ਜ਼ਬਰਦਸਤੀ ਅਤੇ ਬਲਾਤਕਾਰ: 'ਯੋਗ ਗੁਰੂ ਤਿੰਨ ਸਾਲਾਂ ਤੱਕ ਉਸਦਾ ਸਰੀਰਕ ਸੋਸ਼ਣ ਕਰਦਾ ਰਿਹਾ' - ਬੀਬੀਸੀ ਪੜਤਾਲ

ਤਸਵੀਰ ਸਰੋਤ, Julie Salter
- ਲੇਖਕ, ਇਸ਼ਲੀਨ ਕੌਰ
- ਰੋਲ, ਬੀਬੀਸੀ ਪੱਤਰਕਾਰ, ਲੰਡਨ
ਚੇਤਾਵਨੀ: ਇਸ ਲੇਖ 'ਚ ਜਿਨਸੀ ਸ਼ੋਸ਼ਣ ਦਾ ਗ੍ਰਫਿਕ ਵੇਰਵਾ ਹੈ।

ਮੈਂ ਦੁਨੀਆਂ ਦੇ ਸਭ ਤੋਂ ਵੱਡੇ ਯੋਗ ਸੰਸਥਾਨਾਂ 'ਚੋਂ ਇੱਕ 'ਸ਼ਿਵਨੰਦ' ਨਾਲ ਬਤੌਰ ਅਧਿਆਪਕ ਉਸ ਸਮੇਂ ਤੱਕ ਜੁੜੀ ਰਹੀ ਸੀ, ਜਦੋਂ ਤੱਕ ਮੈਨੂੰ ਇੱਕ ਸੋਸ਼ਲ ਮੀਡੀਆ ਪੋਸਟ ਨੇ ਪ੍ਰੇਸ਼ਾਨ ਨਹੀਂ ਕੀਤਾ ਸੀ।
ਇਸ ਪੋਸਟ ਨੇ ਸੰਸਥਾ 'ਚ ਕਈ ਦਹਾਕਿਆਂ ਤੋਂ ਜਾਰੀ ਜਿਨਸੀ ਸੋਸ਼ਣ ਦੇ ਕਈ ਇਲਜ਼ਾਮਾਂ ਨੂੰ ਉਜਾਗਰ ਕੀਤਾ।
ਜਦੋਂ ਮੈਂ ਆਪਣੇ ਵੀਹਵਿਆਂ ਦੇ ਮੱਧ 'ਚ ਸੀ ਤਾਂ ਮੈਂ ਯੋਗ ਬਾਰੇ ਜਾਣਿਆ ਸੀ। ਉਸ ਤੋਂ ਬਾਅਦ ਯੋਗ ਮੇਰੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ।
ਇਹ ਵੀ ਪੜ੍ਹੋ:
ਕਈ ਸਮਰਪਿਤ ਯੋਗੀਆਂ ਦੀ ਤਰ੍ਹਾਂ ਇਹ ਮੇਰੇ ਲਈ ਸਿਰਫ ਯੋਗ ਹੀ ਨਹੀਂ ਸੀ, ਬਲਕਿ ਜੀਵਨ ਸ਼ੈਲੀ ਸੀ।
ਮੈਂ ਆਪਣੇ ਸਥਾਨਕ ਸ਼ਿਵਾਨੰਦ ਯੋਗ ਕੇਂਦਰ 'ਵਿੱਚ ਨਾ ਸਿਰਫ ਯੋਗਾ ਸਿਖਾਇਆ , ਬਲਕਿ ਲੰਗਰ ਵਿੱਚ ਸੇਵਾ ਵੀ ਕੀਤੀ ਅਤੇ ਕਈ ਵਾਰ ਸਫਾਈ ਦਾ ਕੰਮ ਵੀ ਕੀਤਾ।
ਸ਼ਿਵਾਨੰਦ ਦੀਆਂ ਸਿੱਖਿਆਵਾਂ ਨੇ ਮੇਰੀ ਹੋਂਦ ਦੇ ਹਰ ਪਹਿਲੂ ਨੂੰ ਪ੍ਰਭਾਵਤ ਕੀਤਾ।
ਫਿਰ ਦਸੰਬਰ 2019 ਨੂੰ ਮੇਰੇ ਫੋਨ 'ਤੇ ਇੱਕ ਨੋਟੀਫੀਕੇਸ਼ਨ ਆਇਆ। ਇਹ ਪੋਸਟ ਮੇਰੇ ਸ਼ਿਵਾਨੰਦ ਫੇਸਬੁੱਕ ਗਰੁੱਪ 'ਚ ਸੰਸਥਾਪਕ ਮਰਹੂਮ ਸਵਾਮੀ ਵਿਸ਼ਣੂਦੇਵਾਨੰਦ ਦੇ ਬਾਰੇ 'ਚ ਸੀ।
ਜੂਲੀ ਸਾਲਟਰ ਨਾਂਅ ਦੀ ਔਰਤ ਨੇ ਆਪਣੀ ਪੋਸਟ 'ਚ ਲਿਖਿਆ ਸੀ ਕਿ ਵਿਸ਼ਣੂਦੇਵਾਨੰਦ ਨੇ ਕੈਨੇਡਾ ਦੇ ਸ਼ਿਵਾਨੰਦ ਹੈੱਡਕੁਆਰਟਰ ਵਿੱਚ ਤਿੰਨ ਸਾਲਾਂ ਤੱਕ ਉਸ ਦਾ ਜਿਣਸੀ ਸ਼ੋਸ਼ਣ ਕੀਤਾ ਸੀ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਦਹਾਕਿਆਂ ਬਾਅਦ ਹੁਣ ਜਦੋਂ ਉਸ 'ਚ ਹਿੰਮਤ ਆਈ ਹੈ ਤਾਂ ਉਸ ਨੇ ਸ਼ਿਵਾਨੰਦ ਪ੍ਰਬੰਧਨ ਬੋਰਡ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਹਾਲਾਂਕਿ ਬੋਰਡ ਦੀਆਂ "ਪ੍ਰਤੀਕ੍ਰਿਆਵਾਂ ਚੁੱਪ ਤੋਂ ਸ਼ੁਰੂ ਹੋ ਕੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਤੱਕ ਰਹੀਆਂ"।
ਮੈਂ ਹੁਣ ਤੱਕ ਉਨ੍ਹਾਂ 14 ਔਰਤਾਂ ਦੀ ਇੰਟਰਵਿਊ ਲੈ ਚੁੱਕੀ ਹਾਂ, ਜਿੰਨ੍ਹਾਂ ਨੇ ਸੀਨੀਅਰ ਸ਼ਿਵਾਨੰਦ ਅਧਿਆਪਕਾਂ 'ਤੇ ਦੁਰਵਿਵਹਾਰ ਦਾ ਇਲਜ਼ਾਮ ਲਾਏ ਹਨ।
ਇੰਨ੍ਹਾਂ 'ਚੋਂ ਬਹੁਤੀਆਂ ਔਰਤਾਂ ਨੇ ਇਸ ਬਾਰੇ ਆਪਣੇ ਪਰਿਵਾਰ ਅਤੇ ਇੱਥੋਂ ਤੱਕ ਕਿ ਕਿਸੇ ਨੂੰ ਵੀ ਨਹੀਂ ਦੱਸਿਆ ਹੈ। ਮੈਂ ਇਕ ਸਾਬਕਾ ਸਟਾਫ ਮੈਂਬਰ ਨਾਲ ਵੀ ਗੱਲਬਾਤ ਕੀਤੀ, ਜਿਸ ਦਾ ਕਹਿਣਾ ਹੈ ਕਿ ਸ਼ਿਵਾਨੰਦ ਬੋਰਡ ਨੇ ਉਸ ਦੀਆਂ ਚਿੰਤਾਵਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ।
ਮੇਰੀ ਪੜਤਾਲ ਨੇ ਇਸ ਸੰਗਠਨ ਦੇ ਅੰਦਰ ਸੱਤਾ ਅਤੇ ਅਧਿਕਾਰ ਦੀ ਦੁਰਵਰਤੋਂ ਕਰਨ ਦੇ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੂੰ ਕਿ ਇੱਕ ਸਮੇਂ ਮੈਂ ਆਪਣੇ ਬੇਹੱਦ ਨਜ਼ਦੀਕ ਮੰਨਦੀ ਸੀ।

ਸ਼ਿਵਾਨੰਦ ਯੋਗ ਕੀ ਹੈ?
