ਕੀ ਵਿਦੇਸ਼ਾਂ ਤੋਂ ਪੈਸਾ ਭੇਜਣ ਲਈ ਬਿਟਕੁਆਇਨ ਬਿਹਤਰੀਨ ਤਰੀਕਾ ਹੈ

ਐਲ ਸੈਲਵਾਡੋਰ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਬਿਟਕੁਆਇਨ ਨੂੰ ਅਧਿਕਾਰਿਕ ਤੌਰ 'ਤੇ ਮੁਦਰਾ ਦਾ ਦਰਜਾ ਦਿੱਤਾ ਹੈ।

90 ਦਿਨਾਂ ਵਿੱਚ ਅਮਰੀਕੀ ਡਾਲਰ ਦੇ ਨਾਲ-ਨਾਲ ਇਸ ਦੀ ਵੀ ਲੈਣ ਦੇਣ ਲਈ ਵਰਤੋਂ ਸ਼ੁਰੂ ਹੋ ਜਾਵੇਗੀ। ਮੰਗਲਵਾਰ ਨੂੰ ਦੇਸ਼ ਦੇ ਸੰਸਦ ਵਿੱਚ ਇਸ ਦੇ ਪੱਖ ਵਿੱਚ ਵੋਟ ਪਈ ਹੈ।

ਦੇਸ਼ ਦੇ ਨਵੇਂ ਕਾਨੂੰਨ ਅਨੁਸਾਰ ਹਰ ਵਪਾਰ ਵਿੱਚ ਬਿਟਕੁਆਇਨ ਨੂੰ ਅਧਿਕਾਰਿਕ ਤੌਰ 'ਤੇ ਮੁਦਰਾ ਵਾਂਗੂੰ ਸਵੀਕਾਰ ਕਰਨਾ ਜ਼ਰੂਰੀ ਹੋਵੇਗਾ ਬਸ਼ਰਤੇ ਉਹ ਇਸ ਦੇ ਲੈਣ ਦੇਣ ਲਈ ਜ਼ਰੂਰੀ ਟੈਕਨਾਲੋਜੀ ਰੱਖਦੇ ਹੋਣ।

ਇਹ ਵੀ ਪੜ੍ਹੋ-

ਰਾਸ਼ਟਰਪਤੀ ਨਾਇਬ ਬੁਕੇਲੇ ਅਨੁਸਾਰ ਇਸ ਕਦਮ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਸੈਲਵਾਡੋਰ ਦੇ ਨਾਗਰਿਕਾਂ ਲਈ ਦੇਸ਼ ਵਿੱਚ ਪੈਸੇ ਭੇਜਣੇ ਆਸਾਨ ਹੋ ਜਾਣਗੇ।

ਵਿਦੇਸ਼ਾਂ ਵਿੱਚ ਵੱਸਦੇ ਸੈਲਵਾਡੋਰ ਦੇ ਲੋਕ ਆਪਣੇ ਦੇਸ਼ ਨੂੰ ਜੋ ਪੈਸਾ ਭੇਜਦੇ ਹਨ ਉਹ ਜੀਡੀਪੀ ਦਾ 20 ਫ਼ੀਸਦ ਹਿੱਸਾ ਬਣਦਾ ਹੈ ਅਤੇ ਆਰਥਿਕ ਤੌਰ 'ਤੇ ਦੇਸ਼ ਅਜਿਹੇ ਲੋਕਾਂ ਉੱਤੇ ਕਾਫ਼ੀ ਹੱਦ ਤਕ ਨਿਰਭਰ ਕਰਦਾ ਹੈ।

ਸੈਲਵਾਡੋਰ ਦੇ ਲਗਭਗ 20 ਲੱਖ ਲੋਕ ਵਿਦੇਸ਼ਾਂ ਵਿੱਚ ਵੱਸਦੇ ਹਨ ਜੋ ਹਰ ਸਾਲ ਚਾਰ ਬਿਲੀਅਨ ਡਾਲਰ ਆਪਣੇ ਦੇਸ਼ ਭੇਜਦੇ ਹਨ।

ਸਰਕਾਰ ਦੇ ਇਸ ਫ਼ੈਸਲੇ ਨਾਲ ਕੀ ਬਿਟਕੁਆਇਨ ਵਰਗੀ ਕ੍ਰਿਪਟੋਕਰੰਸੀ ਨਾਲ ਪੈਸੇ ਭੇਜਣੇ ਆਸਾਨ ਹੋ ਜਾਣਗੇ?

