ਅਕਾਲੀ ਦਲ ਨਾਲ ਗੱਠਜੋੜ 'ਚ ਮਾਝਾ, ਮਾਲਵਾ ਤੇ ਦੋਆਬਾ 'ਚ ਬਸਪਾ ਨੂੰ ਮਿਲੀਆਂ ਸੀਟਾਂ ਦੇ ਸਿਆਸੀ ਸਮੀਕਰਨ ਸਮਝੋ

ਤਸਵੀਰ ਸਰੋਤ, fb/sukhbir singh badal
- ਲੇਖਕ, ਸਰਬਜੀਤ ਸਿੰਘ ਧਾਲੀਵਾਲ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੱਤਰਕਾਰ, ਬੀਬੀਸੀ ਲਈ
ਪੰਜਾਬ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿਛਲੇ ਦਿਨੀਂ ਸੂਬੇ ਦੀ ਸਿਆਸਤ ਵਿਚ ਵੱਡਾ ਬਦਲਾਅ ਆਇਆ ਹੈ।
ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕੀਤਾ ਹੈ। ਇਸ ਗੱਠਜੋੜ ਦੇ ਮੁਤਾਬਕ ਅਕਾਲੀ ਦਲ ਨੇ 20 ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਹਨ ਜਿਸ ਵਿਚ ਦੁਆਬਾ ਦੀਆਂ 8 ਮਾਲਵਾ ਖੇਤਰ ਦੀਆਂ 7 ਅਤੇ ਮਾਝੇ ਦੀਆਂ 5 ਸੀਟਾਂ ਸ਼ਾਮਲ ਹਨ।
ਅਸਲ ਵਿਚ ਅਕਾਲੀ ਦਲ ਨੇ ਮਾਝਾ ਅਤੇ ਦੁਆਬਾ ਵਿਚ ਜੋ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਉਹ ਸੀਟਾਂ ਹਨ ਜੋ ਬੀਜੇਪੀ ਦੇ ਹਿੱਸੇ ਆਉਂਦੀਆਂ ਸਨ।
ਇਹ ਵੀ ਪੜ੍ਹੋ
ਦੋਹਾਂ ਪਾਰਟੀਆਂ ਵਿਚਾਲੇ ਸਮਝੌਤਾ ਹੋ ਚੁੱਕਾ ਹੈ ਪਰ ਦੋਹਾਂ ਹੀ ਪਾਰਟੀਆਂ ਦੇ ਵਰਕਰਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕਈ ਥਾਵਾਂ ਉੱਤੇ ਨਾਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਇਹ ਗੱਠਜੋੜ ਆਗਾਮੀ ਵਿਧਾਨ ਸਭਾ ਚੋਣਾਂ ਲਈ ਨਹੀਂ ਬਲਕਿ ਭਵਿੱਖ ਵਿਚ ਵੀ ਜਾਰੀ ਰਹੇਗਾ।
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਕਾਲੀ ਦਲ ਨੇ ਬੀਜੇਪੀ ਨਾਲ ਨਾਤਾ ਤੋੜ ਲਿਆ ਸੀ ਅਤੇ ਨਵੇਂ ਸਿਆਸੀ ਸਾਥੀ ਦੇ ਰੂਪ ਵਿਚ ਉਸ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਹੱਥ ਮਿਲਾਇਆ ਹੈ।

