ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਧਦੀ ਤਾਕਤ, ਕਿਵੇਂ ਭਾਰਤੀ ਕਾਮੇ ਤੇ ਘੱਟ ਗਿਣਤੀ ਸਿੱਖ ਸਹਿਮ ਦੀ ਜ਼ਿੰਦਗੀ ਬਿਤਾ ਰਹੇ ਹਨ

ਅਫ਼ਗ਼ਾਨਿਸਤਾਨ

ਤਸਵੀਰ ਸਰੋਤ, Anadolu Agency/Getty Images

ਤਸਵੀਰ ਕੈਪਸ਼ਨ, ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਰਾਜ ਵੇਲੇ ਔਰਤਾਂ ’ਤੇ ਸਖ਼ਤ ਪਾਬੰਦੀਆਂ ਲਗੀਆਂ ਹੋਈਆਂ ਸਨ
    • ਲੇਖਕ, ਅਨੰਤ ਪ੍ਰਕਾਸ਼
    • ਰੋਲ, ਬੀਬੀਸੀ ਪੱਤਰਕਾਰ

“ਮੈਂ ਹਰ ਰੋਜ਼ ਜਦੋਂ ਸੌਣ ਜਾਂਦਾ ਹਾਂ ਤਾਂ ਆਪਣਾ ਬੈਗ ਖਿੜਕੀ ਦੇ ਕੋਲ ਰੱਖਦਾ ਹਾਂ ਜਿਸ ਵਿੱਚ ਇੱਕ ਜੋੜਾ ਜੁੱਤੀ, ਕੱਪੜੇ, ਪਾਸਪੋਰਟ, ਜ਼ਰੂਰੀ ਦਸਤਾਵੇਜ਼ ਅਤੇ ਨਕਦੀ ਪਈ ਹੁੰਦੀ ਹੈ। ਇਹ ਕਿਸੇ ਜਸੂਸੀ ਫਿਲਮ ਦੇ ਸੀਨ ਵਰਗਾ ਲਗ ਸਕਦਾ ਹੈ ਪਰ ਅਫ਼ਗਾਨਿਸਤਾਨ ਵਿੱਚ ਅਸੀਂ ਇਸੇ ਤਰ੍ਹਾਂ ਰਹਿੰਦੇ ਹਾਂ। ਇੱਥੇ ਕਦੇ ਵੀ ਕੁਝ ਵੀ ਹੋ ਸਕਦਾ ਹੈ ਅਤੇ ਤੁਹਾਨੂੰ ਆਪਣਾ ਝੋਲਾ ਚੁੱਕ ਕੇ ਭੱਜਣਾ ਪੈ ਸਕਦਾ ਹੈ।”

ਇਹ ਸ਼ਬਦ ਉਸ ਭਾਰਤੀ ਵਿਅਕਤੀ ਦੇ ਹਨ ਜੋ ਇੱਕ ਲੰਬੇ ਅਰਸੇ ਤੋਂ ਅਫ਼ਗਾਨਿਸਤਾਨ ਵਿੱਚ ਰਹਿ ਕੇ ਕੰਮ ਕਰ ਰਿਹਾ ਹੈ।

ਪਿਛਲੇ ਕੁਝ ਹਫ਼ਤਿਆਂ ਦੌਰਾਨ ਅਫ਼ਗਾਨਿਸਤਾਨ ਦੇ ਜ਼ਮੀਨੀ ਹਾਲਾਤ ਤੇਜ਼ੀ ਨਾਲ ਬਦਲੇ ਹਨ। ਤਾਲਿਬਾਨ ਲੜਾਕਿਆਂ ਨੇ ਇੱਕ ਤੋਂ ਬਾਅਦ ਇੱਕ, ਦੋ ਜ਼ਿਲ੍ਹਿਆਂ ਉੱਪਰ ਕਬਜ਼ਾ ਕਰ ਲਿਆ ਹੈ। ਦੂਜੇ ਪਾਸੇ ਅਫ਼ਗਾਨ ਫ਼ੌਜ ਕਈ ਇਲਾਕੇ ਵਾਪਸ ਲੈ ਲੈਣ ਦਾ ਦਾਅਵਾ ਵੀ ਕਰ ਰਹੀ ਹੈ।

ਇਹ ਵੀ ਪੜ੍ਹੋ:

ਜਦਕਿ ਦੇਖਿਆ ਜਾਵੇ ਤਾਂ ਹਾਲਤ ਹਰ ਢਲਦੇ ਦਿਨ ਨਾਲ ਨਿਘਰਦੇ ਜਾ ਰਹੇ ਹਨ। ਪਿਛਲੇ ਕੁਝ ਸਮੇਂ ਦੌਰਾਨ ਜਰਮਨੀ ਅਤੇ ਪੋਲੈਂਡ ਸਮੇਤ ਕਈ ਮੁਲਕਾਂ ਦੀਆਂ ਫ਼ੌਜਾਂ ਅਫ਼ਗਾਨਿਸਤਾਨ ਛੱਡ ਕੇ ਜਾ ਚੁੱਕੀਆਂ ਹਨ।

ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਅਮਰੀਕੀ ਫੌਜਾਂ 11 ਸਤੰਬਰ ਤੱਕ ਇੱਥੇ ਰਹਿ ਸਕਦੀਆਂ ਹਨ ਪਰ ਤਾਜ਼ਾ ਰਿਪੋਰਟਾਂ ਮੁਤਾਬਕ ਉਹ ਵੀ ਅਗਲੇ ਕੁਝ ਦਿਨਾਂ ਵਿੱਚ ਇੱਥੋਂ ਰਵਾਨਾ ਹੋ ਸਕਦੀਆਂ ਹਨ।

