ਟੋਕੀਓ 2021: ਇਹ ਘੋੜੀ ਭਾਰਤ ਵੱਲੋਂ ਓਲੰਪਿਕ ਵਿੱਚ ਮੈਡਲ ਲਈ ਦੌੜਨ ਜਾ ਰਹੀ ਹੈ, ਜਾਣੋ ਕੀ ਹੈ ਖ਼ਾਸ

ਤਸਵੀਰ ਸਰੋਤ, EMBASSY GROUP
- ਲੇਖਕ, ਜਾਨ੍ਹਵੀ ਮੂਲੇ
- ਰੋਲ, ਬੀਬੀਸੀ ਪੱਤਰਕਾਰ
ਜੇ ਕੋਈ ਓਲੰਪਿਕ ਵਿੱਚ ਹਿੱਸਾ ਲੈਣ ਜਾ ਰਹੇ ਭਾਰਤੀ ਦਲ ਬਾਰੇ ਸੋਚੇਗਾ ਤਾਂ ਉਹ ਯਕੀਨੀ- ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਬਾਰੇ ਸੋਚੇਗਾ। ਆਮ ਤੌਰ 'ਤੇ ਇਹ ਸਹੀ ਹੁੰਦਾ ਹੈ ਪਰ ਇਸ ਵਾਰ ਇੱਕ ਘੋੜੀ ਵੀ ਇਸ ਦਲ ਵਿੱਚ ਸ਼ਾਮਲ ਹੋਵੇਗੀ ਅਤੇ ਭਾਰਤ ਦੀ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਵਿੱਚ ਨੁਮਾਇੰਦਗੀ ਕਰੇਗੀ।
ਇਸ ਘੋੜੀ ਦਾ ਨਾਂਅ ਦਜਾਰਾ-4 ਹੈ ਅਤੇ ਉਹ ਭਾਰਤੀ ਘੋੜਸਵਾਰ ਫੌਆਦ ਮਿਰਜ਼ਾ ਦੇ ਨਾਲ ਜਾਵੇਗੀ।
ਦਜਾਰਾ-4 ਭੂਰੇ ਰੰਗ ਦੀ ਜਰਮਨ ਬੇ ਹੋਲਸਟਾਈਨਰ ਨਸਲ ਦੀ ਘੋੜੀ ਹੈ। ਉਸ ਦਾ ਜਨਮ ਸਾਲ 2011 'ਚ ਹੋਇਆ ਸੀ।
ਇਹ ਵੀ ਪੜ੍ਹੋ:
ਉਸ ਨੇ ਹੁਣ ਤੱਕ 23 ਵਾਰ ਮੁਕਾਬਲਿਆਂ 'ਚ ਹਿੱਸਾ ਲਿਆ ਹੈ ਜਿਨ੍ਹਾਂ ਵਿੱਚੋਂ ਪੰਜ ਵਿੱਚ ਜੇਤੂ ਰਹੀ ਹੈ।
ਫੌਆਦ ਦੇ ਸਪਾਂਸਰ ਅੰਬੈਸੀ ਗਰੁੱਪ ਨੇ ਦਜਾਰਾ-4 ਨੂੰ ਸਾਲ ਪਹਿਲਾਂ 2019 ਵਿੱਚ 275,000 ਯੂਰੋ 'ਚ ਖਰੀਦਿਆ ਸੀ। ਉਨ੍ਹਾਂ ਨੇ ਘੋੜਸਵਾਰ ਲਈ ਤਿੰਨ ਹੋਰ ਘੋੜਿਆਂ ਨੂੰ ਸਪਾਂਸਰ ਕੀਤਾ ਸੀ।
ਉਨ੍ਹਾਂ ਵਿੱਚੋਂ ਦਜਾਰਾ-4 ਅਤੇ ਸਿਗਨੂਰ ਮੈਡੀਕਾਟ ਓਲੰਪਿਕ ਲਈ ਕੁਆਲੀਫਾਈ ਕਰ ਸਕੇ ਸੀ।
ਉਨ੍ਹਾਂ ਦੀ ਮੌਜੂਦਾ ਲੈਅ ਅਤੇ ਹੋਰ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਫੌਆਦ ਨੇ ਦਜਾਰਾ-4 ਨੂੰ ਟੋਕਿਓ ਓਲੰਪਿਕ ਲਈ ਆਪਣਾ ਸਾਂਝੇਦਾਰ ਐਲਾਨਿਆ।
