ਬਹੁ ਪਤਨੀ ਪ੍ਰਥਾ ਦੀ ਖੁੱਲ੍ਹ ਦੇਣ ਵਾਲੇ ਸਮਾਜ ਵਿਚ ਬਹੁ-ਪਤੀ ਦੀ ਤਜਵੀਜ਼ ਦਾ ਵਿਰੋਧ ਕਿਉਂ

    • ਲੇਖਕ, ਪੁਮਜ਼ਾ ਫਿਹਲਾਨੀ
    • ਰੋਲ, ਬੀਬੀਸੀ ਨਿਊਜ਼, ਜੋਹਾਨਸਬਰਗ

ਦੱਖਣੀ ਅਫ਼ਰੀਕਾ ਦੀ ਸਰਕਾਰ ਕਿਸੇ ਔਰਤ ਦੇ ਇੱਕੋ ਸਮੇਂ ਇੱਕ ਤੋਂ ਵਧੇਰੇ ਪਤੀ ਰੱਖਣ ਨੂੰ ਕਾਨੂੰਨੀ ਮਾਨਤਾ ਦੇਣ ਦੀ ਤਜਵੀਜ਼ ਲੈ ਕੇ ਆ ਰਹੀ ਹੈ।

ਇਸ ਤਜਵੀਜ਼ ਦਾ ਦੇਸ਼ ਦੇ ਰੂੜ੍ਹੀਵਾਦੀ ਹਲਕਿਆਂ ਵਿੱਚ ਤਿੱਖਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ।

ਹਾਲਾਂਕਿ ਇਸ ਵਿਸ਼ੇ ਦੇ ਉੱਘੇ ਮਾਹਰ ਪ੍ਰੋਫੈਸਰ ਕੋਲਿਸ ਮਾਚੋਕੋ ਇਸ ਤਜਵੀਜ਼ ਤੋਂ ਹੈਰਾਨ ਨਹੀਂ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਤਰਾਜ਼ 'ਕੰਟਰੋਲ' ਬਾਰੇ ਹਨ। "ਅਫ਼ਰੀਕੀ ਸਮਾਜ ਸਹੀ ਬਰਾਬਰੀ ਲਈ ਤਿਆਰ ਨਹੀਂ ਹਨ।

ਅਸੀਂ ਨਹੀਂ ਜਾਣਦੇ ਕਿ ਜਿਨ੍ਹਾਂ ਔਰਤਾਂ ਨੂੰ ਅਸੀਂ ਕਾਬੂ ਨਹੀਂ ਕਰ ਸਕਦੇ ਉਨ੍ਹਾਂ ਦਾ ਕੀ ਕਰੀਏ।"

ਇਹ ਵੀ ਪੜ੍ਹੋ :

ਦੱਖਣੀ ਅਫ਼ਰੀਕਾ ਦਾ ਸੰਵਿਧਾਨ ਵਿਸ਼ਵ ਦੇ ਸਭ ਤੋਂ ਉਦਾਰ ਸੰਵਿਧਾਨਾਂ ਵਿੱਚੋਂ ਇੱਕ ਹੈ, ਜਿਸ ਮੁਤਾਬਕ ਸਮਲਿੰਗੀ ਵਿਆਹ ਕੋਈ ਵੀ ਕਰਾ ਸਕਦਾ ਹੈ।

ਹਰ ਕਿਸੇ ਨੂੰ ਖੁੱਲ੍ਹ ਹੈ, ਹਾਲਾਂਕਿ ਉੱਥੇ ਸਿਰਫ਼ ਮਰਦ ਵੀ ਇੱਕ ਤੋਂ ਜਿਆਦਾ ਵਿਆਹ ਕਰਵਾ ਸਕਦੇ ਹਨ (ਬਹੁ-ਪਤਨੀ)ਅਤੇ ਹੁਣ ਔਰਤਾਂ ਨੂੰ ਵੀ ਇਹੀ ਖੁੱਲ੍ਹ (ਬਹੁ-ਪਤੀ) ਦਿੱਤੇ ਜਾਣ ਵੱਲ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਾਰੋਬਾਰੀ ਅਤੇ ਟੀਵੀ ਹਸਤੀ ਮੂਸਾ ਮਸੇਲੇਕੁ - ਜਿਸ ਦੀਆਂ ਚਾਰ ਪਤਨੀਆਂ ਹਨ - ਬਹੁਪਤੀ ਦਾ ਵਿਰੋਧ ਕਰਨ ਵਾਲਿਆਂ ਵਿੱਚ ਸ਼ਾਮਲ ਹੈ।