ਅਫ਼ਗ਼ਾਨਿਸਤਾਨ

ਤਸਵੀਰ ਸਰੋਤ, Sumit/BBC

ਖਾਨਾ ਜੰਗੀ ਛਿੜਨ ਦੀ ਸੰਭਾਵਨਾ

ਇਸੇ ਦੌਰਾਨ ਸੁੰਨਸਾਨ ਪਏ ਅਮਰੀਕੀ-ਨਾਟੋ ਫ਼ੌਜਾਂ ਦੇ ਰਾਜਧਾਨੀ ਕਾਬਲ ਵਿਚਲੇ ਹੈਡਕੁਆਰਟਰ ਤੋਂ ਅਮਰੀਕੀ ਜਨਰਲ ਆਸਟਿਨ ਐੱਸ. ਮਿਲਰ ਨੇ ਅਫ਼ਗਾਨਿਸਤਾਨ ਵਿੱਚ ਗ੍ਰਿਹ-ਯੁੱਧ ਛਿੜਨ ਦੀ ਸੰਭਾਵਨਾ ਦੱਸੀ ਹੈ।

ਅਫ਼ਗਾਨਿਸਤਾਨ ਹਾਈ ਕਾਊਂਸਲ ਫਾਰ ਨੈਸ਼ਨਲ ਰਿਕਾਂਸੀਲੇਸ਼ਨ ਦੇ ਮੁਖੀ ਡਾ਼ ਅਬਦੁੱਲ੍ਹਾ ਅਬਦੁੱਲ੍ਹਾ ਨੇ ਕਿਹਾ ਹੈ ਕਿ ਉਹ ਅਮਨ ਚਾਹੁੰਦੇ ਹਨ ਪਰ ਹੌਲੀ-ਹੌਲੀ ਜੰਗ ਬੂਹੇ ’ਤੇ ਆਣ ਖੜ੍ਹੀ ਹੈ ਅਤੇ ਅਫ਼ਗਾਨ ਆਗੂਆਂ ਨੂੰ ਲੋਕਾਂ ਦੀ ਰਾਖੀ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ।

ਹਾਲਾਤ ਕੁਝ ਅਜਿਹੇ ਹਨ ਕਿ ਆਮ ਲੋਕ ਹਥਿਆਰ ਆਪਣੇ ਘਰਾਂ ਵਿੱਚ ਇਕੱਠੇ ਕਰ ਰਹੇ ਹਨ ਤਾਂ ਕਿ ਹਮਲੇ ਦੀ ਸ਼ਕਲ ਵਿੱਚ ਉਹ ਪਾਰਿਵਾਰ ਦਾ ਬਚਾਅ ਕਰ ਸਕਣ।

ਇਸੇ ਦੌਰਾਨ ਅਫ਼ਗਾਨਿਸਤਾਨ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਵਿਦੇਸ਼ੀ ਨਾਗਰਿਕਾਂ ਦਾ ਅਫ਼ਗਾਨਿਸਤਾਨ ਤੋਂ ਪ੍ਰਵਾਸ ਜਾਰੀ ਹੈ। ਕਾਬੁਲ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਇੱਥੇ ਰਹਿ ਰਹੇ ਭਾਰਤੀਆਂ ਨੂੰ ਸੁਰੱਖਿਆ ਨਾਲ ਜੁੜੀਆਂ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਹਨ।

ਕਿਵੇਂ ਰਹਿ ਰਹੇ ਹਨ ਭਾਰਤੀ ਨਾਗਰਿਕ?

ਪਿਛਲੇ ਕੁਝ ਸਾਲਾਂ ਵਿੱਚ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਵਿੱਚ ਮੁੜਵਸੇਬੇ ਨਾਲ ਜੁੜੇ ਪ੍ਰੋਜੈਕਟਾਂ ਵਿੱਚ ਲਗਭਗ ਤਿੰਨ ਅਰਬ ਅਮੀਰੀਕੀ ਡਾਲਰ ਦੀ ਪੂੰਜੀ ਲਗਾਈ ਹੈ। ਸੰਸਦ ਤੋਂ ਲੈ ਕੇ ਸੜਕ ਤੱਕ ਅਤੇ ਬੰਨ੍ਹ ਬਣਾਉਣ ਦੇ ਕਈ ਪ੍ਰੋਜੈਕਟਾਂ ਵਿੱਚ ਭਾਰਤੀ ਪੇਸ਼ੇਵਰ ਲੋਕ ਕੰਮ ਕਰ ਰਹੇ ਹਨ।

ਆਫ਼ਗ਼ਾਨਿਸਤਾਨ

ਤਸਵੀਰ ਸਰੋਤ, Sumit/BBC

ਭਾਰਤੀ ਵਿਦੇਸ਼ ਮੰਤਰਾਲਾ ਮੁਤਾਬਕ, ਅਫ਼ਗਾਨਿਸਤਾਨ ਵਿੱਚ ਲਗਭਗ 1700 ਭਾਰਤੀ ਰਹਿੰਦੇ ਹਨ।

ਭਾਰਤੀ ਸਫ਼ਾਰਤਖਾਨੇ ਨੇ ਆਪਣੀ 16 ਨੁਕਾਤੀ ਸਲਾਹ ਵਿੱਚ ਕਿਹਾ ਕਿ-

-ਸਾਰੇ ਭਾਰਤੀ ਗੈਰ-ਜ਼ਰੂਰੀ ਆਵਾਜਾਈ ਤੋਂ ਬਚਣ

-ਮੁੱਖ ਸ਼ਹਿਰਾਂ ਤੋਂ ਬਾਹਰ ਜਾਣ ਤੋਂ ਬਚਣ, ਜੇ ਜਾਣਾ ਜ਼ਰੂਰੀ ਹੀ ਹੋਵੇ ਤਾਂ ਹਵਾਈ ਸਫ਼ਰ ਕਰਨ ਕਿਉਂਕਿ ਸੜਕੀ ਮਾਰਗ ਸੁਰੱਖਿਅਤ ਨਹੀਂ ਹਨ।

