ਤਾਲਿਬਾਨ 10 ਜੂਨ ਨੂੰ ਅਰਗੰਜ਼ਖੁਆ ਜ਼ਿਲ੍ਹੇ ਉਪਰ ਕਬਜ਼ਾ ਕਰਨ ਤੋਂ ਬਾਅਦ ਬਦਖ਼ਸ਼ਾਂ ਦੀ ਰਾਜਧਾਨੀ ਫੈਜ਼ਾਬਾਦ ਦੇ ਬਾਹਰੀ ਇਲਾਕਿਆਂ ਤੱਕ ਪਹੁੰਚ ਚੁੱਕਿਆ ਹੈ।
ਜੂਨ ਵਿੱਚ ਸੂਬੇ ਦੇ ਕਈ ਜ਼ਿਲ੍ਹਿਆਂ ਉੱਪਰ ਕਬਜ਼ਾ ਕਰਨ ਤੋਂ ਬਾਅਦ ਪੱਛਮ ਵਿੱਚ ਤਾਲਿਬਾਨ ਦੀ ਸੈਨਾ ਫਰਾਹ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਹੈ।
ਫਰਾਹ ਸੂਬਾ ਈਰਾਨ ਅਤੇ ਅਫ਼ੀਮ ਉਦਪਾਦਕ ਹੇਲਮੰਦ ਦੇ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਹੈ। ਦੱਖਣੀ ਅਤੇ ਪੱਛਮੀ ਅਫ਼ਗਾਨਿਸਤਾਨ ਨੂੰ ਜੋੜਨ ਵਾਲਾ ਕੰਧਾਰ -ਹੇਰਾਤ ਰਾਜਮਾਰਗ ਇਸ ਸੂਬੇ ਵਿੱਚੋਂ ਹੋ ਕੇ ਨਿਕਲਦਾ ਹੈ।
ਤਾਲਿਬਾਨ ਨੇ ਹੇਰਾਤ ਸ਼ਹਿਰ ਤੋਂ ਸਿਰਫ਼ 40 ਕਿਲੋਮੀਟਰ ਜ਼ੇਨਜਾਡਨ ਸਮੇਤ ਕਈ ਜ਼ਿਲ੍ਹਿਆਂ ਉਤੇ ਆਪਣਾ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ।
ਪਰ ਅਫ਼ਗਾਨ ਸਰਕਾਰ ਦਾ ਕਹਿਣਾ ਹੈ ਕਿ ਜ਼ਿਲ੍ਹਾ ਹੈੱਡਕੁਆਰਟਰਾਂ ਦੀ ਜਗ੍ਹਾ ਬਦਲ ਦਿੱਤੀ ਗਈ ਹੈ ਤਾਂ ਜੋ ਘੱਟ ਤੋਂ ਘੱਟ ਨਾਗਰਿਕਾਂ ਨੂੰ ਨੁਕਸਾਨ ਹੋਵੇ। ਤਾਲਿਬਾਨ ਨੇ ਤੁਰਕਮੇਨਿਸਤਾਨ ਨਾਲ ਲਗਦੇ ਤੋਰਕੁੰਡੀ ਬਾਰਡਰ ਉੱਤੇ ਵੀ ਕਬਜ਼ਾ ਕਰ ਲਿਆ ਹੈ।
ਇਸੇ ਨਾਲ ਹੀ ਅਫਗਾਨਿਸਤਾਨ ਇਰਾਨ ਸਰਹੱਦ ਦੇ ਕੋਲ ਕੋਹਿਸਤਾਨ ਜ਼ਿਲ੍ਹੇ ਦੇ ਇਸਲਾਮ ਕਲਾਂ ਵਿੱਚ ਵੀ ਝੜਪ ਦੀ ਸੂਚਨਾ ਮਿਲੀ ਹੈ।
