World Environment Day: 6 ਅਸਰਦਾਰ ਤਰੀਕੇ, ਜਿਸ ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ

ਵਾਤਾਵਰਨ ਤਬਦੀਲੀ ਮਨੁੱਖਤਾ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਬਣ ਕੇ ਉਭਰੀ ਹੈ। ਇਹ ਸਾਡੀ ਚੰਗੀ ਕਿਸਮਤ ਹੈ ਕਿ ਦੁਨੀਆਂ ਭਰ ਦੇ ਬਹੁਤ ਸਾਰੇ ਬੁੱਧੀਜੀਵੀ ਇਸ ਸਮੱਸਿਆ ਦੇ ਹੱਲ ਲਈ ਕੰਮ ਕਰ ਰਹੇ ਹਨ।

ਇਸ ਰਿਪੋਰਟ 'ਚ ਬੀਬੀਸੀ ਸੀਰੀਜ਼ '39 ਵੇਜ਼ ਟੂ ਸੇਵ ਦਿ ਪਲੈਨੇਟ' 'ਚੋਂ ਵਾਤਾਵਰਨ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਛੇ ਸਭ ਤੋਂ ਵਧੀਆ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ।

ਕੁੜੀਆਂ ਨੂੰ ਸਿੱਖਿਅਤ ਕਰਨਾ

ਦੁਨੀਆਂ ਭਰ 'ਚ ਲੋਕਾਂ ਦੇ ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ਬਾਰੇ ਪਹਿਲਾਂ ਵੀ ਕਈ ਚਰਚਾਵਾਂ ਹੋਈਆਂ ਹਨ। ਹਾਲਾਂਕਿ ਕੁੜੀਆਂ ਦੀ ਸਿੱਖਿਆ ਵੱਲ ਵਧੇਰੇ ਧਿਆਨ ਦੇਣ ਨਾਲ ਨਾ ਸਿਰਫ਼ ਸਮਾਜਿਕ ਅਤੇ ਆਰਥਿਕ ਲਾਭ ਹਾਸਲ ਹੋਵੇਗਾ ਸਗੋਂ ਵਾਤਾਵਰਨ ਤਬਦੀਲੀ ਨਾਲ ਨਜਿੱਠਣ 'ਚ ਵੀ ਮਦਦ ਮਿਲੇਗੀ।

ਜਦੋਂ ਕੁੜੀਆਂ ਪੜ੍ਹਾਈ ਲਈ ਵਧੇਰੇ ਸਮਾਂ ਸਕੂਲਾਂ 'ਚ ਰਹਿਣਗੀਆਂ ਤਾਂ ਉਹ ਜਲਦੀ ਮਾਂ ਨਹੀਂ ਬਣਨਗੀਆਂ।

ਇਹ ਵੀ ਪੜ੍ਹੋ:

ਜੇਕਰ ਸਾਰੀਆਂ ਹੀ ਕੁੜੀਆਂ ਆਪਣੀ ਮੁੱਢਲੀ ਸਕੂਲੀ ਪੜ੍ਹਾਈ ਮੁਕੰਮਲ ਕਰਨ ਤਾਂ ਸਾਲ 2050 ਤੱਕ ਜਿੰਨੀ ਆਬਾਦੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਉਸ ਦੀ ਤੁਲਨਾ 'ਚ ਦੁਨੀਆਂ ਭਰ 'ਚ 84 ਕਰੋੜ ਲੋਕ ਘੱਟ ਹੋਣਗੇ।

