ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਪਾਕਿਸਤਾਨ ਦੀਆਂ ਮੁਸ਼ਕਿਲਾਂ ਕਿਵੇਂ ਵਧਾ ਸਕਦੀ ਹੈ

ਇਮਰਾਨ ਖ਼ਾਨ ਅਤੇ ਅਸ਼ਰਫ਼ ਗਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕ ਮੁਤਾਬਕ ਅਮਰੀਕੀ ਫ਼ੌਜਾਂ ਦੇ ਵਾਪਸ ਜਾਣ ਨਾਲ ਅਫ਼ਗਾਨ ਨੂੰ ਸ਼ਾਂਤੀ ਪ੍ਰੀਕਿਰਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ
    • ਲੇਖਕ, ਸ਼ੁਮਾਇਲਾ ਜਾਫ਼ਰੀ
    • ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਤਾਇਨਾਤ ਸਾਰੇ ਅਮਰੀਕੀ ਫ਼ੌਜੀ 11 ਸਤੰਬਰ ਤੱਕ ਵਾਪਸ ਪਰਤ ਜਾਣਗੇ। ਅਮਰੀਕਾ ਦੀ ਇਸ ਮਿੱਥੀ ਤਾਰੀਕ 'ਤੇ ਪਾਕਿਸਤਾਨ ਨਜ਼ਰ ਰੱਖ ਰਿਹਾ ਹੈ।

ਪਾਕਿਸਤਾਨ ਦਾ ਕਹਿਣਾ ਹੈ ਕਿ ਅਮਰੀਕੀ ਫ਼ੌਜਾਂ ਦੇ ਵਾਪਸ ਜਾਣ ਨਾਲ ਅਫ਼ਗਾਨਿਸਤਾਨ ਨੂੰ ਸ਼ਾਂਤੀ ਪ੍ਰਕਿਰਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਸੂਤਰਧਾਰ ਵਜੋਂ ਅਫ਼ਗ਼ਾਨ ਸ਼ਾਂਤੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ, "ਅਫ਼ਗ਼ਾਨ ਸੰਗਠਨਾਂ ਨਾਲ ਤਾਲਮੇਲ ਵਿੱਚ ਫ਼ੌਜੀਆਂ ਨੂੰ ਵਾਪਸ ਲੈ ਜਾਣ ਦਾ" ਉਹ ਸਿਧਾਂਤਿਕ ਤੌਰ 'ਤੇ ਸਮਰਥਨ ਕਰਦਾ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਉਹ (ਪਾਕਿਸਤਾਨ) ਇਹ ਵੀ ਆਸ ਕਰਦਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਸਿਆਸੀ ਹੱਲ ਲਈ ਅਮਰੀਕਾ ਅਫ਼ਗ਼ਾਨ ਆਗੂਆਂ ਨਾਲ ਗੱਲਬਾਤ ਜਾਰੀ ਰੱਖੇਗਾ।

ਅਫ਼ਗ਼ਾਨ ਸਰਕਾਰ ਅਤੇ ਦੂਜੇ ਪੱਖਾਂ ਲਈ ਗੱਲਬਾਤ ਸ਼ੁਰੂ ਕਰਨ ਲਈ ਤਾਲਿਬਾਨ ਨੂੰ ਰਾਜ਼ੀ ਕਰਨ ਵਿੱਚ ਬੀਤੇ ਕੁਝ ਸਾਲਾਂ ਵਿੱਚ ਪਾਕਿਸਤਾਨ ਨੇ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ।

ਸ਼ਾਂਤੀ ਵਾਰਤਾ ਸ਼ੁਰੂ ਕਰਵਾਉਣ ਵਿੱਚ ਪਾਕਿਸਤਾਨ ਦੀ ਭੂਮਿਕਾ

ਜਾਣਕਾਰ ਮੰਨਦੇ ਹਨ ਕਿ ਪਾਕਿਸਤਾਨ ਦੀ ਮਦਦ ਬਿਨਾ ਅਫ਼ਗ਼ਾਨਿਸਤਾਨ ਵਿੱਚ ਜਾਰੀ ਸੰਘਰਸ਼ ਦਾ ਹੱਲ ਲੱਭਣ ਲਈ ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣਾ ਅਸੰਭਵ ਸੀ।