ਕੋਈ ਵਿਚੋਲਾ ਨਹੀਂ

ਜਦੋਂ ਲੋਕ ਵਿਦੇਸ਼ਾਂ ਤੋਂ ਪੈਸੇ ਆਪਣੇ ਵਤਨ ਭੇਜਦੇ ਹਨ ਤਾਂ ਉਹ ਕਿਸੇ ਬੈਂਕ ਜਾਂ ਇਸ ਨਾਲ ਮਿਲਦੀ ਜੁਲਦੀ ਸੰਸਥਾ ਦੀ ਮਦਦ ਲੈਂਦੇ ਹਨ। ਬੈਂਕਾਂ ਦੀਆਂ ਅਜਿਹੀਆਂ ਸੰਸਥਾਵਾਂ ਦੁਆਰਾ ਪੈਸੇ ਭੇਜਣ ਵਿੱਚ ਕੁਝ ਫੀਸ ਲੱਗਦੀ ਹੈ।

ਜੇਕਰ ਕਿਸੇ ਨੇ ਹਜ਼ਾਰ ਡਾਲਰ ਅਮਰੀਕਾ ਤੋਂ ਐਲ ਸੈਲਵਾਡੋਰ ਭੇਜਣੇ ਹਨ ਤਾਂ ਜ਼ੀਰੋ ਕਮਿਸ਼ਨ ਦੇ ਬਾਵਜੂਦ ਦੋਨਾਂ ਧਿਰਾਂ ਨੂੰ ਬੈਂਕ ਵਿਖੇ ਕੁਝ ਫੀਸ ਦੇਣੀ ਪਵੇਗੀ ਜਿਸ ਨਾਲ ਪੈਸੇ ਦਾ ਲੈਣ ਦੇਣ ਮਹਿੰਗਾ ਪੈਂਦਾ ਹੈ।

ਬਿਟਕੁਆਇਨ ਜਾਂ ਕ੍ਰਿਪਟੋਕਰੰਸੀ ਵਿੱਚ ਅਜਿਹੇ ਬੈਂਕਿੰਗ ਜਾਂ ਸੰਸਥਾਵਾਂ ਦੀ ਜ਼ਰੂਰਤ ਨਹੀਂ ਪੈਂਦੀ ਜਿਸ ਕਾਰਨ ਗ਼ਰੀਬ ਦੇਸ਼ਾਂ ਅਤੇ ਉਨ੍ਹਾਂ 'ਚ ਰਹਿਣ ਵਾਲੇ ਲੋਕਾਂ ਦੇ ਇਹ ਫੀਸ ਦੇਣ ਵਾਲੇ ਪੈਸੇ ਬਚ ਜਾਣਗੇ।

ਨਿਗਲ ਗ੍ਰੀਨ ਜੋ ਡਿਵੇਰ ਗਰੁੱਪ ਦੇ ਸੰਸਥਾਪਕ ਹਨ, ਦਾ ਕਹਿਣਾ ਹੈ ਕਿ, "ਐਲ ਸੈਲਵਾਡੋਰ ਨੇ ਜੋ ਸ਼ੁਰੂਆਤ ਕੀਤੀ ਹੈ, ਉਸ ਦੀ ਪਾਲਣਾ ਹੌਲੀ-ਹੌਲੀ ਦੂਸਰੇ ਵਿਕਾਸਸ਼ੀਲ ਦੇਸ਼ ਵੀ ਕਰ ਸਕਦੇ ਹਨ। ਜਿਨ੍ਹਾਂ ਦੇਸ਼ਾਂ ਦੀ ਆਮਦਨ ਘੱਟ ਹੁੰਦੀ ਹੈ ਉਨ੍ਹਾਂ ਦੇ ਮੁਦਰਾ ਅਕਸਰ ਕਮਜ਼ੋਰ ਰਹਿੰਦੀ ਹੈ ਅਤੇ ਮਾਰਕੀਟ ਦੇ ਉਤਾਰ ਚੜ੍ਹਾਅ ਕਾਰਨ ਉਸ ਦੀ ਕੀਮਤ ਬਦਲਦੀ ਰਹਿੰਦੀ ਹੈ।"