ਘੋੜਸਵਾਰੀ ਇੱਕ ਬਹੁਤ ਹੀ ਵਿਲੱਖਣ ਖੇਡ ਹੈ, ਕਿਉਂਕਿ ਇਸ ਖੇਡ ਵਿੱਚ ਘੋੜਸਵਾਰ ਅਤੇ ਉਸ ਦੇ ਘੋੜੇ ਦਾ ਰਿਸ਼ਤਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਇਹ ਰਿਸ਼ਤਾ ਉਦੋਂ ਬਣਦਾ ਹੈ ਜਦੋਂ ਘੋੜਸਵਾਰ ਘੋੜੇ ਦੀ ਸਿਖਲਾਈ ਨਾਲ ਉਸ ਦੇ ਨਾਲ ਰਹਿੰਦਾ ਹੈ ਅਤੇ ਉਸ ਨੂੰ ਸਮਾਂ ਦਿੰਦਾ ਹੈ।

ਤਸਵੀਰ ਸਰੋਤ, EMBASSY GROUP
ਫੌਆਦ ਦਾ ਕਹਿਣਾ ਹੈ ਕਿ "ਜਦੋਂ ਤੁਸੀਂ ਕਈ ਸਾਲ ਇਕੱਠੇ ਕੰਮ ਕਰਦੇ ਹੋ ਤਾਂ ਇੱਕ ਵਿਲੱਖਣ ਰਿਸ਼ਤੇ ਦੀ ਸਿਰਜਣਾ ਕਰਦੇ ਹੋ, ਇਸੇ ਦੇ ਨਾਲ ਦੋਵਾਂ ਵਿੱਚ ਆਪਸੀ ਭਰੋਸੇ ਦਾ ਭਾਵਨਾ ਪੈਦਾ ਹੁੰਦੀ ਹੈ।"
"ਜਦੋਂ ਅਸੀਂ ਅਸਤਬਲਾਂ ਵਿੱਚ ਘੋੜਿਆਂ ਨਾਲ ਲੰਬਾ ਸਮਾਂ ਉਨ੍ਹਾਂ ਦੀ ਸਾਂਭ-ਸੰਭਾਲ ਕਰਦਿਆਂ ਬਿਤਾਉਂਦੇ ਹਾਂ ਤਾਂ ਇਸ ਨਾਲ ਵਧੀਆ ਰਿਸ਼ਤਾ ਬਣਾਉਣ ਵਿੱਚ ਮਦਦ ਮਿਲਦੀ ਹੈ। ਅਸੀ ਦੇਖਿਆ ਕਿ ਦਰਾਜਾ-4 ਬਹੁਤ ਵਧੀਆ ਲੈਅ ਵਿੱਚ ਸੀ ਅਤੇ ਉਹ ਸਮਝਦੀ ਹੈ ਕਿ ਵਿਸ਼ਵ-ਮੰਚ ਉੱਪਰ ਕਿਹੋ-ਜਿਹਾ ਦਬਾਅ ਹੁੰਦਾ ਹੈ।"
ਕੁਆਰੰਟੀਨ ਅਤੇ ਘੋੜੀ ਲਈ ਵਿਸ਼ੇਸ਼ ਟੀਮ
ਬੰਗਲੌਰ ਦਾ ਜੰਮਪਲ 29 ਸਾਲਾ ਮਿਰਜ਼ਾ ਇੰਨ੍ਹੀ ਦਿਨੀਂ ਜਰਮਨੀ ਦੇ ਇੱਕ ਪਿੰਡ ਬਰਗੇਡੋਰਫ ਵਿਖੇ ਸਿਖਲਾਈ ਲੈ ਰਿਹਾ ਹੈ। ਉਹ ਰੋਜ਼ਾਨਾ ਲਗਭਗ 12 ਘੰਟੇ ਤਬੇਲੇ 'ਚ ਘੋੜਿਆਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਦੀ ਦੇਖਭਾਲ ਵਿੱਚ ਬਿਤਾਉਂਦਾ ਹੈ।
ਮਿਰਜ਼ਾ ਅਤੇ ਦਜਾਰਾ-4 ਜਲਦੀ ਹੀ ਓਲੰਪਿਕ ਖੇਡਾਂ ਲਈ ਟੋਕਿਓ ਲਈ ਰਵਾਨਾ ਹੋਣਗੇ।
ਟੋਕਿਓ ਖੇਡਾਂ ਵਿੱਚ ਸ਼ਿਰਕਤ ਕਰਨ ਤੋਂ ਪਹਿਲਾਂ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਤਰ੍ਹਾਂ ਹੀ ਕੋਰੋਨਾ ਮਹਾਮਾਰੀ ਦੇ ਕਾਰਨ ਘੋੜਿਆਂ ਲਈ ਵੀ ਕੁਆਰੰਟੀਨ ਦੀ ਪਾਲਣਾ ਕਰਨਾ ਲਾਜ਼ਮੀ ਹੈ।
ਇਹ ਵੀ ਪੜ੍ਹੋ:
