ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਲਈ ਇਹ ਮੁੱਦੇ ਚੁਣੌਤੀ ਬਣੇ

ਤਸਵੀਰ ਸਰੋਤ, Ani
- ਲੇਖਕ, ਗੁਰਕਿਰਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ ਕਾਂਗਰਸੀ ਆਗੂਆਂ ਨਾਲ ਵੀਰਵਾਰ ਨੂੰ ਆਪਣੇ ਨਿਊ ਚੰਡੀਗੜ੍ਹ ਵਿਚਲੇ ਸੀਸਵਾਂ ਫਾਰਮ ਹਾਊਸ ਉੱਤੇ ਦੁਪਹਿਰ ਦੇ ਖਾਣੇ 'ਤੇ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੂੰ ਮਿਲਣ ਵਾਲੇ ਇਨ੍ਹਾਂ ਆਗੂਆਂ ਵਿੱਚ ਪੰਜਾਬ ਦੇ ਕਈ ਕੈਬਨਿਟ ਮੰਤਰੀ ਵੀ ਸ਼ਾਮਲ ਸਨ।
ਮੁੱਖ ਮੰਤਰੀ ਉੱਪਰ ਅਕਸਰ ਆਮ ਲੋਕਾਂ ਤੋਂ ਹੀ ਨਹੀਂ ਬਲਕਿ ਪਾਰਟੀ ਦੇ ਆਗੂਆਂ ਤੋਂ ਵੀ ਦੂਰੀ ਬਣਾਈ ਰੱਖਣ ਦੇ ਇਲਜ਼ਾਮ ਲੱਗਦੇ ਰਹੇ ਹਨ, ਪਰ ਅੱਜਕੱਲ ਉਨ੍ਹਾਂ ਦੀ ਲੰਚ ਡਿਪਲੋਮੇਸੀ ਕਾਫ਼ੀ ਚਰਚਾ ਵਿੱਚ ਹੈ।
ਇਹ ਵੀ ਪੜ੍ਹੋ:
‘ਲੰਚ ਡਿਪਲੋਮੇਸੀ’ ਨਹੀਂ 2022 ਦੀ ਤਿਆਰੀ ਦਾ ਦਾਅਵਾ
ਕੈਪਟਨ ਦੀ ਲੰਚ ਬੈਠਕ ਤੋਂ ਬਾਅਦ ਬਾਹਰ ਆ ਕੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਕਿਹਾ, “ਅਸੀਂ 2022 ਦੀਆਂ ਅਸੈਂਬਲੀ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਅਤੇ ਸਿੱਧੂ ਸਾਡੇ ਦੋ ਵੱਡੇ ਨੇਤਾ ਹਨ। ਕੈਪਟਨ ਸਾਹਬ ਸਾਡੀ ਅਗਵਾਈ ਕਰ ਰਹੇ ਹਨ ਉਹ ਇਸ ਦੇ ਯੋਗ ਹਨ।”
ਉਨ੍ਹਾਂ ਨੇ ਕਿਹਾ ਕਿ ਅੱਜ ਦੀ ਬੈਠਕ ਨਾ ਤਾ ਲੰਚ ਡਿਪਲੇਮੈਸੀ ਸੀ ਅਤੇ ਨਹੀਂ ਹੀ ਤਾਕਤ ਦਾ ਪ੍ਰਗਟਾਵਾ। ਇਹ ਤਾਂ ਮੁੱਖ ਮੰਤਰੀ ਦੀ ਆਪਣੇ ਆਗੂਆਂ ਨਾਲ ਬੈਠਕ ਸੀ।”