"ਇਹ ਅਫ਼ਰੀਕੀ ਸੱਭਿਆਚਾਰ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਲੋਕਾਂ ਦੇ ਬੱਚਿਆਂ ਬਾਰੇ ਸੋਚੋ? ਉਨ੍ਹਾਂ ਨੂੰ ਆਪਣੀ ਪਛਾਣ ਕਿਵੇਂ ਪਤਾ ਲੱਗੇਗੀ?"

ਮਸੇਲੇਕੁ ਜੋ ਦੱਖਣੀ ਅਫ਼ਰੀਕਾ ਦੇ ਇੱਕ ਰਿਐਲਿਟੀ ਟੀਵੀ ਸ਼ੋਅ ਵਿੱਚ ਅਦਾਕਾਰੀ ਕਰਦੇ ਹਨ। ਉਨ੍ਹਾਂ ਨੇ ਆਪਣੇ ਬਹੁਪਤਨੀਆਂ ਵਾਲੇ ਪਰਿਵਾਰ ਬਾਰੇ ਦੱਸਿਆ।

"ਔਰਤ ਹੁਣ ਆਦਮੀ ਦੀ ਭੂਮਿਕਾ ਨਹੀਂ ਨਿਭਾ ਸਕਦੀ। ਇਹ ਅਣਸੁਣੀ ਗੱਲ ਹੈ। ਕੀ ਹੁਣ ਔਰਤ ਆਦਮੀ ਲਈ ਲਾਬੋਲਾ (ਲਾੜੀ ਦੀ ਕੀਮਤ) ਅਦਾ ਕਰੇਗੀ। ਕੀ ਮਰਦ ਤੋਂ ਉਸ ਦਾ ਉਪਨਾਮ ਲੈਣ ਦੀ ਉਮੀਦ ਕੀਤੀ ਜਾਏਗੀ?"

ਪ੍ਰੋ. ਮਾਚੋਕੋ ਨੇ ਆਪਣੀ ਮਾਂ-ਭੂਮੀ ਦੇਸ਼ ਦੱਖਣੀ ਅਫ਼ਰੀਕਾ ਦੇ ਗੁਆਂਢੀ ਦੇਸ਼ ਜ਼ਿੰਬਾਬਵੇ ਵਿੱਚ ਪੌਲੀਐਂਡਰੀ (ਬਹੁਪਤੀ) 'ਤੇ ਅਧਿਐਨ ਕੀਤਾ ਹੈ।

ਲੁਕਵੇਂ ਰਿਸ਼ਤੇ

ਉਨ੍ਹਾਂ ਨੇ 20 ਔਰਤਾਂ ਅਤੇ 45 ਸਹਿ-ਪਤੀਆਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਨੇ ਬਹੁ-ਪਤੀ ਪ੍ਰਥਾ ਨੂੰ ਜੀਵਿਆ ਹੈ। ਹਾਲਾਂਕਿ ਅਜਿਹੇ ਵਿਆਹ ਸਮਾਜਿਕ ਤੌਰ 'ਤੇ ਵਰਜਿਤ ਹਨ ਅਤੇ ਗੈਰ- ਕਾਨੂੰਨੀ ਹਨ।

ਉਨ੍ਹਾਂ ਨੇ ਕਿਹਾ, "ਬਹੁਪਤੀ ਪ੍ਰਥਾ ਨੂੰ ਕਿਉਂਕਿ ਸਮਾਜ ਦੇ ਕੁਝ ਹਿੱਸਿਆਂ ਵੱਲੋਂ ਨਕਾਰ ਦਿੱਤਾ ਗਿਆ ਸੀ, ਜਿਸ ਕਾਰਨ ਇਹ ਲੁਕਵੇਂ ਰੂਪ ਵਿੱਚ ਜਾਰੀ ਰਹੀ।