-ਭਾਰਤੀਆਂ ਉੱਪਰ ਅਗਵਾ ਕੀਤੇ ਜਾਣ ਦਾ ਵਿਸ਼ੇਸ਼ ਖ਼ਤਰਾ ਮੰਡਰਾ ਰਿਹਾ ਹੈ।

ਅਫ਼ਗਾਨਿਸਤਾਨ ਵਿੱਚ ਇੱਕ ਕੌਮਾਂਤਰੀ ਅਦਾਰੇ ਨਾਲ ਕੰਮ ਕਰ ਰਹੇ ਇੱਕ ਭਾਰਤੀ ਨਾਗਰਿਕ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਫ਼ੌਜੀ ਸਰਗਮੀਆਂ ਵਿੱਚ ਕਮੀ ਆਈ ਹੈ।

ਅਫ਼ਗ਼ਾਨਿਸਤਾਨ

ਤਸਵੀਰ ਸਰੋਤ, AFP

ਸੁਮਿਤ (ਬਦਲਿਆ ਹੋਇਆ ਨਾਂਅ) ਕਹਿੰਦੇ ਹਨ,"ਇਸ ਸਮੇਂ ਕਾਬੁਲ ਵਿੱਚ ਹਾਲਾਤ ਬਹੁਤ ਖ਼ਰਾਬ ਹਨ। ਅਸੀਂ ਦਿ ਬਾ ਦਿਨ ਆਪਣਾ ਸਮਾਂ ਕੱਟ ਰਹੇ ਹਾਂ। ਮੈਂ ਹਮੇਸ਼ਾ ਆਪਣੇ ਨਾਲ ਇੱਕ ਬੈਗ ਰੱਖਦਾ ਹਾਂ ਜਿਸ ਵਿੱਚ ਮੇਰਾ ਪਾਸਪੋਰਟ,ਕੁਝ ਜ਼ਰੂਰੀ ਕਾਗਜ਼, ਕੈਸ਼ ਰੁਪਏ, ਟਾਰਚ, ਸਵਿਸ ਨਾਈਫ਼, ਇੱਕ ਜੁੱਤੀ ਅਤੇ ਅਰਾਮਦਾਇਕ ਕੱਪੜੇ ਹੁੰਦੇ ਹਨ।"

ਉਨ੍ਹਾਂ ਨੂੰ ਲਗਦਾ ਹੈ ਕਿ ਕਿਸੇ ਵੀ ਸਮੇਂ ਉਨ੍ਹਾਂ ਨੂੰ ਆਪਣਾ ਬੈਗ ਚੁੱਕ ਕੇ ਭੱਜਣਾ ਪੈ ਸਕਦਾ ਹੈ।

ਉੱਥੇ ਰਹਿ ਰਹੇ ਭਾਰਤੀ ਹਾਲਾਂਕਿ ਕਿਸੇ ਤਕੜੀ ਸੁਰੱਖਿਆ ਵਿੱਚ ਤਾਂ ਨਹੀਂ ਰਹਿ ਰਹੇ ਪਰ ਉੱਥੋਂ ਦਾ ਭਾਰਤੀ ਦੂਤਾਵਾਸ ਉਨ੍ਹਾਂ ਦਾ ਖ਼ਿਆਲ ਰੱਖਦਾ ਹੈ ਅਤੇ ਅਡਵਾਇਜ਼ਰੀਆਂ ਜਾਰੀ ਕਰਦਾ ਰਹਿੰਦਾ ਹੈ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਦੇ ਗੁਰਦੁਆਰੇ ਪਹੁੰਚੇ ਭਾਰਤੀ ਨੇ ਦੱਸਿਆ ਅਫ਼ਗਾਨਿਸਤਾਨ 'ਚ ਕਿੰਨਾ ਖ਼ਤਰਾ

ਅਫ਼ਗਾਨਿਸਤਾਨ ਵਿੱਚ ਸੁਰੱਖਿਆ ਸਥਿਤੀ ਬਾਰੇ ਸਾਡੀ ਗੱਲਬਾਤ ਨਿਤਿਨ ਸੋਨਾਵਨੇ ਨਾਲ ਹੋਈ ਜੋ ਦੁਨੀਆਂ ਭਰ ਵਿੱਚ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਪ੍ਰਚਾਰ ਲਈ ਲਗਭਗ ਚਾਲੀ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ। ਇਹ ਫਿਲਹਾਲ ਅਫ਼ਗਾਨਿਸਤਾਨ ਪਹੁੰਚੇ ਹੋਏ ਹਨ।