"ਜੇਕਰ ਬਿਟਕੁਆਇਨ ਦੀ ਵਰਤੋਂ ਵੱਧ ਜਾਵੇਗੀ ਤਾਂ ਅਜਿਹੇ ਦੇਸ਼ਾਂ ਦੀਆਂ ਮੁਦਰਾਵਾਂ ਨੂੰ ਸਥਿਰ ਹੋਣ ਵਿੱਚ ਮਦਦ ਮਿਲੇਗੀ। ਵਿਕਾਸਸ਼ੀਲ ਦੇਸ਼ ਜ਼ਿਆਦਾਤਰ ਪੱਛਮੀ ਦੇਸ਼ਾਂ ਦੀਆਂ ਮੁਦਰਾਵਾਂ ਜਿਵੇਂ ਅਮਰੀਕੀ ਡਾਲਰ ਵਗੈਰਾ 'ਤੇ ਭਰੋਸਾ ਕਰਦੇ ਹਨ।"

"ਇਹ ਮਹਿੰਗਾ ਵੀ ਪੈਂਦਾ ਹੈ ਅਤੇ ਕਦੇ ਕਦੇ ਹੋਰ ਮੁਸ਼ਕਿਲਾਂ ਦਾ ਕਾਰਨ ਵੀ ਬਣ ਜਾਂਦਾ ਹੈ। ਕਈ ਵਾਰ ਆਪਣੇ ਲੈਣ-ਦੇਣ ਦੀ ਪਾਲਿਸੀ ਵਿੱਚ ਵੀ ਬਦਲਾਅ ਕਰਨੇ ਪੈਂਦੇ ਹਨ।"

ਕੀਮਤ 'ਚ ਉਤਾਰ ਚੜ੍ਹਾਅ

ਬਿਟਕੁਆਇਨ ਜਾਂ ਕ੍ਰਿਪਟੋਕਰੰਸੀ ਦੇ ਵੀ ਆਪਣੇ ਕਈ ਨੁਕਸਾਨ ਹਨ ਅਤੇ ਇਸ ਦਾ ਅਸਰ ਸਲਵਾਡੋਰ ਦੇ ਲੋਕਾਂ ਉਪਰ ਪੈ ਸਕਦਾ ਹੈ।

ਇਸ ਦੇ ਲੈਣ ਦੇਣ ਦਾ ਤਰੀਕਾ ਅਤੇ ਇਸ ਵਿੱਚ ਜੋਖ਼ਿਮ ਬਾਰੇ ਹਰ ਕਿਸੇ ਨੂੰ ਗਿਆਨ ਨਹੀਂ ਹੈ। ਆਰਥਿਕਤਾ ਨਾਲ ਸਿੱਧੇ ਤੌਰ 'ਤੇ ਨਾ ਜੁੜੇ ਹੋਣ ਕਾਰਨ ਇਸ ਦੀ ਕੀਮਤ ਵਿੱਚ ਵੀ ਵੱਡਾ ਉਤਾਰ ਚੜ੍ਹਾਅ ਹੁੰਦਾ ਰਹਿੰਦਾ ਹੈ।

ਬੈਂਕਿੰਗ ਸਿਸਟਮ ਵਾਂਗੂ ਬਿਟਕੁਆਇਨ ਵਿੱਚ ਕੋਈ ਅਜਿਹਾ ਤਰੀਕਾ ਨਹੀਂ ਹੈ ਜਿਸ ਨਾਲ ਗਾਹਕ ਦਾ ਇਸ ਦੀ ਕੀਮਤ ਦੇ ਉਤਾਰ ਚੜ੍ਹਾਅ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।

ਇਹ ਵੀ ਪੜ੍ਹੋ-

ਹਾਰਵਰਡ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਕੇਨ ਰਾਊਂਡ ਆਫ ਆਖਦੇ ਹਨ ਕਿ ਕਿਸੇ ਵੀ ਸਫ਼ਲ ਮੁਦਰਾ ਦੇ ਦੋ ਗੁਣ ਹੁੰਦੇ ਹਨ - ਲੈਣ ਦੇਣ 'ਚ ਆਸਾਨੀ ਅਤੇ ਸਥਿਰਤਾ। ਬਿਟਕੁਆਇਨ ਵਿੱਚ ਇਹ ਦੋਨੋਂ ਨਹੀਂ ਹਨ।

