ਚੌਟਾਲਾ ਜੇਲ੍ਹ ਤੋਂ ਬਾਹਰ ਤਾਂ ਆ ਗਏ, ਪਰ ਇਨੈਲੋ 'ਚ ਜਾਨ ਫੂਕਣ ਲਈ ਕੀ ਕਰਨਗੇ

ਓਮ ਪ੍ਰਕਾਸ਼ ਚੌਟਾਲਾ

ਤਸਵੀਰ ਸਰੋਤ, Ani

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ ਹਨ।

10 ਸਾਲ ਦੀ ਸਜ਼ਾ ਕੱਟ ਰਹੇ ਓ ਪੀ ਚੌਟਾਲਾ ਇਸ ਵੇਲੇ ਪੈਰੋਲ ਉੱਤੇ ਬਾਹਰ ਸਨ। ਪਿਛਲੇ ਮਹੀਨੇ ਚੌਟਾਲਾ ਨੂੰ 10 ਸਾਲ ਦੀ ਸਜ਼ਾ ਪੂਰੇ ਹੋਣ ਤੋਂ ਪਹਿਲਾਂ ਹੀ ਰਿਹਾਅ ਕਰਨ ਦਾ ਐਲਾਨ ਕੀਤਾ ਗਿਆ ਸੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਰਿਆਇਤ ਦਿੱਲੀ ਸਰਕਾਰ ਨੇ ਇੱਕ ਆਰਡਰ ਪਾਸ ਕਰਨ ਕਾਰਨ ਮਿਲੀ ਸੀ।

ਦਿੱਲੀ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ 6 ਮਹੀਨੇ ਦੀ ਸਜ਼ਾ ਵਿੱਚ ਰਿਆਇਤ ਦਿੱਤੀ ਸੀ ਜਿਨ੍ਹਾਂ ਨੇ ਸਾਢੇ 9 ਸਾਲ ਜੇਲ੍ਹ ਵਿੱਚ ਕੱਟੇ ਹੋਣ।

ਇਹ ਵੀ ਪੜ੍ਹੋ:

ਹਰਿਆਣਾ ਦੀ ਸਿਆਸਤ ਨੂੰ ਲੰਬੇ ਸਮੇਂ ਤੋਂ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕਨੇ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਗੱਲਬਾਤ ਦੌਰਾਨ ਦੱਸਿਆ ਓਮ ਪ੍ਰਕਾਸ਼ ਚੌਟਾਲਾ ਦੇ ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਪਹਿਲਾ ਕੰਮ ਇਨੈਲੋ ਵਿੱਚ ਜਾਨ ਫੂਕਣ ਦਾ ਹੀ ਹੋਵੇਗਾ।

ਬਲਵੰਤ ਤਕਸ਼ਕ ਮੁਤਾਬਕ ਇਸ ਨੂੰ ਲੈ ਕੇ ਕੋਸ਼ਿਸ਼ਾਂ ਵੀ ਜੰਗੀ ਪੱਧਰ ਉੱਤੇ ਹੋਣਗੀਆਂ।

ਉਨ੍ਹਾਂ ਮੁਤਾਬਕ ਓ ਪੀ ਚੌਟਾਲਾ ਪੂਰੇ ਹਰਿਆਣਾ ਦਾ ਦੌਰਾ ਕਰਨਗੇ ਤੇ ਨਾਲ ਹੀ ਕੋਸ਼ਿਸ਼ ਕਰਨਗੇ ਕਿ ਪੁਰਾਣੇ ਲਿੰਕ ਦੁਬਾਰਾ ਸਰਗਰਮ ਕੀਤੇ ਜਾਣ।

ਇਸ ਦੇ ਲਈ ਪੂਰੇ ਸੂਬੇ ਲਈ ਪਲਾਨ ਤਿਆਰ ਹੋਵੇਗਾ ਅਤੇ ਹਰਿਆਣਾ ਦੀ ਸਿਆਸਤ ਵਿੱਚ ਮੁੜ ਤੋਂ ਨਵੀਂ ਪਛਾਣ ਕਾਇਮ ਕਰਨ ਦੀ ਵੀ ਕੋਸ਼ਿਸ਼ ਹੋਵੇਗੀ।