- ਸ਼ਿਵਾਨੰਦ ਸ਼ਾਸਤਰੀ ਯੋਗਾ, ਯੋਗ ਇੱਕ ਰੂਪ ਹੈ ਜੋ ਕਿ ਸਰੀਰਕ ਅਤੇ ਅਧਿਆਤਮਕ ਸਿਹਤ ਦੋਵਾਂ 'ਤੇ ਜ਼ੋਰ ਦਿੰਦਾ ਹੈ।
- ਸਵਾਮੀ ਵਿਸ਼ਣੂਦੇਵਾਨੰਦ ਨੇ ਸਾਲ 1959 'ਚ ਕੈਨੇਡਾ ਦੇ ਮਾਂਟ੍ਰੀਅਲ ਵਿਖੇ ਇਸ ਨੂੰ ਸਥਾਪਤ ਕੀਤਾ ਸੀ ਅਤੇ ਇਸ ਦਾ ਨਾਂਅ ਆਪਣੇ ਗੁਰੁ ਸਵਾਮੀ ਸ਼ਿਵਾਨੰਦ ਦੇ ਨਾਮ 'ਤੇ ਰੱਖਿਆ ਸੀ।
- ਵਿਸ਼ਵ ਭਰ ਦੇ 35 ਦੇਸ਼ਾਂ 'ਚ ਤਕਰੀਬਨ 60 ਸ਼ਿਵਾਨੰਦ ਆਸ਼ਰਮ ਅਤੇ ਕੇਂਦਰ ਹਨ ਅਤੇ ਸਿੱਖਿਅਤ ਸ਼ਿਵਾਨੰਦ ਅਧਿਆਪਕਾਂ ਦੀ ਗਿਣਤੀ ਲਗਭਗ 50,000 ਹੈ।

ਮੈਨੂੰ ਅੱਜ ਵੀ ਯਾਦ ਹੈ, ਭਾਰਤ ਦੇ ਕੇਰਲ ਸਥਿਤ ਸ਼ਿਵਾਨੰਦ ਆਸ਼ਰਮ ਵਿੱਚ ਆਪਣਾ ਪਹਿਲਾ ਦਿਨ, ਜਿੱਥੇ ਮੈਂ 2014 'ਚ ਇੱਕ ਯੋਗਾ ਅਧਿਆਪਕ ਵੱਜੋਂ ਸਿਖਲਾਈ ਹਾਸਲ ਕੀਤੀ ਸੀ।
ਕੰਧ 'ਤੇ ਸ਼ਿਵਾਨੰਦ ਦੇ ਸੰਸਥਾਪਕ ਸਵਰਗੀ ਸਵਾਮੀ ਵਿਸ਼ਣੂਦੇਵਾਨੰਦ ਦੀ ਇੱਕ ਸ਼ਾਨਦਾਰ ਤਸਵੀਰ ਟੰਗੀ ਹੋਈ ਸੀ।
ਜਿਸ ਦੀਆਂ ਕਰਤੂਤਾਂ ਦਾ ਪਰਦਾਫਾਸ਼ ਜੂਲੀ ਨੇ ਕੀਤਾ ਹੈ।
ਉਨ੍ਹਾਂ ਦੀਆਂ ਸਿੱਖਿਆਵਾਂ ਇੰਨ੍ਹੀਆਂ ਪ੍ਰਭਾਵਸ਼ਾਲੀ ਸਨ ਕਿ ਕਈ ਯੋਗੀਆਂ ਨੇ ਤਾਂ ਆਪਣੇ ਸਾਰੇ ਸੰਸਾਰੀ ਬੰਧਨ ਹੀ ਤਿਆਗ ਦਿੱਤੇ ਸਨ ਅਤੇ ਆਪਣਾ ਰਹਿੰਦਾ ਜੀਵਨ ਸੰਗਠਨ ਨੂੰ ਸਮਰਪਿਤ ਕਰ ਦਿੱਤਾ ਸੀ।
ਮੈਂ ਸਮਝ ਸਕਦੀ ਹਾਂ ਕਿਉਂ? ਉਸ ਸਮੇਂ ਮੈਂ ਜ਼ਿੰਦਗੀ ਦੇ ਇਕ ਬਹੁਤ ਹੀ ਚੁਣੌਤੀਪੂਰਨ ਪੜਾਅ ਤੋਂ ਗੁਜ਼ਰ ਰਹੀ ਸੀ ਅਤੇ ਸ਼ਿਵਾਨੰਦ ਨੇ ਮੈਨੂੰ ਇੱਕ ਅਲੱਗ ਤਰ੍ਹਾਂ ਦੀ ਸ਼ਾਂਤੀ ਦਾ ਅਹਿਸਾਸ ਕਰਵਾਇਆ।
ਆਸਣ ਜਾਂ ਮੁਦਰਾਵਾਂ ਨੇ ਮੈਨੂੰ ਸ਼ਰੀਰਕ ਸ਼ਕਤੀ ਦਿੱਤੀ ਅਤੇ ਸ਼ਿਵਾਨੰਦ ਦੇ ਕਰਮ, ਸਕਾਰਾਤਮਕ ਸੋਚ ਅਤੇ ਮਨਨ ਦੇ ਸਿਧਾਂਤਾ ਨੇ ਮੇਰੀ ਆਤਮਾ ਨੂੰ ਸੰਤੁਸ਼ਟੀ ਦਿੱਤੀ।

ਤਸਵੀਰ ਸਰੋਤ, Ishleen Kaur
ਸਾਲ 2015 'ਚ ਮੈਂ ਇੱਕ ਲੰਡਨ ਵਾਸੀ ਨਾਲ ਵਿਆਹ ਕੀਤਾ।
ਪਹਿਲਾਂ ਤਾਂ ਮੈਂ ਉਨ੍ਹਾਂ ਨਾਲ ਲੰਡਨ ਜਾ ਕੇ ਰਹਿਣ ਦੇ ਵਿਚਾਰ ਨਾਲ ਘਬਰਾਉਂਦੀ ਰਹੀ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਪੁਟਨੇ ਵਿਖੇ ਇੱਕ ਸ਼ਿਵਾਨੰਦ ਕੇਂਦਰ ਹੈ ਤਾਂ ਮੈਨੂੰ ਕੁਝ ਰਾਹਤ ਮਿਲੀ। ਇਹ ਸਾਡੇ ਨਵੇਂ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ।
ਮੇਰੇ ਪਤੀ ਅਕਸਰ ਹੀ ਮਜ਼ਾਕ 'ਚ ਕਹਿੰਦੇ ਸਨ ਕਿ ਮੇਰੇ ਪਹਿਲਾ ਪਿਆਰ ਸ਼ਿਵਾਨੰਦ ਕੇਂਦਰ ਹੈ ਕਿ ਉਹ ਖੁਦ।
ਜੂਲੀ ਸਾਲਟਰ ਦੀ ਫੇਸਬੁੱਕ ਪੋਸਟ ਦੇ ਦੋ ਮਹੀਨੇ ਬਾਅਦ, ਸ਼ਿਵਾਨੰਦ ਬੋਰਡ ਦੇ ਦੋ ਮੈਂਬਰ ਯੂਰਪ ਤੋਂ ਪੁਟਨੇ ਵਿਖੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਗੱਲਬਾਤ ਕਰਨ ਲਈ ਆਏ। ਉਸ ਸਮੇਂ ਮੈਨੂੰ ਉਮੀਦ ਸੀ ਕਿ ਉਹ ਮੇਰੇ ਦਿਮਾਗ 'ਚ ਘੁੰਮ ਰਹੇ ਸਾਰੇ ਸਵਾਲਾਂ ਵਿੱਚੋਂ ਕੁਝ ਦੇ ਜਵਾਬ ਤਾਂ ਜ਼ਰਰ ਦੇਣਗੇ।
ਪਰ ਉਨ੍ਹਾਂ ਦਾ ਜਵਾਬ ਅਸਪਸ਼ਟ ਸੀ ਅਤੇ ਉਹ ਬਚਾਅ ਕਰਦੇ ਦਿਖਾਈ ਦਿੱਤੇ।
ਇਸ ਲਈ ਮੈਂ ਖੁਦ ਹੀ ਜੂਲੀ ਨਾਲ ਗੱਲਬਾਤ ਕਰਨ ਦਾ ਵਿਚਾਰ ਬਣਾਇਆ।
ਮੂਲ ਰੂਪ 'ਚ ਨਿਊਜ਼ੀਲੈਂਡ ਵਾਸੀ ਜੂਲੀ ਉਸ ਸਮੇਂ ਸਿਰਫ 20 ਸਾਲਾਂ ਦੀ ਸੀ ਅਤੇ ਇਜ਼ਰਾਈਲ ਦੇ ਦੌਰੇ 'ਤੇ ਸੀ, ਜਦੋਂ ਉਸ ਨੂੰ ਸ਼ਿਵਾਨੰਦ ਦੀ ਸਿੱਖਿਆਵਾਂ ਬਾਰੇ ਪਤਾ ਲੱਗਿਆ ਸੀ।
ਇਸ ਤੋਂ ਬਾਅਦ ਜਲਦੀ ਹੀ ਉਹ 1978 'ਚ ਕੈਨੇਡਾ ਸਥਿਤ ਸ਼ਿਵਾਨੰਦ ਦੇ ਹੈੱਡਕੁਆਰਟਰ ਆ ਗਈ।
ਵਿਸ਼ਣੂਦੇਵਾਨੰਦ ਉੱਥੇ ਹੀ ਰਹਿੰਦੇ ਸਨ ਅਤੇ ਜੂਲੀ ਨੂੰ ਉਨ੍ਹਾਂ ਦਾ ਨਿੱਜੀ ਸਹਾਇਕ ਬਣਨ ਲਈ ਕਿਹਾ ਗਿਆ। ਸ਼ੁਰੂ-ਸ਼ੁਰੂ 'ਚ ਤਾਂ ਜੂਲੀ ਨੇ ਇਸ ਕਾਰਜ ਨੂੰ ਇੱਕ ਵਿਸ਼ੇਸ਼ ਅਧਿਕਾਰ ਵੱਜੋਂ ਲਿਆ।
ਹਾਲਾਂ ਉਹ ਦੱਸਦੀ ਹੈ ਕਿ ਦਿਨ ਬਹੁਤ ਮੁਸ਼ਕਲ ਹੁੰਦਾ ਸੀ। ਜੂਲੀ ਸਵੇਰ ਦੇ 5 ਵਜੇ ਤੋਂ ਲਗਭਗ ਅੱਧੀ ਰਾਤ ਤੱਕ, ਸਾਰਾ ਹਫ਼ਤਾ ਬਿਨ੍ਹਾਂ ਕਿਸੇ ਤਨਖਾਹ ਦੇ ਕੰਮ ਕਰਦੀ ਸੀ।