"ਕਾਨੂੰਨੀ ਰੂਪ ਵਿੱਚ ਆਰਥਿਕ ਕੰਮਾਂ ਲਈ ਇਸ ਦੀ ਜ਼ਿਆਦਾ ਵਰਤੋਂ ਨਹੀਂ ਹੈ। ਇੱਕ ਅਮੀਰ ਇਨਸਾਨ ਦੂਸਰੇ ਨੂੰ ਇਹ ਵੇਚਦਾ ਰਹਿੰਦਾ ਹੈ ਅਤੇ ਇਸ ਦਾ ਕੋਈ ਬਹੁਤਾ ਲੰਬਾ ਭਵਿੱਖ ਨਜ਼ਰ ਨਹੀਂ ਆਉਂਦਾ।"

ਦੁਨੀਆਂ ਵਿੱਚ ਚਾਹੇ ਬਿਟਕੁਆਇਨ ਦੀ ਲੋਕਪ੍ਰਿਅਤਾ ਵੱਧ ਰਹੀ ਹੈ ਪਰ ਲੈਣ ਦੇਣ ਵਿੱਚ ਇਸ ਦੀ ਵਰਤੋਂ ਜ਼ਿਆਦਾ ਨਹੀਂ ਹੈ। ਜਿਨ੍ਹਾਂ ਲੋਕਾਂ ਕੋਲ ਬਿਟਕੁਆਇਨ ਹੈ ਉਹ ਇਸ ਦੀ ਕੀਮਤ ਵਧਣ ਦੇ ਇੰਤਜ਼ਾਰ ਕਾਰਨ ਹੋਰ ਪੈਸਾ ਕਮਾਉਣ ਦੇ ਫਿਰਾਕ ਵਿਚ ਰਹਿੰਦੇ ਹਨ।"

ਮਹਾਂਮਾਰੀ ਦੌਰਾਨ ਕਈ ਦੇਸ਼ਾਂ ਨੇ ਜ਼ਿਆਦਾ ਨੋਟ ਛਾਪੇ ਹਨ ਤਾਂ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਠੀਕ ਰਹੇ। ਇਹਦੇ ਨਾਲ ਬਾਜ਼ਾਰ ਵਿੱਚ ਮੌਜੂਦ ਪੈਸੇ ਦੀ ਕੀਮਤ ਘੱਟ ਜਾਂਦੀ ਹੈ। ਲੋਕਾਂ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੀ ਰਕਮ ਲਗਭਗ ਸਥਿਰ ਰਹਿੰਦੀ ਹੈ ਪਰ ਜਦੋਂ ਉਹ ਬਾਹਰ ਜਾਂਦੇ ਹਨ, ਖਾਣਾ ਖਾਂਦੇ ਹਨ, ਫ਼ਿਲਮਾਂ ਦੇਖਦੇ ਹਨ ਤਾਂ ਇਹ ਸਭ ਮਹਿੰਗਾ ਪੈਂਦਾ ਹੈ।

ਬਿਟਕੁਆਇਨ ਇਸ ਤੋਂ ਅਲੱਗ ਹੈ। ਇਹ ਸੀਮਿਤ ਅਤੇ ਨਿਯੰਤਰਿਤ ਤਰੀਕੇ ਨਾਲ ਬਾਜ਼ਾਰ ਵਿੱਚ ਮੌਜੂਦ ਹੈ ਅਤੇ ਕੋਈ ਵੀ ਇਸ ਨੂੰ ਆਪਣੀ ਮਰਜ਼ੀ ਨਾਲ ਵਧਾ ਘਟਾ ਨਹੀਂ ਸਕਦਾ।