ਤਸਵੀਰ ਸਰੋਤ, facebook
ਮਾਝੇ ਦੀਆਂ ਸੀਟਾਂ ਦੀ ਸਥਿਤੀ
ਮਾਝੇ ਦੀਆਂ ਕੁਲ 25 ਵਿਧਾਨ ਸਭਾ ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਪੰਜ ਸੀਟਾਂ ਦਿੱਤੀਆਂ ਹਨ। ਇਹਨਾਂ ਵਿੱਚ ਅੰਮ੍ਰਿਤਸਰ ਉੱਤਰੀ , ਅੰਮ੍ਰਿਤਸਰ ਸੈਂਟਰਲ, ਸੁਜਾਨਪੁਰ, ਭੋਆ ਅਤੇ ਪਠਾਨਕੋਟ ਸ਼ਾਮਲ ਹਨ।
ਜੇਕਰ ਇਹਨਾਂ 2017 ਦੀਆਂ ਵਿਧਾਨ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਸੀਟਾਂ ਉੱਤੇ ਅਕਾਲੀ ਦਲ ਪਹਿਲਾਂ ਤੋਂ ਹੀ ਕਮਜ਼ੋਰ ਸੀ।
2017 ਦੇ ਚੋਣ ਨਤੀਜਿਆਂ ਮੁਤਾਬਕ ਅੰਮ੍ਰਿਤਸਰ ਸੈਂਟਰਲ ਬੀਜੇਪੀ ਦੇ ਉਮੀਦਵਾਰ ਤਰੁਣ ਚੁੱਘ, ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ ਸੋਨੀ ਤੋਂ 21,116 ਵੋਟਾਂ ਦੇ ਫ਼ਰਕ ਨਾਲ ਹਾਰੇ ਸਨ।
ਅੰਮਿਤਸਰ ਨੋਰਥ ਤੋਂ ਬੀਜੇਪੀ ਦੇ ਉਮੀਦਵਾਰ ਅਨਿਲ ਜੋਸ਼ੀ, ਪਠਾਨਕੋਟ ਤੋਂ ਮੌਜੂਦਾ ਬੀਜੇਪੀ ਪ੍ਰਧਾਨ ਅਸਵਨੀ ਸ਼ਰਮਾ, ਭੋਆ ਤੋਂ ਬੀਜੇਪੀ ਦੇ ਉਮੀਦਵਾਰ ਸੀਮਾ ਕੁਮਾਰੀ ਨੂੰ ਹਾਰ ਮਿਲੀ ਸੀ ਜਦੋਂਕਿ ਸਿਰਫ ਸੁਜਾਨਪੁਰ ਤੋਂ ਬੀਜੇਪੀ ਉਮੀਦਵਾਰ ਦਿਨੇਸ਼ ਸਿੰਘ ਨੂੰ ਜਿੱਤ ਮਿਲ ਸੀ।
ਜੇਕਰ ਇਹਨਾਂ ਪੰਜ ਸੀਟਾਂ ਉੱਤੇ ਬਹੁਜਨ ਸਮਾਜ ਪਾਰਟੀ ਨੂੰ ਮਿਲੀਆਂ ਸੀਟਾਂ ਦੀ ਸਮੀਖਿਆ ਕੀਤੀ ਜਾਵੇ ਤਾਂ ਇੱਥੇ ਪਾਰਟੀ ਦੀ ਸਥਿਤੀ ਕਾਫ਼ੀ ਨਾਜ਼ੁਕ ਹੈ।
ਭੋਆ ਵਿਧਾਨ ਹਲਕੇ ਵਿਚ ਪਾਰਟੀ ਨੂੰ ਪਿਛਲੀ ਵਾਰ 695, ਸੁਜਾਨਪੁਰ ਹਲਕੇ ਤੋਂ 4287 ਵੋਟਾਂ, ਪਠਾਨਕੋਟ ਤੋਂ 470 ਅੰਮ੍ਰਿਤਸਰ ਸੈਂਟਰਲ ਤੋਂ 500 ਅੰਮ੍ਰਿਤਸਰ ਨਾਰਥ 603 ਵੋਟਾਂ ਹੀ ਮਿਲੀਆਂ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮਾਲਵੇ ਦੀਆਂ ਸੀਟਾਂ ਦੀ ਸਥਿਤੀ