ਤਸਵੀਰ ਸਰੋਤ, Ishleen Kaur
ਜੂਲੀ ਅੱਗੇ ਦੱਸਦੀ ਹੈ ਕਿ ਵਿਸ਼ਣੂਦੇਵਾਨੰਦ ਅਜਿਹੇ ਹੋ ਗਏ ਸਨ ਜਿੰਨ੍ਹਾਂ ਦੇ ਸੁਭਾਅ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਸੀ। ਉਹ ਅਕਸਰ ਹੀ ਉਸ 'ਤੇ ਚੀਕਦੇ ਸਨ।
ਜੂਲੀ ਨੇ ਮੈਨੂੰ ਦੱਸਿਆ ਕਿ "ਯਕੀਨਨ ਹੀ ਮੇਰੀਆਂ ਹੱਦਾਂ ਟੁੱਟਦੀਆਂ ਜਾ ਰਹੀਆਂ ਸਨ।"
ਇਸ ਤੋਂ ਬਾਅਦ ਦੀਆਂ ਘਟਨਾਵਾਂ ਨੇ ਨਿਰਾਸ਼ਾਜਨਕ ਮੋੜ ਲੈ ਲਿਆ ਸੀ।
ਇਕ ਦਿਨ ਜਦੋਂ ਜੂਲੀ ਵਿਸ਼ਣੂਦੇਵਾਨੰਦ ਦੇ ਘਰ ਕੰਮ ਕਰ ਰਹੀ ਸੀ ਤਾਂ ਉਸ ਨੇ ਵੇਖਿਆ ਕਿ ਵਿਸ਼ਣੂਦੇਵਾਨੰਦ ਲੇਟ ਕੇ ਭਗਤੀ ਸੰਗੀਤ ਦੀਆਂ ਟੇਪਾਂ ਸੁਣ ਰਹੇ ਸਨ।
ਵਿਸ਼ਣੂਦੇਵਾਨੰਦ ਨੇ ਜੂਲੀ ਨੂੰ ਆਪਣੇ ਨਾਲ ਲੇਟਣ ਲਈ ਕਿਹਾ।
ਜਦੋਂ ਜੂਲੀ ਨੇ ਪੁੱਛਿਆ ਕਿ ਉਸ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਚਾਹੁੰਦੇ ਹਨ ਤਾਂ ਵਿਸ਼ਣੂਦੇਵਾਨੰਦ ਨੇ ਕਿਹਾ, 'ਇਹ ਤੰਤਰ ਯੋਗਾ ਹੈ, ਇੱਕ ਅਜਿਹਾ ਯੋਗਾ ਅਭਿਆਸ ਜੋ ਕਿ ਅਧਿਆਤਮਕ ਸੈਕਸ ਦੇ ਨਾਲ ਜੁੜਿਆ ਹੈ। ਇਸ ਦਾ ਸਿੱਧਾ ਅਰਥ ਹੈ ਡੂੰਗੇ ਆਰਾਮ ਜ਼ਰੀਏ ਰੂਹਾਨੀ ਗਿਆਨ ਵੱਲ ਵੱਧਣਾ'।
ਜੂਲੀ ਕਹਿੰਦੀ ਹੈ ਕਿ ਵਿਸ਼ਣੂਦੇਵਾਨੰਦ ਨੇ ਆਪਣੇ ਭਾਸ਼ਣ ਦੌਰਾਨ ਸਿਰਫ ਸਿਧਾਂਤਕ ਤੌਰ 'ਤੇ ਹੀ ਇਸ ਦਾ ਜ਼ਿਕਰ ਕੀਤਾ ਸੀ।
"ਮੈਂ ਕਿਹਾ ਕਿ; ਮੈਂ ਸਮਝੀ ਨਹੀਂ', ਪਰ ਸਰੀਰ ਅਤੇ ਦਿਮਾਗ ਦੇ ਮਨ੍ਹਾਂ ਕਰਨ ਦੇ ਬਾਵਜੂਦ ਮੈਂ ਲੇਟ ਗਈ ਅਤੇ ਫਿਰ ਜਿਨਸੀ ਰਿਸ਼ਤਾ ਕਾਇਮ ਹੋਇਆ। ਉਸ ਤੋਂ ਬਾਅਦ ਮੈਂ ਫਿਰ ਹੇਠਾਂ ਕੰਮ ਕਰ ਰਹੀ ਸੀ। ਮੈਂ ਬਹੁਤ ਹੀ ਸ਼ਰਮਿੰਦਾ ਸੀ ਅਤੇ ਮੇਰੇ ਅੰਦਰ ਅਪਰਾਧੀ ਬੋਧ ਸੀ।"
ਜੂਲੀ ਦਾ ਕਹਿਣਾ ਹੈ ਕਿ ਉਸ ਨਾਲ ਤਿੰਨ ਸਾਲ ਤੋਂ ਵੀ ਵੱਧ ਸਮੇਂ ਤੱਕ ਕਈ ਤਰ੍ਹਾਂ ਦੀਆਂ ਸੈਕਸ ਗਤੀਵਿਧੀਆਂ ਕੀਤੀਆਂ ਗਈਆਂ ਸਨ ਅਤੇ ਇਸ ਵਿੱਚ ਬਾਕਾਇਦਾ ਸੈਕਸ ਵੀ ਸ਼ਾਮਲ ਸੀ।

ਗੁਰੂ-ਚੇਲਾ ਦੇ ਸੰਬੰਧਾਂ ਨੂੰ ਯੋਗਾ 'ਚ ਗੁਰੂ-ਚੇਲਾ ਪਰੰਪਰਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
ਇਹ ਇੱਕ ਤਰ੍ਹਾਂ ਨਾਲ ਬਿਨ੍ਹਾਂ ਕਿਹਾ ਸਮਝੌਤਾ ਹੈ, ਜਿਸ ਦਾ ਅਰਥ ਹੈ ਕਿ ਚੇਲਾ ਗੁਰੁ ਦੀ ਇੱਛਾ ਅਨੁਸਾਰ ਆਪਣੇ ਆਪ ਨੂੰ ਸਮਰਪਿਤ ਕਰੇਗਾ।
ਵਿਵਸ਼ਣੂਦੇਵਾਨੰਦ ਨੇ ਜੋ ਕੁਝ ਵੀ ਜੂਲੀ ਨਾਲ ਕੀਤਾ, ਉਸ ਸਭ ਨੂੰ ਉਹ ਹੁਣ ਬਲਾਤਕਾਰ ਮੰਨਦੀ ਹੈ, ਕਿਉਂਕਿ ਵਿਸ਼ਣੂਦੇਵਾਨੰਦ ਦੀ ਤਾਕਤ ਅਤੇ ਓਰਾ ਅੱਗੇ ਉਸ ਦੀ ਸਹਿਮਤੀ ਅਤੇ ਅਸਹਿਮਤੀ ਨਾ ਦੇ ਬਰਾਬਰ ਸੀ।
"ਮੈਂ ਕਾਫ਼ੀ ਵੱਖਰੀ ਸੀ। ਮੈਂ ਆਪਣੇ ਪਰਿਵਾਰ ਤੋਂ ਦੂਰ ਦੁਨੀਆਂ ਦੇ ਦੂਜੇ ਹਿੱਸੇ 'ਚ ਰਹਿ ਰਹੀ ਸੀ। ਮੈਂ ਆਰਥਿਕ ਤੌਰ 'ਤੇ ਸੰਗਠਨ 'ਤੇ ਹੀ ਨਿਰਭਰ ਸੀ।"

ਹੋਰ ਔਰਤਾਂ ਵੀ ਆਈਆਂ ਸਾਹਮਣੇ
ਇਸ ਤੋਂ ਬਾਅਦ ਮੈਂ ਉਨ੍ਹਾਂ ਦੋ ਔਰਤਾਂ ਨਾਲ ਗੱਲਬਾਤ ਕੀਤੀ, ਜਿੰਨ੍ਹਾਂ ਨੇ ਜੂਲੀ ਦੀ ਪੋਸਟ 'ਤੇ ਮਿੰਟਾਂ 'ਚ ਹੀ ਪ੍ਰਤੀਕ੍ਰਿਆ ਦਿੱਤੀ ਸੀ।
ਇਸ 'ਚ ਉਨ੍ਹਾਂ ਇਲਜ਼ਾਮ ਲਗਾਏ ਸਨ ਕਿ ਵਿਸ਼ਣੂਦੇਵਾਨੰਦ ਨੇ ਉਨ੍ਹਾਂ ਦਾ ਵੀ ਸ਼ੋਸ਼ਣ ਕੀਤਾ ਸੀ।
ਪਾਮੇਲਾ ਨੇ ਮੈਨੂੰ ਦੱਸਿਆ ਕਿ ਵਿਸ਼ਣੂਦੇਵਾਨੰਦ ਨੇ 1978 'ਚ ਲੰਡਨ ਦੇ ਵਿੰਡਸਰ ਕਾਸਲ 'ਚ ਇੱਕ ਰਿਟ੍ਰੀਟ ਦੌਰਾਨ ਉਸ ਦਾ ਬਲਾਤਕਾਰ ਕੀਤਾ ਸੀ।
ਉਹ ਉਸ ਸਮੇਂ ਸ਼ਵ ਆਸਣ ਆਰਾਮ ਕਰ ਰਹੀ ਸੀ।
ਲਿਊਸੀਲ ਦਾ ਕਹਿਣਾ ਹੈ ਕਿ ਵਿਸ਼ਣੂਦੇਵਾਨੰਦ ਨੇ 70ਵੇਂ ਦਹਾਕੇ ਦੇ ਅੱਧ 'ਚ ਕੈਨੇਡਾ ਦੇ ਆਸ਼ਰਮ 'ਚ ਉਸ ਦਾ ਤਿੰਨ ਵਾਰ ਬਲਾਤਕਾਰ ਕੀਤਾ ਸੀ।