ਨਿਤਿਨ ਦੱਸਦੇ ਹਨ,"ਅਫ਼ਗਾਨਿਸਤਾਨ ਵਿੱਚ ਹਾਲਾਤ ਦਿਨੋਂ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਮੈਂ ਕੋਈ ਤਿੰਨ ਕੁ ਦਿਨ ਵਿੱਚ 80 ਕਿੱਲੋਮੀਟਰ ਦਾ ਸਫ਼ਰ ਕੀਤਾ ਹੋਵੇਗਾ। ਕਈਆਂ ਨੇ ਮੈਨੂੰ ਕਿਹਾ ਕਿ ਇੱਥੇ ਨਾ ਜਾਓ,ਇੱਥੇ ਬਹੁਤ ਖ਼ਤਰਾ ਹੈ। ਤਾਲਿਬਾਨ ਰੇਗਿਸਤਾਨ ਤੋਂ ਆ ਸਕਦਾ ਹੈ। ਹਮਲਾ ਕਰ ਸਕਦਾ ਹੈ। ਅਗਵਾ ਕਰ ਸਕਦਾ ਹੈ।"

ਫਿਲਹਾਲ ਤਾਲਿਬਾਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕਾਬੁਲ ਵਿੱਚ ਵੀ ਹਾਲਾਤ ਖ਼ਰਾਬ ਹਨ। ਮੈਂ ਜਦੋਂ ਉੱਥੇ ਸੀ ਤਾਂ ਇੱਕ ਵੈਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਮੇਰੇ ਇੱਕ ਦੋਸਤ ਦੇ ਸਹਿਯੋਗੀ ਦੀ ਜਾਨ ਚਲੀ ਗਈ।"

ਅਫ਼ਗ਼ਾਨਿਸਤਾਨ ਵਿੱਚ ਭਾਰਤ ਵੱਲੋਂ ਭੇਜੀ ਗਈ ਮਦਦ ਦੀ ਸਮੱਗਰੀ ਚੁੱਕਦਾ ਹੋਇਆ ਇਹ ਅਫ਼ਗ਼ਾਨ ਨੌਜਵਾਨ

ਤਸਵੀਰ ਸਰੋਤ, WAKIL KOHSAR/AFP via Getty Images

ਤਸਵੀਰ ਕੈਪਸ਼ਨ, ਅਫ਼ਗ਼ਾਨਿਸਤਾਨ ਵਿੱਚ ਭਾਰਤ ਵੱਲੋਂ ਭੇਜੀ ਗਈ ਮਦਦ ਦੀ ਸਮੱਗਰੀ ਚੁੱਕਦਾ ਹੋਇਆ ਇਹ ਅਫ਼ਗ਼ਾਨ ਨੌਜਵਾਨ

"ਅਜਿਹੀ ਸਥਿਤੀ ਵਿੱਚ ਲੋਕ ਇੱਥੋਂ ਕਿਵੇਂ ਨਾ ਕਿਵੇਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।"

ਨਿਤਿਨ ਸੋਨਾਵਨੇ ਕਾਬੁਲ ਸਥਿਤ ਭਾਰਤੀ ਸਫ਼ਾਰਤਖਾਨੇ ਵਿੱਚ ਕੰਮ ਕਰ ਰਹੇ ਭਾਰਤੀ ਅਫ਼ਸਰਾਂ ਨੂੰ ਮਿਲ ਕੇ ਆਏ ਹਨ।

ਨਿਤਿਨ ਦੱਸਦੇ ਹਨ,"ਮੈਂ ਹਾਲ ਹੀ ਵਿੱਚ ਭਾਰਤੀ ਅੰਬੈਸੀ ਗਿਆ ਸੀ। ਉਹ ਬਿਲਕੁਲ ਜੇਲ੍ਹ ਵਿੱਚ ਬਦਲ ਗਿਆ ਹੈ। ਕੋਈ ਅਧਿਕਾਰੀ ਨਹੀਂ ਨਿਕਲ ਰਿਹਾ। ਅਸੁਰੱਖਿਆ ਦਾ ਭਾਵ ਇੰਨਾ ਵਧ ਗਿਆ ਹੈ। ਮੈਨੂੰ ਵੀ ਬਜ਼ਾਰ ਜਾਣ ਤੋਂ ਮਨ੍ਹਾਂ ਕੀਤਾ ਗਿਆ ਹੈ।"

ਭਾਰਤੀਆਂ ਵਿੱਚ ਪਾਕਿਸਤਾਨੀ ਸਮਝੇ ਜਾਣ ਦਾ ਭੈਅ

ਸੋਨਾਵਨੇ ਕਹਿੰਦੇ ਹਨ ਕਿ ਹਾਲੇ ਕੁਝ ਦਿਨ ਪਹਿਲਾਂ ਇੱਕ ਭਾਰਤੀ ਪ੍ਰੋਫ਼ੈਸਰ ਨੂੰ ਅਗਵਾ ਕਰ ਲਿਆ ਗਿਆ ਸੀ।

ਅਫ਼ਗਾਨਿਸਤਾਨ ਵਿੱਚ ਰਹਿ ਰਹੇ ਭਾਰਤੀ ਜਿੱਥੇ ਇੱਕ ਪਾਸੇ ਤਾਲਿਬਾਨ ਵੱਲੋਂ ਖ਼ਤਰਾ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਅਫ਼ਗਾਨ ਲੋਕਾਂ ਵੱਲੋਂ ਪਾਕਿਸਤਾਨੀ ਸਮਝੇ ਜਾਣ ਦੇ ਡਰ ਥੱਲੇ ਜਿਉਂ ਰਹੇ ਹਨ।