ਉਹ ਪਿਛਲੇ ਕੁਝ ਹਫ਼ਤਿਆਂ ਦੇ ਆਪਣੀ ਪਾਰਟੀ ਦੇ ਵਿਧਇਕਾਂ ਤੇ ਆਗੂਆਂ ਨੂੰ ਚਾਹ-ਪਾਣੀ ਅਤੇ ਖਾਣੇ ਉੱਤੇ ਮਿਲ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਉੱਤੇ ਪਹਿਲਾਂ ਪਾਰਟੀਆਂ ਆਗੂਆਂ ਸਮਾਂ ਨਾ ਦੇਣ ਦੇ ਇਲਜ਼ਾਮ ਲੱਗਦੇ ਸਨ, ਉਹ ਹੁਣ ਇਹਨਾਂ ਨੂੰ ਘਰ ਬੁਲਾ ਕੇ ਸੇਵਾ ਪਾਣੀ ਕਰਨ ਲ਼ਈ ਮਜ਼ਬੂਰ ਨਜ਼ਰ ਆ ਰਹੇ ਹਨ।
ਇਹ ਹਾਲਾਤ ਵਿਚਾਰ ਦੇ ਤਲਬਗ਼ਾਰ ਹਨ, ਦੇਖਿਆ ਜਾਵੇ ਤਾਂ ਕੈਪਟਨ ਇਸ ਸਮੇਂ ਕਈ ਪਾਸਿਆਂ ਤੋਂ ਘਿਰੇ ਹੋਏ ਨਜ਼ਰ ਆਉਂਦੇ ਹਨ
ਵਾਅਦੇ ਜੋ ਵਫ਼ਾ ਨਹੀਂ ਹੋਏ
1. ਬੇਅਦਬੀ ਦਾ ਮਸਲਾ ਨਾ ਸੁਲਝ ਸਕਿਆ
ਬੇਅਦਬੀ ਦੇ ਮਸਲਿਆਂ ਦਾ ਕੋਈ ਹੱਲ ਸਰਕਾਰ ਦੇ ਸਾਰੇ ਕਾਰਜ ਕਾਲ ਦੌਰਾਨ ਨਹੀਂ ਨਿਕਲ ਸਕਿਆ, ਜੋ ਕਿ ਸਰਕਾਰ ਦਾ ਸਭ ਵੱਡਾ ਤੇ ਅਹਿਮ ਚੋਣ ਵਾਅਦਾ ਸੀ।
ਪਹਿਲਾਂ ਜਿਹੜੇ ਸਵਾਲ ਅਕਾਲੀ ਦਲ ਉੱਤੇ ਉੱਠਦੇ ਸਨ, ਉਹੀ ਹੁਣ ਕੈਪਟਨ ਅਮਰਿੰਦਰ ਤੇ ਕਾਂਗਰਸ ਸਰਕਾਰ ਉੱਤੇ ਉੱਠ ਰਹੇ ਹਨ।
ਇਹ ਸਵਾਲ ਵਿਰੋਧੀ ਹੀ ਨਹੀਂ ਪਾਰਟੀ ਦੇ ਆਪਣੇ ਆਗੂ ਹੀ ਚੁੱਕ ਰਹੇ ਹਨ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਸਦੀ ਪੁਸ਼ਟੀ ਕਰ ਚੁੱਕੇ ਹਨ।

ਤਸਵੀਰ ਸਰੋਤ, RABINDER SINGH ROBIN/BBC
2. ਘਰ ਨੌਕਰੀ ਦਾ ਉਲਟਾ ਅਸਰ: ਘਰ-ਘਰ ਨੌਕਰੀ ਪ੍ਰੋਗਰਾਮ ਕੈਪਟਨ ਅਮਰਿੰਦਰ ਦਾ ਦੂਜਾ ਅਹਿਮ ਚੋਣ ਵਾਅਦਾ ਸੀ।
ਕੈਪਟਨ ਸਰਕਾਰ ਲਈ ਇਹੀ ਵੱਡੀ ਸਿਰਦਰਦੀ ਬਣ ਗਿਆ ਹੈ, ਭਾਵੇਂ ਸਰਕਾਰ ਲੱਖਾਂ ਵਿਚ ਨੌਕਰੀਆਂ ਦੇਣ ਦਾ ਦਾਅਵਾ ਕਰਦੀ ਹੈ, ਪਰ ਵਿਰੋਧੀ ਧਿਰਾਂ ਡਾਟਾ ਜਨਤਕ ਕਰਨ ਦੀ ਚੁਣੌਤੀ ਦੇ ਰਹੀਆਂ ਹਨ।
ਕੈਪਟਨ ਵਲੋਂ ਦੋ ਵਿਧਾਇਕਾਂ ਰਾਕੇਸ਼ ਪਾਂਡੇ ਤੇ ਫਤਿਹ ਜੰਗ ਬਾਜਵਾ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦਾ ਫੈਸਲਾ ਕੀਤੇ ਜਾਣ ਨਾਲ ਕਾਫ਼ੀ ਆਲੋਚਨਾਂ ਦਾ ਸਾਹਮਣਾ ਕਰਨਾ ਪਿਆ। ਵਿਰੋਧ ਕਾਰਨ ਬਾਜਵਾ ਨੇ ਤਾਂ ਨੌਕਰੀ ਨਾ ਲੈਣ ਦਾ ਫ਼ੈਸਲਾ ਕੀਤਾ।