ਮਾਲਵਾ ਖੇਤਰ ਦੀਆਂ ਕੁਲ 69 ਸੀਟਾਂ ਹਨ ਜਿਸ ਵਿਚੋਂ ਸਿਰਫ਼ ਸੱਤ ਸੀਟਾਂ ਹੀ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈਆਂ ਹਨ, ਇਹਨਾਂ ਵਿੱਚੋਂ ਚਮਕੌਰ ਸਾਹਿਬ, ਆਨੰਦਪੁਰ ਸਾਹਿਬ, ਮੁਹਾਲੀ, ਬੱਸੀ ਪਠਾਣਾ, ਲੁਧਿਆਣਾ ਨੋਰਥ, ਪਾਇਲ ਅਤੇ ਮਹਿਲ ਕਲਾਂ ਹਨ।
ਜੇਕਰ 2017 ਵਿਧਾਨ ਸਭਾ ਦੇ ਅਕਾਲੀ ਦਲ ਬੀਜੇਪੀ ਦੀ ਸੀਟ ਦੇ ਸਮੀਕਰਨ ਨੂੰ ਦੇਖਿਆ ਜਾਵੇ ਤਾਂ ਇਹਨਾਂ ਸੱਤ ਵਿਚੋਂ ਪੰਜ ਸੀਟਾਂ ਅਕਾਲੀ ਦਲ ਅਤੇ ਦੋ ਆਨੰਦਪੁਰ ਅਤੇ ਲੁਧਿਆਣਾ ਨੌਰਥ ਬੀਜੇਪੀ ਦੇ ਖਾਤੇ ਵਾਲੀਆਂ ਸੀਟਾਂ ਹਨ।
ਅਕਾਲੀ ਦਲ ਨੇ ਅਸਲ ਵਿਚ ਬਹੁਜਨ ਸਮਾਜ ਪਾਰਟੀ ਨੂੰ ਮਾਲਵੇ ਖੇਤਰ ਦੀਆਂ ਜੋ ਸੀਟਾਂ ਛੱਡੀਆਂ ਹਨ ਇਥੇ ਅਸਲ ਵਿਚ ਉਸ ਦੀ ਸਥਿਤੀ ਇੰਨੀ ਮਜ਼ਬੂਤ ਨਹੀਂ ਹੈ।
ਚਮਕੌਰ ਸਾਹਿਬ, ਮੁਹਾਲੀ, ਬੱਸੀ ਪਠਾਣਾ, ਪਾਇਲ ਅਤੇ ਮਹਿਲ ਕਲਾਂ ਵਿਚੋਂ ਪਿਛਲੀ ਵਾਰ ਕਾਂਗਰਸ ਪਾਰਟੀ ਨੂੰ ਹੀ ਜਿੱਤ ਮਿਲੀ ਸੀ।
ਜੇਕਰ ਬਸਪਾ ਦੀ ਇਹਨਾਂ ਸੱਤ ਸੀਟਾਂ ਉੱਤੇ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਨੌਰਥ ਤੋਂ 1513 ਵੋਟਾਂ, ਪਾਇਲ ਤੋਂ 618 ਵੋਟਾਂ, ਚਮਕੌਰ ਸਾਹਿਬ ਤੋਂ 1610 ਵੋਟਾਂ, ਆਨੰਦਪੁਰ ਸਾਹਿਬ ਤੋਂ 1442 ਵੋਟਾਂ ਮੁਹਾਲੀ 1027 ਵੋਟਾਂ, ਬੱਸੀ ਪਠਾਣਾ ਵਿੱਟ 819 ਵੋਟਾਂ, ਮਹਿਲ ਕਲਾਂ ਸੀਟ ਉੱਤੇ 4922 ਵੋਟਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਹਾਸਲ ਹੋਈਆਂ ਸਨ।
ਹਾਲਾਂਕਿ ਖੇਤਰਫਲ ਦੇ ਹਿਸਾਬ ਨਾਲ ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਖ਼ਿੱਤਾ ਹੈ ਅਤੇ ਇਸ ਕਰ ਕੇ ਸੂਬੇ ਦੀਆਂ ਕੁਲ 117 ਵਿਧਾਨ ਸਭਾ ਸੀਟਾਂ 69 ਇਸ ਖੇਤਰ ਵਿਚ ਆਉਂਦੀਆਂ ਹਨ।
ਇਹ ਵੀ ਪੜ੍ਹੋ
- ਕੋਟਕਪੂਰਾ ਗੋਲੀਕਾਂਡ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਕੀਤੇ ਜਾਣ ਦਾ ਅਕਾਲੀ ਦਲ ਨੂੰ ਕੀ ਨਫ਼ਾ-ਨੁਕਸਾਨ