ਇਸ ਲਈ ਫੌਆਦ ਅਤੇ ਦਜਾਰਾ-4 ਟੋਕਿਓ ਪਹੁੰਚਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੱਤ ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਗੇ।
ਇੱਕ ਵਿਸ਼ੇਸ਼ ਟੀਮ ਦਜਾਰਾ-4 ਅਤੇ ਉਸ ਦੇ ਗਰੂਮਰ (ਜੋ ਕਿ ਘੋੜੇ ਦੀ ਦੇਖਭਾਲ ਕਰਦਾ ਹੈ) ਜੋਹਾਨਾ ਪੋਹੋਨੇਨ। ਜੋਹਾਨਾ ਇੱਕ ਪਸ਼ੂ ਚਕਿਤਸਕ ਹਨ।
ਫੋਆਦ ਮਿਰਜ਼ਾ ਨੂੰ ਓਲੰਪਿਕ 'ਚ ਦਜਾਰਾ ਦੇ ਨਾਲ ਵਧੀਆ ਪ੍ਰਦਰਸ਼ਨ ਕਰਨ ਦਾ ਪੂਰਾ ਭਰੋਸਾ ਹੈ।

ਤਸਵੀਰ ਸਰੋਤ, EMBASSY GROUP
ਦਜਾਰਾ ਨੇ ਸਾਲ 2020 'ਚ ਸਿਰਫ ਪੰਜ ਮੁਕਾਬਲਿਆਂ ਵਿੱਚ ਹੀ ਹਿੱਸਾ ਲਿਆ ਸੀ। ਕੋਵਿਡ-19 ਦੇ ਮੱਦੇਨਜ਼ਰ ਸੀਜ਼ਨ ਨੂੰ ਘਟਾ ਦਿੱਤਾ ਗਿਆ ਸੀ। ਪਰ ਇਸ ਸਾਲ ਦਜਾਰਾ ਆਪਣੀ ਪੂਰੀ ਲੈਅ 'ਚ ਹੈ।
ਦਜਾਰਾ ਨੇ ਇਸ ਸਾਲ ਇਟਲੀ ਦੇ ਮੋਨਟੇਲੀਬਰੇਟੀ ਵਿੱਚ ਪੰਜਵਾਂ, ਪੋਲੈਂਡ ਦੇ ਬਾਬੋਰੋਵਕੋ 'ਚ ਤੀਜਾ ਅਤੇ ਪੋਲੈਂਡ ਦੇ ਸਟ੍ਰਜ਼ੇਂਗੋਮ 'ਚ ਐਫਈਆਈ ਨੈਸ਼ਨਜ਼ ਕੱਪ ਦੇ ਇੱਕ ਮੁਕਾਬਲੇ ਵਿੱਚ ਦੂਜਾ ਦਰਜਾ ਹਾਸਲ ਕੀਤਾ ਹੈ।
ਭਾਰਤ ਦਾ ਦੋ ਦਹਾਕਿਆਂ ਦਾ ਇੰਤਜ਼ਾਰ
ਭਾਰਤ ਲਈ 20 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਹ ਓਲੰਪਿਕ ਵਿੱਚ ਘੋੜਸਵਾਰੀ ਮੁਕਾਬਲੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।
ਫੋਆਦ ਤੋਂ ਪਹਿਲਾਂ ਸਵਰਗੀ ਵਿੰਗ ਕਮਾਂਡਰ ਆਈਜੇ ਲਾਂਬਾ ਅਤੇ ਇਮਤਿਆਜ਼ ਅਨੀਸ ਇੱਕਲੇ ਭਾਰਤੀ ਸਨ, ਜਿੰਨ੍ਹਾਂ ਨੇ ਓਲੰਪਿਕ 'ਚ ਇਸ ਖੇਡ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜਿੱਥੇ ਲਾਂਬਾ ਨੇ ਸਾਲ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਉੱਥੇ ਹੀ ਇਮਤਿਆਜ਼ ਨੇ ਸਾਲ 2000 ਦੀਆਂ ਸਿਡਨੀ ਓਲੰਪਿਕ ਖੇਡਾਂ ਵਿੱਚ ਵਾਈਲਡ ਕਾਰਡ ਐਂਟਰੀ ਕੀਤੀ ਸੀ।