ਜਦੋਂ ਪੰਜਾਬ ਦੇ ਹਰ ਕੋਨੇ ਵਿਚ ਖਾਸਕਰ ਬੇਰੁਜ਼ਾਗਾਰ ਅਧਿਆਪਕ ਆਏ ਦਿਨ ਕਿਸੇ ਨਾ ਕਿਸੇ ਚੌਂਕ ਉੱਪਰ ਕੁੱਟ ਖਾਂਦੇ ਅਤੇ ਖਿੱਚ-ਧੂਹ ਕਰਵਾਉਂਦੇ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਹੋਣ ਤਾਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਮਸਲੇ ਨੇ ਕੈਪਟਨ ਦੀ ਕਪਤਾਨੀ ਵਾਲੀ ਪੰਜਾਬ ਸਰਕਾਰ ਦੀ ਚੰਗੀ ਫਜੀਹਤ ਕਰਵਾਈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸੇ ਹਫ਼ਤੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕ ਮੁਜ਼ਾਹਰਾ ਕਰਦੇ ਕੈਪਟਨ ਅਮਰਿੰਦਰ ਸਿੰਘ ਦੇ ਨਿਊ ਚੰਡੀਗੜ੍ਹ ਵਿਚਲੇ ਸੀਸਵਾਂ ਫਾਰਮ ਹਾਊਸ ਤੱਕ ਪਹੁੰਚ ਗਏ, ਜਿੱਥੇ ਮੁੱਖ ਮੰਤਰੀ ਬੈਠਕਾਂ ਕਰ ਰਹੇ ਹਨ।
3. ਬਿਜਲੀ ਸਸਤੀ ਤਾਂ ਕੀ ਮਹਿੰਗੀ ਦੀ ਵੀ ਕਿੱਲਤ
ਬਿਜਲੀ ਦੀਆਂ ਦਰਾਂ ਤੋਂ ਆਮ ਲੋਕ ਪ੍ਰੇਸ਼ਾਨ ਹਨ । ਕੈਪਟਨ ਸਰਕਾਰ ਨੇ ਸਸਤੀ ਬਿਜਲੀ ਦੇਣ ਦਾ ਚੋਣ ਵਾਅਦਾ ਕੀਤਾ ਸੀ।
ਹਾਲਾਂਕਿ ਪਿਛਲੇ ਸਮੇਂ ਦੌਰਾਨ ਕੈਪਟਨ ਸਰਕਾਰ ਨੇ ਬਿਜਲੀ ਦੀਆਂ ਦਰਾਂ ਵਿੱਚ ਇੱਕ ਰੁਪਏ ਫ਼ੀ ਯੂਨਿਟ ਦੀ ਕਮੀ ਵੀ ਕੀਤੀ ਸੀ।
ਪਰ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਨਾ ਮਿਲ਼ਣ ਕਾਰਨ ਹਾਹਾਕਾਰ ਮੱਚੀ ਹੋਈ ਹੈ ਤੇ ਲੋਕ ਰੋਸ ਮੁਜ਼ਾਹਰਰੇ ਕਰ ਰਹੇ ਹਨ।
ਖੇਤੀ ਨੂੰ ਵਾਅਦੇ ਮੁਤਾਬਕ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਰਕੇ ਝੋਨੇ ਦੀ ਫਸਲ ਵਾਹੁਣ ਵਾਲੇ ਹਾਲਾਤ ਬਣ ਗਏ ਹਨ।