ਅਫ਼ਗ਼ਾਨਿਸਤਾਨ

ਤਸਵੀਰ ਸਰੋਤ, BhasKAR Solanki / BBC

ਤਸਵੀਰ ਕੈਪਸ਼ਨ, ਕਾਬੁਲ ਦੇ ਇੱਕ ਸ਼ਿਵ ਮੰਦਰ ਦੀ ਸਾਲ 2008 ਦੀ ਤਸਵੀਰ ਜਿਸ ਦੀ ਹੁਣ ਦੀ ਤਸਵੀਰ ਉੱਥੋਂ ਦੇ ਪ੍ਰਬੰਧਕਾਂ ਨੇ ਲੈਣ ਤੋਂ ਮਨਾ ਕਰ ਦਿੱਤਾ ਸੀ

ਨਿਤਿਨ ਦੱਸਦੇ ਹਨ," ਇੱਥੇ ਅਫ਼ਗਾਨ, ਭਾਰਤੀਆਂ ਨਾਲ ਚੰਗਾ ਸਲੂਕ ਕਰਦੇ ਹਨ। ਹਾਲਾਂਕਿ ਜੇ ਮੈਂ ਸੜਕ ’ਤੇ ਜਾਵਾਂ ਅਤੇ ਕਿਸੇ ਨੂੰ ਕਹਾਂ ਕਿ ਮੈਂ ਭਾਰਤੀ ਹਾਂ ਤਾਂ ਲੋਕ ਇਤਬਾਰ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਜਣਾ ਪਾਕਿਸਤਾਨ ਤੋਂ ਹੈ।”

“ਜਦੋਂ ਮੈਂ ਹਿੰਦੀ ਵਿੱਚ ਗੱਲ ਕਰਾਂਗਾ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਜਾਂ ਤਾਂ ਮੈਂ ਪਾਕਿਸਤਾਨ ਤੋਂ ਆਇਆ ਹਾਂ ਅਤੇ ਜਾਂ ਭਾਰਤ ਤੋਂ। ਲੋਕ ਜ਼ਿਆਦਾਤਰ ਤੁਹਾਨੂੰ ਪਾਕਿਸਤਾਨੀ ਹੀ ਸਮਝਣਗੇ ਕਿਉਂਕਿ ਪਾਕਿਸਤਨੀ ਲੋਕ ਆਪਣੀ ਪਛਾਣ ਲੁਕਾਉਂਦੇ ਹਨ। ਇੱਥੇ ਪਾਕਿਸਤਾਨ ਦੇ ਪ੍ਰਤੀ ਬਹੁਤ ਨਫ਼ਰਤ ਹੈ।"

ਨਿਤਿਨ ਨੇ ਜਲਾਲਾਬਾਦ ਤੋਂ ਲੈ ਕੇ ਮਜ਼ਾਰ-ਏ-ਸ਼ਰੀਫ਼ ਵਰਗੇ ਇਲਾਕਿਆਂ ਦੀ ਯਾਤਰਾ ਕੀਤੀ ਹੈ ਜਿੱਥੇ ਇਸ ਸਮੇਂ ਕੱਟੜਪੰਥੀ ਸੰਗਠਨ ਸਰਗਰਮ ਹਨ।

ਉਹ ਦੱਸਦੇ ਹਨ,"ਜਲਾਲਾਬਾਦ ਵਿੱਚ ਕਈ ਅੱਤਵਾਦੀ ਗਰੁੱਪ ਸਰਗਰਮ ਹਨ। ਇੱਤੇ ਇੱਕ 501 ਸਾਲ ਪੁਰਾਣਾ ਗੁਰਦੁਆਰਾ ਹੈ, ਜਿੱਥੇ ਗੁਰੂ ਨਾਨਕ ਆਏ ਸਨ। ਮੈਂ ਉੱਥੇ ਗਿਆ ਸੀ ਪਰ ਉੱਥੇ ਮੌਜੂਦ ਲੋਕਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਨੂੰ ਲੱਗਿਆ ਕਿ ਮੈਂ ਪਾਕਿਸਤਾਨੀ ਹਾਂ ਅਤੇ ਉਨ੍ਹਾਂ ਨੇ ਮੇਰੇ ਨਾਲ ਬਿਲਕੁਲ ਵੀ ਗੱਲ ਨਹੀਂ ਕੀਤੀ।"

ਸੁਮਿਤ (ਬਦਲਿਆ ਹੋਇਆ ਨਾਂਅ) ਵੀ ਜਾਣਦੇ ਹਨ ਕਿ ਭਾਰਤੀ, ਅਫ਼ਗ਼ਾਨਿਸਤਾਨ ਵਿੱਚ ਇੱਕ ਅਜੀਬ ਸਥਿਤੀ ਦਾ ਸਾਹਮਣਾ ਕਰ ਰਹੇ ਹਨ।

ਭਾਰਤ ਨੇ ਹੁਣ ਤੱਕ ਅਫ਼ਗਾਨਿਸਤਾਨ ਵਿੱਚ ਬੁਨਿਆਦੀ ਢਾਂਚਾ ਖੜ੍ਹਾ ਕਰਨ ਨਾਲ ਜੁੜੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕਈ ਭਾਰਤੀ ਇੰਜੀਨੀਅਰ, ਤਕਨੀਸ਼ੀਅਨ ਅਤੇ ਹੋਰ ਖੇਤਰਾਂ ਨਾਲ ਜੁੜੇ ਪੇਸ਼ੇਵਰ ਕੰਮ ਕਰ ਰਹੇ ਹਨ। ਕਈ ਪ੍ਰੋਜੈਕਟ ਅਜਿਹੇ ਹਨ ਜੋ ਆਉਣ ਵਾਲੇ ਸਾਲਾਂ ਵਿੱਚ ਪੂਰੀਆਂ ਹੋਣ ਵਾਲੇ ਹਨ।