ਫੋਆਦ ਨੇ ਪਿਛਲੇ ਸਾਲ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਏਸ਼ੀਆਈ ਪੱਧਰ ਉੱਤੇ ਉਸ ਨੂੰ ਚੰਗੀ ਸਫਲਤਾ ਮਿਲੀ ਹੈ। ਉਸ ਨੇ 2018 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਵਿਅਕਤੀਗਤ ਮੁਕਾਬਲੇ ਅਤੇ ਟੀਮ ਮੁਕਾਬਲੇ 'ਚ 2 ਚਾਂਦੀ ਦੇ ਤਗਮੇ ਜਿੱਤੇ ਸਨ।
ਟੋਕਿਓ ਵਿੱਚ ਮਿਰਜ਼ਾ ਵਿਕਤੀਗਤ ਮੁਕਾਬਲੇ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਪਿਛਲੇ ਸਾਲ ਦੱਖਣ ਪੂਰਬੀ ਏਸ਼ੀਆ, ਓਸ਼ੇਨੀਆ ਗਰੁੱਪ 'ਚ ਸਿਖਰ 'ਤੇ ਰਹਿੰਦਿਆਂ ਓਲੰਪਿਕ ਕੋਟਾ ਹਾਸਲ ਕੀਤਾ ਸੀ।

ਤਸਵੀਰ ਸਰੋਤ, EMBASSY GROUP
ਉਸ ਦੇ ਪਿਤਾ ਜਾਨਵਰਾਂ ਦੇ ਡਾਕਟਰ ਹਨ ਜਿਸ ਕਰਕੇ ਫਆਦ ਨੇ ਛੋਟੀ ਉਮਰ ਤੋਂ ਹੀ ਘੋੜਸਵਾਰੀ ਦਾ ਸ਼ੌਕ ਸੀ। ਫੋਆਦ ਨੂੰ ਸਾਲ 2019 ਵਿੱਚ ਅਰਜੁਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਕੀ ਦਜਾਰਾ-4 ਭਾਰਤ 'ਚ ਘੋੜਸਵਾਰੀ ਦੀ ਤਸਵੀਰ ਬਦਲ ਸਕਦੀ ਹੈ?
ਭਾਰਤੀ ਸੱਭਿਆਚਾਰ ਅਤੇ ਇਤਿਹਾਸ ਵਿੱਚ ਘੋੜਿਆਂ ਦੀ ਖਾਸ ਥਾਂ ਰਹੀ ਹੈ। ਦੇਸ਼ 'ਚ ਪ੍ਰਸਿੱਧ ਘੋੜਿਆਂ ਅਤੇ ਉਨ੍ਹਾਂ ਦੇ ਸਵਾਰਾਂ ਬਾਰੇ ਕਥਾਵਾਂ ਵੀ ਮਸ਼ਹੂਰ ਹਨ। ਉਦਾਹਰਣ ਵਜੋਂ ਗੁਰੂ ਗੋਬਿੰਦ ਸਿੰਘ (ਨੀਲਾ), ਮਹਾਰਾਜਾ ਰਣਜੀਤ ਸਿੰਘ (ਲੈਲੀ), ਸ਼ਿਵਾਜੀ ਦੇ ਘੋੜਿਆਂ ਦਾ ਸੰਗ੍ਰਿਹ, ਮਹਾਰਾਣਾ ਪ੍ਰਤਾਪ (ਚੇਤਕ) ਰਾਣੀ ਲਕਸ਼ਮੀ ਬਾਈ (ਬਾਦਲ)।
ਭੀਮਥਾਡੀ, ਜਿਸ ਨੂੰ ਕਿ ਦੱਖਣੀ ਨਸਲ ਵੀ ਕਿਹਾ ਜਾਂਦਾ ਹੈ, ਵਰਗੀਆਂ ਪ੍ਰਸਿੱਧ ਨਸਲਾਂ ਇੱਥੇ ਮੌਜੂਦ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ 17ਵੀਂ ਅਤੇ 18ਵੀਂ ਸਦੀ ਵਿੱਚ ਮਰਾਠਿਆਂ ਦੇ ਦਬਦਬੇ ਦਾ ਮੁੱਖ ਕਾਰਨ ਇਹ ਹੀ ਸਨ।