ਭਾਵੇਂ ਕਿ ਮੁੱਖ ਮੰਤਰੀ ਨੇ ਉਦਯੋਗਿਕ ਸਪਲਾਈ ਦੀ ਕੌਟਤੀ ਕਰਕੇ ਖੇਤੀ ਨੂੰ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਪਰ ਕਿਸਾਨਾਂ ਨੇ ਵੀ ਸਰਕਾਰ ਨੂੰ 6 ਜੁਲਾਈ ਤੱਕ ਅਲਟੀਮੇਟਮ ਦੇ ਦਿੱਤਾ ਹੈ।
4. ਰੇਤ ਮਾਫ਼ੀਆ ਉੱਤੇ ਸ਼ਿਕੰਜਾ
ਅਕਾਲੀਆਂ ਦੇ ਰਾਜ ਵਿੱਚ ਰੇਤ ਮਾਫੀਏ ਦੀ ਚਰਚਾ ਕਾਫ਼ੀ ਹੁੰਦੀ ਸੀ, ਜੋ ਪਾਰਟੀ ਲਈ ਬਦਨਾਮੀ ਦਾ ਕਾਰਨ ਬਣੀ।
ਹਾਲਾਂਕਿ ਪੰਜਾਬ ਵਿੱਚ ਹੁਣ ਵੀ ਰੇਤ ਅਤੇ ਮਾਈਨਿੰਗ ਮਾਫ਼ੀਆ ਵੀ ਕੈਪਟਨ ਸਰਕਾਰ ਦੇ ਕਾਬੂ ਵਿੱਚ ਹੈ, ਅਜਿਹਾ ਜ਼ਮੀਨੀ ਹਕੀਕਤ ਤੋਂ ਨਜ਼ਰ ਨਹੀਂ ਆਉਂਦਾ।
ਹੈਰਾਨੀ ਦੀ ਗੱਲ ਹੈ ਕਿ ਜਿਸ ਸੁਖਬੀਰ ਬਾਦਲ ਉੱਤੇ ਆਪਣੇ ਕਾਰਜਕਾਲ ਦੌਰਾਨ ਰੇਤ ਤੇ ਮਾਈਨਿੰਗ ਮਾਫ਼ੀਏ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਲੱਗਦੇ ਰਹੇ,
ਉਹ ਅੱਜ-ਕੱਲ ਵੱਖ-ਵੱਖ ਥਾਵਾਂ ਉੱਤੇ ਅਕਾਲੀ ਵਰਕਰਾਂ ਨਾਲ ਛਾਪੇ ਮਾਰ ਕੇ ਕੈਪਟਨ ਸਰਕਾਰ ਨੂੰ ਚੁਣੌਤੀ ਦੇ ਰਹੇ ਹਨ।
5. ਪੇਅ ਕਮਿਸ਼ਨ ਦਾ ਦਾਅ ਵੀ ਪੁੱਠਾ ਪਿਆ
ਛੇਵੇਂ ਪੇ-ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਸਰਕਾਰ ਨੇ ਲਾਗੂ ਕਰਕੇ ਮੁਲਾਜ਼ਮਾਂ ਨੂੰ ਖੁਸ਼ ਕਰਨ ਦਾ ਵੱਡਾ ਦਾਅ ਖੇਡਿਆ ਸੀ।
ਅੱਜ-ਕੱਲ ਪੰਜਾਬ ਵਿਚ ਮੁਲਾਜ਼ਮ ਪੇ-ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨ ਵੇਲੇ ਧੋਖਾ ਕਰਨ ਦੇ ਇਲਜ਼ਾਮ ਲਾ ਰਹੇ ਹਨ।
ਕੀ ਡਾਕਟਰ ਤੇ ਕੀ ਮਾਸਟਰ, ਕਈ ਪਾਸਿਓਂ ਰੋਸ ਮੁਜ਼ਾਹਰਿਆਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ।