ਦਸੰਬਰ 2018 ਵਿੱਚ ਪਾਕਿਸਤਾਨ ਨੇ ਹੀ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਸਿੱਧੀ ਗੱਲਬਾਤ ਕਰਵਾਈ ਸੀ। ਇਸੇ ਤੋਂ ਬਾਅਦ ਦੋਵਾਂ ਪੱਖਾਂ ਵਿੱਚ ਸ਼ਾਂਤੀ ਵਾਰਤਾ ਅੱਗੇ ਵੱਧ ਸਕੀ ਸੀ।

ਇਸ ਤੋਂ ਪਹਿਲਾਂ ਜੁਲਾਈ 2015 ਵਿੱਚ ਇਸਲਾਮਾਬਾਦ ਵਿੱਚ ਤਾਲਿਬਾਨ ਅਤੇ ਅਫ਼ਗ਼ਾਨ ਸਰਕਾਰ ਦਰਮਿਆਨ ਪਹਿਲੇ ਦੌਰ ਦੀ ਸਿੱਧੀ ਗੱਲਬਾਤ ਵੀ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਸੀ।

ਅਮਰੀਕੀ ਫ਼ੌਜ

ਤਸਵੀਰ ਸਰੋਤ, AFP

ਪਰ ਇਹ ਗੱਲਬਾਤ ਅੱਗੇ ਨਹੀਂ ਵੱਧ ਸਕੀ ਕਿਉਂਕਿ ਲੰਬੇ ਸਮੇਂ ਤੋਂ ਤਾਲੀਬਾਨ ਦੇ ਆਗੂ ਰਹੇ ਮੁੱਲਾ ਉਮਰ ਦੀ ਮੌਤ ਤੋਂ ਬਾਅਦ ਤਾਲਿਬਾਨ ਅੰਦਰ ਧੜੇ ਦੀ ਅਗਵਾਈ ਦੀ ਲੜਾਈ ਸ਼ੁਰੂ ਹੋ ਗਈ ਅਤੇ ਸ਼ਾਂਤੀ ਵਾਰਤਾ ਅੱਗੇ ਵੱਧਣ ਤੋਂ ਪਹਿਲਾਂ ਹੀ ਰੁੱਕ ਗਈ।

ਅਜਿਹੇ ਕਈ ਮੌਕੇ ਆਏ ਜਦੋਂ ਅਮਰੀਕੀ ਅਧਿਕਾਰੀਆਂ ਨੇ ਅਫ਼ਗ਼ਾਨ ਸ਼ਾਂਤੀ ਵਾਰਤਾ ਲਈ ਪਾਕਿਸਤਾਨ ਦੀ ਤਾਰੀਫ਼ ਕੀਤੀ।

ਉਹ ਇਹ ਵੀ ਸਮਝਦੇ ਹਨ ਕਿ ਹੁਣ ਜਦੋਂ ਅਮਰੀਕਾ ਅਤੇ ਉਸਦੇ ਮਿੱਤਰ ਦੇਸਾਂ ਨੇ ਅਫ਼ਗ਼ਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਬਾਹਰ ਲੈ ਜਾਣ ਦਾ ਫ਼ੈਸਲਾ ਕਰ ਲਿਆ ਹੈ ਤਾਂ ਪਾਕਿਸਤਾਨ ਦੀ ਭੂਮਿਕਾ ਹੋਰ ਅਹਿਮ ਹੋ ਜਾਂਦੀ ਹੈ।

ਉਹ ਨਹੀਂ ਚਾਹੇਗਾ ਕਿ ਕਰੀਬ ਇੱਕ ਖ਼ਰਬ ਡਾਲਰ ਖ਼ਰਚ ਕਰਕੇ, 2300 ਅਮਰੀਕੀ ਜਾਨਾਂ ਨੂੰ ਅਫ਼ਗ਼ਾਨਿਸਤਾਨ ਵਿੱਚ ਗਵਾਉਣ ਵਾਲੇ ਵੀਹ ਸਾਲਾਂ ਦੀ ਜੰਗ ਤੋਂ ਜੋ ਕੁਝ ਹਾਸਿਲ ਹੋ ਸਕਿਆ ਹੈ ਉਹ ਐਵੇਂ ਹੀ ਖ਼ਤਮ ਹੋ ਜਾਵੇ।