- ਅਕਾਲੀ ਦਲ ਦਾ BJP ਨਾਲ ਤੋੜ ਵਿਛੋੜਾ ਤੇ ਹੁਣ BSP ਨਾਲ ਨਵੀਂ ਪਾਰੀ, ਕੀ ਹਨ ਇਸ ਦੇ ਮਾਅਨੇ
- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਪੰਜਾਬ ਵਿੱਚ ਗਠਜੋੜ, 2022 ਦੀਆਂ ਚੋਣਾਂ ਇਕੱਠੇ ਲੜਨਗੇ
ਦੁਆਬੇ ਦੀਆਂ ਸੀਟਾਂ ਦੀ ਸਥਿਤੀ
ਦੋਆਬੇ ਨੂੰ ਦਲਿਤਾਂ ਦੇ ਗੜ੍ਹ ਵੱਜੋਂ ਦੇਖਿਆ ਜਾਂਦਾ ਹੈ ਤੇ ਇਥੇ ਹੀ ਬਸਪਾ ਦੀਆਂ ਸਿਆਸੀ ਜੜ੍ਹਾਂ ਵੀ ਡੂੰਘੀਆਂ ਲੱਗੀਆਂ ਹੋਈਆਂ ਹਨ।
ਗੱਠਜੋੜ ਤਹਿਤ ਬਸਪਾ ਦੀਆਂ ਸਭ ਤੋਂ ਵੱਧ 8 ਸੀਟਾਂ ਦੋਆਬੇ ਖਿਤੇ ਦੀਆਂ ਹਨ।
ਬੀਬੀਸੀ ਪੰਜਾਬੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ, ਸਾਲ 2012 ਵਿੱਚ ਆਦਮਪੁਰ ਹਲਕੇ ਤੋਂ ਚੋਣ ਲੜ ਚੁੱਕੇ ਬਸਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਕੋਟਲੀ 25273 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੇ ਸਨ।
ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ।
ਦੋਆਬੇ ਵਿੱਚ ਜਿਹੜੀਆਂ 8 ਸੀਟਾਂ ਬਸਪਾ ਦੇ ਹਿੱਸੇ ਆਈਆਂ ਹਨ ਉਨ੍ਹਾਂ ਵਿੱਚੋਂ ਕਰਤਾਰਪੁਰ, ਫਗਵਾੜਾ ਤੇ ਨਵਾਂ ਸ਼ਹਿਰ ਸੀਟਾਂ ਤੋਂ ਹੀ ਉਮੀਦ ਹੈ। ਇਸ ਕਰਕੇ ਦੋਆਬੇ ਵਿੱਚ ਬਸਪਾ ਦੇ ਵਰਕਰ ਸੀਟਾਂ ਬਦਲਣ ਦੀ ਮੰਗ ਕਰਦੇ ਹਨ।
ਰਾਮ ਸਰੂਪ ਸਰੋਆ ਦਾ ਕਹਿਣਾ ਸੀ ਕਿ ਉਹ 1978 ਤੋਂ ਬਾਬੂ ਕਾਂਸ਼ੀ ਰਾਮ ਨਾਲ ਜੁੜੇ ਹੋਏ ਸਨ ਜਿੰਨ੍ਹਾਂ ਨੇ 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ ਸੀ।
ਵਰਕਰਾਂ ਦੀ ਮੰਗ ਹੈ ਕਿ ਦੋਆਬੇ ਵਿੱਚ ਪਾਰਟੀ ਨੂੰ ਫਿਲੌਰ, ਆਦਮਪੁਰ, ਬੰਗਾ, ਸ਼ਾਮ ਚੌਰਾਸੀ, ਗੜ੍ਹਸ਼ੰਕਰ, ਬਲਾਚੌਰ ਵਰਗੀਆਂ ਸੀਟਾਂ ਦਿੱਤੀਆਂ ਜਾਣ ਜਿੱਥੇ ਬਸਪਾ ਬਹੁਤ ਹੀ ਮਜ਼ਬੂਤ ਸਥਿਤੀ ਵਿੱਚ ਹੈ।