ਇਹ ਸੱਚ ਹੈ ਕਿ ਆਬਾਦੀ ਅਤੇ ਵਾਤਾਵਰਨ ਤਬਦੀਲੀ ਦੀ ਸਮੱਸਿਆ ਦਰਮਿਆਨ ਸਬੰਧ ਸ਼ੁਰੂ ਤੋਂ ਹੀ ਵਿਵਾਦਪੂਰਨ ਰਿਹਾ ਹੈ। ਕਈ ਗਰੀਬ ਦੇਸਾਂ 'ਚ ਅਮੀਰ ਦੇਸਾਂ ਦੇ ਮੁਕਾਬਲੇ ਕਾਰਬਨ ਦਾ ਨਿਕਾਸ ਬਹੁਤ ਘੱਟ ਹੈ। ਹਾਲਾਂਕਿ ਧਰਤੀ ਦੇ ਸਰੋਤਾਂ 'ਤੇ ਲਗਾਤਾਰ ਦਬਾਅ ਵੱਧਦਾ ਜਾ ਰਿਹਾ ਹੈ ਅਤੇ ਅਜਿਹੀ ਸਥਿਤੀ 'ਚ ਆਬਾਦੀ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ।

ਕੁੜੀਆਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਦਾ ਕੰਮ ਸਿਰਫ਼ ਵੱਸੋਂ ਕੰਟਰੋਲ ਕਰਨ ਤੱਕ ਹੀ ਸੀਮਿਤ ਨਹੀਂ ਹੈ। ਬਲਕਿ ਨੌਕਰੀਆਂ, ਕਾਰੋਬਾਰ ਅਤੇ ਰਾਜਨੀਤੀ 'ਚ ਔਰਤਾਂ ਦੀ ਵਧੇਰੇ ਹਿੱਸੇਦਾਰੀ ਵੀ ਵਾਤਾਵਰਨ ਦੀ ਸੁਰੱਖਿਆ ਨੂੰ ਉਤਸ਼ਾਹਤ ਕਰੇਗੀ।

ਬਹੁਤ ਸਾਰੇ ਅਧਿਐਨ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਜੇਕਰ ਔਰਤਾਂ ਅਗਵਾਈ ਕਰਨ ਤਾਂ ਜਲਵਾਯੂ ਤਬਦੀਲੀ ਦੇ ਸਬੰਧ 'ਚ ਵਧੇਰੇ ਬਿਹਤਰ ਨੀਤੀਆਂ ਬਣ ਸਕਦੀਆਂ ਹਨ। ਪਰ ਸਵਾਲ ਹੈ ਕਿਵੇਂ?

ਮਹਿਲਾ ਆਗੂ ਮਰਦਾਂ ਦੇ ਮੁਕਾਬਲੇ ਵਿਗਿਆਨਕ ਸੁਝਾਅ ਨੂੰ ਵਧੇਰੇ ਗੰਭੀਰਤਾ ਨਾਲ ਸੁਣਦੀਆਂ ਹਨ। ਕੋਰੋਨਾਵਾਇਰਸ ਮਹਾਮਾਰੀ ਦੌਰਾਨ ਵੀ ਇਹ ਗੱਲ ਸਾਬਤ ਹੋਈ ਹੈ। ਮੌਜੂਦਾ ਸਮੇਂ ਕਈ ਚੈਰੀਟੀਜ਼ ਸਿੱਖਿਆ ਦੇ ਲਈ ਵੱਡੇ ਪੱਧਰ 'ਤੇ ਫੰਡ ਮੁਹੱਈਆ ਕਰਵਾ ਰਹੀਆਂ ਹਨ ਅਤੇ ਇਹ ਕੰਮ ਵੀ ਕਰ ਰਿਹਾ ਹੈ।

ਦੁਨੀਆਂ ਭਰ ਦੇ ਸਕੂਲਾਂ 'ਚ ਕੁੜੀਆਂ ਦਾ ਅਨੁਪਾਤ ਵੱਧ ਰਿਹਾ ਹੈ। ਬੰਗਲਾਦੇਸ਼ ਵਰਗੇ ਦੇਸ 'ਚ ਜਿੱਥੇ 1980 ਦੇ ਦਹਾਕੇ 'ਚ ਕੁੜੀਆਂ ਦਾ ਸੰਕੈਡਰੀ ਸਿੱਖਿਆ 'ਚ ਦਾਖਲਾ ਸਿਰਫ਼ 30 ਫੀਸਦ ਹੀ ਸੀ, ਉਹ ਮੌਜੂਦਾ ਸਮੇਂ ਵੱਧ ਕੇ 70 ਫੀਸਦ ਹੋ ਗਿਆ ਹੈ।