''ਪਹਿਲਾ ਇਮਤਿਹਾਨ ਐਲਨਾਬਾਦ ਜ਼ਿਮਨੀ ਚੋਣਾਂ''

ਬਲਵੰਤ ਤਕਸ਼ਕ ਮੁਤਾਬਕ ਓਮ ਪ੍ਰਕਾਸ਼ ਚੌਟਾਲਾ ਲਈ ਸਭ ਤੋਂ ਪਹਿਲਾ ਇਮਤਿਹਾਨ ਸੂਬੇ ਵਿੱਚ ਐਲਨਾਬਾਦ ਦੀਆਂ ਜ਼ਿਮਨੀ ਚੋਣਾਂ ਹੋਣਗੀਆਂ।

ਐਲਨਾਬਾਦ ਉਹ ਸੀਟ ਹੈ ਜੋ ਚੌਟਾਲਾ ਦੇ ਪੁੱਤਰ ਅਭੇ ਚੌਟਾਲਾ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਛੱਡਣ ਤੋਂ ਖਾਲ੍ਹੀ ਹੋਈ ਹੈ।

ਚੌਟਾਲਾ

ਤਸਵੀਰ ਸਰੋਤ, BBC/Sat Singh

ਆਉਂਦੇ 3-4 ਮਹੀਨਿਆਂ ਵਿੱਚ ਇੱਥੇ ਚੋਣਾਂ ਹੋਣਗੀਆਂ ਅਤੇ ਓਮ ਪ੍ਰਕਾਸ਼ ਚੌਟਾਲਾ ਵੱਲੋਂ ਇੱਥੋਂ ਚੋਣ ਲੜਨ ਦੀ ਕੋਸ਼ਿਸ਼ ਰਹੇਗੀ।

ਹਾਲਾਂਕਿ ਤਕਸ਼ਕ ਮੁਤਾਬਕ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਸਜ਼ਾ ਕੱਟ ਕੇ ਆਏ ਸ਼ਖ਼ਸ ਵੱਲੋਂ 6 ਸਾਲ ਪੂਰੇ ਹੋਣ ਤੋਂ ਬਾਅਦ ਹੀ ਚੋਣ ਲੜੀ ਜਾ ਸਕਦੀ ਹੈ ਪਰ ਇਸ ਬਾਬਤ ਓ ਪੀ ਚੌਟਾਲਾ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗ ਸਕਦੇ ਹਨ।

ਜੇ ਚੋਣ ਕਮਿਸ਼ਨ ਵੱਲੋਂ ਐਲਨਾਬਾਦ ਸੀਟ ਤੋਂ ਚੋਣ ਲੜਨ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਇਹ ਓਮ ਪ੍ਰਕਾਸ਼ ਚੌਟਾਲਾ ਲਈ ਪਹਿਲਾ ਇਮਤਿਹਾਨ ਹੋਵੇਗਾ।

ਹਰਿਆਣਾ 'ਚ ਨਵੇਂ ਸਿਆਸੀ ਖਿਡਾਰੀ, ਇਨੈਲੋ ਦਾ ਕੀ ਬਣੇਗਾ?

ਨਵੀਆਂ ਸਿਆਸੀ ਪਾਰਟੀਆਂ ਦੇ ਆਉਣ ਨਾਲ ਸੂਬੇ ਦੀ ਸਿਆਸੀ ਜ਼ਮੀਨ ਵੀ ਬਦਲੀ ਹੈ ਤੇ ਅਜਿਹੇ ਵਿੱਚ ਇਨੈਲੋ ਕਿੱਥੇ ਖੜ੍ਹੀ ਹੈ?

ਇਸ ਬਾਰੇ ਤਕਸ਼ਕ ਕਹਿੰਦੇ ਹਨ ਕਿ ਭਾਵੇਂ ਸੂਬੇ ਵਿੱਚ ਨਵੀਆਂ ਪਾਰਟੀਆਂ ਜਿਵੇਂ ਭਾਜਪਾ, ਜੇਜੇਪੀ ਨੇ ਪੈਰ ਪਸਾਰ ਲਏ ਹਨ ਅਤੇ ਠੀਕ-ਠੀਕ ਥਾਂ ਉੱਤੇ ਕਾਇਮ ਵੀ ਹਨ, ਪਰ ਇਸ ਵਿਚਾਲੇ ਇਨੈਲੋ ਦੀ ਕਾਮਯਾਬੀ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।