ਇਸ ਤੋਂ ਇਲਾਵਾ ਕੈਪਟਨ ਨੂੰ ਅਕਸਰ ਯਾਦ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲ ਹੱਥ ਵਿਚ ਗੁਟਕਾ ਸਾਹਿਬ ਚੁੱਕ ਕੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਸਹੁੰ ਚੁੱਕੀ ਸੀ, ਉਸ ਦਾ ਕੀ ਬਣਿਆ।
ਪਿਛਲੇ ਸਮੇਂ ਦੌਰਾਨ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਨੇ ਉਨ੍ਹਾਂ ਦੀ ਇਸ ਮੋਰਚੇ ਉੱਪਰ ਸਫ਼ਲਤਾ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹੇ ਕੀਤੇ ਹਨ।
ਹੁਣ ਇੱਕ ਨਜ਼ਰ ਮਾਰਦੇ ਹਾਂ ਪੰਜਾਬ ਦੇ ਸਮੁੱਚੇ ਹਾਲਾਤ ਤੋਂ ਉੱਭਰਦੀਆਂ ਉਨ੍ਹਾਂ ਤਿੰਨ ਤਸਵੀਰਾਂ ਉੱਪਰ, ਜਿਨ੍ਹਾਂ ਤੋਂ ਚਿੰਤਤ ਕੈਪਟਨ ਸਿਆਸੀ ਆਗੂਆਂ ਨੂੰ ਰੋਟੀ ਖਵਾਉਣ ਲਈ ਮਜਬੂਰ ਦਿਖ ਰਹੇ ਹਨ।
ਨਵਜੋਤ ਸਿੱਧੂ ਤੇ ਗਾਂਧੀ ਪਰਿਵਾਰ

ਤਸਵੀਰ ਸਰੋਤ, NS Sidhu/twitter
ਕੈਪਟਨ ਅਮਰਿੰਦਰ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਕਾਂਗਰਸ ਵਿਚ ਬੇਤਾਜ ਬਾਦਸ਼ਾਹ ਨਜ਼ਰ ਆ ਰਹੇ ਸਨ।
ਉਨ੍ਹਾਂ ਨੇ ਨਾ ਪ੍ਰਤਾਪ ਬਾਜਵਾ ਵਰਗੇ ਆਗੂ ਦੀ ਪ੍ਰਵਾਹ ਕੀਤੀ ਤੇ ਨਾ ਨਵਜੋਤ ਸਿੱਧੂ ਵਰਗੇ ਪਾਰਟੀ ਦੇ ਸਟਾਰ ਪ੍ਰਚਾਰਕ/ਆਗੂ ਦੀ।
ਕੁਝ ਦਿਨ ਪਹਿਲਾਂ ਤੱਕ ਲੱਗਦਾ ਸੀ ਕਿ ਕੈਪਟਨ ਨੇ ਆਪਣੇ ਖ਼ਿਲਾਫ਼ ਉੱਠੀਆਂ ਬਾਗੀ ਸੁਰਾਂ ਨੂੰ ਨਕੇਲ ਪਾ ਲਈ ਹੈ।
ਹੁਣ ਨਵਜੋਤ ਸਿੰਘ ਸਿੱਧੂ ਦੀਆਂ ਰਾਹੁਲ ਤੇ ਪ੍ਰਿਅੰਕਾ ਗਾਂਧੀ ਦੀਆਂ ਤਸਵੀਰਾਂ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਛਾਈਆਂ ਹੋਈਆਂ ਹਨ।
ਉਸ ਤੋਂ ਸੰਕੇਤ ਇਹੀ ਮਿਲ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੱਧੂ ਨਾਲ ਸਮਝੌਤਾ ਕਰਨਾ ਹੀ ਪੈਣਾ ਹੈ।