ਉਹ ਦੱਸਦੀ ਹੈ ਕਿ ਪਹਿਲੇ ਦੋ ਵਾਰ ਕਾਇਮ ਕੀਤੇ ਸਰੀਰਕ ਸੰਬੰਧਾਂ ਨੂੰ ਮੈਂ ਤੰਤਰ ਯੋਗਾ ਦਾ ਰੂਪ ਮੰਨਿਆ, ਪਰ ਤੀਜੀ ਵਾਰ ਜਦੋਂ ਉਸ ਨੂੰ ਅਜਿਹਾ ਕਰਨ 'ਤੇ ਪੈਸੇ ਮਿਲੇ ਤਾਂ ਉਸ ਸਮੇਂ ਉਸ ਨੂੰ 'ਵੇਸਵਾ ਵਰਗਾ' ਮਹਿਸੂਸ ਹੋਇਆ।
ਵਿਸ਼ਣੂਦੇਵਾਨੰਦ ਦੀ ਮੌਤ ਸਾਲ 1993 ਵਿੱਚ ਹੋਈ ਸੀ, ਪਰ ਜੂਲੀ ਨੂੰ ਆਸ਼ਰਮ ਛੱਡਣ ਦੀ ਹਿੰਮਤ ਜੁਟਾਉਣ ਲਈ ਹੋਰ 6 ਸਾਲ ਲੱਗ ਗਏ ਸਨ।
ਹੁਣ ਉਸ ਨੂੰ ਇਕੋ ਇੱਕ ਆਸ ਇਹ ਹੈ ਕਿ ਆਪਣੀ ਆਪ ਬੀਤੀ ਸਾਰਿਆਂ ਸਾਹਮਣੇ ਰੱਖਣ ਨਾਲ ਉਹ ਹੋਰ ਲੋਕਾਂ ਨੂੰ ਇਸ ਪੀੜ ਤੋਂ ਬਚਾ ਸਕੇਗੀ।
ਜਿਵੇਂ ਕਿ ਮੈਨੂੰ ਪਤਾ ਲੱਗਿਆ ਕਿ ਭਾਵੇਂ ਕਿ ਵਿਸ਼ਣੂਦੇਵਾਨੰਦ ਦੀ ਮੌਤ ਹੋ ਚੁੱਕੀ ਹੈ, ਪਰ ਸ਼ਿਵਾਨੰਦ ਭਗਤਾਂ ਨਾਲ ਹੋ ਰਿਹਾ ਸ਼ੋਸ਼ਣ ਅਜੇ ਵੀ ਜਾਰੀ ਹੈ। ਜੂਲੀ ਦੀ ਫੇਸਬੁੱਕ ਨੇ ਤਾਂ ਸਮੱਸਿਆਵਾਂ ਦਾ ਪਿਟਾਰਾ ਹੀ ਖੋਲ੍ਹ ਦਿੱਤਾ ਹੈ।

ਤਸਵੀਰ ਸਰੋਤ, Julie Salter
11 ਔਰਤਾਂ ਨੇ ਸੁਣਾਈ ਆਪ ਬੀਤੀ
ਮੈਂ ਸ਼ਿਵਾਨਮਦ ਦੇ ਅਧਿਆਪਕਾਂ 'ਤੇ ਗੰਭੀਰ ਇਲਜ਼ਾਮ ਲਾਉਣ ਵਾਲੀਆਂ ਹੋਰ 11 ਔਰਤਾਂ ਨਾਲ ਗੱਲਬਾਤ ਕੀਤੀ ਹੈ।
ਬੀਬੀਸੀ ਦਾ ਮੰਨਣਾ ਹੈ ਕਿ ਇੰਨ੍ਹਾਂ 'ਚੋਂ ਇੱਕ ਵਿਅਕਤੀ ਅਜੇ ਵੀ ਆਸ਼ਰਮ ਵਿੱਚ ਸਰਗਰਮ ਹੈ।
ਇੰਨ੍ਹਾਂ 'ਚੋਂ ਇਕ ਹੈਰਾਨ ਕਰਨ ਵਾਲਾ ਇਲਜ਼ਾਮ ਮੈਰੀ (ਬਦਲਿਆ ਨਾਮ) ਨੇ ਲਗਾਇਆ।
ਮੈਰੀ ਦਾ ਕਹਿਣਾ ਹੈ ਕਿ ਇੱਕ ਅਧਿਆਪਕ ਨੇ ਕਈ ਸਾਲਾਂ ਤੱਕ ਉਸ ਨੂੰ ਉਤਸ਼ਾਹਤ ਕੀਤਾ। ਅਸੀਂ ਕਾਨੂੰਨੀ ਕਾਰਨਾਂ ਕਰਕੇ ਇਸ ਵਿਅਕਤੀ ਦਾ ਨਾਮ ਨਹੀਂ ਲੈ ਸਕਦੇ ਹਾਂ।
ਮੈਰੀ ਕਹਿੰਦੀ ਹੈ ਕਿ ਜਦੋਂ ਉਸ ਦਾ ਰਿਸ਼ਤਾ ਜਿਣਸੀ ਬਣ ਗਿਆ ਤਾਂ ਉਹ ਸੱਚਮੁੱਚ ਉਲਝਣ ਵਿੱਚ ਸੀ, ਪਰ ਉਸ ਨੂੰ ਲੱਗਿਆ ਕਿ ਇਸ ਤੋਂ ਇਲਾਵਾ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ।
ਇੱਕ ਸਾਲ ਤੋਂ ਵੱਧ ਸਮੇਂ ਤੱਕ ਉਨ੍ਹਾਂ ਦੋਵਾਂ ਦਰਮਿਆਨ ਕੋਈ ਸਰੀਰਕ ਸੰਬੰਧ ਨਹੀਂ ਸਨ, ਪਰ ਮੈਰੀ ਨੂੰ ਯਾਦ ਹੈ ਕਿ ਉਸ ਸਾਲ ਤੋਂ ਬਾਅਦ ਇੱਕ ਦਿਨ ਉਹ ਵਿਅਕਤੀ ਬਿਨ੍ਹਾਂ ਬੁਲਾਏ ਉਸ ਦੇ ਕਮਰੇ 'ਚ ਆਇਆ, ਉੱਪਰ ਚੜ੍ਹਿਆ, ਸੈਕਸ ਕੀਤਾ ਅਤੇ ਬਿੰਨ੍ਹਾਂ ਇੱਕ ਵੀ ਸ਼ਬਦ ਕਹੇ ਉੱਥੋਂ ਚਲਾ ਗਿਆ।
ਪੰਜ ਹੋਰ ਔਰਤਾਂ ਨੇ ਮੈਨੂੰ ਦੱਸਿਆ ਕਿ ਇਸੇ ਵਿਅਕਤੀ ਨੇ ਉਨ੍ਹਾਂ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਸੀ।
ਇਹ ਔਰਤਾਂ ਇੱਕ-ਦੂਜੇ ਤੋਂ ਅਣਜਾਣ ਹਨ, ਪਰ ਇਨ੍ਹਾਂ ਦੀਆਂ ਕਹਾਣੀਆਂ ਇੱਕੋ-ਜਿਹੀਆਂ ਹਨ। ਉਨ੍ਹਾਂ ਦਾ ਤਰੀਕਾ ਵੀ ਇਕੋ ਜਿਹਾ ਹੈ, ਪਹਿਲਾਂ ਉਤਸ਼ਾਹਤ ਕਰਨਾ ਮਤਲਬ ਗਰੂਮ ਕਰਨਾ ਅਤੇ ਫਿਰ ਸੋਸ਼ਣ।

17 ਸਾਲ ਦੀ ਉਮਰ 'ਚ ਜਿਣਸੀ ਸੋਸ਼ਣ ਦਾ ਸ਼ਿਕਾਰ
ਕੈਥਰੀਨ (ਬਦਲਿਆ ਨਾਮ) ਨੇ 80 ਦੇ ਦਹਾਕੇ 'ਚ ਕੈਨੇਡਾ ਸਥਿਤ ਸ਼ਿਵਾਨੰਦ ਦੇ ਬੱਚਿਆਂ ਦੇ ਕੈਂਪ 'ਚ ਹਿੱਸਾ ਲਿਆ ਸੀ।
ਉਸ ਸਮੇਂ ਉਹ ਮਹਿਜ਼ 12 ਸਾਲਾਂ ਦੀ ਸੀ, ਜਦੋਂ ਇੱਕ ਅਧਿਆਪਕ ਨੇ ਉਸ 'ਚ ਜਿਣਸੀ ਦਿਲਚਸਪੀ ਲੈਣੀ ਸ਼ੁਰੂ ਕੀਤੀ ਸੀ। ਕੈਥਰੀਨ ਦੱਸਦੀ ਹੈ ਕਿ ਉਹ ਵਿਅਕਤੀ ਉਸ ਦੀ ਮਾਲਸ਼ ਕਰਦਾ ਅਤੇ ਉਸ ਦੇ ਹਿੱਪਸ ਨੂੰ ਵੀ ਛੂਹੰਦਾ ਸੀ।
ਜਦੋਂ ਉਹ 15 ਸਾਲ ਦੀ ਹੋਈ ਤਾਂ ਉਸ ਨੇ ਕੈਥਰੀਨ ਨੂੰ ਹੋਰ ਜ਼ਿਆਦਾ ਛੂਹਣਾ ਸ਼ੁਰੂ ਕਰ ਦਿੱਤਾ। ਉਹ ਪੈਰਾਂ ਵਿਚਾਲੇ ਹੱਥ ਪਾ ਕੇ ਛਾਤੀ ਨੂੰ ਫੜ੍ਹ ਲੈਂਦਾ ਸੀ।
ਕੈਥਰੀਨ ਦੱਸਦੀ ਹੈ ਕਿ ਆਖਰੀ ਵਾਰ ਉਸ ਨੇ ਉਸ ਦਾ ਜਿਣਸੀ ਸੋਸ਼ਣ ਉਸ ਸਮੇਂ ਕੀਤਾ ਜਦੋਂ ਉਹ 17 ਸਾਲ ਦੀ ਸੀ।
ਕੈਥਰੀਨ ਉਸ ਸਮੇਂ ਨੀਂਦ ਵਿੱਚ ਸੀ ਅਤੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਹ ਉਸ ਦੇ ਉੱਪਰ ਸੀ। ਇਸ ਘਟਨਾ ਤੋਂ ਬਾਅਦ ਕੈਥਰੀਨ ਨੇ ਆਸ਼ਰਮ ਛੱਡ ਦਿੱਤਾ ਸੀ।