ਓਮ ਪ੍ਰਕਾਸ਼ ਚੌਟਾਲਾ

ਤਸਵੀਰ ਸਰੋਤ, Getty Images

ਉਨ੍ਹਾਂ ਮੁਤਾਬਕ ਚੌਟਾਲਾ ਪਰਿਵਾਰ ਵਿੱਚ ਪਈ ਦਰਾਰ, ਓਮ ਪ੍ਰਕਾਸ਼ ਚੌਟਾਲਾ ਦਾ ਜੇਲ੍ਹ ਜਾਣਾ...ਇਸ ਸਭ ਕਾਰਨ ਇਨੈਲੋ ਇੱਧਰ ਉੱਧਰ ਜ਼ਰੂਰ ਬਿਖਰ ਗਈ ਅਤੇ ਅਜਿਹੇ ਸਮੇਂ ਵਿੱਚ ਇਸ ਦੀ ਕਾਮਯਾਬੀ ਬਾਰੇ ਅਜੇ ਦੱਸਣਾ ਜ਼ਰਾ ਔਖਾ ਹੈ।

ਤਕਸ਼ਕ ਮੁਤਾਬਕ ਸੂਬੇ ਦੇ ਹਾਲਾਤ ਇਸ ਵੇਲੇ ਇਹ ਹਨ ਕਿ ਲੋਕਾਂ ਦਾ ਭਾਜਪਾ ਤੋਂ ਮੋਹ ਭੰਗ ਹੋ ਰਿਹਾ ਹੈ, ਕਾਂਗਰਸ ਦਾ ਆਪਸੀ ਕਲੇਸ਼ ਸਭ ਦੇ ਸਾਹਮਣੇ ਹੈ ਅਤੇ ਸਭ ਤੋਂ ਅਹਿਮ ਗੱਲ ਹੈ ਕਿਸਾਨ ਅੰਦੋਲਨ।

ਕਿਸਾਨ ਅੰਦੋਲਨ ਨੇ ਹਰਿਆਣਾ ਦੀ ਸਿਆਸੀ ਜ਼ਮੀਨ ਵਿੱਚ ਲੰਘੇ ਸਮੇਂ ਵਿੱਚ ਬਦਲਾਅ ਲਿਆਂਦੇ ਹਨ, ਚੌਟਾਲਾ ਸ਼ੁਰੂ ਤੋਂ ਹੀ ਕਿਸਾਨੀ ਮੁੱਦਿਆਂ ਨਾਲ ਜੁੜੇ ਰਹੇ ਹਨ, ਅਜਿਹੇ ਵਿੱਚ ਇਨੈਲੋ ਦਾ ਭਵਿੱਖ ਵੀ ਅਹਿਮ ਹੋਵੇਗਾ।

ਚੌਧਰੀ ਦੇਵੀ ਲਾਲ ਦੀ ਵਿਰਾਸਤ ਦੁਸ਼ਯੰਤ ਨੇ ਵਰਤ ਲਈ...

ਚੌਟਾਲਾ ਪਰਿਵਾਰ ਅਤੇ ਚੌਟਾਲਿਆਂ ਦੀ ਸਿਆਸਤ ਦੇ ਮੋਢੀ ਚੌਧਰੀ ਦੇਵੀ ਲਾਲ ਦੀ ਸਿਆਸੀ ਵਿਰਾਸਤ ਬਾਰੇ ਤਕਸ਼ਕ ਕਹਿੰਦੇ ਹਨ ਕਿ ਇੱਕ ਵਾਰ ਦੇਵੀ ਲਾਲ ਦੇ ਨਾਮ ਤੇ ਵਿਰਾਸਤ ਦੀ ਵਰਤੋਂ ਦੁਸ਼ਯੰਤ ਨੇ ਕਰ ਲਈ ਹੈ।