ਪਾਰਟੀ ਨਾ ਕੈਪਟਨ ਨੂੰ ਨਰਾਜ਼ ਕਰਨਾ ਚਾਹੁੰਦੀ ਹੈ ਅਤੇ ਨਾ ਹੀ ਨਵਜੋਤ ਸਿੰਧੂ ਨੂੰ ਗੁਆਉਣਾ ਚਾਹੁੰਦੀ ਹੈ।
ਕਿਸੇ ਸਮੇਂ ਗਾਂਧੀ ਪਰਿਵਾਰ ਨਾਲ ਨੇੜਤਾ ਕਾਰਨ ਕੈਪਟਨ ਅਮਰਿੰਦਰ ਸਿੰਘ ਰਾਜਿੰਦਰ ਕੌਰ ਭੱਠਲ, ਸਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਪੁਰਾਣੇ ਟਕਸਾਲੀਆਂ ਨੂੰ ਖੂੰਜੇ ਲੁਆਕੇ ਪੰਜਾਬ ਦੀ ਸਿਆਸਤ ਦੇ ਸ਼ਾਹ ਸਵਾਰ ਬਣੇ ਰਹੇ ਸਨ।
ਹੁਣ ਉਸੇ ਗਾਂਧੀ ਪਰਿਵਾਰ ਦੀ ਅਗਲੀ ਪੀੜ੍ਹੀ ਨਾਲ ਸਿੱਧੂ ਦੀ ਨੇੜਤਾ ਦੀਆਂ ਤਸਵੀਰਾਂ ਕੈਪਟਨ ਦੀ ਚਿੰਤਾ ਦਾ ਸਬੱਬ ਦੱਸੀਆਂ ਜਾ ਰਹੀਆਂ ਹਨ।
ਹਰ ਪਾਸੇ ਰੋਸ ਮੁਜ਼ਾਹਰੇ
ਪਿਛਲੇ ਕਰੀਬ 6 ਮਹੀਨੇ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸੀ ਕਿਸਾਨ ਅੰਦੋਲਨ ਦਾ ਰੁਖ ਦਿੱਲੀ ਖ਼ਿਲਾਫ਼ ਹੋਣ ਕਾਰਨ ਕਾਫ਼ੀ ਖੁਸ਼ ਸਨ। ਕਈ ਕਾਂਗਰਸੀ ਤਾਂ ਕਹਿੰਦੇ ਸਨ ਕਿ ਕੈਪਟਨ ਨੇ ਪੰਜਾਬ ਦੀ ਲੜਾਈ ਕਿਸਾਨ ਬਨਾਮ ਮੋਦੀ ਬਣਾ ਦਿੱਤੀ ਹੈ।

ਤਸਵੀਰ ਸਰੋਤ, AkaliDal
ਸ਼ਾਇਦ ਇਸੇ ਲਈ ਪੰਜਾਬ ਭਾਜਪਾ ਦੇ ਆਗੂ ਅਸ਼ਵਨੀ ਸ਼ਰਮਾ ਤੇ ਹਰਜੀਤ ਸਿੰਘ ਗਰੇਵਾਲ ਇਲਜ਼ਾਮ ਲਾਉਦੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਗੁਮਰਾਹ ਕਰਦੇ ਰਹੇ ਹਨ।
ਪਹਿਲਾਂ ਕਿਸਾਨ ਸਿਰਫ਼ ਭਾਜਪਾ ਦੇ ਆਗੂਆਂ ਨੂੰ ਘੇਰਦੇ ਸਨ, ਪਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਵੀ ਘੇਰਨ ਲੱਗ ਪਏ ਹਨ।
ਲੋਕ ਬਿਜਲੀ ਸਪਲਾਈ ਨਾ ਹੋਣ, ਨੌਕਰੀਆਂ ਨਾ ਮਿਲਣ ਅਤੇ ਪੇਅ ਕਮਿਸ਼ਨ ਵਰਗੀਆਂ ਮੰਗਾਂ ਨੂੰ ਲੈਕੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੂੰ ਵੀ ਘੇਰਨ ਲੱਗੇ ਹਨ।