ਇਸ ਨੰ ਇੰਨਾ ਗੁਪਤ ਰੱਖਿਆ ਜਾਂਦਾ ਹੈ ਜਿਵੇਂ ਕਿਸੇ ਸਮੂਹ ਦੀ ਮੈਂਬਰ ਨੂੰ ਓਹਲੇ ਵਿੱਚ ਰੱਖਿਆ ਜਾਂਦਾ ਹੈ।"

"ਇਹ ਲੋਕ ਜਦੋਂ ਕਿਸੇ ਅਣਜਾਣ ਨੂੰ ਮਿਲਦੇ ਹਨ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਜਿਸ ਉੱਪਰ ਇਹ ਯਕੀਨ ਨਹੀਂ ਕਰਦੇ ਤਾਂ ਇਹ ਅਜਿਹੇ ਵਿਆਹਾਂ ਦੀ ਹੋਂਦ ਤੋਂ ਵੀ ਇਨਕਾਰ ਕਰ ਦਿੰਦੇ ਹਨ।

ਇਹ ਸਭ ਸਮਾਜਿਕ ਨਜ਼ਰੀਏ ਅਤੇ ਅਤਿਆਚਾਰ ਕਾਰਨ ਹੋਇਆ ਹੈ।"

ਪ੍ਰੋ. ਮਾਚੋਕੇ ਦੇ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਇਹ ਸਾਰੇ ਲੋਕ ਬੇਸ਼ੱਕ ਵੱਖੋ-ਵੱਖ ਰਹਿੰਦੇ ਸਨ, ਪਰ ਬਹੁਪਤੀ ਰਿਸ਼ਤੇ ਪ੍ਰਤੀ ਵਚਨਬੱਧ ਸਨ ਅਤੇ ਆਪਸ ਵਿੱਚ ਇਸ ਬਾਰੇ ਖੁੱਲ੍ਹੇ ਸਨ।

ਪ੍ਰੋਫੈਸਰ ਨੇ ਕਿਹਾ, 'ਇੱਕ ਔਰਤ ਨੇ ਛੇਵੀਂ ਕਲਾਸ (ਲਗਭਗ 12 ਸਾਲ ਦੀ ਉਮਰ) ਤੋਂ ਇੱਕ ਬਹੁ ਪਤੀਆਂ ਵਾਲੀ ਔਰਤ ਬਣਨ ਲਈ ਖੁਦ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਵਿਚਾਰ ਇੱਕ ਛੱਤੇ ਵਿੱਚ ਇੱਕ ਰਾਣੀ ਮੱਖੀ ਨੂੰ ਦੇਖ ਕੇ ਆਇਆ, ਜਿਸ ਦੇ ਕਈ ਸਾਰੇ ਪਤੀ ਹੁੰਦੇ ਹਨ।

ਜਦੋਂ ਉਹ ਬਾਲਗ ਹੋਈ ਤਾਂ ਉਸ ਨੇ ਕਈ ਜਣਿਆਂ ਨਾਲ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕੀਤੇ, ਜੋ ਆਪਸ ਵਿੱਚ ਇਸ ਗੱਲ ਤੋਂ ਜਾਣੂ ਸਨ।

"ਉਸ ਦੇ ਮੌਜੂਦਾ ਨੌਂ ਪਤੀਆਂ ਵਿੱਚੋਂ ਚਾਰ ਉਸਦੇ ਪੁਰਾਣੇ ਗਰੁੱਪ ਵਿੱਚੋਂ ਹਨ।"

ਬਹੁਪਤੀ ਪ੍ਰਥਾ ਵਿੱਚ ਅਕਸਰ ਔਰਤ ਸਬੰਧਾਂ ਦੀ ਸ਼ੁਰੂਆਤ ਕਰਦੀ ਹੈ। ਪਤੀਆਂ ਨੂੰ ਆਪਣੇ ਰਿਸ਼ਤੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦੀ ਹੈ।