ਚੌਟਾਲਾ

ਤਸਵੀਰ ਸਰੋਤ, FB/Dushyant Chautala

ਦੂਜੇ ਪਾਸੇ ਦੇਵੀ ਲਾਲ ਦੇ ਪੱਕੇ ਸਮਰਥਕਾਂ ਵਿੱਚੋਂ ਬਹੁਤੇ ਓਮ ਪ੍ਰਕਾਸ਼ ਚੌਟਾਲਾ ਵੱਲ ਹੀ ਹਨ, ਹਾਲਾਂਕਿ ਇਸ ਵਿੱਚ ਇੱਕ ਫ਼ੈਕਟਰ ਅਹਿਮ ਇਹ ਹੈ ਕਿ ਜਿਹੜਾ ਪਰਿਵਾਰ ਪੱਕੇ ਤੌਰ 'ਤੇ ਚੌਟਾਲਾ ਨਾਲ ਰਹੀ ਉਹ ਕਾਇਮ ਹੈ, ਪਰ ਨਵੀਂ ਪੀੜ੍ਹੀ ਦੇ ਫ਼ੈਸਲਿਆਂ ਬਾਰੇ ਕਹਿਣਾ ਮੁਸ਼ਕਲ ਹੈ।

ਤਕਸ਼ਕ ਮੁਤਾਬਕ ਨਵੀਂ ਪੀੜ੍ਹੀ ਬਾਰੇ ਹਾਲੇ ਕੁਝ ਸਾਫ਼ ਨਹੀਂ ਹੈ, ਇਹ ਪੀੜ੍ਹੀ ਆਪਣੇ ਫ਼ੈਸਲੇ ਖ਼ੁਦ ਲੈ ਰਹੀ ਹੈ...ਭਾਵੇਂ ਇਹ ਲੋਕ ਸਿਆਸੀ ਜਲਸਿਆਂ ਵਿੱਚ ਵੱਡੀ ਗਿਣਤੀ ਵਿੱਚ ਆਉਂਦੇ ਹੋਣ ਪਰ ਇਨ੍ਹਾਂ ਦੇ ਫ਼ੈਸਲਿਆਂ ਦਾ ਕੁਝ ਪਤਾ ਨਹੀਂ ਹੈ।

ਜੇਬੀਟੀ ਘੁਟਾਲੇ ਦੀ ਸਿਲਸਿਲੇਵਾਰ ਜਾਣਕਾਰੀ:

ਸਾਲ 2000 ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ 3206 ਜੂਨੀਅਰ ਬੇਸਿਕ ਟੀਚਰਾਂ (JBT) ਦੀ ਭਰਤੀ ਮਾਮਲੇ ਵਿੱਚ ਅਦਾਲਤ ਨੇ ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਤੇ ਆਈਏਐਸ ਅਧਿਕਾਰੀ ਸੰਜੀਵ ਕੁਮਾਰ ਸਣੇ 53 ਹੋਰਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਸੀ।