ਬਾਂਸ ਦੇ ਕਈ ਫਾਇਦੇ

ਬਾਂਸ ਦੁਨੀਆਂ ਭਰ 'ਚ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਬੂਟਾ ਹੈ। ਇਹ ਇੱਕ ਦਿਨ 'ਚ ਇੱਕ ਮੀਟਰ ਤੱਕ ਵੱਧ ਸਕਦਾ ਹੈ ਅਤੇ ਦੂਜੇ ਰੁੱਖਾਂ ਦੇ ਮੁਕਾਬਲੇ ਇਹ ਕਾਰਬਨ ਵੀ ਵਧੇਰੇ ਤੇਜ਼ੀ ਨਾਲ ਖਿੱਚਦਾ ਹੈ। ਇੰਜੀਨੀਅਰਡ ਬਾਂਸ ਤਾਂ ਸਟੀਲ ਨਾਲੋਂ ਵੀ ਵਧੇਰੇ ਮਜ਼ਬੂਤ ਹੋ ਸਕਦੇ ਹਨ।

ਇੰਨ੍ਹਾਂ ਸਾਰੀਆਂ ਸਮਰੱਥਾਵਾਂ ਦੇ ਮੱਦੇਨਜ਼ਰ ਇਹ ਫਰਨੀਚਰ ਅਤੇ ਇਮਾਰਤਾਂ ਦੀ ਉਸਾਰੀ 'ਚ ਅਹਿਮ ਬਣ ਜਾਂਦਾ ਹੈ।

ਚੀਨ 'ਚ ਬਾਂਸ ਨੂੰ ਗਰੀਬਾਂ ਲਈ ਇਮਾਰਤੀ ਲੱਕੜੀ ਦੇ ਰੂਪ 'ਚ ਵੇਖਿਆ ਜਾਂਦਾ ਹੈ। ਪਰ ਹੁਣ ਇਹ ਧਾਰਨਾ ਬਦਲ ਰਹੀ ਹੈ। ਹੁਣ ਬਾਂਸ ਦੇ ਉਤਪਾਦ ਸਟੀਲ, ਪੀਵੀਸੀ, ਐਲਮੀਨੀਅਮ ਅਤੇ ਕੰਕਰੀਟ ਦੇ ਬਦਲ ਵਜੋਂ ਸਾਹਮਣੇ ਆ ਰਹੇ ਹਨ।

ਵਧੇਰੇ ਬਾਂਸ ਵਾਤਾਵਰਨ ਦੇ ਲਈ ਕਈ ਤਰ੍ਹਾਂ ਨਾਲ ਲਾਭਦਾਇਕ ਹਨ। ਇਹ ਕੀੜਿਆਂ ਨੂੰ ਦੂਰ ਕਰਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ 'ਚ ਵੀ ਮਦਦਗਾਰ ਸਿੱਧ ਹੁੰਦੇ ਹਨ। ਇਸ ਦੇ ਨਾਲ ਹੀ ਇਹ ਮਿੱਟੀ ਦੇ ਵਹਾਅ ਨੂੰ ਵੀ ਰੋਕਣ 'ਚ ਅਹਿਮ ਭੂਮਿਕਾ ਅਦਾ ਕਰਦੇ ਹਨ।

ਆਰਿਫ਼ ਰਾਬਿਕ ਇੰਡੋਨੇਸ਼ੀਆ 'ਚ ਇਨਵਾਇਰਮੈਂਟਲ ਬੈਂਬੂ ਫਾਊਡੇਸ਼ਨ ਚਲਾਉਂਦੇ ਹਨ।

ਆਰਿਫ਼ ਧਰਤੀ ਨੂੰ ਮੁੜ ਤੋਂ ਕੁਦਰਤੀ ਤੌਰ 'ਤੇ ਉੱਚ ਬਣਾਉਣ ਸਬੰਧੀ ਕੰਮ 'ਚ ਜੁੱਟੇ ਹੋਏ ਹਨ। ਉਹ ਕਾਰਬਨ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਇੱਕ ਹਜ਼ਾਰ ਬਾਂਸ ਦੇ ਪਿੰਡ ਬਣਉਣ ਦੀ ਯੋਜਨਾ 'ਤੇ ਵੀ ਕੰਮ ਕਰ ਰਹੇ ਹਨ।