ਕੁਝ ਮਰਦ ਲਾੜੀ ਦੀ ਕੀਮਤ ਅਦਾ ਕਰਦੇ ਹਨ। ਦੂਸਰੇ ਉਸ ਦੇ ਜੀਵਨ ਨਿਰਬਾਹ ਵਿੱਚ ਯੋਗਦਾਨ ਪਾਉਂਦੇ ਹਨ।

ਜੇ ਔਰਤ ਨੂੰ ਲੱਗਦਾ ਹੈ ਕਿ ਕੋਈ ਪਤੀ ਉਸ ਦੇ ਹੋਰ ਸਬੰਧਾਂ ਨੂੰ ਵਿਗਾੜ ਰਿਹਾ ਹੈ ਤਾਂ ਉਸ ਕੋਲ ਅਜਿਹੇ ਪਤੀ ਨੂੰ ਆਪਣੇ ਤੋਂ ਪਾਸੇ ਕਰਨ ਦੀ ਤਾਕਤ ਹੈ।

ਇਹ ਵੀ ਪੜ੍ਹੋ:

ਪ੍ਰੋ. ਮਾਚੋਕੇ ਨੇ ਜਿਨ੍ਹਾਂ ਮਰਦਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਨੇ ਕਿਹਾ ਕਿ ਉਹ ਪਿਆਰ ਵੱਸ ਹੋ ਕੇ ਇਸ ਰਿਸ਼ਤੇ ਲਈ ਸਹਿਮਤ ਹੋਏ ਸਨ। ਉਹ ਆਪਣੀ ਪਤਨੀ ਨੂੰ ਗੁਆਉਣ ਦਾ ਖ਼ਤਰਾ ਨਹੀਂ ਲੈਣਾ ਚਾਹੁੰਦੇ ਸਨ।

ਕੁਝ ਮਰਦਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਸਰੀਰਕ ਪੱਖੋਂ ਸੰਤੁਸ਼ਟ ਨਹੀਂ ਕੀਤਾ ਸੀ। ਇਸ ਲਈ ਤਲਾਕ ਅਤੇ ਹੋਰ ਗੁੰਝਲਾਂ ਤੋਂ ਬਚਣ ਲਈ ਉਨ੍ਹਾਂ ਨੇ ਸਹਿ-ਪਤੀ ਬਣ ਕੇ ਰਹਿਣ ਲਈ ਸਹਿਮਤੀ ਦੇ ਦਿੱਤੀ।

ਇੱਕ ਹੋਰ ਕਾਰਨ ਬਾਂਝਪਨ ਸੀ - ਆਦਮੀਆਂ ਨੇ ਆਪਣੀ ਪਤਨੀ ਨੂੰ ਇੱਕ ਹੋਰ ਪਤੀ ਨਾਲ ਰੱਖਣ ਦੀ ਸਹਿਮਤੀ ਦਿੱਤੀ ਤਾਂ ਜੋ ਔਲਾਦ ਪੈਦਾ ਹੋ ਸਕੇ।

ਇਸ ਤਰ੍ਹਾਂ ਇਨ੍ਹਾਂ ਆਦਮੀਆਂ ਨੇ "ਆਪਣੀ ਇੱਜ਼ਤ" ਬਚਾਈ ਅਤੇ "ਨਾਮਰਦ" ਵਜੋਂ ਕਲੰਕਿਤ ਹੋਣ ਤੋਂ ਬਚੇ।

ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਬਹੁਪਤੀ ਹੋਣ ਦੀ ਸੂਰਤ ਵਿੱਚ ਬੱਚਿਆਂ ਦੇ ਅਸਲ ਪਿਤਾ ਬਾਰੇ ਜਾਨਣ ਲਈ ਬਹੁਤ ਸਾਰੇ ਡੀਐੱਨਏ ਟੈਸਟ ਕਰਨੇ ਪੈਣਗੇ