ਬਸਪਾ ਦੇ ਜਿਹੜੇ ਨਰਾਜ਼ ਵਰਕਰ 'ਤੇ ਆਗੂ ਇੱਕਜੁਟ ਹੋ ਰਹੇ ਹਨ ਉਨ੍ਹਾ ਦਾ ਮੰਨਣਾ ਹੈ ਕਿ ਅਕਾਲੀ ਦਲ ਨੇ ਦੋਆਬੇ ਵਿੱਚ ਜਿਹੜੀਆਂ ਦਸੂਹਾ ਤੇ ਮੁਕੇਰੀਆਂ ਦੀਆਂ ਸੀਟਾਂ ਛੱਡੀਆਂ ਹਨ ਇਹ ਹਿੰਦੂ ਵੋਟ ਖਿੱਤੇ ਵਾਲੀਆਂ ਹਨ ਜਿੱਥੇ ਰਾਜਪੂਤ ਵੱਸੋਂ ਜ਼ਿਆਦਾ ਹੈ ਤੇ ਇੱਥੋਂ ਭਾਜਪਾ ਉਮੀਦਵਾਰ ਜਿੱਤਦੇ ਰਹੇ ਹਨ।

ਤਸਵੀਰ ਸਰੋਤ, Sukhbir Singh Badal/fb
ਬਸਪਾ ਦੀ ਪੰਜਾਬ ਤੇ ਦੋਆਬੇ ਦੀ ਵੋਟ ਦਰ
ਬਸਪਾ ਦੀ ਰਾਜਨੀਤੀ 'ਤੇ ਪਕੜ ਰੱਖਣ ਵਾਲੇ ਮਾਹਿਰ ਬਸਪਾ ਦਾ ਦੋਆਬੇ ਵਿੱਚ ਅਸਰ ਬਾਰੇ ਗੱਲ ਕਰਦੇ ਹਨ।
2014 ਵਿਚ ਲੋਕ ਸਭਾ ਚੋਣਾਂ ਵਿੱਚ ਬਸਪਾ ਦੀ ਵੋਟ ਦਰ 4.45 ਫੀਸਦੀ ਸੀ ਤੇ 2019 ਦੀਆਂ ਚੋਣਾਂ ਵਿਚ ਇਹ ਦਰ ਵੱਧ ਕੇ 17.59 ਹੋ ਗਈ ਸੀ।
ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਦੀ ਦੋਆਬੇ ਵਿੱਚ ਸਥਿਤੀ ਸਾਲ 2012 ਵਿੱਚ 12.08 ਫੀਸਦੀ ਰਹੀ ਸੀ ਤੇ 2017 ਬਸਪਾ ਦੀ ਵੋਟ ਦਰ ਘੱਟ ਕੇ 5.30 ਫੀਸਦੀ ਰਹਿ ਗਈ ਸੀ।
ਸਾਲ 2017 ਵਿਚ ਬਸਪਾ ਨੇ 111 ਉਮੀਦਵਾਰ ਖੜੇ ਕੀਤੇ ਸਨ ਇੰਨ੍ਹਾਂ ਵਿੱਚੋਂ 110 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ।
ਦੋਆਬੇ ਦੀ ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ 1996 ਵਿਚ ਪਾਰਟੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਚੋਣ ਜਿੱਤੇ ਸਨ ਤੇ ਉਸ ਵੇਲੇ ਇਸ ਹਲਕੇ ਵਿਚ ਬਸਪਾ ਦੀ ਵੋਟ ਦਰ 40 ਫੀਸਦੀ ਸੀ।
ਉਸ ਵੇਲੇ ਅਕਾਲੀ ਦਲ ਨਾਲ ਬਸਪਾ ਦਾ ਗੱਠਜੋੜ ਸੀ।

ਤਸਵੀਰ ਸਰੋਤ, sad
25 ਸਾਲ ਬਾਅਦ ਕੀ ਦੋਹਾਂ ਪਾਰਟੀਆਂ ਦੀ ਬਣੇਗੀ ਗੱਲ