ਸ਼ਿਕਾਇਤ ਕਰਨ ਵਾਲੀ ਇੱਕ ਹੋਰ ਔਰਤ ਦਾ ਕਹਿਣਾ ਹੈ ਕਿ ਹਾਲ ਹੀ 'ਚ 2019 ਵਿੱਚ ਉਸ ਵਿਅਕਤੀ ਨੇ ਉਸ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਸੀ।
ਅਸੀਂ ਉਸ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣਾ ਪੱਖ ਰੱਖਣ ਲਈ ਕਿਹਾ, ਪਰ ਉਸ ਨੇ ਸਾਡੇ ਇਲਜ਼ਾਮਾਂ ਦਾ ਕੋਈ ਜਵਾਬ ਨਾ ਦਿੱਤਾ।
ਬੀਬੀਸੀ ਦਾ ਮੰਨਣਾ ਹੈ ਕਿ ਇਹ ਵਿਅਕਤੀ ਅਜੇ ਵੀ ਭਾਰਤ ਵਿੱਚ ਸ਼ਿਵਾਨੰਦ ਵਿੱਚ ਸਰਗਰਮ ਹੈ, ਹਾਲਾਂਕਿ ਸੰਗਠਨ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ।
ਇਕ ਹੋਰ ਅਦਿਆਪਕ ਹੈ, ਜਿਸ 'ਤੇ ਜਿਨਸੀ ਸੋਸ਼ਣ ਕਰਨ ਦੇ ਇਲਜ਼ਾਮ ਲੱਗੇ ਹਨ, ਉਸ ਦਾ ਅਸਲੀ ਨਾਮ ਮੌਰੀਜ਼ਿਓ ਫਿਨੋਚੀ ਹੈ। ਇਸ ਨੂੰ ਸਵਾਮੀ ਮਹਾਦੇਵਾਨੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਉਸ 'ਤੇ ਇਲਜ਼ਾਮ ਲਗਾਉਣ ਵਾਲੀਆਂ ਅੱਠ ਔਰਤਾਂ ਨਾਲ ਮੈਂ ਗੱਲਬਾਤ ਕੀਤੀ ਹੈ।
ਇੰਨ੍ਹਾਂ 'ਚੋਂ ਇੱਕ ਹੈ ਵੈਂਡੀ। ਸਾਲ 2006 'ਚ ਵੈਂਡੀ ਕੈਨੇਡਾ ਦੇ ਹੈੱਡਕੁਆਰਟਰ 'ਚ ਮਹਾਦੇਵਾਨੰਦ ਦੀ ਨਿੱਜੀ ਸਹਾਇਕ ਸੀ।
ਉਸ ਦਾ ਕੰਮ ਈਮੇਲ ਦਾ ਪ੍ਰਿੰਟਆਊਟ ਲੈ ਕੇ ਉਸ ਦੇ ਕੈਬਿਨ ਵਿੱਚ ਲੈ ਕੇ ਜਾਣਾ ਸੀ। ਇੱਕ ਦਿਨ ਮਹਾਦੇਵਾਨੰਦ ਨੇ ਵੈਂਡੀ ਨੂੰ ਆਪਣੇ ਬੈਡਰੂਮ ਵਿੱਚ ਈਮੇਲ ਅਤੇ ਨਾਸ਼ਤਾ ਲੈ ਕੇ ਆਉਣ ਲਈ ਕਿਹਾ। ਉਹ ਮੰਜੇ 'ਤੇ ਲੰਮੇ ਪਏ ਹੋਏ ਸਨ।
ਵੈਂਡੀ ਦੱਸਦੀ ਹੈ ਕਿ ਜਿਵੇਂ ਹੀ ਉਸ ਨੇ ਟ੍ਰੇਅ ਅੱਗੇ ਕੀਤੀ, ਮਹਾਦੇਵਾਨੰਦ ਨੇ ਉਸ ਦੀ ਬਾਂਹ ਫੜ ਲਈ। ਇਸ ਤੋਂ ਬਾਅਦ ਉਸ ਨੇ ਚਾਦਰ ਪਰ੍ਹਾਂ ਕਰ ਦਿੱਤੀ, ਜਿਸ ਦੇ ਹੇਠਾਂ ਉਹ ਆਪਣੇ ਹੱਥ ਨਾਲ ਆਪਣੇ ਨਿੱਜੀ ਅੰਗ ਨੂੰ ਪਲੋਸ ਰਿਹਾ ਸੀ। ਬਾਅਦ 'ਚ ਮੇਰੀ ਬਾਂਹ 'ਤੇ ਲੇਟ ਗਏ।
"ਉਸ ਸਮੇਂ ਮੈਂ ਇਹ ਮਹਿਸੂਸ ਕੀਤਾ ਕਿ ਮੈਂ ਉਨ੍ਹਾਂ ਲਈ ਇਨਸਾਨ ਨਹੀਂ ਸੀ ਅਤੇ ਇਹ ਘਟਨਾ ਸ਼ਿਵਾਨੰਦ ਨਾਲ ਮੇਰੇ ਰਿਸ਼ਤੇ ਦੇ ਅੰਤ ਦੀ ਸ਼ੁਰੂਆਤ ਸੀ।"
ਵੈਂਡੀ ਦੱਸਦੀ ਹੈ ਕਿ ਜੇਕਰ ਔਰਤਾਂ ਆਪਣੀਆਂ ਚਿੰਤਾਵਾਂ, ਜਿਵੇਂ ਕਿ ਕੁਝ ਮਾਮਲਿਆਂ 'ਚ ਅਪਰਾਧਿਕ ਵਿਵਹਾਰ ਵਰਗੀ ਸ਼ਿਕਾਇਤ ਸੀਨੀਅਰ ਸਟਾਫ਼ ਅੱਗੇ ਕਰਦੀਆਂ ਹਨ ਤਾਂ ਸਟਾਫ਼ ਇਸ ਨੂੰ ਅਧਿਆਤਮਕ ਸਿੱਖਿਆ ਦੇ ਨਾਂਅ 'ਤੇ 'ਗੁਰੂ ਦੀ ਕਿਰਪਾ' ਕਹਿ ਕੇ ਸਮਝਾ ਦਿੰਦਾ ਹੈ।
"ਜੇਕਰ ਕੋਈ ਉਲਝਣ ਹੈ ਜਾਂ ਕੋਈ ਭੁਲੇਖਾ ਹੈ ਅਤੇ ਇੱਥੇ ਜੇਕਰ ਮੈਂ ਪ੍ਰਬੰਧਕੀ ਚੀਜ਼ਾਂ ਬਾਰੇ ਵੀ ਗੱਲ ਕਰ ਰਹੀ ਹਾਂ… ਪਰ ਨਿਸ਼ਚਿਤ ਤੌਰ 'ਤੇ ਜਿਣਸੀ ਸੰਬੰਧਾਂ ਅਤੇ ਸ਼ੱਕੀ ਸੰਬੰਧਾਂ ਬਾਰੇ… ਤਾਂ ਤੁਹਾਨੂੰ ਸਮਝਾਇਆ ਜਾਵੇਗਾ ਕਿ ਨਹੀਂ , ਸੱਚਾਈ ਇਹ ਹੈ ਕਿ ਤੁਹਾਡੀ ਇਹ ਸਮੱਸਿਆ ਅਸਲ ਵਿੱਚ 'ਗੁਰੂ ਦੀ ਕਿਰਪਾ' ਹੈ।"
"ਅਤੇ ਤੁਹਾਨੂੰ ਇੱਕ ਮਹਤਵਪੂਰਣ ਸਬਕ ਸਿਖਾਇਆ ਜਾ ਰਿਹਾ ਹੈ।"
ਅਸੀਂ ਮਹਾਦੇਵਾਨੰਦ ਨਾਲ ਸੰਪਰਕ ਕੀਤਾ ਤਾਂ ਕਿ ਉਹ ਆਪਣੇ 'ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦੇ ਸਕਣ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਾ ਆਇਆ।

ਹਾਲਾਂਕਿ ਬੀਬੀਸੀ ਨੇ ਇੱਕ ਵਕੀਲ ਨੂੰ ਭੇਜੀ ਗਈ ਈਮੇਲ ਦੀ ਕਾਪੀ ਵੇਖੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ 'ਕੁਕਰਮਾਂ' ਲਈ ਮੁਆਫ਼ੀ ਮੰਗੀ ਹੈ ਅਤੇ ਵਾਅਦਾ ਕੀਤਾ ਹੈ ਕਿ ਉਹ ਇਸ ਨੂੰ 'ਮੁੜ ਨਾ ਦੁਹਰਾਉਣ' ਦਾ ਯਤਨ ਕਰਨਗੇ।
ਪ੍ਰੋਜੈਕਟ ' ਸੱਤਿਆ' ਨੂੰ ਸ਼ਿਵਾਨੰਦ ਕਮਿਊਨਿਟੀ ਦੇ ਫੇਸਬੁੱਕ ਗਰੁੱਪ ਵੱਲੋਂ ਕਰਾਊਂਡਫੰਡ ਕੀਤਾ ਗਿਆ ਹੈ, ਜਿਸ ਦੀ ਕਿ ਮੈਂ ਵੀ ਮੈਂਬਰ ਹਾਂ।
ਇੱਕ ਹੋਰ ਗੱਲ ਜੋ ਮੈਂ ਸਮਝਣਾ ਚਾਹੁੰਦੀ ਸੀ ਕਿ ਸ਼ਿਵਾਨੰਦ ਦੇ ਪ੍ਰਬੰਧਨ ਨੂੰ ਪਹਿਲਾਂ ਤੋਂ ਹੀ ਇਸ ਬਾਰੇ ਕਿੰਨ੍ਹੀ ਕੁ ਜਾਣਕਾਰੀ ਸੀ?