ਹੋਰ ਕਰਨ ਦੀ ਲੋੜ ਹੈ

ਅਮਰੀਕੀ ਫ਼ੌਜੀਆਂ ਨੂੰ ਅਫ਼ਗ਼ਾਨਿਸਤਾਨ ਵਿੱਚੋਂ ਕੱਢਣ ਦਾ ਐਲਾਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅੰਤਰਰਾਸ਼ਟਰੀ ਜਿਹਾਦੀਆਂ ਨੂੰ ਅਫ਼ਗ਼ਾਨਿਸਤਾਨ ਦੀ ਧਰਤੀ 'ਤੇ ਪੈਰ ਨਾ ਜਮਾਉਣ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਅਮਰੀਕਾ "ਤਾਲਿਬਾਨ ਨੂੰ ਜ਼ਿੰਮੇਵਾਰ ਕਹੇਗਾ"।

ਉਨ੍ਹਾਂ ਨੇ ਕਿਹਾ ਕਿ ਉਹ "ਇਸ ਖਿੱਤੇ ਦੇ ਦੂਜੇ ਦੇਸਾਂ ਨੂੰ ਅਫ਼ਗ਼ਾਨਿਸਤਾਨ ਤੇ ਖ਼ਾਸਕਰ ਪਾਕਿਸਤਾਨ ਦਾ ਸਮਰਥਨ ਕਰਨ ਲਈ ਅਪੀਲ ਕਰਨਗੇ।"

ਹਾਲਾਂਕਿ "ਸਾਨੂੰ ਹੋਰ ਵੱਧ ਕਰਨ ਦੀ ਲੋੜ ਹੈ" ਦਾ ਮੰਤਰ ਨਾ ਤਾਂ ਪਾਕਿਸਤਾਨ ਦੀ ਬਹੁਤੀ ਜਨਤਾ ਨੂੰ ਹਜ਼ਮ ਹੋ ਰਿਹਾ ਹੈ ਤੇ ਨਾ ਹੀ ਇਥੋਂ ਦੇ ਪ੍ਰਸ਼ਾਸਨ ਨੂੰ।

ਇਨ੍ਹਾਂ ਦਾ ਮੰਨਣਾ ਹੈ ਕਿ ਦਹਿਸ਼ਤਗਰਦੀ ਖ਼ਿਲਾਫ਼ ਛੇੜੀ ਗਈ ਵਿਸ਼ਵੀ ਜੰਗ ਦੇ ਮਾਮਲੇ ਵਿੱਚ ਪਾਕਿਸਤਾਨ 73,000 ਜਾਨਾਂ ਗਵਾ ਕੇ ਲੋੜ ਤੋਂ ਕਿਤੇ ਵੱਧ ਯੋਗਦਾਨ ਪਾ ਚੁੱਕਿਆ ਹੈ।

ਹਾਲਾਂਕਿ, ਫ਼ਿਲਹਾਲ ਪਾਕਿਸਤਾਨ ਦੀ ਇਹ ਹੀ ਕੋਸ਼ਿਸ਼ ਰਹੇਗੀ ਕਿ ਅਫ਼ਗ਼ਾਨ ਸ਼ਾਂਤੀ ਪ੍ਰਕਿਰਿਆ ਦੀ ਜੋ ਗਤੀ ਹਾਲ ਦੇ ਦਿਨਾਂ ਵਿੱਚ ਬਣੀ ਹੈ ਉਸ ਨੂੰ ਅੱਗੇ ਵੀ ਯਕੀਨੀ ਬਣਾਇਆ ਜਾਵੇ।

ਮਾਇਕ ਪੋਂਪਿਓ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, "ਪਾਕਿਸਤਾਨ ਵਾਰ-ਵਾਰ ਦੁਹਰਾ ਰਿਹਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਸਾਡੇ ਹਿੱਤ ਵਿੱਚ ਹੈ। ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੀਆਂ ਕੋਸ਼ਿਸ਼ਾਂ ਲਈ ਉਹ ਕੌਮਾਂਤਰੀ ਭਾਈਚਾਰੇ ਦੇ ਨਾਲ ਹੱਥ ਮਿਲਾ ਕੇ ਕੰਮ ਕਰਨਾ ਜਾਰੀ ਰੱਖੇਗਾ।"