ਫਿਰ ਵੀ ਦੇਸ਼ 'ਚ ਘੋੜਸਵਾਰੀ ਬਤੌਰ ਖੇਡ ਦੇ ਰੂਪ 'ਚ ਵਿਕਸਿਤ ਨਹੀਂ ਹੋਈ ਹੈ।
ਅੰਬੈਸੀ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀਤੂ ਵੀਰਵਾਨੀ ਨੇ ਦੱਸਿਆ-

ਤਸਵੀਰ ਸਰੋਤ, EMBASSY GROUP
"ਇਸ ਪਿੱਛੇ ਮੁੱਖ ਕਾਰਨ ਇਹ ਹੈ ਕਿ ਘੋੜਸਵਾਰੀ ਇੱਕ ਮਹਿੰਗੀ ਖੇਡ ਹੈ ਅਤੇ ਇਸ ਵਿੱਚ ਭਾਰੀ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਕਈ ਮੁਸ਼ਕਲਾਂ ਵੀ ਹਨ। ਏਸ਼ੀਅਨ ਖੇਡਾਂ ਵਿੱਚ ਆਪਣੀ ਟੀਮ ਭੇਜਣ ਲਈ ਸਾਨੂੰ ਬਹੁਤ ਜੱਦੋ ਜਹਿਦ ਕਰਨੀ ਪਈ ਸੀ। ਪਰ ਅਸੀਂ ਉਮੀਦ ਕਰਦੇ ਹਾਂ ਕਿ ਸਥਿਤੀ ਵਿੱਚ ਸੁਧਾਰ ਜ਼ਰੂਰ ਆਵੇਗਾ।"
ਭਾਰਤ ਵਿੱਚ ਇਸ ਖੇਡ ਦੇ ਪ੍ਰਚਲਿਤ ਨਾ ਹੋਣ ਪਿੱਛੇ ਇੱਕ ਹੋਰ ਕਾਰਨ ਇਹ ਵੀ ਹੈ ਕਿ ਇਸ ਖੇਡ 'ਚ ਨਵੀਂ ਪਨੀਰੀ ਲਈ ਕੋਈ ਪ੍ਰੇਰਣਾ ਸਰੋਤ ਵਿਅਕਤੀ ਨਹੀਂ ਹਨ। ਕਈ ਮਾਹਰਾਂ ਦਾ ਮੰਨਣਾ ਹੈ ਕਿ ਮਿਰਜ਼ਾ ਅਤੇ ਦਜਾਰਾ-4 ਆਪਣੇ ਪ੍ਰਦਰਸ਼ਨ ਨਾਲ ਦੇਸ਼ 'ਚ ਇਸ ਖੇਡ ਪ੍ਰਤੀ ਲੋਕਾਂ ਦੀ ਰੁਚੀ ਨੂੰ ਵਧਾਵਾ ਦੇਣਗੇ।
ਫੋਆਦ ਇਸ ਤੱਥ ਨਾਲ ਸਹਿਮਤ ਹਨ।
ਉਨ੍ਹਾਂ ਦਾ ਕਹਿਣਾ ਹੈ, "ਅਸੀਂ ਇਤਿਹਾਸ ਸਿਰਜਣ ਦੀ ਰਾਹ 'ਤੇ ਪਹਿਲਾਂ ਹੀ ਹਾਂ ਅਤੇ ਦਜਾਰਾ ਸਾਨੂੰ ਇਸ ਮੰਜ਼ਿਲ 'ਤੇ ਪਹੁੰਚਾਉਣ ਵਿੱਚ ਮਦਦ ਕਰੇਗੀ। ਦਜਾਰਾ ਇੱਕ ਬਹੁਤ ਹੀ ਵਧੀਆ ਅਤੇ ਸੋਹਣੀ ਘੋੜੀ ਹੈ। ਮੈਨੂੰ ਉਮੀਦ ਹੈ ਕਿ ਉਹ ਆਪਣੀ ਖੇਡ ਵੱਲ ਪੂਰਾ ਧਿਆਨ ਦੇਵੇਗੀ ਅਤੇ ਦੂਜਿਆਂ ਦਾ ਧਿਆਨ ਵੀ ਖਿੱਚੇਗੀ। ਉਮੀਦ ਕਰਦੇ ਹਾਂ ਕਿ ਦਜਾਰਾ ਨੌਜਵਾਨ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਿੱਚ ਵੀ ਕਾਮਯਾਬ ਰਹੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