  • ਨਵੰਬਰ, 1999 - ਹਰਿਆਣਾ ਵਿੱਚ 3,206 ਜੂਨੀਅਰ ਬੇਸਿਕ ਟੀਚਰ (JBT) ਦੀ ਭਰਤੀ ਲਈ ਇਸ਼ਤਿਹਾਰ ਕੱਢੇ ਗਏ।
  • 5 ਜੂਨ, 2003 - ਹਰਿਆਣਾ ਦੇ ਆਈਏਐਸ ਅਫ਼ਸਰ ਸੰਜੀਵ ਕੁਮਾਰ (ਜੋ ਇਸ ਵੇਲੇ ਸਸਪੈਂਡ ਹਨ ਤੇ 10 ਸਾਲ ਦੀ ਸਜ਼ਾ ਤਹਿਤ ਜੇਲ੍ਹ 'ਚ ਹਨ) ਸੂਬੇ ਵਿੱਚ 3,206 ਜੇਬੀਟੀ ਅਧਿਆਪਕਾਂ ਦੀ ਭਰਤੀ ਲਈ ਰਿਕਾਰਡ ਨਾਲ ਛੇੜਛਾੜ ਅਤੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੀ ਗੱਲ ਤਹਿਤ ਸੁਪਰੀਮ ਕੋਰਟ ਪਹੁੰਚੇ
  • 25 ਨਵੰਬਰ, 2003 - ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੇ ਹੁਕਮ ਦਿੱਤੇ
  • 12 ਦਸੰਬਰ, 2003 - ਸੀਬੀਆਈ ਨੇ ਪ੍ਰਿਲੀਮਨਰੀ ਇਨਕੁਆਰੀ ਰਜਿਸਟਰ ਕਰ ਲਈ
  • 24 ਮਈ, 2004 - ਸੀਬੀਆਈ ਨੇ IPC ਦੀਆਂ ਵੱਖ-ਵੱਖ ਧਾਰਾਵਾਂ ਅਤੇ ਭ੍ਰਿਸ਼ਟਾਚਾਰ ਐਕਟ ਅਧੀਨ 62 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਏ
  • 2004-2008 - ਸੀਬੀਆਈ ਦੀ ਪੜਤਾਲ ਨੇ ਓਮ ਪ੍ਰਕਾਸ਼ ਚੌਟਾਲਾ, ਅਜੇ ਚੌਟਾਲਾ, ਸੰਜੀਵ ਕੁਮਾਰ ਅਤੇ ਹੋਰਾਂ ਦੀ JBT ਘੁਟਾਲੇ ਵਿੱਚ ਸ਼ਮੂਲੀਅਤ ਦਾ ਖ਼ੁਲਾਸਾ ਕੀਤਾ
  • 6 ਜੂਨ, 2008 - ਸੀਬੀਆਈ ਨੇ 62 ਲੋਕਾਂ ਖ਼ਿਲਾਫ਼ ਚਾਰਜਸ਼ਾਟ ਵਿਸ਼ੇਸ਼ ਸੀਬੀਆਈ ਜੱਜ ਦੇ ਸਾਹਮਣੇ ਪੇਸ਼ ਕੀਤੀ
  • 16 ਜੂਨ, 2008 - ਸੀਬੀਆਈ ਅਦਾਲਤ ਨੇ ਚਾਰਜਸ਼ੀਟ ਦਾ ਨੋਟਿਸ ਲਿਆ
  • 23 ਜੁਲਾਈ, 2011 - 61 ਲੋਕਾਂ ਖ਼ਿਲਾਫ਼ ਚਾਰਜ ਦਰਜ ਹੋਏ। ਹਰਿਆਣਾ ਦੇ ਸਿੱਖਿਆ ਵਿਭਾਗ ਦੇ ਇੱਕ ਰਿਟਾਇਰਡ ਅਧਿਕਾਰੀ ਦਾ ਨਾਮ ਚਾਰਜਸ਼ੀਟ ਵਿੱਚ ਸੀ, ਜਿਸ ਨੂੰ ਕੇਸ ਤੋਂ ਡਿਸਚਾਰਜ ਕਰ ਦਿੱਤਾ ਗਿਆ।
  • 17 ਦਸੰਬਰ, 2012 - ਕੇਸ ਵਿੱਚ ਆਖ਼ਰੀ ਬਹਿਸ ਮੁਕੰਮਲ ਹੋਈ। ਟ੍ਰਾਇਲ ਦੌਰਾਨ ਸਿੱਖਿਆ ਵਿਭਾਗ ਦੇ ਸਾਰੇ 6 ਰਿਟਾਇਰਡ ਅਫ਼ਸਰਾਂ ਦਾ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਦੋਸ਼ੀਆਂ ਦੀ ਗਿਣਤੀ 55 ਰਹਿ ਗਈ।
  • 16 ਜਨਵਰੀ, 2013 - ਓਮ ਪ੍ਰਕਾਸ਼ ਚੌਟਾਲਾ ਸਣੇ 53 ਹੋਰਾਂ ਨੂੰ ਦੋਸ਼ੀ ਠਹਿਰਾਇਆ ਗਿਆ।
  • 22 ਜਨਵਰੀ, 2013 - ਓਮ ਪ੍ਰਕਾਸ਼ ਚੌਟਾਲਾ, ਅਜੇ ਚੌਟਾਲਾ, ਸੰਜੀਵ ਕੁਮਾਰ ਅਤੇ ਸੱਤ ਹੋਰਾਂ ਨੂੰ 10-10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਹੋਰਨਾਂ 44 ਜਣਿਆਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਇੱਕ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ।

ਚੌਟਾਲਾ ਦਾ ਸਿਆਸੀ ਸਫ਼ਰ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (INLD) ਓ ਪੀ ਚੌਟਾਲਾ 1 ਜਨਵਰੀ, 1935 ਨੂੰ ਸਿਰਸਾ ਵਿਖੇ ਪਿੰਡ ਚੌਟਾਲਾ 'ਚ ਪੈਦਾ ਹੋਏ ਸਨ। ਓ ਪੀ ਚੌਟਾਲਾ ਨੇ ਪੜ੍ਹਾਈ 10ਵੀਂ ਜਮਾਤ ਤੱਕ ਹੀ ਕੀਤੀ ਹੈ।