ਪਾਕਿਸਤਾਨ ਤੋਂ ਆਸਾਂ

ਅਫ਼ਗ਼ਾਨ ਮਾਮਲਿਆਂ ਦੇ ਜਾਣਕਾਰ ਉੱਘੇ ਪੱਤਰਕਾਰ ਰਹੀਮਉੱਲਾ ਯੂਸੁਫ਼ਜ਼ਈ ਮੰਨਦੇ ਹਨ ਕਿ ਇੱਕ ਪਾਸੇ ਅਮਰੀਕਾ ਚਾਹੁੰਦਾ ਹੈ ਕਿ ਪਾਕਿਸਤਾਨ, ਤਾਲਿਬਾਨ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰੇ ਅਤੇ ਫ਼ੌਜੀਆਂ ਦੀ ਵਾਪਸੀ ਦੀ ਉਸ ਵੱਲੋਂ ਦਿੱਤੀ ਗਈ ਤਾਰੀਕ ਨੂੰ ਸਵੀਕਾਰ ਕਰਵਾਵੇ ਤਾਂ ਦੂਜੇ ਪਾਸੇ ਉਸ ਨੂੰ ਆਸ ਹੈ ਕਿ ਅਫ਼ਗ਼ਾਨ ਸ਼ਾਂਤੀ ਵਾਰਤਾ ਬੇਸਿੱਟਾ ਖ਼ਤਮ ਨਾ ਹੋਵੇ।

ਉਹ ਕਹਿੰਦੇ ਹਨ, "ਹੁਣ ਅਫ਼ਗ਼ਾਨ ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣ ਲਈ ਤੁਰਕੀ ਵਿੱਚ ਹੋਣ ਵਾਲੇ ਸੰਮੇਲਨ ਤੋਂ ਪਹਿਲਾਂ ਤਾਲਿਬਾਨ ਆਪਣੀਆਂ ਸ਼ਰਤਾਂ ਰੱਖ ਸਕਦਾ ਹੈ। ਉਹ ਜੇਲ੍ਹਾਂ ਵਿੱਚ ਬੰਦ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਸਕਦਾ ਹੈ ਅਤੇ ਆਪਣੇ ਆਗੂਆਂ ਦੇ ਨਾਮ ਬਲੈਕਲਿਸਟ ਵਿੱਚੋਂ ਹਟਾਉਣ ਨੂੰ ਲੈ ਕੇ ਵੀ ਆਪਣੀ ਮੰਗ ਰੱਖ ਸਕਦਾ ਹੈ। ਪਰ ਅਮਰੀਕਾ ਦਾ ਮੰਨਣਾ ਹੈ ਕਿ ਪਾਕਿਸਤਾਨ ਹੀ ਹੈ ਜੋ ਹੁਣ ਉਸ ਨੂੰ ਗੱਲਬਾਤ ਦੀ ਮੇਜ਼ 'ਤੇ ਲਿਆ ਸਕਦਾ ਹੈ।"

ਹਾਲਾਂਕਿ ਰਹੀਮਉੱਲਾ ਮੰਨਦੇ ਹਨ ਕਿ ਪਾਕਿਸਤਾਨ ਇਕੱਲਾ ਅਜਿਹਾ ਕੁਝ ਯਕੀਨੀ ਨਹੀਂ ਬਣਾ ਸਕਦਾ। ਸਮੂਹਿਕ ਜ਼ਿੰਮੇਵਾਰੀ ਹੈ ਅਤੇ ਇਸ ਵਿੱਚ ਸਾਰੇ ਦੇਸਾਂ ਨੂੰ ਆਪਣੀ ਭੂਮਿਕਾ ਅਦਾ ਕਰਨੀ ਪਵੇਗੀ।

ਉਹ ਕਹਿੰਦੇ ਹਨ ਕਿ ਕੁਝ ਸਾਲ ਪਹਿਲਾਂ ਪਾਕਿਸਤਾਨ ਦਾ ਜਿੰਨਾ ਪ੍ਰਭਾਵ ਤਾਲਿਬਾਨ 'ਤੇ ਹੋਇਆ ਕਰਦਾ ਸੀ ਹੁਣ ਉਸ ਤਰ੍ਹਾਂ ਦਾ ਪ੍ਰਭਾਵ ਰਿਹਾ ਨਹੀਂ।