ਇਸ ਦੇ ਨਾਲ ਹੀ ਮਨੁੱਖੀ ਹੱਕਾਂ ਨਾਲ ਜੁੜੀਆਂ ਸੇਵਾਂਵਾਂ ਅਫ਼ਗਾਨਿਸਤਾਨ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕਈ ਭਾਰਤੀ ਸੰਯੁਕਤ ਰਾਸ਼ਟਰ ਸਮੇਤ ਹੋ ਕੌਮਾਂਤਰੀ ਦਾਨੀ ਸੰਸਥਾਵਾਂ ਨਾਲ ਕੰਮ ਕਰ ਰਹੇ ਹਨ।

ਅਫ਼ਗ਼ਾਨਿਸਤਾਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅਫ਼ਗਾਨਿਸਤਾਨ ਵਿੱਚ ਔਰਤਾਂ ਨੂੰ ਇਸਲਾਮਿਕ ਕਾਨੂੰਨਾਂ ਦੀ ਪਾਲਣਾ ਨਾ ਕਰਨ ’ਤੇ ਲੋਕਾਂ ਦੇ ਸਾਹਮਣੇ ਸਜ਼ਾ ਦਿੱਤੀ ਜਾਂਦੀ ਸੀ

ਅਜਿਹੀ ਹੀ ਇੱਕ ਸੰਸਥਾ ਨਾਲ ਕੰਮ ਕਰ ਰਹੇ ਇੱਕ ਭਾਰਤੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ।

ਰਾਹੁਲ (ਬਦਲਿਆ ਹੋਇਆ ਨਾਂਅ) ਦੱਸਦੇ ਹਨ,"ਅਫ਼ਗਾਨਿਸਤਾਨ ਵਿੱਚ ਰਹਿਣ ਵਾਲੇ ਭਾਰਤੀ ਮੁੱਖ ਤੌਰ ’ਤੇ ਵਿਕਾਸ ਕਾਰਜਾਂ ਨਾਲ ਜੁੜੀਆਂ ਸੰਸਥਾਵਾਂ, ਕਾਰੋਬਾਰੀ ਅਦਾਰਿਆਂ ਅਤੇ ਤਕਨੀਕੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਤਿੰਨ ਖੇਤਰਾਂ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੀ ਸੁਰੱਖਿਆ ਦੇ ਬੰਦੋਬਸਤ ਵੱਖੋ-ਵੱਖ ਹਨ।

ਮਿਸਾਲ ਵਜੋਂ, ਕੌਮਾਂਤਰੀ ਸੰਸਥਾਵਾਂ ਨਾਲ ਕੰਮ ਕਰਨ ਵਾਲਿਆਂ ਦੀ ਸੁਰੱਖਿਆ ਤੁਲਨਾਤਮਿਕ ਰੂਪ ਵਿੱਚ ਬਿਹਤਰ ਹੈ ਕਿਉਂਕਿ ਉਨ੍ਹਾਂ ਦੇ ਕੰਪਲੈਕਸ ਸੁਰੱਖਿਅਤ ਹਨ। ਸੁਰੱਖਿਆ ਸੰਬੰਧੀ ਨਿਯਮ ਸਖ਼ਤ ਹਨ। ਸੁਰੱਖਿਆ ਬੰਦੋਬਸਤ ਦੇਖਣ ਲਈ ਵੱਖਰੀਆਂ ਟੀਮਾਂ ਹਨ।

ਜਦਕਿ ਸੇਵਾ ਖੇਤਰ ਵਿੱਚ ਕੰਮ ਕਰਨ ਵਾਲਿਆਂ ਦੀਆਂ ਸਥਿਤੀਆਂ ਗੰਭੀਰ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਰਹਿਣ-ਸਹਿਣ ਦੇ ਬੰਦੋਬਸਤ ਖ਼ੁਦ ਕਰਨੇ ਪੈਂਦੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਿਸ ਉੱਪਰ ਭਰੋਸਾ ਕਰਨ ਅਤੇ ਕਿਸ ਉੱਪਰ ਨਹੀਂ।

ਤੀਜਾ ਵਰਗ ਆਉਂਦਾ ਹੈ ਜੋ ਭਾਰਤ ਸਰਕਾਰ ਦੇ ਪ੍ਰੋਜੈਕਟਾਂ ਜਿਵੇਂ ਹਾਈਵੇ ਅਤੇ ਬੰਨ੍ਹ ਬਣਾਉਣ ਉੱਪਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸਥਿਤੀ ਖ਼ਰਾਬ ਹੈ। ਹਾਲਾਂਕਿ ਮੈਨੂੰ ਲਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਪਿਛਲੇ ਕੁਝ ਸਮੇਂ ਦੌਰਾਨ ਕੱਢ ਲਿਆ ਗਿਆ ਹੈ।

ਕਈ ਜਣੇ ਅਜਿਹੇ ਪ੍ਰੋਜੈਕਟਾਂ ਉੱਪਰ ਕੰਮ ਕਰਦੇ ਹਨ ਜੋ ਕਿ ਦੂਰ-ਦੁਰਾਡੇ ਇਲਾਕਿਆਂ ਵਿੱਚ ਟੈਂਟ ਲਗਾ ਕੇ ਰਹਿੰਦੇ ਹਨ। ਉਨ੍ਹਾਂ ਨੂੰ ਉਸ ਇਲਾਕੇ ਵਿੱਚ ਪਤਾ ਨਹੀਂ ਹੁੰਦਾ ਕਿ ਉਹ ਪੂਰੀ ਤਰ੍ਹਾਂ ਆਪਣੇ ਅਫ਼ਗ਼ਾਨ ਠੇਕੇਦਾਰ ਉੱਪਰ ਨਿਰਭਰ ਕਰਦੇ ਹਨ।"

ਅਫ਼ਗ਼ਾਨਿਸਤਾਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅਫ਼ਗ਼ਾਨਿਸਤਾਨ ਵਿੱਚ ਭਾਰਤੀਆਂ ਲਈ ਕਾਫੀ ਖ਼ਤਰਨਾਕ ਹਾਲਾਤ ਹਨ

ਕੀ ਭਾਰਤੀ ਭਵਿੱਖ ਵਿੱਚ ਉੱਥੇ ਰਹਿ ਸਕਣਗੇ?