ਇਹ ਪਹਿਲੀ ਵਾਰ ਨਹੀਂ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਸਮਝੌਤਾ ਹੋਇਆ। 1996 ਦੀਆਂ ਲੋਕ ਸਭਾ ਚੋਣਾਂ ਸਮੇਂ ਦੋਹਾਂ ਪਾਰਟੀਆਂ ਨੇ ਸਮਝੌਤਾ ਕੀਤਾ ਸੀ ਜਿਸ ਦੌਰਾਨ ਇਹਨਾਂ 13 ਲੋਕ ਸਭਾ ਹਲਕਿਆਂ ਵਿਚੋਂ 11 ਉੱਤੇ ਜਿੱਤ ਹਾਸਲ ਕੀਤੀ ਸੀ।
25 ਸਾਲ ਬਾਅਦ ਦੋਵੇਂ ਪਾਰਟੀਆਂ ਫਿਰ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਇਕੱਠੀਆਂ ਹੋਈਆਂ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਠਜੋੜ ਨੂੰ ਸੂਬੇ ਅਤੇ ਦੇਸ਼ ਵਿਚ ਇੱਕ ਸੈਕੂਲਰ ਤੇ ਫੈਡਰਲ ਕ੍ਰਾਂਤੀ ਦੀ ਸ਼ੁਰੂਆਤ ਕਰਾਰ ਦਿੱਤਾ ਜੋ ਸਮਾਜਿਕ-ਆਰਥਿਕ ਤੇ ਸਿਆਸਤ ਵਿਚ ਤਬਦੀਲੀ ਲਿਆ ਦੇਵੇਗਾ।
ਪ੍ਰਕਾਸ਼ ਸਿੰਘ ਬਾਦਲ ਇੱਥੇ ਹੀ ਨਹੀਂ ਰੁਕੇ ਸਗੋਂ ਉਨ੍ਹਾਂ ਨੇ ਤਾਂ ਬਸਪਾ ਮੁਖੀ ਮਾਇਆਵਤੀ ਨੂੰ ਪੰਜਾਬ ਤੋਂ ਚੋਣ ਲੜਨ ਦਾ ਸੱਦਾ ਦਿੱਤਾ।
ਦੂਜੇ ਪਾਸੇ ਬਸਪਾ ਪਾਰਟੀ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ ਨਾਲ ਗੱਠਜੋੜ ਕੀਤਾ ਹੈ।
ਜਾਣਕਾਰਾਂ ਦੀ ਰਾਇ
ਇਸ ਗੱਠਜੋੜ ਅਤੇ ਸੀਟ ਵੰਡ ਦੇ ਮੁੱਦੇ ’ਤੇ ਬੀਬੀਸੀ ਪੰਜਾਬੀ ਨੇ ਪੰਜਾਬ ਯੂਨੀਵਰਸਿਟੀ ਦੇ ਰਾਜਨੀਤਿਕ ਵਿਭਾਗ ਦੇ ਪ੍ਰੋਫੈਸਰ ਰੌਣਕੀ ਰਾਮ ਨਾਲ ਗੱਲਬਾਤ ਕੀਤੀ।
ਪ੍ਰੋਫੈਸਰ ਰੌਣਕੀ ਰਾਮ ਨੇ ਅਕਾਲੀ ਦਲ ਵੱਲੋਂ ਕੀਤੇ ਗਏ ਇਸ ਗੱਠਜੋੜ ਨੂੰ ਮਜਬੂਰੀ ਵਿਚ ਕੀਤਾ ਗਿਆ ਕੰਮ ਦੱਸਿਆ।
ਉਨ੍ਹਾਂ ਦੱਸਿਆ ਕਿ ਕਿਸਾਨੀ ਮੁੱਦੇ ਉੱਤੇ ਅਕਾਲੀ ਦਾ ਸਟੈਂਡ ਅਤੇ ਬੇਅਦਬੀ ਦੇ ਮਾਮਲੇ ਦੇ ਕਾਰਨ ਅਕਾਲੀ ਦਲ ਚਾਰੇ ਪਾਸਿਓਂ ਘਿਰਿਆ ਹੋਇਆ ਸੀ ਇਸ ਕਰ ਕੇ ਬਸਪਾ ਦੇ ਨਾਲ ਸਮਝੌਤਾ ਕਰ ਕੇ ਉਸ ਨੇ ਆਪਣੇ ਆਪ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਆਖਿਆ ਕਿ ਬਸਪਾ ਦੀ ਵੀ ਪੰਜਾਬ ਵਿਚ ਸਥਿਤੀ ਕੁਝ ਜ਼ਿਆਦਾ ਚੰਗੀ ਨਹੀਂ ਹੈ ਜਿਸ ਦਾ ਨਤੀਜਾ ਉਸ ਦਾ ਲਗਾਤਾਰ ਘਟਦਾ ਵੋਟ ਪ੍ਰਤੀਸ਼ਤ ਹੈ।