ਬਿਟਕੁਆਇਨ ਕਦੇ ਵੀ 21 ਲੱਖ ਤੋਂ ਜ਼ਿਆਦਾ ਨਹੀਂ ਹੋਣਗੇ ਅਤੇ ਹਰੇਕ ਬਿਟਕੁਆਇਨ ਅੱਗੋਂ 10 ਕਰੋੜ ਛੋਟੇ ਯੂਨਿਟ ਜਿਸਨੂੰ ਸਾਟੋਸ਼ੀ ਆਖਦੇ ਹਨ, ਵਿੱਚ ਵੰਡਿਆ ਜਾਵੇਗਾ।

ਇਕ ਸਾਹਸਿਕ ਕਦਮ

ਗ੍ਰੀਨ ਅਨੁਸਾਰ ਅਮੀਰ ਦੇਸ਼ਾਂ ਵਿੱਚ ਰਹਿਣ ਵਾਲੇ ਆਲੋਚਕ ਐਲ ਸੈਲਵਾਡੋਰ ਦੇ ਇਸ ਕਦਮ ਨੂੰ ਪਸੰਦ ਨਹੀਂ ਕਰਨਗੇ।

ਅਮਰੀਕੀ ਟ੍ਰੇਜ਼ਰੀ ਸੈਕ੍ਰੇਟਰੀ ਜੈਨੇਟ ਯੇਲਨ ਨੇ ਬਿਟਕੁਆਇਨ ਨੂੰ ਲੈਣ ਦੇਣ ਲਈ ਅਯੋਗ ਕਰਾਰ ਦਿੱਤਾ ਸੀ। ਡਿਜੀਟਲ ਕਰੰਸੀ ਦੀ ਪ੍ਰੋਸੈਸਿੰਗ ਲਈ ਵਰਤੋਂ ਹੋਣ ਵਾਲੀ ਊਰਜਾ ਉੱਪਰ ਵੀ ਉਨ੍ਹਾਂ ਨੇ ਸਵਾਲ ਚੁੱਕੇ ਸਨ।

ਬਿਟਕੁਆਇਨ ਦੀ ਪ੍ਰੋਸੈਸਿੰਗ ਦੀ ਕਿੰਨੀ ਊਰਜਾ ਦੀ ਵਰਤੋਂ ਹੁੰਦੀ ਹੈ ਇਸ ਬਾਰੇ ਕੁਝ ਸਾਫ ਨਹੀਂ ਹੈ ਪਰ ਯੂਨੀਵਰਸਿਟੀ ਆਫ ਕੈਂਬਰਿਜ ਸੈਂਟਰ ਫਾਰ ਆਲਟਰਨੇਟਿਵ ਫਾਇਨੈਂਸ ਅਨੁਸਾਰ ਕੁਲ ਊਰਜਾ 40-445 ਟੈਰਾਵਾਟ ਆਰਜ਼ ਹੋ ਸਕਦੀ ਹੈ।

ਯੂਕੇ ਵਿਖੇ ਸਾਲਾਨਾ ਬਿਜਲੀ ਦੀ 300 ਟੈਰਾਵਾਟ ਆਰਜ਼ ਤੋਂ ਥੋੜ੍ਹੀ ਜ਼ਿਆਦਾ ਵਰਤੋਂ ਹੁੰਦੀ ਹੈ। ਅਰਜਨਟੀਨਾ ਵਿੱਚ ਵੀ ਲਗਭਗ ਇੰਨੀ ਹੀ ਬਿਜਲੀ ਵਰਤੀ ਜਾਂਦੀ ਹੈ।

ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਪਾਰੰਪਰਿਕ ਬੈਂਕਾਂ 'ਚ ਲੈਣ ਦੇਣ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ ਉਥੇ ਹੀ ਬਿਟਕੁਆਇਨ ਅਮੀਰ ਲੋਕਾਂ ਲਈ ਟੈਕਸ ਤੋਂ ਬਚਣ ਦਾ ਇੱਕ ਤਰੀਕਾ ਬਣ ਰਿਹਾ ਹੈ।

ਦੁਨੀਆਂ ਦੇ ਕਈ ਵੱਡੇ ਬੈਂਕ ਆਪਣੀਆਂ ਡਿਜੀਟਲ ਕਰੰਸੀ ਬਣਾਉਣ ਬਾਰੇ ਸੋਚ ਰਹੇ ਹਨ ਅਤੇ ਚੀਨ ਨੇ ਇਸ ਨੂੰ ਲਾਂਚ ਕਰ ਦਿੱਤਾ ਹੈ।