ਇੱਥੇ ਹਾਲ ਦੇ ਦਿਨਾਂ ਵਿੱਚ ਦੂਰਸੰਚਾਰ ਨੂੰ ਤਬਾਹ ਕਰ ਦਿੱਤਾ ਗਿਆ ਸੀ ਜਿਸ ਨਾਲ ਹੈਰਾਤ ਵਿੱਚ ਇੰਟਰਨੈੱਟ ਸੇਵਾ ਪ੍ਰਭਾਵਿਤ ਹੋਈ ਹੈ।
ਦੱਖਣ ਵਿੱਚ ਹੇਲਮੰਦ ਦੀ ਰਾਜਧਾਨੀ ਲਸ਼ਕਰ ਗਾਹ ਅਤੇ ਉਸ ਦੇ ਆਸ ਪਾਸ ਸੰਘਰਸ਼ ਹੋ ਰਹੇ ਹਨ।
ਇਹ ਇੱਕ ਅਜਿਹਾ ਸੂਬਾ ਹੈ ਜਿਸ ਨੇ ਪਿਛਲੇ ਇੱਕ ਦਹਾਕੇ ਵਿੱਚ ਅਫ਼ਗਾਨ ਸੁਰੱਖਿਆ ਬਲਾਂ, ਅਮਰੀਕਾ ਦੀ ਅਗਵਾਈ ਵਾਲੇ ਗਠਬੰਧਨ ਸੈਨਿਕਾਂ ਅਤੇ ਤਾਲਿਬਾਨ ਦੇ ਵਿੱਚ ਲੜਾਈ ਵੇਖੀ ਹੈ।
ਇੱਥੇ ਜ਼ਿਆਦਾਤਰ ਜ਼ਿਲ੍ਹੇ ਤਾਲਿਬਾਨ ਦੇ ਕਬਜ਼ੇ ਵਿੱਚ ਹਨ।
ਕੰਧਾਰ- ਹੇਰਾਤ ਹਾਈਵੇਅ ਇਸ ਸੂਬੇ ਵਿੱਚ ਹੋ ਕੇ ਨਿਕਲਦਾ ਹੈ।
ਕਾਬੁਲ- ਕੰਧਾਰ ਹਾਈਵੇਅ ਉੱਤੇ ਸਥਿਤ ਜ਼ਾਬੁਲ ਵਿੱਚ ਸੂਬੇ ਦੀ ਰਾਜਧਾਨੀ ਕਲਤ ਵੀ ਅਸੁਰੱਖਿਅਤ ਹੈ।
ਤਾਲਿਬਾਨ ਕਾਬੁਲ ਦੀ ਸਰਹੱਦ ਨਾਲ ਲੱਗਦੇ ਮਦਾਨ ਵਰਦਾਗ਼ ਸੂਬੇ ਦੇ ਚਾਰ ਜ਼ਿਲ੍ਹਿਆਂ ਉੱਤੇ ਕਬਜ਼ਾ ਕਰਨ ਤੋਂ ਬਾਅਦ ਤਿੰਨ ਦਿਸ਼ਾਵਾਂ ਤੋਂ ਰਾਜਧਾਨੀ ਮਦਾਨ ਸ਼ਰ ਦੀ ਘੇਰਾਬੰਦੀ ਕਰ ਰਿਹਾ ਹੈ।
ਸਰਕਾਰੀ ਸੈਨਾ ਨੂੰ ਪਿੱਛੇ ਹਟਣ ਲਈ ਮਜਬੂਰ ਕਰਨ ਤੋਂ ਬਾਅਦ ਉਰੂਜ਼ਗਨ ਦੀ ਰਾਜਧਾਨੀ ਤਰਿਨ ਕੋਟ ਦੇ ਬਾਹਰੀ ਇਲਾਕਿਆਂ ਵਿੱਚ ਵੀ ਤਾਲਿਬਾਨ ਦੀ ਸੈਨਾ ਮੌਜੂਦ ਹੈ।
ਦੌਲਤ ਸ਼ਾਹ ਜ਼ਿਲ੍ਹਾ, ਅਲੀਸ਼ੇਂਗ ਅਤੇ ਅਲੀਗਰ ਜ਼ਿਲ੍ਹਿਆਂ ਵਿੱਚ ਤਿੰਨ ਸੈਨਾ ਦੇ ਟਿਕਾਣਿਆਂ ਉੱਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਪੂਰਬ ਵਿੱਚ ਲਗ਼ਮਨ ਸੂਬੇ ਦੀ ਰਾਜਧਾਨੀ ਮਿਹਤਰਲਾਮ ਦੇ ਬਾਹਰ ਪਹੁੰਚ ਚੁੱਕਿਆ ਹੈ।
ਇਹ ਵੀ ਪੜ੍ਹੋ :