ਉਨ੍ਹਾਂ ਮੁਤਾਬਕ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬਸਪਾ ਦਾ ਵੋਟ ਸ਼ੇਅਰ 2 ਫ਼ੀਸਦੀ ਤੋਂ ਘੱਟ ਰਿਹਾ ਹੈ। ਉਨ੍ਹਾਂ ਆਖਿਆ ਕਿ ਬਸਪਾ ਦਾ ਪੰਜਾਬ ਵਿਚ ਆਧਾਰ ਘੱਟ ਹੋਣ ਦਾ ਕਾਰਨ ਯੋਗ ਲੀਡਰਸ਼ਿਪ ਦੀ ਘਾਟ ਹੈ ਜਿਸ ਕਾਰਨ ਪਾਰਟੀ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਗਈ।
ਉਨ੍ਹਾਂ ਆਖਿਆ ਕਿ ਦੋਹਾਂ ਪਾਰਟੀਆਂ ਦੇ ਸਮਝੌਤੇ ਵਿਚ ਵੀ ਪੰਜਾਬ ਲੀਡਰਸ਼ਿਪ ਨੂੰ ਦੂਰ ਹੀ ਰੱਖਿਆ ਗਿਆ।
ਪ੍ਰੋਫੈਸਰ ਰੌਣਕੀ ਰਾਮ ਮੁਤਾਬਕ ਸਮਝੌਤੇ ਲਈ ਯੂਪੀ ਤੋਂ ਸਤੀਸ਼ ਮਿਸ਼ਰਾ ਨੂੰ ਬੁਲਾਇਆ ਗਿਆ ਜਿਸ ਦਾ ਸਬੰਧ ਦਲਿਤ ਵਰਗ ਨਾਲ ਨਹੀਂ ਹੈ ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਸਪਾ ਦੀ ਪੰਜਾਬ ਲੀਡਰਸ਼ਿਪ ਦੀ ਸਥਿਤੀ ਕੀ ਹੈ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਦੱਸਦਾ ਹੈ ਜਦੋਂ ਕਿ ਬਸਪਾ ਆਪਣੇ ਆਪ ਨੂੰ ਦਲਿਤ ਭਾਈਚਾਰੇ ਦੀ ਪਾਰਟੀ ਆਖਦੀ ਹੈ ਜਦੋਂਕਿ ਹਕੀਕਤ ਕੁਝ ਹੋਰ ਹੈ।
ਉਨ੍ਹਾਂ ਆਖਿਆ ਕਿ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਵਿਚ ਮਜ਼ਦੂਰ ਕੰਮ ਕਰਦੇ ਹਨ ਪਰ ਇਹਨਾਂ ਦੀ ਆਪਸ ਵਿਚ ਸਭਿਆਚਾਰਕ ਜਾਂ ਕੋਈ ਹੋਰ ਸਾਂਝ ਨਹੀਂ ਸਗੋਂ ਸਿਰਫ਼ ਤੇ ਸਿਰਫ਼ ਆਰਥਿਕ ਸਾਂਝ ਹੈ, ਕਿਉਂਕਿ ਕਿਸਾਨਾਂ ਨੂੰ ਲੇਬਰ ਚਾਹੀਦੀ ਹੈ ਲੇਬਰ ਨੂੰ ਕੰਮ।
ਇਸ ਤੋਂ ਇਲਾਵਾ ਪੰਜਾਬ ਦੇ ਪਿੰਡਾਂ ਵਿਚ ਦਲਿਤਾਂ ਦੇ ਗੁਰਦੁਆਰੇ, ਸ਼ਮਸ਼ਾਨ ਘਾਟ ਜਰਨਲ ਵਰਗ ਨਾਲੋਂ ਵੱਖ ਹਨ, ਸੋ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦੋ ਵੱਖਰੀਆਂ ਧਰਾਵਾਂ ਹਨ ਸੋ ਇਹ ਕਿਵੇਂ ਹੋ ਸਕਦਾ ਹੈ ਸਾਰੇ ਇੱਕ ਜੁੱਟ ਹੋ ਜਾਣ।