ਧਾਰਮਿਕ ਨੇਤਾ ਪਰੇਸ਼ਾਨ

ਪ੍ਰੋਫੈਸਰ ਮਾਚੋਕੋ ਨੇ ਕਿਹਾ ਕਿ ਉਹ ਦੱਖਣੀ ਅਫ਼ਰੀਕਾ ਵਿੱਚ ਬਹੁਪਤੀ ਵਿਆਹਾਂ ਤੋਂ ਅਣਜਾਣ ਸੀ।

ਫਿਰ ਵੀ ਲਿੰਗੀ ਹੱਕਾਂ ਦੇ ਕਾਰਕੁਨਾਂ ਨੇ ਸਰਕਾਰ ਨੂੰ ਬਰਾਬਰੀ ਅਤੇ ਪਸੰਦ ਦੇ ਹਿੱਤ ਵਿੱਚ ਅਜਿਹੇ ਰਿਸ਼ਤਿਆਂ ਨੂੰ ਕਾਨੂੰਨੀ ਮਾਨਤਾ ਦੇਣ ਲਈ ਕਿਹਾ ਹੈ।

ਇਸ ਦੀ ਵਜ੍ਹਾ ਹੈ ਕਿ ਕਾਨੂੰਨ ਪੁਰਸ਼ਾਂ ਨੂੰ ਇੱਕ ਤੋਂ ਵੱਧ ਪਤਨੀਆਂ ਰੱਖਣ ਦੀ ਆਗਿਆ ਪਹਿਲਾਂ ਹੀ ਦਿੰਦਾ ਹੈ। ਉਨ੍ਹਾਂ ਦੀ ਮੰਗ ਨੂੰ ਇੱਕ ਦਸਤਾਵੇਜ਼ ਜਿਸ ਨੂੰ- ਗਰੀਨ ਪੇਪਰ- ਕਿਹਾ ਜਾਂਦਾ ਹੈ, ਵਿੱਚ ਸ਼ਾਮਲ ਕਰ ਲਿਆ ਗਿਆ ਹੈ।

ਇਸ ਨੂੰ ਸਰਕਾਰ ਵੱਲੋਂ ਲੋਕਰਾਇ ਲਈ ਜਨਤਕ ਕੀਤਾ ਕੀਤਾ ਗਿਆ ਹੈ।

ਇਸ ਤਰ੍ਹਾਂ 1994 ਵਿੱਚ ਗੋਰਾ ਰਾਜ ਖ਼ਤਮ ਹੋਣ ਤੋਂ ਬਾਅਦ ਇਹ ਵਿਆਹ ਦੇ ਰਿਸ਼ਤੇ ਵਿੱਚ ਆਉਣ ਵਾਲੇ ਸਭ ਤੋਂ ਵੱਡੇ ਕਾਨੂੰਨੀ ਬਦਲਾਅ ਦੀ ਸ਼ੁਰੂਆਤ ਹੋ ਗਈ ਹੈ।

ਔਰਤਾਂ ਦੇ ਹੱਕਾਂ ਦੀ ਵਕਾਲਤ ਕਰਨ ਵਾਲੀ ਸੰਸਥਾ ਵੂਮੈੱਨ ਲੀਗਲ ਸੈਂਟਰ ਦੀ ਵਕੀਲ ਚਾਰਲੇਨ ਮੇਅ ਨੇ ਕਿਹਾ "ਇਹ ਗ੍ਰੀਨ ਪੇਪਰ ਮਨੁੱਖੀ ਹੱਕਾਂ ਨੂੰ ਬਰਕਰਾਰ ਰੱਖਦਾ ਹੈ ਅਤੇ ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।"

"ਅਸੀਂ ਕਿਸੇ ਕਾਨੂੰਨੀ ਸੁਧਾਰ ਨੂੰ ਇਸ ਲਈ ਅਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਇਹ ਸਾਡੇ ਸਮਾਜ ਵਿੱਚ ਕੁਝ ਪਿਤਰਸੱਤਾ ਪ੍ਰਧਾਨ ਵਿਚਾਰਾਂ ਨੂੰ ਚੁਣੌਤੀ ਦਿੰਦਾ ਹੈ।"