ਜੂਲੀ ਨੇ ਮੈਨੂੰ ਦੱਸਿਆ ਕਿ ਆਖ਼ਰਕਾਰ ਸਾਲ 2003 'ਚ ਉਸ ਨੇ ਹਿੰਮਤ ਕੀਤੀ ਅਤੇ ਆਪਣੇ ਨਾਲ ਹੋਏ ਸ਼ੋਸ਼ਣ ਬਾਰੇ ਗੱਲ ਕੀਤੀ।
ਉਸ ਨੇ ਸੰਸਥਾ ਦੇ ਕਾਰਜਕਾਰੀ ਮੈਂਬਰਾਂ ਦੇ ਬੋਰਡ, ਈਬੀਐਮ ਦੇ ਇਕ ਮੈਨਬਰ ਨਾਲ ਮੁਲਾਕਾਤ ਕੀਤੀ।
ਈਬੀਐਮ ਦਾ ਗਠਨ ਵਿਸ਼ਣੂਦੇਵਾਨੰਦ ਵੱਲੋਂ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ਿਵਾਨੰਦ ਦੇ ਕੰਮਕਾਜ ਨੂੰ ਸੰਭਾਲਿਆ ਜਾ ਸਕੇ।
ਜੂਲੀ ਦੱਸਦੀ ਹੈ ਕਿ ਬੋਰਡ ਦੇ ਜਿਸ ਮੈਂਬਰ ਨਾਲ ਉਸ ਨੇ ਗੱਲ ਕੀਤੀ ਉਹ ਸਵਾਮੀ ਮਹਾਂਦੇਵਾਨੰਦ ਹੀ ਸਨ।
"ਅਸੀਂ ਥੋੜੇ ਸਮੇਂ ਲਈ ਹੀ ਮਿਲੇ ਪਰ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਇਸ ਬਾਰੇ ਕਈ ਸਾਲਾਂ ਤੋਂ ਪਤਾ ਸੀ।"
ਸਵਾਮੀ ਮਹਾਂਦੇਵਾਨੰਦ ਉਨ੍ਹਾਂ ਦੂਜੇ ਅਧਿਆਪਕਾਂ ਵਿੱਚੋਂ ਇਕ ਹਨ, ਜਿੰਨ੍ਹਾਂ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ, ਪਰ ਉਸ ਸਮੇਂ ਜੂਲੀ ਨੂੰ ਇਸ ਬਾਰੇ ਨਹੀਂ ਪਤਾ ਸੀ।
ਜੂਲੀ ਦੱਸਦੀ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਉਸ ਨੇ ਬੋਰਡ ਦੇ ਚਾਰ ਹੋਰ ਮੈਂਬਰਾਂ ਨੂੰ ਆਪਣੇ ਨਾਲ ਹੋਈ ਬਦਸਲੂਕੀ ਬਾਰੇ ਦੱਸਿਆ ਸੀ।
ਹਾਲਾਂਕਿ ਟਰੱਸਟੀ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਨੇ 2003 'ਚ ਜੂਲੀ ਦੇ ਨਾਲ ਇਲਜ਼ਾਮਾਂ ਬਾਰੇ ਚਰਚਾ ਕੀਤੀ ਸੀ।
ਬੀਬੀਸੀ ਨੇ ਮਹਾਂਦੇਵਾਨੰਦ ਦਾ ਇੱਕ ਈਮੇਲ ਵੇਖਿਆ ਹੈ, ਜਿਸ 'ਚ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਉਸ ਸਮੇਂ ਜੂਲੀ ਨੂੰ ਮਿਲੇ ਸਨ।
ਮਹਾਂਦੇਵਾਨੰਦ ਨੇ ਇਸ ਨੂੰ ਇਕ ਗੈਰ-ਰਸਮੀ ਮੁਲਾਕਾਤ ਦੱਸਿਆ ਸੀ, ਨਾਲ ਹੀ ਕਿਹਾ ਇਸ ਤੋਂ ਬਾਅਦ ਇਲਜ਼ਾਮ 'ਸਾਰਿਆਂ ਦੇ ਸਾਹਮਣੇ' ਆ ਗਏ ਸਨ।
2006 'ਚ ਜੂਲੀ ਨੇ ਇੱਕ ਵਿਚੋਲੇ ਦੀ ਮਦਦ ਨਾਲ ਈਬੀਐਮ ਨਾਲ ਬੈਠਕ ਕੀਤੀ। ਇਸ ਬੈਠਕ 'ਚ ਜੂਲੀ ਦੇ ਲਈ ਕਿਸੇ ਵੀ ਤਰ੍ਹਾਂ ਦੀ ਵਿੱਤੀ ਮਦਦ ਮੁਹੱਈਆ ਕਰਵਾਉਣ ਬਾਰੇ ਚਰਚਾ ਹੋਈ ਸੀ। ਬੈਠਕ 'ਚ ਸ਼ੋਸ਼ਣ ਦੇ ਇਲਜ਼ਾਮਾਂ ਦੀ ਵੀ ਗੱਲ ਕੀਤੀ ਗਈ ਸੀ।
ਬੋਰਡ ਦੇ ਟਰੱਸਟੀਆਂ ਨੇ ਬੀਬੀਸੀ ਨੂੰ ਜਾਣਕਾਰੀ ਦਿੱਤੀ ਕਿ ਦੋਵੇਂ ਧਿਰਾਂ ਉਸ ਸਮੇਂ ਚਰਚਾ ਦੇ ਨਤੀਜੇ ਤੋਂ ਖੁਸ਼ ਸਨ, ਪਰ ਜੂਲੀ ਦਾ ਕਹਿਣਾ ਹੈ ਕਿ ਬੈਠਕ 'ਚ ਕੁਝ ਵੀ ਤੈਅ ਨਹੀਂ ਹੋਇਆ ਸੀ।
ਇਸ ਲਈ ਅਗਲੇ ਸਾਲ ਜੂਲੀ ਦੇ ਵਕੀਲ ਨੇ ਚਿੱਠੀ ਲਿਖ ਕੇ ਬੋਰਡ ਤੋਂ ਮੁਆਵਜ਼ੇ ਦੀ ਮੰਗ ਕੀਤੀ ਅਤੇ ਹਰਜਾਨੇ ਦਾ ਦਆਵਾ ਕਰਨ ਦੀ ਧਮਕੀ ਵੀ ਦਿੱਤੀ ਸੀ।
ਜਵਾਬ 'ਚ ਉਨ੍ਹਾਂ ਨੂੰ ਈਬੀਐਮ ਦੇ ਵਕੀਲ ਦੀ ਚਿੱਠੀ ਮਿਲੀ, ਜਿਸ 'ਚ ਸਵਾਲ ਕੀਤਾ ਗਿਆ ਸੀ ਕਿ ਜੂਲੀ ਕਥਿਤ ਸ਼ੋਸ਼ਣ ਦੇ ਮਾਮਲੇ ਨੂੰ ਇੰਨ੍ਹੇ ਲੰਮੇ ਸਮੇਂ ਬਾਅਦ ਕਿਉਂ ਚਰਚਾ 'ਚ ਲਿਆ ਰਹੀ ਹੈ।
ਸ਼ਿਵਾਨੰਦ ਦਾ ਕਹਿਣਾ ਹੈ ਕਿ ਜੂਲੀ ਨਾਲ ਹੋਈ ਬੈਠਕ ਤੋਂ ਬਾਅਦ ਉਨ੍ਹਾਂ ਨੇ ਮੈਂਬਰਾਂ ਅਤੇ ਮਹਿਮਾਨਾਂ ਲਈ ਪ੍ਰੋਟੋਕੋਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਹਰ ਕਿਸੇ ਨੂੰ ਇਸ ਤਰ੍ਹਾਂ ਦੇ ਇਲਜ਼ਾਮਾਂ ਬਾਰੇ ਖੁਲ੍ਹ ਕੇ ਗੱਲ ਕਰਨ ਲਈ ਸੁਰੱਖਿਅਤ ਮਾਹੌਲ ਮਿਲ ਸਕੇ।
ਅਸੀਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਉਹ ਉਸ ਵਿਅਕਤੀ ਦਾ ਸਨਮਾਨ ਕਰਨਾ ਕਿਵੇਂ ਜਾਰੀ ਰੱਖ ਸਕਦੇ ਹਨ, ਜਿਸ ਨੇ ਉਸ ਦਾ ਸ਼ੋਸ਼ਣ ਕੀਤਾ ਹੈ। ਉਨ੍ਹਾਂ ਜਵਾਬ ਦਿੱਤਾ ਕਿ " ਸ਼ਿਵਾਨੰਦ ਸੰਗਠਨ ਆਪਣੀ ਵਿਰਾਸਤ ਅਤੇ ਸਿੱਖਿਆਵਾਂ ਦਾ ਸਨਮਾਨ ਕਰਦਾ ਹੈ।"
ਜਿੱਥੋਂ ਤੱਕ ਮਹਾਂਦੇਵਾਨੰਦ ਦਾ ਸਵਾਲ ਹੈ, ਸਾਨੂੰ ਆਪਣੀ ਜਾਂਚ 'ਚ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਬੋਰਡ ਨੂੰ ਉਨ੍ਹਾਂ ਦੇ ਕਥਿਤ ਜਿਣਸੀ ਦੁਰ ਵਿਵਹਾਰ ਬਾਰੇ ਸਾਲ 1999 ਤੋਂ ਹੀ ਪਤਾ ਸੀ ਕਿਉਂਕਿ ਉਨ੍ਹਾਂ ਨੇ ਖੁਦ ਇਸ ਨੂੰ ਸਵੀਕਾਰ ਕੀਤਾ ਸੀ।
ਉਸ ਸਮੇਂ ਈਬੀਐਮ ਵਿੱਚ ਸ਼ਾਮਲ ਇੱਕ ਅਮਰੀਕੀ ਔਰਤ ਸਵਾਮੀ ਸ਼ਾਰਦਾਨੰਦ ਨੇ ਬੀਬੀਸੀ ਨੂੰ ਦੱਸਿਆ ਕਿ 1998-99 'ਚ ਦਿੱਲੀ ਆਸ਼ਰਮ ਦੀ ਡਾਇਰੈਕਟਰ ਨੇ ਰੋਂਦਿਆਂ ਉਸ ਨੂੰ ਫੋਨ ਕੀਤਾ ਸੀ।
ਡਾਇਰੈਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਮਹਾਦੇਵਾਨੰਦ ਬਿਨ੍ਹਾਂ ਧੋਤੀ ਦੇ ਘੁੰਮ ਰਹੇ ਸਨ। ਸ਼ਾਰਦਾਨੰਦ ਨੇ ਸਮਝਿਆ ਕਿ ਸ਼ਾਇਦ ਉਹ ਅੰਡਰਵੀਅਰ ਪਾ ਕੇ ਘੁੰਮ ਰਹੇ ਸਨ।
ਜਦੋਂ ਸ਼ਾਰਦਾਨੰਦ ਨੇ ਮਹਾਂਦੇਵਾਨੰਦ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਸੱਚ ਨਹੀਂ ਸੀ। ਉਹ ਆਪਣੇ ਅੰਡਰਵੀਅਰ ਵਿੱਚ ਵੀ ਨਹੀਂ ਬਲਕਿ ਅਲਫ਼ ਨੰਗੇ ਸਨ। ਅਤੇ ਇਹ ਉਨ੍ਹਾਂ ਦਾ ਇਕਲੌਤਾ ਖੁਲਾਸਾ ਨਹੀਂ ਸੀ।
"ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਕਮਰ ਤੋਂ ਹੇਠਾਂ ਕੁਝ ਵੀ ਨਹੀਂ ਪਾਇਆ ਹੋਇਆ ਸੀ ਅਤੇ ਉਹ…ਉਹ ਦਫ਼ਤਰ ਵਿੱਚ ਗਿਆ ਜਿੱਥੇ ਦਿੱਲੀ ਦੀ ਡਾਇਰੈਕਟਰ ਕੰਮ ਕਰ ਰਹੀ ਸੀ ਅਤੇ…ਉਸ ਦੇ ਸਾਹਮਣੇ ਆਪਣੇ ਨਿੱਜੀ ਅੰਗ ਨੂੰ ਹੱਥ ਨਾਲ ਮਸਲਿਆ।"
ਸਵਾਮੀ ਸ਼ਾਰਦਾਨੰਦ ਇਸ ਤੋਂ ਬਹੁਤ ਪ੍ਰੇਸ਼ਾਨ ਸੀ। ਉਨ੍ਹਾਂ ਨੇ ਇਸ ਮੁੱਦੇ ਨੂੰ ਈਬੀਐਮ ਦੀ ਅਗਲੀ ਬੈਠਕ 'ਚ ਉਠਾਇਆ।
ਉਨ੍ਹਾਂ ਨੇ ਦੱਸਿਆ ਕਿ ਬੈਠਕ ਦੌਰਾਨ ਰਿਕਾਰਡਿੰਗ ਦੇ ਸਾਰੇ ਉਪਕਰਣ ਬੰਦ ਕਰ ਦਿੱਤੇ ਗਏ ਸਨ ਅਤੇ ਸਕੱਤਰ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਗਿਆ ਸੀ।
ਮਹਾਂਦੇਵਾਨੰਦ ਉੱਥੇ ਹੀ ਮੌਜੂਦ ਸੀ ਅਤੇ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਬਿਆਨ ਸਹੀ ਸੀ।
"ਇਸ ਤੋਂ ਬਾਅਦ ਮਹਾਂਦੇਵਾਨੰਦ ਨੇ ਕਿਹਾ, 'ਪਰ ਜੇਕਰ ਉਹ ਨਹੀਂ ਚਾਹੁੰਦੀ ਕਿ ਮੈਂ ਅਜਿਹਾ ਕਰਾਂ ਤਾਂ ਠੀਕ ਹੈ, ਹੁਣ ਮੈਂ ਮੁੜ ਅਜਿਹਾ ਨਹੀਂ ਕਰਾਂਗਾ।"
ਜਦੋਂ ਸ਼ਾਰਦਾਨੰਦ ਨੇ ਬੋਰਡ ਦੀ ਬੈਠਕ 'ਚ ਟੋਕਦਿਆਂ ਸਵਾਲ ਕੀਤਾ ਕਿ ਹੁਣ ਜਦੋਂ ਮਹਾਦੇਵਾਨੰਦ ਨੇ ਸਵੀਕਾਰ ਕਰ ਲਿਆ ਤਾਂ ਇਸ ਨਾਲ ਕਿਵੇਂ ਨਜਿੱਠਿਆ ਜਾਵੇ ਤਾਂ ਬੋਰਡ ਦੇ ਇੱਕ ਮੈਂਬਰ ਨੇ ਜਵਾਬ ਦਿੱਤਾ, " ਠੀਕ ਹੈ, ਉਨ੍ਹਾਂ ਨੇ ਮੰਨ ਲਿਆ ਹੈ ਕਿ ਉਹ ਅਜਿਹਾ ਮੁੜ ਨਹੀਂ ਕਰਨਗੇ…ਤਾਂ ਹੁਣ ਤੁਹਾਨੂੰ ਕੀ ਚਾਹੀਦਾ ਹੈ? ਉਸ ਦਾ ਖੂਨ?"