ਇਸ ਦਰਮਿਆਨ ਤਾਲਿਬਾਨ ਨੇ ਵੀ ਆਪਣੀ ਰਣਨੀਤੀ ਬਦਲੀ ਹੈ ਅਤੇ ਉਹ ਕੂਟਨੀਤਿਕ ਤਰੀਕਿਆਂ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਲਿਬਾਨ ਨੇ ਕਈ ਦੇਸਾਂ ਨਾਲ ਸੰਪਰਕ ਕੀਤਾ ਹੈ ਅਤੇ ਕਤਰ ਵਿੱਚ ਤਾਂ ਉਸ ਨੇ ਆਪਣਾ ਇੱਕ ਸਿਆਸੀ ਦਫ਼ਤਰ ਵੀ ਖੋਲ੍ਹਿਆ ਹੈ।

ਉਹ ਕਹਿੰਦੇ ਹਨ ਅਜਿਹੀ ਸਥਿਤੀ ਵਿੱਚ ਤਾਲਿਬਾਨ 'ਤੇ ਦਬਾਅ ਬਣਾਉਣ ਲਈ ਇਕੱਲੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੋਵੇਗਾ।

ਉਹ ਕਹਿੰਦੇ ਹਨ, "ਇੱਧਰ ਇੱਕ ਪਾਸੇ ਅਫ਼ਗ਼ਾਨਿਸਤਾਨ ਵਿੱਚ ਉਭਰਦੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਚਿੰਤਿਤ ਹੈ ਤਾਂ ਦੂਜੇ ਪਾਸੇ ਉਹ ਚਾਹੁੰਦਾ ਹੈ ਕਿ ਕੌਮਾਂਤਰੀ ਭਾਈਚਾਰਾ ਖ਼ਾਸਕਰ ਅਮਰੀਕਾ ਵਿੱਚ ਉਸ ਨੂੰ ਵੱਧ ਅਹਿਮੀਅਤ ਮਿਲੇ।

ਪਾਕਿਸਤਾਨ ਇਹ ਵੀ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਸਦੇ ਖ਼ਿਲਾਫ਼ ਅਫ਼ਗ਼ਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਉਹ ਇਹ ਵੀ ਚਾਹੁੰਦਾ ਹੈ ਕਿ ਇਸ ਖਿੱਤੇ ਵਿੱਚ ਭਾਰਤ ਦਾ ਪ੍ਰਭਾਵ ਘੱਟ ਹੋਵੇ ਅਤੇ ਅਫ਼ਗ਼ਾਨ ਸ਼ਰਨਾਰਥੀਆਂ ਦੀ ਵਾਪਸੀ ਦੇ ਮੁੱਦੇ ਨੂੰ ਵੀ ਸ਼ਾਂਤੀ ਪ੍ਰਕਿਰਿਆ ਦਾ ਹਿੱਸਾ ਬਣਾਇਆ ਜਾਵੇ।"

ਪਾਕਿਸਤਾਨ ਲਈ ਔਖੀ ਸਥਿਤੀ

ਰਹੀਮਉੱਲਾ ਯੂਸੁਫ਼ਜ਼ਈ ਕਹਿੰਦੇ ਹਨ ਕਿ ਤਾਲਿਬਾਨ ਦੇ ਨਾਲ ਹੋਏ ਸਮਝੌਤੇ ਮੁਤਾਬਕ ਅਮਰੀਕਾ ਨੂੰ ਆਪਣੇ ਫ਼ੌਜੀਆਂ ਨੂੰ ਚਾਰ ਮਹੀਨੇ ਪਹਿਲਾਂ ਹੀ ਅਫ਼ਗ਼ਾਨਿਸਤਾਨ ਤੋਂ ਵਾਪਸ ਲੈ ਜਾਣਾ ਚਾਹੀਦਾ ਸੀ ਪਰ ਉਸ ਨੇ ਇੰਨੀ ਦੇਰੀ ਕਰ ਦਿੱਤੀ ਹੈ।

ਅਫ਼ਗਾਨ

ਤਸਵੀਰ ਸਰੋਤ, MOFA

ਹੁਣ 'ਹੋਰ ਵੱਧ ਕਰਨ ਦੀ ਲੋੜ ਹੈ' ਤੋਂ ਅਮਰੀਕਾ ਦਾ ਮਤਲਬ ਹੈ ਕਿ ਤੁਰਕੀ ਵਿੱਚ ਹੋਣ ਵਾਲੀ ਅਫ਼ਗ਼ਾਨ ਸ਼ਾਂਤੀ ਵਾਰਤਾ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ, ਤਾਲਿਬਾਨ ਨੂੰ ਰਾਜ਼ੀ ਕਰੇ।