ਲੰਘੇ ਦਿਨੀਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮੰਤਰੀ ਸ਼ਾਮ ਸ਼ੁੰਦਰ ਅਰੋੜਾ ਨੂੰ ਘੇਰੇ ਜਾਣ ਦੀਆਂ ਵੀਡੀਓਜ਼ ਕਾਫ਼ੀ ਵਾਇਰਲ ਹੋਈਆਂ ਹਨ।
ਇੱਕ ਪਾਸੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਚੋਣ ਵਰ੍ਹਾਂ ਹੋਣ ਕਾਰਨ ਸਰਕਾਰ ਖ਼ਿਲਾਫ਼ ਸਰਗਰਮੀਆਂ ਵਧਾ ਰਹੇ ਹਨ, ਦੂਜੇ ਪਾਸੇ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਬੇਰੁਜ਼ਗਾਰਾਂ ਦੇ ਰੋਸ ਮੁਜ਼ਾਹਰੇ ਸੂਬਾ ਸਰਕਾਰ ਲਈ ਚਿੰਤਾ ਦਾ ਸਰੋਤ ਬਣ ਰਹੇ ਹਨ।
ਹੁਣ ਬਿਜਲੀ ਦੇ ਮਸਲੇ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਵੀ 6 ਜੁਲਾਈ ਨੂੰ ਪੰਜਾਬ ਵਿਚ ਮੁਜ਼ਾਹਰੇ ਕਰਨ ਦਾ ਐਲਾਨ ਕਰ ਦਿੱਤਾ ਹੈ।
ਕੇਜਰੀਵਾਲ ਦੀ ਐਂਟਰੀ ਤੇ ਸੁਖਬੀਰ ਦੀ ਸਰਗਰਮੀ
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਚੋਣ ਗੇਅਰ ਪਾ ਦਿੱਤਾ ਹੈ। ਉਨ੍ਹਾਂ ਬੇਅਦਬੀ ਕਾਂਡ ਦੀ ਜਾਂਚ ਕਰਨ ਵਾਲੇ ਸਾਬਕਾ ਆਈ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿਚ ਸ਼ਾਮਲ ਕੀਤਾ।
ਇਸ ਨਾਲ ਬੇਅਦਬੀ ਮਾਮਲੇ ਵਿਚ ਇਨਸਾਫ਼ ਨਾ ਹੋਣ ਕਾਰਨ ਅਕਾਲੀ ਅਤੇ ਕਾਂਗਰਸ ਤੋਂ ਖਫ਼ਾ ਲੋਕਾਂ ਦਾ ਸਮਰਥਨ ਆਮ ਆਦਮੀ ਪਾਰਟੀ ਦੇ ਹੱਕ ਵਿਚ ਕਰਨ ਲਈ ਵੱਡੀ ਮਦਦ ਮਿਲਣ ਦੇ ਕਿਆਸ ਲਾਏ ਜਾ ਰਹੇ ਹਨ।
ਪਹਿਲਾਂ ਬੇਅਦਬੀ ਤੇ ਫਿਰ 15 ਦਿਨਾਂ ਵਿਚ ਹੀ ਚੰਡੀਗੜ੍ਹ ਆ ਕੇ ਬਿਜਲੀ ਦੇ 300 ਯੂਨਿਟ ਮਾਫ਼ ਕਰਨ ਅਤੇ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕਰ ਗਏ ਹਨ।