ਇਸ ਦਸਤਾਵੇਜ਼ ਵਿੱਚ ਮੁਸਲਿਮ, ਹਿੰਦੂ, ਯਹੂਦੀ ਅਤੇ ਰਾਸਤਾਫੇਰੀਅਨ (ਰਸਤਾਫੇਰੀ ਇੱਕ ਜਮਾਇਕਾ ਦਾ ਇੱਕ ਧਾਰਮਿਕ ਭਾਈਚਾਰਾ ਹੈ) ਵਿਆਹਾਂ ਨੂੰ ਵੀ ਕਾਨੂੰਨੀ ਮਾਨਤਾ ਦੇਣ ਦੀ ਵੀ ਤਜਵੀਜ਼ ਹੈ।

ਹਾਲਾਂਕਿ ਜੋ ਲੋਕ ਇਸ ਪ੍ਰਥਾ ਨਾਲ ਜੁੜੇ ਹੋਏ ਹਨ, ਉਨ੍ਹਾਂ ਵੱਲੋਂ ਇਸ ਤਜਵੀਜ਼ ਦਾ ਸਵਾਗਤ ਕੀਤਾ ਜਾ ਰਿਹਾ ਹੈ ਪਰ ਸੰਸਦ ਵਿੱਚ ਬੈਠੇ ਧਾਰਮਿਕ ਆਗੂ ਇਸ ਦੀ ਨਿੰਦਾ ਕਰ ਰਹੇ ਹਨ।

ਵਿਰੋਧੀ ਧਿਰ ਅਫ਼ਰੀਕੀ ਕ੍ਰਿਸ਼ਚੀਅਨ ਡੈਮੋਕਰੇਟਿਕ ਪਾਰਟੀ ਦੇ ਨੇਤਾ ਰੇਵਰੈਂਡ ਕੈਨੇਥ ਮੇਸ਼ੋਏ ਨੇ ਕਿਹਾ ਕਿ ਇਹ ਸਮਾਜ ਨੂੰ "ਤਬਾਹ ਕਰ ਦੇਵੇਗਾ।"

"ਇੱਕ ਸਮਾਂ ਆਵੇਗਾ ਜਦੋਂ ਇੱਕ ਆਦਮੀ ਆਖੇਗਾ, 'ਤੁਸੀਂ ਜ਼ਿਆਦਾ ਸਮਾਂ ਉਸ ਮਰਦ ਨਾਲ ਬਿਤਾਉਂਦੇ ਹੋ ਨਾ ਕਿ ਮੇਰੇ ਨਾਲ' - ਅਤੇ ਉਨ੍ਹਾਂ ਦੋ ਮਰਦਾਂ ਵਿਚਾਲੇ ਝਗੜਾ ਹੋ ਜਾਵੇਗਾ।

ਇਸਲਾਮਿਕ ਅਲ-ਜਮਾਹ ਪਾਰਟੀ ਦੇ ਨੇਤਾ ਗਨਿਫ ਹੈਂਡ੍ਰਿਕਸ ਨੇ ਕਿਹਾ: "ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਦੋਂ ਕੋਈ ਬੱਚਾ ਪੈਦਾ ਹੋਵੇਗਾ ਤਾਂ ਇਹ ਪਤਾ ਲਗਾਉਣ ਲਈ ਕਿ ਉਸ ਦਾ ਪਿਤਾ ਕੌਣ ਹੈ, ਬਹੁਤ ਸਾਰੇ ਡੀਐੱਨਏ ਟੈਸਟ ਕਰਵਾਉਣੇ ਪੈਣਗੇ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

'ਪਰਿਵਾਰ ਦੇ ਬੱਚੇ'

ਮਸੇਲੇਕੁ ਨੇ ਦੱਖਣੀ ਅਫ਼ਰੀਕਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਰਾਬਰੀ ਦੇ ਸਿਧਾਂਤ ਨੂੰ "ਬਹੁਤਾ ਨਾ ਖਿੱਚਣ"। "ਸਿਰਫ਼ ਇਸ ਲਈ ਕਿ ਸੰਵਿਧਾਨ ਵਿੱਚ ਕੁਝ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਸਾਡੇ ਲਈ ਚੰਗਾ ਹੀ ਹੋਵੇਗਾ।"