ਹੁਣ ਸਵਾਲ ਉੱਠਦਾ ਹੈ ਕੀ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਨਾਗਰਿਕਾਂ ਲਈ ਅਫ਼ਗ਼ਾਨਿਸਤਾਨ ਵਿੱਚ ਕੰਮ ਕਰਨਾ ਸੰਭਵ ਹੋ ਸਕੇਗਾ।

ਸੁਮਿਤ ਦੱਸਦੇ ਹਨ,"ਫ਼ਿਲਾਹਲ ਇਸ ਸਵਾਲ ਦਾ ਜਵਾਬ ਨਜ਼ਰ ਨਹੀਂ ਆਉਂਦਾ ਹੈ। ਤਾਲਿਬਾਨ ਨੇ ਆਪਣੇ ਵੱਲੋਂ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਵਿਦੇਸ਼ੀ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ ਪਰ ਜ਼ਮੀਨੀ ਸੱਚਾਈ ਇਹ ਹੈ ਕਿ ਤਾਲਿਬਾਨ ਕਿਸੇ ਫ਼ੌਜ ਦਾ ਨਾਂਅ ਨਹੀਂ ਹੈ।”

“ਇਹ ਉਨ੍ਹਾਂ ਸਾਰੇ ਕੱਟੜਪੰਥੀ ਗੁੱਟਾਂ ਦਾ ਇੱਕ ਸਾਂਝਾ ਨਾਂਅ ਹੈ ਜੋ ਆਪਣੇ ਹਿੱਤਾਂ, ਸੰਵੇਦਨਸ਼ੀਲਤਾਵਾਂ ਅਤੇ ਸੰਬੰਧਾਂ ਦੇ ਅਧਾਰ 'ਤੇ ਸਿਆਸਤ ਕਰਦੇ ਹਨ।"

ਮਾਹਰ ਮੰਨਦੇ ਹਨ ਕਿ ਕਈ ਗੁੱਟ ਪਾਕਿਸਤਾਨ ਦੀ ਸੂਹੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਕੰਮ ਕਰਦੇ ਹਨ। ਕਈ ਆਪਣੇ ਆਪ ਨੂੰ ਪਾਕਿਸਤਾਨ ਨਾਲ ਜੋੜ ਕੇ ਦੇਖੇ ਜਾਣ ਤੋਂ ਇਤਰਾਜ਼ ਕਰਦੇ ਹਨ। ਇਹ ਗੁੱਟ ਵੱਖ-ਵੱਖ ਪੱਧਰਾਂ ਉੱਪਰ ਹਿੰਸਾ ਵਿੱਚ ਸ਼ਾਮਲ ਹੁੰਦੇ ਹਨ।

ਸੁਮਿਤ ਦੱਸਦੇ ਹਨ,"ਇਸ ਤੋਂ ਇਲਾਵਾ ਕਈ ਗੁੱਟ ਅਜਿਹੇ ਹਨ ਜੋ ਕਿਸੇ ਵਿਦੇਸ਼ੀ ਤਾਕਤ ਦੇ ਇਸ਼ਾਰੇ ਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਅਤੇ ਤਾਲਿਬਾਨ ਉੱਪਰ ਇਲਜ਼ਾਮ ਲਾ ਦਿੰਦੇ ਹਨ।”

“ਕਈ ਛੋਟੇ-ਮੋਟੇ ਗੁੱਟ ਅਜਿਹੇ ਹਨ ਜੋ ਅਫ਼ਗਾਨਿਸਤਾਨ ਨਾਲ ਵਾਬਸਤਾ ਨਹੀਂ ਹਨ। ਕਿਸੇ ਹੋਰ ਏਜੰਸੀ ਦੇ ਇਸ਼ਾਰੇ ’ਤੇ ਘਟਨਾਵਾਂ ਨੂੰ ਨੇਪਰੇ ਨਹੀਂ ਚਾੜ੍ਹਦੇ ਪਰ ਖੇਤਰੀ ਤਾਕਤਾਂ ਦੀ ਨਜ਼ਰ ਵਿੱਚ ਆਉਣ ਲਈ ਕਈ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।”

“ਅਜਿਹੇ ਸੂਰਤੇ ਹਾਲ ਵਿੱਚ ਥੋੜ੍ਹੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਤਾਲਿਬਾਨ ਦੀ ਅਫ਼ਗਾਨਿਸਤਾਨ ਵਿੱਚ ਵਾਪਸੀ ਨਾਲ ਨਵੀਆਂ ਗੁੰਝਲਾਂ ਪੈਦਾ ਹੋ ਗਈਂ ਹਨ।"