ਬਿਜਲੀ ਦਾ ਮਸਲਾ ਚੁੱਕ ਕੇ ਕੇਜਰੀਵਾਲ ਕੈਪਟਨ ਅਮਰਿੰਦਰ ਸਰਕਾਰ ਦੀ ਦੁਖਦੀ ਰਗ ਉੱਤੇ ਬੜੀ ਤੇਜ਼ੀ ਨਾਲ ਉਂਗਲ ਧਰਦੇ ਨਜ਼ਰ ਆ ਰਹੇ ਹਨ।
ਅਗਲੀ ਫੇਰੀ ਦੌਰਾਨ ਉਹ ਘਰ-ਘਰ ਨੌਕਰੀ ਦੇ ਵਾਅਦੇ ਦਾ ਤੋੜ ਲੈਕੇ ਪੰਜਾਬ ਆਉਣ ਦਾ ਐਲਾਨ ਵੀ ਨਾਲ ਹੀ ਕਰ ਗਏ।
ਦੂਜੇ ਪਾਸੇ ਬੇਅਦਬੀ ਅਤੇ ਰੇਤ ਮਾਫੀਆਂ ਵਰਗਿਆਂ ਮੁੱਦਿਆਂ ਕਾਰਨ ਸੱਤਾ ਤੋਂ ਦੂਰ ਹੋਇਆ ਅਕਾਲੀ ਦਲ -ਬਸਪਾ ਨਾਲ ਗਠਜੋੜ ਤੋਂ ਬਾਅਦ ਮੁੜ ਸਰਗਰਮ ਹੋ ਗਿਆ ਹੈ।
ਸੁਖਬੀਰ ਬਾਦਲ ਗਰਾਊਂਡ ਉੱਤੇ ਜਾਕੇ ਕੈਪਟਨ ਅਮਰਿੰਦਰ ਸਰਕਾਰ ਨੂੰ ਚੁਣੌਤੀ ਦੇਣ ਲੱਗੇ ਹਨ।
ਉਨ੍ਹਾਂ ਦੀਆਂ ਰੇਤ ਮਾਫੀਆਂ ਤੇ ਗੈਰ-ਕਾਨੂੰਨੀ ਮਾਇਨਿੰਗ ਦਾ ਮੁੱਦਾ ਚੁੱਕਣ ਦੀਆਂ ਤਸਵੀਰਾਂ ਕੈਪਟਨ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰ ਰਹੀਆਂ ਹੋਣਗੀਆਂ।

ਤਸਵੀਰ ਸਰੋਤ, Akali dal
ਇਹੀ ਉਹ ਮੁੱਦੇ ਸਨ , ਜਿੰਨਾਂ ਨੂੰ ਚੋਣ ਰੰਗਤ ਦੇਕੇ 2017 ਵਿਚ ਕੈਪਟਨ ਨੇ ਸੁਖਬੀਰ ਬਾਦਲ ਨੂੰ ਠਿੱਬੀ ਲਾਈ ਸੀ, ਪਰ ਹੁਣ ਉਹੀ ਮੁੱਦਿਆਂ ਨੂੰ ਸੁਖਬੀਰ ਤੇ ਆਮ ਆਦਮੀ ਪਾਰਟੀ ਚੋਣ ਮੁੱਦੇ ਬਣਾ ਰਹੀ ਹੈ।
ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਵਰਗੇ ਆਗੂਆਂ ਦੇ ਵਿਰੋਧ ਕਾਰਨ ਕੈਪਟਨ ਅਮਰਿੰਦਰ ਨੂੰ ਹਾਈਕਮਾਂਡ ਵਲੋਂ 18 ਨੁਕਤਿਆਂ ਉੱਤੇ ਸਮਾਂਬੱਧ ਢੰਗ ਨਾਲ ਕੰਮ ਕਰਨ ਦੇ ਹੁਕਮ ਮਿਲੇ ਹਨ । ਇਸ ਨੇ ਅਕਾਲੀ ਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਖ਼ਿਲਾਫ਼ ਮੁਹਿੰਮ ਨੂੰ ਹੋਰ ਹਵਾ ਹੀ ਦਿੱਤੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
