ਇਹ ਪੁੱਛੇ ਜਾਣ 'ਤੇ ਕਿ ਔਰਤਾਂ ਲਈ ਹੀ ਕੋਈ ਵਖਰੇਵਾਂ ਕਿਉਂ ਹੋਵੇ? ਜਦਕਿ ਉਨ੍ਹਾਂ ਦੀਆਂ ਆਪਣੀਆਂ ਚਾਰ ਪਤਨੀਆਂ ਹਨ।

ਉਨ੍ਹਾਂ ਨੇ ਜਵਾਬ ਦਿੱਤਾ: "ਮੈਨੂੰ ਮੇਰੇ ਵਿਆਹਾਂ ਕਾਰਨ ਪਖੰਡੀ ਕਿਹਾ ਗਿਆ ਹੈ, ਪਰ ਮੈਂ ਚੁੱਪ ਰਹਿਣ ਨਾਲੋਂ ਹੁਣ ਬੋਲਣਾ ਪਸੰਦ ਕਰਾਂਗਾ। "ਮੈਂ ਬਸ ਇੰਨਾ ਹੀ ਕਹਿ ਸਕਦਾ ਹਾਂ ਕਿ ਇਹ ਗੈਰ-ਅਫ਼ਰੀਕੀ ਹੈ। ਅਸੀਂ ਆਪਣੀ ਪਛਾਣ ਨਹੀਂ ਬਦਲ ਸਕਦੇ ।"

ਹਾਲਾਂਕਿ ਪ੍ਰੋਫੈਸਰ ਮਾਚੋਕੋ ਨੇ ਕਿਹਾ ਕਿ ਕਿਸੇ ਸਮੇਂ ਬਹੁਪਤੀ ਪ੍ਰਥਾ ਕੀਨੀਆ, ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਅਤੇ ਨਾਈਜੀਰੀਆ ਵਿੱਚ ਆਮ ਸੀ।

ਇਹੀ ਨਹੀਂ ਗੈਬੋਨ ਵਿੱਚ ਇਹ ਅਜੇ ਵੀ ਪ੍ਰਚੱਲਿਤ ਹੈ, ਜਿੱਥੇ ਕਾਨੂੰਨ ਇਸ ਦੀ ਆਗਿਆ ਦਿੰਦਾ ਹੈ।

"ਈਸਾਈਅਤ ਅਤੇ ਬਸਤੀਵਾਦ ਦੇ ਆਉਣ ਨਾਲ ਔਰਤ ਦੀ ਭੂਮਿਕਾ ਘਟਦੀ ਗਈ ਹੈ। ਉਹ ਹੁਣ ਬਰਾਬਰ ਨਹੀਂ ਸਨ। ਵਿਆਹ ਸਮਾਜਿਕ ਲੀਹ ਬਣਾਉਣ ਦੇ ਇੱਕ ਔਜਾਰ ਬਣ ਗਏ।"

ਪ੍ਰੋਫੈਸਰ ਮਾਚੋਕੇ ਨੇ ਕਿਹਾ ਕਿ ਬਹੁਪਤੀ ਯੂਨੀਅਨ ਤੋਂ ਪੈਦਾ ਹੋਏ ਬੱਚਿਆਂ ਬਾਰੇ ਚਿੰਤਾ ਦੀਆਂ ਜੜਾਂ ਪਿੱਤਰਸੱਤਾ ਵਿੱਚ ਹੈ।

"ਬੱਚਿਆਂ ਬਾਰੇ ਸਵਾਲ ਸੌਖਾ ਹੈ, ਜੋ ਵੀ ਬੱਚੇ ਉਸ ਰਿਸ਼ਤੇ ਤੋਂ ਪੈਦਾ ਹੁੰਦੇ ਹਨ, ਉਹ ਉਸ ਪਰਿਵਾਰ ਦੇ ਬੱਚੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)