ਹਰਿਆਣਾ ਦੇ ਹੀ ਸਾਬਕਾ ਉਪ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੇ ਪੁੱਤਰ ਓ ਪੀ ਚੌਟਾਲਾ ਜਵਾਨੀ ਵੇਲੇ ਤੋਂ ਹੀ ਸਿਆਸਤ ਵਿੱਚ ਸਰਗਰਮ ਰਹੇ ਸਨ।

1970 ਵਿੱਚ ਐਲਨਾਬਾਦ ਵਿਧਾਨ ਸਭਾ ਸੀਟ ਤੋਂ ਓਮ ਪ੍ਰਕਾਸ਼ ਚੌਟਾਲਾ ਪਹਿਲੀ ਵਾਰ ਵਿਧਾਇਕ ਬਣੇ ਸਨ। ਉਹ ਹੁਣ ਤੱਕ ਸੱਤ ਵਾਰ ਹਰਿਆਣਾ ਵਿਧਾਨ ਸਭਾ ਵਿੱਚ ਵਿਧਾਇਕ ਵਜੋਂ ਚੁਣੇ ਜਾ ਚੁੱਕੇ ਹਨ।

ਓਮ ਪ੍ਰਕਾਸ਼ ਚੌਟਾਲਾ, ਅਜੇ ਚੌਟਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਮ ਪ੍ਰਕਾਸ਼ ਚੌਟਾਲਾ ਆਪਣੇ ਪੁੱਤਰ ਅਜੇ ਚੌਟਾਲਾ ਨਾਲ

ਓਮ ਪ੍ਰਕਾਸ਼ ਚੌਟਾਲਾ ਪੰਜ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ। ਪਹਿਲੀ ਵਾਰ ਉਹ 2 ਦਸੰਬਰ, 1989 ਤੋਂ 22 ਮਈ 1990 ਤੱਕ ਜਨਤਾ ਦਲ ਪਾਰਟੀ ਵੱਲੋਂ ਚੋਣ ਲੜ ਕੇ ਮੁੱਖ ਮੰਤਰੀ ਬਣੇ ਸਨ।

ਦੂਜੀ ਵਾਰ ਉਹ ਕੇਵਲ ਪੰਜ ਦਿਨਾਂ ਲਈ 12 ਜੁਲਾਈ, 1990 ਤੋਂ 16 ਜੁਲਾਈ, 1990 ਤੱਕ ਹੀ ਮੁੱਖ ਮੰਤਰੀ ਬਣੇ ਸਨ।

ਜਦੋਂ ਉਹ ਤੀਜੀ ਵਾਰ ਮੁੱਖ ਮੰਤਰੀ ਬਣੇ ਤਾਂ ਵੀ ਉਹ ਦੋ ਮਹੀਨੇ ਤੋਂ ਘੱਟ ਵਕਤ ਲਈ ਇਸ ਅਹੁਦੇ 'ਤੇ ਕਾਇਮ ਰਹਿ ਸਕੇ ਸਨ। ਚੌਥੀ ਵਾਰ ਓਮ ਪ੍ਰਕਾਸ਼ ਚੌਟਾਲਾ ਬੰਸੀ ਲਾਲ ਦੀ ਸਰਕਾਰ ਡਿੱਗਣ ਮਗਰੋਂ ਕੁਝ ਮਹੀਨੇ ਮੁੱਖ ਮੰਤਰੀ ਰਹੇ ਸਨ।

ਸਾਲ 2000 ਤੋਂ 2005 ਤੱਕ ਉਹ ਪਹਿਲੀ ਵਾਰ ਆਪਣਾ ਮੁੱਖ ਮੰਤਰੀ ਦਾ ਕਾਰਜਕਾਲ ਪੂਰਾ ਕਰ ਸਕੇ ਸਨ। ਚੌਟਾਲਾ ਸਾਲ 1987-1990 ਤੱਕ ਰਾਜ ਸਭਾ ਮੈਂਬਰ ਵੀ ਰਹੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)