ਤਾਂ ਕੀ ਭਾਰਤ ਸਮੇਤ ਅਫ਼ਗਾਨਿਸਤਾਨ ਵਿੱਚ ਕੰਮ ਕਰ ਰਹੀਆਂ ਸਾਰੀਆਂ ਏਜੰਸੀਆਂ ਵਾਪਸੀ ਕਰ ਸਕਦੀਆਂ ਹਨ।

ਇਸ ਬਾਰੇ ਰਾਹੁਲ ਕਹਿੰਦੇ ਹਨ,"ਇਹ ਸਹੀ ਹੈ ਕਿ ਇੱਥੇ ਕੰਮ ਕਰਨਾ ਚੁਣੌਤੀ ਭਰਭੂਰ ਹੋਵੇਗਾ ਪਰ ਅਜਿਹਾ ਨਹੀਂ ਹੈ ਕਿ ਵਾਪਸ ਨਹੀਂ ਮੁੜਨਗੇ। ਅੱਗੇ ਕੀ ਹੋਵੇਗਾ, ਇਹ ਅਗਸਤ ਵਿੱਚ ਸਾਫ਼ ਹੋ ਜਾਵੇਗਾ ਕਿਉਂਕਿ 9/11 ਇੱਕ ਸੰਕੇਤਕ ਦਿਨ ਹੈ ਜਦੋਂ ਅਮਰੀਕੀ ਫ਼ੌਜ ਪੂਰਣ ਰੂਪ ਵਿੱਚ ਵਾਪਸ ਚਲੀ ਜਾਵੇਗੀ। ਉਸ ਸਮੇਂ ਸਾਨੂੰ ਪਤਾ ਲੱਗੇਗਾ ਕਿ ਅਫ਼ਗਾਨਿਸਤਾਨ ਵਿੱਚ ਕੀ ਹੋਣ ਵਾਲਾ ਹੈ।"

ਤਾਲਿਬਾਨ ਕੌਣ ਹਨ?

ਤਾਲਿਬਾਨ ਨੇ 1996 ਵਿੱਚ ਕਾਬੁਲ 'ਤੇ ਕਬਜ਼ਾ ਕੀਤਾ ਤੇ 2001 ਤੱਕ ਸਾਰਾ ਦੇਸ ਉਨ੍ਹਾਂ ਦੇ ਅਧੀਨ ਸੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਤਾਲਿਬਾਨ ਨੇ 1996 ਵਿੱਚ ਕਾਬੁਲ 'ਤੇ ਕਬਜ਼ਾ ਕੀਤਾ ਤੇ 2001 ਤੱਕ ਸਾਰਾ ਦੇਸ ਉਨ੍ਹਾਂ ਦੇ ਅਧੀਨ ਸੀ

ਸਾਲ 1980 ਵਿੱਚ ਸੋਵੀਅਤ ਫ਼ੌਜਾਂ ਅਫ਼ਗਾਨਿਸਤਾਨ ਵਿੱਚੋਂ ਚਲੀਆਂ ਗਈਆਂ ਸਨ। ਇਸ ਮਗਰੋਂ ਦੇਸ਼ ਵਿੱਚ ਘਰੇਲੂ ਖਾਨਾਜੰਗੀ ਲੱਗੀ ਹੋਈ ਸੀ। ਇਸੇ ਦੌਰਾਨ ਤਾਲਿਬਾਨ ਦਾ ਉਭਾਰ ਹੋਇਆ।

1996 ਵਿੱਚ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰਨ ਮਗਰੋਂ ਉਨ੍ਹਾਂ ਦੇ ਦੋ ਸਾਲਾਂ ਦੇ ਅੰਦਰ ਹੀ ਦੇਸ਼ ਦੇ ਵੱਡੇ ਹਿੱਸੇ ਨੂੰ ਆਪਣੇ ਹੇਠ ਲੈ ਲਿਆ। ਤਾਲਿਬਾਨ ਸਰਕਾਰ ਨੇ ਸਖ਼ਤੀ ਨਾਲ ਸ਼ੀਆ ਕਾਨੂੰਨ ਲਾਗੂ ਕਰ ਦਿੱਤਾ।

ਉਨ੍ਹਾਂ ਨੇ ਟੈਲੀਵਿਜ਼ਨ, ਸੰਗੀਤ, ਸਿਨੇਮਾ 'ਤੇ ਪਾਬੰਦੀ ਲਾਗੂ ਕੀਤੀ। ਪਹਿਰਾਵੇ ਸੰਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਤੇ ਔਰਤਾਂ ਦੀ ਸਿੱਖਿਆ ਤੇ ਮੁਕੰਮਲ ਰੋਕ ਲਾ ਦਿੱਤੀ। ਹੁਕਮ ਅਦੂਲੀ ਵਾਲਿਆਂ ਨੂੰ ਜਨਤਕ ਥਾਵਾਂ 'ਤੇ ਸਖ਼ਤ ਸਜ਼ਾਵਾਂ ਇੱਕ ਆਮ ਦ੍ਰਿਸ਼ ਬਣ ਗਿਆ।

ਸੱਤਾ ਵਿੱਚੋ ਕੱਢੇ ਜਾਣ ਤੋਂ ਬਾਅਦ ਮੌਲਾਨਾ ਉਮਰ ਤਾਲਿਬਾਨ ਦੀ ਅਗਵਾਈ ਕਰਦੇ ਰਹੇ ਜਿਨ੍ਹਾਂ ਦੀ 2013 ਵਿੱਚ ਮੌਤ ਹੋ ਗਈ। ਹਾਲਾਂਕਿ ਤਾਲਿਬਾਨ ਨੇ ਕਦੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)