ਤੁਰਕੀ ਦੇ ਅਧਿਕਾਰੀਆਂ ਮੁਤਾਬਕ ਇਸ ਵਾਰਤਾ ਦਾ ਮਕਸਦ ਜੰਗ ਨੂੰ ਖ਼ਤਮ ਕਰਨਾ ਅਤੇ ਸਿਆਸੀ ਹੱਲ ਤੱਕ ਪਹੁੰਚਾਉਣਾ ਹੈ। ਅਮਰੀਕਾ ਵੱਲੋਂ ਸਮਝੌਤੇ ਦਾ ਪਾਲਣ ਨਾ ਕਰਨ ਕਰਕੇ ਤਾਲੀਬਾਨ ਪਹਿਲਾਂ ਹੀ ਉਸ ਨਾਲ ਨਾਰਾਜ਼ ਹੈ ਅਤੇ ਹੁਣ ਤੱਕ ਤੁਰਕੀ ਵਿੱਚ ਹੋਣ ਵਾਲੀ ਵਾਰਤਾ ਵਿੱਚ ਸ਼ਿਰਕਤ ਕਰਨ ਨੂੰ ਲੈ ਕੇ ਉਸ ਨੇ ਕੁਝ ਵੀ ਸਪੱਸ਼ਟ ਨਹੀਂ ਕਿਹਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਕਿਉਂਕਿ ਅਮਰੀਕਾ ਨੇ ਬਿਨਾ ਸ਼ਰਤਾਂ ਫ਼ੌਜੀਆਂ ਦੀ ਵਾਪਸੀ ਦੀ ਗੱਲ ਕੀਤੀ ਹੈ ਇਸ ਲਈ ਅਫ਼ਗ਼ਾਨ ਸ਼ਾਂਤੀ ਪ੍ਰਕਿਰਿਆ ਦੇ ਸਫ਼ਲ ਹੋਣ ਦੀ ਆਸ ਬੇਹੱਦ ਘੱਟ ਹੈ।

ਕਈਆਂ ਨੂੰ ਡਰ ਹੈ ਕਿ ਵਾਰਤਾ ਬੇਸਿੱਟਾ ਰਹੀ ਤਾਂ ਦੇਸ ਵਿੱਚ ਇੱਕ ਵਾਰ ਫ਼ਿਰ ਘਰੇਲੂ ਜੰਗ ਛਿੜ ਸਕਦੀ ਹੈ ਅਤੇ ਤਾਲਿਬਾਨ ਉਨ੍ਹਾਂ ਇਲਾਕਿਆਂ 'ਤੇ ਕਬਜ਼ਾ ਕਰ ਸਕਦਾ ਹੈ ਜੋ ਪਹਿਲਾਂ ਉਸ ਦੇ ਗੜ੍ਹ ਨਹੀਂ ਰਹੇ ਸਨ ਤੇ ਸੰਭਵਾਨਾ ਹੈ ਕਿ ਉਹ ਅਫ਼ਗ਼ਾਨਿਸਤਾਨ ਵਿੱਚ ਆਪਣੀ ਸਰਕਾਰ ਵੀ ਬਣਾ ਲੈਣ।

1996 ਵਿੱਚ ਜਦੋਂ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਵਿੱਚ ਆਪਣੀ ਸਰਕਾਰ ਬਣਾਈ ਸੀ ਅਤੇ ਦੁਨੀਆਂ ਦੇ ਜਿੰਨਾਂ ਤਿੰਨ ਦੇਸਾਂ ਨੇ ਉਸ ਸਰਕਾਰ ਨੂੰ ਮਾਣਤਾ ਦਿੱਤੀ ਸੀ, ਉਨ੍ਹਾਂ ਵਿੱਚ ਪਾਕਿਸਤਾਨ ਵੀ ਇੱਕ ਸੀ।

ਹਾਲਾਂਕਿ ਮੌਜੂਦਾ ਸਮੇਂ ਪਹਿਲਾਂ ਤੋਂ ਵੱਖਰੇ ਹਨ ਅਤੇ ਪਾਕਿਸਤਾਨ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਨਾ ਤਾਂ ਉਹ ਤਾਲਿਬਾਨ ਦੀ ਸਰਕਾਰ ਚਾਹੁੰਦਾ ਹੈ ਅਤੇ ਨਾ ਹੀ ਉਹ ਇਸ ਵਿਚਾਰ ਦਾ ਸਮਰਥਨ ਕਰਦਾ ਹੈ।