ਸੀਟਾਂ ਦੀ ਵੰਡ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਆਖਿਆ ਕਿ ਦੁਆਬਾ ਵਿਚ ਕਈ ਸੀਟਾਂ ਜਿਵੇਂ ਗੜ੍ਹਸ਼ੰਕਰ, ਸ਼ਾਮ ਚੁਰਾਸੀ, ਫਿਲੌਰ ਅਤੇ ਆਦਮਪੁਰ ਅਜਿਹੀਆਂ ਹਨ, ਜਿੱਥੇ ਦਲਿਤਾਂ ਦੀ ਭਰਵੀਂ ਵਸੋਂ ਹੈ ਪਰ ਉਹ ਉਨ੍ਹਾਂ ਨੂੰ ਮਿਲੀਆਂ ਨਹੀਂ ਇਸ ਕਰ ਕੇ ਉੱਥੇ ਵਿਰੋਧੀ ਸੁਰਾਂ ਹੁਣ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਪ੍ਰੋਫੈਸਰ ਰੌਣਕੀ ਰਾਮ ਮੁਤਾਬਕ ਪੰਜਾਬ ਦੀ ਰਾਜਨੀਤੀ ਦਿੱਲੀ ਦੇ ਕਿਸਾਨ ਅੰਦੋਲਨ ਉੱਤੇ ਇਸ ਵਕਤ ਕਾਫ਼ੀ ਨਿਰਭਰ ਕਰਦੀ ਹੈ ਉਸ ਦਾ ਕੀ ਨਤੀਜਾ ਹੁੰਦਾ ਹੈ ਉਸ ਦੇ ਮੁਤਾਬਕ ਸੂਬੇ ਦੇ ਰਾਜਨੀਤਿਕ ਸਮੀਕਰਨ ਬਣਨਗੇ।
ਪੰਜਾਬ ਦੀਆਂ ਖੱਬੀਆਂ ਧਿਰਾਂ ਦਾ ਰੁੱਖ ਕਿਸ ਪਾਰਟੀ ਨਾਲ
ਕੀ ਆਗਾਮੀ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਪੰਜਾਬ ਦੀਆਂ ਖੱਬੀਆਂ ਧਿਰਾਂ ਨਾਲ ਵੀ ਗੱਠਜੋੜ ਕਰ ਸਕਦਾ ਹੈ ਇਸ ਮੁੱਦੇ ਉੱਤੇ ਅਸੀਂ ਕਮਿਊਨਿਸਟ ਪਾਰਟੀ( ਸੀਪੀਆਈ) ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਨਾਲ ਗੱਲਬਾਤ ਕੀਤੀ।
ਅਕਾਲੀ ਦਲ ਨਾਲ ਗੱਠਜੋੜ ਬਾਰੇ ਉਨ੍ਹਾਂ ਟਿੱਪਣੀ ਕਰਦਿਆਂ ਆਖਿਆ ਕਿ ਫ਼ਿਲਹਾਲ ਦੋਹਾਂ ਪਾਰਟੀਆਂ ਦਾ ਕੋਈ ਸਮਝੌਤਾ ਨਹੀਂ ਹੋਣ ਜਾ ਰਿਹਾ ਹੈ ਭਵਿੱਖ ਵਿਚ ਕਿਸ ਪਾਰਟੀ ਨਾਲ ਰਾਜਨੀਤਿਕ ਸਮਝੌਤਾ ਕਰਨਾ ਹੈ ਜਾਂ ਨਹੀਂ ਇਹ ਸਭ ਕੁਝ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੀ ਤੈਅ ਕਰੇਗੀ।
ਉਨ੍ਹਾਂ ਆਖਿਆ ਕਿ ਕਿਸਾਨ ਅੰਦੋਲਨ ਉੱਤੇ ਉਨ੍ਹਾਂ ਦੀਆਂ ਨਜ਼ਰਾਂ ਹਨ ਇਸ ਦਾ ਹੱਲ ਨਿਕਲਣ ਤੋਂ ਬਾਅਦ ਪਾਰਟੀ ਆਪਣੀ ਭਵਿੱਖ ਦੀ ਰਣਨੀਤੀ ਤੈਅ ਕਰੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