ਕੁਝ ਹੀ ਮਹੀਨਿਆਂ ਬਾਅਦ ਸ਼ਾਰਦਾਨੰਦ ਨੂੰ ਇੱਕ ਫੈਕਸ ਮਿਲਿਆ ਕਿ ਉਸ ਨੂੰ ਬੋਰਡ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਸੀਂ ਇਸ ਬਾਰੇ ਈਬੀਐਮ ਤੋਂ ਪੁੱਛਿਆ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਾ ਆਇਆ।
ਸ਼ਾਰਦਾਨੰਦ ਨੇ ਜੋ ਖੁਲਾਸਾ ਕੀਤਾ, ਉਹ ਸ਼ਾਇਦ ਇੰਨਾ ਹੈਰਾਨ ਕਰਨ ਵਾਲਾ ਮਾਮਲਾ ਨਾ ਲੱਗੇ ਜਿੰਨ੍ਹਾਂ ਕਿ ਸਾਲ 2006 'ਚ ਵੈਂਡੀ ਨੇ ਵੇਖਿਆ ਸੀ।
ਉਸ ਸਮੇਂ ਉਨ੍ਹਾਂ ਨੇ ਕੈਨੇਡਾ ਦੇ ਹੈੱਡਕੁਆਰਟਰ 'ਚ ਮੌਜੂਦ ਇੱਕ ਸੀਨੀਅਰ ਕਰਮਚਾਰੀ ਨੂੰ ਦੱਸਿਆ ਕਿ ਮਹਾਂਦੇਵਾਨੰਦ ਨੇ ਉਸ ਨਾਲ ਬਦਸਲੂਕੀ ਕੀਤੀ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਦੀ ਪ੍ਰਤੀਕ੍ਰਿਆ ਸੀ , "ਓਹ ਫਿਰ ਨਹੀਂ"।
ਸਟਾਫ਼ ਦੇ ਇੱਕ ਮੈਂਬਰ ਨੇ ਉਸ ਨੂੰ ਕਿਹਾ ਕਿ ਚਿੰਤਾ ਨਾ ਕਰੋ। ਸੰਸਥਾ ਨੇ ਸਵਾਮੀ ਮਹਾਂਦੇਵਾਨੰਦ ਦੇ ਲਈ ਕਾਉਂਸਲਿੰਗ ਦਾ ਪ੍ਰਬੰਧ ਕੀਤਾ ਹੈ।
ਵੈਂਡੀ ਨੇ ਮੈਨੂੰ ਦੱਸਿਆ, "ਮੈਨੂੰ ਨਹੀਂ ਪਤਾ ਸੀ ਕਿ ਕੈਨੇਡਾ ਵਿੱਚ ਇਸ ਨੂੰ ਜਿਨਸੀ ਸ਼ੋਸ਼ਣ ਦੇ ਦਾਇਰੇ ਵਿੱਚ ਰੱਖਿਆ ਜਾਵੇਗਾ। ਉਸ ਸਮੇਂ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਪੁਲਿਸ ਕੋਲ ਪਹੁੰਚ ਕੀਤੀ ਜਾ ਸਕਦੀ ਹੈ।"
13 ਸਾਲ ਬਆਦ ਈਬੀਐਮ ਨੇ ਆਖ਼ਰਕਾਰ ਮਹਾਂਦੇਵਾਨੰਦ ਦੀ ਜਾਂਚ ਕੀਤੀ ਅਤੇ ਫਿਰ ਆਪਣੇ ਮਾਸਿਕ ਰਸਾਲੇ ਵਿੱਚ ਉਸ ਦੀ ਸੇਵਾਮੁਕਤੀ ਦਾ ਐਲਾਨ ਕੀਤਾ।
ਇਹ ਇੱਕ ਅਜਿਹੀ ਸੇਵਾਮੁਕਤੀ ਜਿਸ ਬਾਰੇ ਉਨ੍ਹਾਂ ਨੇ ਮੰਨਿਆ ਕਿ ਉਹ ਮਹਾਂਦੇਵਾਨੰਦ ਨੂੰ ਫੰਡ ਕਰ ਰਹੇ ਹਨ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਕਾਰਜਕਾਰੀ ਬੋਰਡ ਉਨ੍ਹਾਂ ਦੇ ਸਮਰਪਨ ਅਤੇ ਪ੍ਰੇਰਣਾਦਾਇਕ ਸੇਵਾ ਲਈ ਧੰਨਵਾਦ ਕਰਦਾ ਹੈ।
ਪ੍ਰੋਰਜੈਕਟ ਸੱਤਿਆ ਲਈ ਕੰਮ ਕਰਨ ਵਾਲੀ ਵਕੀਲ ਕੈਰਲ ਮਰਚਸਿਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ 25-30 ਔਰਤਾਂ ਨਾਲ ਗੱਲਬਾਤ ਕੀਤੀ ਹੈ, ਜਿੰਨ੍ਹਾਂ ਨੇ ਸ਼ਿਵਾਨੰਦ ਕਰਮਚਾਰੀਆਂ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ।
ਕੈਥਰੀਨ ਦੇ ਮਾਮਲੇ ਵਿੱਚ ਉਹ ਸਵਾਲ ਕਰਦੀ ਹੈ ਕਿ ਜਦੋਂ ਬੋਰਡ ਦੇ ਟਰੱਸਟੀਆਂ ਨੂੰ ਇਲਜ਼ਾਮਾਂ ਬਾਰੇ ਪਤਾ ਲੱਗ ਗਿਆ ਸੀ ਤਾਂ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਿਉਂ ਨਹੀਂ ਕੀਤਾ।
ਸਾਲਾਂ ਬਾਅਦ ਜਦੋਂ ਕੈਥਰੀਨ ਦੇ ਮਾਤਾ-ਪਿਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਬੋਰਡ ਦਾ ਸਾਹਮਣਾ ਕੀਤਾ। ਕੈਰਲ ਦਾ ਕਹਿਣਾ ਹੈ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਸਬੂਤਾਂ ਦੀ ਘਾਟ ਦੇ ਕਾਰਨ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੈ।
ਈਬੀਐਮ ਨੇ ਸਾਨੂੰ ਦੱਸਿਆ ਕਿ ਕੈਥਰੀਨ ਅਤੇ ਹੋਰਨਾਂ ਨੇ ਜਿਸ ਅਧਿਆਪਕ 'ਤੇ ਬਦਸਲੂਕੀ ਦਾ ਇਲਜ਼ਾਮ ਲਗਾਇਆ ਹੈ, ਉਸ ਨੂੰ ਜਾਂਚ ਦੌਰਾਨ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਪਰ ਬੀਬੀਸੀ ਨੂੰ ਕਈ ਸਰੋਤਾਂ ਜ਼ਰੀਏ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਅਜੇ ਵੀ ਸ਼ਿਵਾਨੰਦ ਦੇ ਭਾਰਤੀ ਆਸ਼ਰਮਾਂ 'ਚ ਕੰਮ ਕਰ ਰਿਹਾ ਹੈ। ਜਦੋਂ ਮੈਂ ਖੁਦ ਕੇਰਲ ਦੇ ਆਸ਼ਰਮ 'ਚ ਫੋਨ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਇਸ ਵਿਅਕਤੀ ਨੇ ਇਸੇ ਸਾਲ ਦੀ ਸ਼ੁਰੂਆਤ 'ਚ ਉੱਥੇ ਇੱਕ ਪੂਰਾ ਕੋਰਸ ਕਰਵਾਇਆ ਸੀ।
ਆਸ਼ਰਮ ਨੇ ਜਾਰੀ ਕੀਤਾ ਬਿਆਨ
ਈਬੀਐਮ ਨੇ ਸਾਨੂੰ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਸਾਨੂੰ ਆਪਣਾ ਇੱਕ ਬਿਆਨ ਜ਼ਰੂਰ ਭੇਜਿਆ ਹੈ, ਜਿਸ ਨੂੰ ਅਸੀਂ ਇੱਥੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।