ਪਾਕਿਸਤਾਨ ਦਾ ਇਹ ਬਿਆਨ ਤਾਲਿਬਾਨ ਨੂੰ ਚੰਗਾ ਨਹੀਂ ਲੱਗਿਆ ਹੈ।

ਵਿਸ਼ਲੇਸ਼ਕ ਹਸਨ ਅਸਕਰੀ ਰਿਜ਼ਵੀ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਬਿਨਾਂ ਸ਼ਰਤਾਂ ਫੌਜਾਂ ਦੀ ਵਾਪਸੀ ਕਰਵਾਉਣ ਨਾਲ ਪਾਕਿਸਤਾਨ ਲਈ ਮੁਸ਼ਕਲਾਂ ਵਧ ਸਕਦੀਆਂ ਹਨ।

ਉਹ ਕਹਿੰਦੇ ਹਨ, "ਅਫ਼ਗ਼ਾਨ ਸਰਕਾਰ ਪਾਕਿਸਤਾਨ 'ਤੇ ਪੂਰਾ ਭਰੋਸਾ ਨਹੀਂ ਕਰਦੀ। ਆਪਣੀਆਂ ਅਸਫ਼ਲਤਾਵਾਂ ਲਈ ਉਹ ਪਾਕਿਸਤਾਨ ਨੂੰ ਦੋਸ਼ੀ ਕਰਾਰ ਦਿੰਦੀ ਰਹੀ ਹੈ। ਉੱਥੇ ਅਮਰੀਕਾ ਅਫ਼ਗ਼ਾਨ ਸ਼ਾਂਤੀ ਵਾਰਤਾ ਵਿੱਚ ਪਾਕਿਸਤਾਨ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕਰਦਾ ਹੈ ਪਰ ਉਸ 'ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕਰਦਾ।

ਰਹੀ ਗੱਲ ਤਾਲਿਬਾਨ ਦੀ ਤਾਂ ਉਹ ਹੁਣ ਪਾਕਿਸਤਾਨ ਦੇ ਉਨ੍ਹਾਂ ਨੇੜੇ ਨਹੀਂ ਰਿਹਾ ਜਿੰਨਾਂ ਪਹਿਲਾਂ ਹੋਇਆ ਕਰਦਾ ਸੀ। ਅਜਿਹੇ ਵਿੱਚ ਪਾਕਿਸਤਾਨ ਮੁਸ਼ਕਿਲ ਸਥਿਤੀ ਵਿੱਚ ਫ਼ਸ ਸਕਦਾ ਹੈ।"

ਸ਼ਰਨਾਰਥੀ ਸੰਕਟ

ਬੀਤੇ ਚਾਰ ਦਹਾਕਿਆਂ ਤੋਂ ਪਾਕਿਸਤਾਨ ਲੱਖਾਂ ਦੀ ਗਿਣਤੀ ਵਿੱਚ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਆਪਣੇ ਦੇਸ ਵਿੱਚ ਪਨਾਹ ਦਿੰਦਾ ਰਿਹਾ ਹੈ।

ਅਫ਼ਗਾਨਿਸਤਾਨ 'ਚ ਅਮਰੀਕੀ ਫ਼ੌਜ

ਤਸਵੀਰ ਸਰੋਤ, EPA

ਇਹ ਸ਼ਰਨਾਰਥੀ ਕਿਸੇ ਸ਼ਰਨਾਰਥੀ ਕੈਂਪ ਵਿੱਚ ਨਹੀਂ ਰਹਿੰਦੇ, ਬਲਕਿ ਦੇਸ ਦੇ ਵੱਖ-ਵੱਖ ਇਲਾਕਿਆਂ ਵਿੱਚ ਆਮ ਲੋਕਾਂ ਦੇ ਨਾਲ ਮਿਲਜੁਲ ਕੇ ਰਹਿੰਦੇ ਹਨ। ਉਹ ਇੱਥੇ ਸਿੱਖਿਆ ਹਾਸਿਲ ਕਰਦੇ ਹਨ ਅਤੇ ਇਥੋਂ ਦੇ ਵਪਾਰ ਵਿੱਚ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ।