ਬੈਂਕਾਂ ਦੁਆਰਾ ਜਾਰੀ ਕੀਤੀ ਡਿਜੀਟਲ ਕਰੰਸੀ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਜਾਂਦੀ ਹੈ ਜਦੋਂਕਿ ਕ੍ਰਿਪਟੋਕਰੰਸੀ ਵਿੱਚ ਅਜਿਹਾ ਨਹੀਂ ਹੈ।

ਅਲ ਸਲਵਾਡੋਰ ਦੇ ਰਾਸ਼ਟਰਪਤੀ ਬੁਕੇਲੇ ਨੇ ਕਿਹਾ ਸੀ ਕਿ ਬਿਟਕੁਆਇਨ ਨਾਲ ਦੇਸ਼ ਦੀ 70 ਫ਼ੀਸਦ ਆਬਾਦੀ ਨੂੰ ਆਸਾਨੀ ਹੋਵੇਗੀ ਜਿਨ੍ਹਾਂ ਦੇ ਬੈਂਕਾਂ ਵਿੱਚ ਖਾਤੇ ਨਹੀਂ ਹਨ।

ਸੰਸਦ ਵਿੱਚ ਵੋਟਿੰਗ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕੀਤਾ ਸੀ ਕਿ, "ਇਹ ਆਰਥਿਕ ਤੌਰ 'ਤੇ ਤਰੱਕੀ ਲੈ ਕੇ ਆਵੇਗੀ ਅਤੇ ਇਸੇ ਨਾਲ ਹੀ ਸੈਰ-ਸਪਾਟਾ ਖੇਤਰ, ਉਦਯੋਗ, ਨਿਵੇਸ਼ ਆਦਿ ਨੂੰ ਵੀ ਫ਼ਾਇਦਾ ਹੋਵੇਗਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਭਾਰਤ ਅਤੇ ਬਿਟਕੁਆਇਨ

ਐਲ ਸੈਲਵਾਡੋਰ ਦੇ ਇਸ ਫ਼ੈਸਲੇ ਦਾ ਭਾਰਤ ਉਪਰ ਸਿੱਧੇ ਤੌਰ 'ਤੇ ਤਾਂ ਕੋਈ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ।

ਐਲ ਸੈਲਵਾਡੋਰ ਵਾਂਗ ਭਾਰਤ ਦੀ ਵੀ ਵੱਡੀ ਆਬਾਦੀ ਵਿਦੇਸ਼ਾਂ ਵਿੱਚ ਰਹਿੰਦੀ ਹੈ ਅਤੇ ਭਾਰਤ ਵਿੱਚ ਪੈਸਾ ਭੇਜਦੀ ਹੈ।

ਵਿਦੇਸ਼ਾਂ ਤੋਂ ਆਉਂਦੇ ਪੈਸੇ ਦੇ ਲੈਣ ਦੇਣ ਵਿੱਚ ਐਲ ਸੈਲਵਾਡੋਰ ਨੂੰ ਕਿੰਨੀ ਆਸਾਨੀ ਹੋਵੇਗੀ ਭਾਰਤ ਉਸ ਉਪਰ ਨਜ਼ਰ ਰੱਖ ਸਕਦਾ ਹੈ। ਭਵਿੱਖ ਵਿੱਚ ਆਪਣੀ ਵਿਦੇਸ਼ਾਂ ਵਿੱਚ ਵਸਦੇ ਨਾਗਰਿਕਾਂ ਨੂੰ ਮੱਦੇਨਜ਼ਰ ਰੱਖਦੇ ਕੋਈ ਪਾਲਿਸੀ ਵੀ ਬਣਾ ਸਕਦਾ ਹੈ।

ਖ਼ਬਰ ਏਜੰਸੀ ਰੌਇਟਰਜ਼ ਦੀ ਮਾਰਚ ਵਿੱਚ ਛਪੀ ਖ਼ਬਰ ਅਨੁਸਾਰ ਭਾਰਤ ਕ੍ਰਿਪਟੋਕਰੰਸੀ ਉੱਪਰ ਬੈਨ ਨੂੰ ਲੈ ਕੇ ਕਾਨੂੰਨ ਲਿਆਉਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)