"ਟਰੱਸਟੀਆਂ ਦਾ ਬੋਰਡ ਉਨ੍ਹਾਂ ਲੋਕਾਂ ਨਾਲ ਪੂਰੀ-ਪੂਰੀ ਹਮਦਰਦੀ ਰੱਖਦਾ ਹੈ, ਜੋ ਕਿ ਅੱਗੇ ਆਏ ਹਨ। ਜੇਕਰ ਕਿਸੇ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ 'ਤੇ ਵੀ ਉਸ ਵਿਵਹਾਰ ਦਾ ਪ੍ਰਭਾਵ ਪਿਆ ਹੈ, ਜਿਸ ਬਾਰੇ ਪ੍ਰੋਗਰਾਮ 'ਚ ਗੱਲ ਕੀਤੀ ਗਈ ਹੈ, ਤਾਂ ਉਨ੍ਹਾਂ ਨੂੰ ਵਿਸ਼ਵਾਸ ਦਿੱਤਾ ਜਾਂਦਾ ਹੈ ਕਿ ਨਾ ਤਾਂ ਸ਼ੋਸ਼ਣ ਨੂੰ ਬਰਦਾਸ਼ਤ ਕੀਤਾ ਜਾਵੇਗਾ ਅਤੇ ਨਾ ਹੀ ਅਣਉਚਿਤ ਵਿਵਹਾਰ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ। ਪ੍ਰੋਗਰਾਮ 'ਚ ਜਿੰਨ੍ਹਾਂ ਇਲਜ਼ਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਨ੍ਹਾਂ ਸਬੰਧੀ ਬੀਤੇ ਸਮੇਂ ਕੀਤੀਆਂ ਗਈਆਂ ਗਲਤੀਆਂ ਦੇ ਲਈ ਬੋਰਡ ਮੁਆਫ਼ੀ ਮੰਗਦਾ ਹੈ।"
"ਇੰਨ੍ਹਾਂ ਇਲਜ਼ਾਮਾਂ ਦੇ ਮੱਦੇਨਜ਼ਰ ਸ਼ਿਵਾਨੰਦ ਸੰਗਠਨ ਨੇ ਇਕ ਸੁਤੰਤਰ ਜਾਂਚ ਸ਼ੁਰੂ ਕੀਤੀ ਹੈ ਅਤੇ ਕਾਨੂੰਨੀ ਮਾਹਰਾਂ ਨੂੰ ਨਿਯੁਕਤ ਕੀਤਾ ਹੈ। ਜਿਸ ਕਿਸੇ ਨੂੰ ਵੀ ਸ਼ੋਸ਼ਣ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਉਸ ਲਈ ਸ਼ਿਵਾਨੰਦ ਸੰਗਠਨ ਨੇ ਇਕ ਗੁਪਤ ਤਰੀਕੇ ਨਾਲ ਸ਼ਿਕਾਇਤ ਕਰਨ ਦਾ ਪ੍ਰਬੰਧ ਕਾਇਮ ਕੀਤਾ ਹੈ। ਸ਼ਿਵਾਨੰਦ ਸੰਗਠਨ ਦੀ ਪੂਰੀ ਤਰਜੀਹ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਕਾਰਨ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਹੈ, ਸ਼ੋਸ਼ਣ ਜਾਂ ਦੁੱਖ ਤਕਲੀਫ਼ ਤੋਂ ਉਸ ਦੀ ਸੁਰੱਖਿਆ ਕੀਤੀ ਜਾਵੇ। ਸ਼ਿਵਾਨੰਦ ਸੰਗਠਨ ਅਜਿਹਾ ਮੱਠ ਹੈ ਜੋ ਕਿ ਭੌਤਿਕ, ਮਾਨਸਿਕ ਅਤੇ ਅਧਿਆਤਮਕ ਸਿਹਤ ਲਈ ਸਮਰਪਿਤ ਹੈ ਅਤੇ ਆਪਣੇ ਸਾਰੇ ਮੈਂਬਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ।"

ਉਹ ਅਧਿਆਪਕ ਜਿੰਨ੍ਹਾਂ ਦਾ ਅਸੀਂ ਨਾਂਅ ਨਹੀਂ ਲੈ ਸਕਦੇ ਹਾਂ, ਉਨ੍ਹਾਂ ਬਾਰੇ ਮੈਂ ਚਾਰ ਜਾਂਚ ਰਿਪੋਰਟਾਂ ਵੇਖੀਆਂ ਹਨ।
ਸਾਰੀਆਂ ਦਾ ਨਤੀਜਾ ਇਹ ਹੀ ਹੈ ਕਿ ਜੇਕਰ ਸੰਭਾਵਨਾਵਾਂ ਨੂੰ ਸੰਤੁਲਿਤ ਕਰਕੇ ਵੇਖਿਆ ਜਾਵੇ ਤਾਂ ਸਾਰੇ ਪੀੜ੍ਹਤ ਭਰੋਸੇਯੋਗ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਵੀ ਸੱਚੇ ਹਨ।
ਇਸ ਦੇ ਨਾਲ ਹੀ ਦੋ ਪੀੜ੍ਹਤਾਂ ਨੇ ਤਾਂ ਆਪਣੇ ਨਾਲ ਹੋਏ ਦੁਰ ਵਿਵਹਾਰ ਬਾਰੇ ਈਬੀਐਮ ਨੂੰ ਦੱਸਿਆ ਵੀ ਸੀ।
ਅਪ੍ਰੈਲ ਮਹੀਨੇ ਮੈਂ ਉਸ ਪੁਟਨੇ ਆਸ਼ਰਮ 'ਚ ਗਈ, ਜਿੱਥੇ ਮੈਂ ਪਿਛਲੇ ਪੰਜ ਸਾਲ ਬਤੌਰ ਇੱਕ ਅਧਿਆਪਕ ਅਤੇ ਭਗਤ ਦੇ ਰੂਪ 'ਚ ਬਤੀਤ ਕੀਤੇ ਸਨ, ਪਰ ਇਸ ਵਾਰ ਮੈਂ ਅੰਦਰ ਨਹੀਂ ਗਈ।
ਸ਼ਿਵਾਨੰਦ ਦੀ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਰੁਝਾਨ ਨੇ ਮੈਨੂੰ ਵੀ ਆਕਰਸ਼ਿਤ ਕੀਤਾ ਸੀ, ਪਰ ਇਹ ਇਸ ਨੂੰ ਇੰਨਾ ਖ਼ਤਰਨਾਕ ਬਣਾ ਸਕਦੀ ਹੈ। ਇਸ ਬਾਰੇ ਮੈਂ ਬਿਲਕੁੱਲ ਵੀ ਨਹੀਂ ਸੋਚਿਆ ਸੀ।
ਜਿੰਨ੍ਹਾਂ ਔਰਤਾਂ ਨਾਲ ਮੈਂ ਗੱਲਬਾਤ ਕੀਤੀ, ਉਨ੍ਹਾਂ ਸਾਰਿਆਂ ਨੇ ਮੈਨੂੰ ਦੱਸਿਆ ਕਿ ਸੱਚ ਦੀ ਭਾਵਨਾ ਨੂੰ ਗੁਆਉਣਾ ਤਾਂ ਸੌਖਾ ਹੈ, ਜਿਸ ਨਾਲ ਇਹ ਸਵਾਲ ਕਰਨਾ ਮੁਸ਼ਕਲ ਹੋ ਗਿਆ ਕਿ ਕੀ ਹੋ ਰਿਹਾ ਹੈ।
ਮੈਨੂੰ ਪਤਾ ਹੈ ਕਿ ਸਾਡੀ ਜਾਂਚ ਦੌਰਾਨ ਜੋ ਵੀ ਔਰਤਾਂ ਸਾਹਮਣੇ ਆਈਆਂ ਹਨ, ਉਹ ਸਾਰੀਆਂ ਹੀ ਪੱਛਮੀ ਦੇਸ਼ਾਂ ਦੀਆਂ ਹਨ, ਪਰ ਇੰਝ ਲੱਗਦਾ ਹੈ ਕਿ ਭਾਰਤੀ ਔਰਤਾਂ ਵੀ ਇਸ ਦੁਰ ਵਿਵਹਾਰ ਦਾ ਸ਼ਿਕਾਰ ਹਨ।
ਮੈਂ ਔਰਤਾਂ ਦੇ ਈਮੇਲ ਵੇਖੇ ਹਨ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨਾਲ ਕੀ ਵਾਪਰਿਆ ਸੀ, ਪਰ ਉਹ ਮੇਰੇ ਨਾਲ ਗੱਲ ਕਰਨ ਬਾਰੇ ਬਹੁਤ ਡਰੀਆਂ ਹੋਈਆਂ ਸਨ।
ਜਿੱਥੋਂ ਤੱਕ ਮੇਰੀ ਗੱਲ ਹੈ, ਇਹ ਮੇਰੇ ਅਤੇ ਸ਼ਿਵਾਨੰਦ ਦੇ ਰਿਸ਼ਤੇ ਦਾ ਅੰਤ ਹੈ।
ਬੀਬੀਸੀ ਦੀ ਇਸ ਵਿਸ਼ੇਸ਼ ਰਿਪੋਰਟ ਦੀ ਪ੍ਰੋਡਿਊਸਰ ਲੂਈਸ ਅਦਾਮੋ ਹਨ।
ਇਸ ਲੇਖ 'ਚ ਪੀੜ੍ਹਤਾਂ ਵੱਲੋਂ ਪ੍ਰਗਟ ਕੀਤੇ ਗਏ ਸਾਰੇ ਹੀ ਵਿਚਾਰ ਉਨ੍ਹਾਂ ਦੇ ਨਿੱਜੀ ਤਜ਼ਰਬੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