ਪਾਕਿਸਤਾਨ ਚਾਹੁੰਦਾ ਹੈ ਕਿ ਕੌਮਾਂਤਰੀ ਭਾਈਚਾਰੇ ਵੀ ਜ਼ਿੰਮੇਵਾਰੀ ਲੈਣ ਅਤੇ ਜਦੋਂ ਅਫ਼ਗ਼ਾਨਿਸਤਾਨ ਦੇ ਭਵਿੱਖ ਬਾਰੇ ਚਰਚਾ ਕੀਤੀ ਜਾਵੇ ਤਾਂ ਉਸ ਵਿੱਚ ਸ਼ਰਨਾਰਥੀਆਂ ਦਾ ਮੁੱਦਾ ਵੀ ਸ਼ਾਮਿਲ ਹੋਵੇ।

ਅਮਰੀਕੀ ਸਰਕਾਰ ਦੇ ਫ਼ੈਸਲੇ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਸੀ, "ਪਾਕਿਸਤਾਨ ਦਾ ਮੰਨਣਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ਲਈ ਹੋ ਰਹੀਆਂ ਕੋਸ਼ਿਸ਼ਾਂ ਵਿੱਚ ਇੱਕ ਨਿਰਧਾਰਿਤ ਸਮੇਂ ਅੰਦਰ ਅਫ਼ਗ਼ਾਨ ਸ਼ਰਨਾਰਥੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ ਵਸਾਉਣ ਦੀ ਵਿਸਥਾਰ ਵਿੱਚ ਯੋਜਨਾ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।"

ਹਾਲਾਂਕਿ ਹਸਨ ਅਸਕਰੀ ਰਿਜ਼ਵੀ ਕਹਿੰਦੇ ਹਨ ਕਿ ਜੇ ਵਿਦੇਸ਼ੀ ਫ਼ੌਜਾਂ ਦੇ ਦੇਸ ਤੋਂ ਬਾਹਰ ਜਾਣ ਤੋਂ ਬਾਅਦ ਅਫ਼ਗ਼ਾਨ ਸ਼ਾਂਤੀ ਵਾਰਤਾ ਨਾਕਾਮ ਹੋ ਜਾਂਦੀ ਹੈ ਤਾਂ ਲੰਬੇ ਸਮੇਂ ਤੋਂ ਘਰੇਲੂ ਜੰਗ ਨੂੰ ਝੱਲ ਚੁੱਕੇ ਇਸ ਦੇਸ ਵਿੱਚ ਇੱਕ ਵਾਰ ਫ਼ਿਰ ਹਿੰਸਾ ਦਾ ਦੌਰ ਸ਼ੁਰੂ ਹੋ ਸਕਦਾ ਹੈ।

ਅਤੇ ਅਜਿਹਾ ਹੋਇਆ ਤਾਂ ਇਹ ਸੰਭਵ ਹੈ ਕਿ ਨੇੜਲੇ ਭਵਿੱਖ ਵਿੱਚ ਪਾਕਿਸਤਾਨ ਨੂੰ ਇੱਕ ਵਾਰ ਫ਼ਿਰ ਸ਼ਰਨਾਰਥੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ।

ਉਹ ਕਹਿੰਦੇ ਹਨ, "ਪਾਕਿਸਤਾਨ ਪੂਰੀ ਇਮਾਨਦਾਰੀ ਨਾਲ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸ਼ਾਂਤੀ ਪ੍ਰਕਿਰਿਆ ਜਾਰੀ ਰਹੇ ਕਿਉਂਕਿ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਉਸ ਦੇ ਹਿੱਤ ਵਿੱਚ ਹੈ।

ਪਰ ਉਸ ਲਈ ਬਿਹਤਰ ਰਣਨੀਤੀ ਇਹ ਹੀ ਹੋਵੇਗੀ ਕਿ ਇਸ ਮੁਸ਼ਕਿਲ ਨਾਲ ਨਜਿੱਠਣ ਲਈ ਇਕੱਲੇ ਕੋਸ਼ਿਸ਼ ਕਰਨ ਦੀ ਬਜਾਇ ਉਹ ਚੀਨ, ਰੂਸ, ਤੁਰਕੀ ਅਤੇ ਇਰਾਨ ਵਰਗੇ ਦੇਸਾਂ ਨਾਲ ਮਿਲਕੇ ਕੰਮ ਕਰੇ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)