ਇੰਨ੍ਹਾਂ ਪਿੰਡਾਂ ਦੇ ਨੇੜੇ ਲਗਭਗ 20 ਵਰਗ ਕਿਲੋਮੀਟਰ 'ਚ ਬਾਂਸ ਦੇ ਜੰਗਲ ਅਤੇ ਹੋਰ ਫ਼ਸਲਾਂ ਦੀ ਕਾਸ਼ਤ ਹੋਵੇਗੀ। ਇੰਨ੍ਹਾਂ ਜੰਗਲਾਂ 'ਚ ਜਾਨਵਰ ਵੀ ਹੋਣਗੇ। ਆਰਿਫ਼ ਆਪਣੇ ਇਸ ਵਿਚਾਰ ਨੂੰ 9 ਹੋਰ ਦੇਸਾਂ 'ਚ ਵੀ ਲਾਗੂ ਕਰਨਾ ਚਾਹੁੰਦੇ ਹਨ।

ਆਰਿਫ਼ ਦਾ ਕਹਿਣਾ ਹੈ, "ਇਸ ਨਾਲ ਅਸੀਂ ਹਰ ਸਾਲ ਵਾਤਾਵਰਨ 'ਚੋਂ ਇੱਕ ਅਰਬ ਟਨ ਕਾਰਬਨ ਡਾਈਆਕਸਾਈਡ ਹਟਾਉਣ 'ਚ ਸਫ਼ਲ ਰਹਾਂਗੇ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪ੍ਰਮੁੱਖ ਪ੍ਰਦੂਸ਼ਕਾਂ ਨਾਲ ਲੜਨ ਲਈ ਕਾਨੂੰਨ ਦੀ ਵਰਤੋਂ

ਵਾਤਾਵਰਨ ਮਾਮਲਿਆਂ ਦੇ ਵਕੀਲ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਕਾਨੂੰਨ ਦੀ ਮਦਦ ਲੈ ਰਹੇ ਹਨ। ਇੱਥੋਂ ਤੱਕ ਕਿ ਇਸ ਮਾਮਲੇ 'ਚ ਕਾਨੂੰਨ ਨੂੰ ਪ੍ਰਦੂਸ਼ਣ ਫੈਲਾ ਰਹੀਆਂ ਕੰਪਨੀਆਂ ਅਤੇ ਸਰਕਾਰਾਂ ਦੇ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕੀਤਾ ਜਾ ਸਕੇ।

ਹਾਲ 'ਚ ਹੀ ਨੀਦਰਲੈਂਡ ਦੀ ਇੱਕ ਅਦਾਲਤ ਨੇ ਕਿਹਾ ਕਿ ਤੇਲ ਕੰਪਨੀ ਕਾਰਬਨ ਦੇ ਨਿਕਾਸ ਨੂੰ ਘਟਾਉਣ ਲਈ ਪੈਰਿਸ ਸਮਝੌਤੇ ਪ੍ਰਤੀ ਪਾਬੰਦ ਹੈ। ਇਹ ਇੱਕ ਅਹਿਮ ਕੇਸ ਮੰਨਿਆ ਜਾ ਰਿਹਾ ਹੈ।

ਕਾਰਬਨ ਦੇ ਨਿਕਾਸ ਨੂੰ ਰੋਕਣ ਲਈ ਸਿਰਫ਼ ਵਾਤਾਵਰਨ ਕਾਨੂੰਨ ਹੀ ਇਕੱਲੇ ਅਹਿਮ ਸਾਧਨ ਨਹੀਂ ਹਨ ਸਗੋਂ ਯੋਗ ਵਕੀਲ ਇਸ ਮਾਮਲੇ 'ਚ ਰਚਨਾਤਮਕ ਤਰੀਕਿਆਂ ਦੀ ਵੀ ਵਰਤੋਂ ਕਰ ਰਹੇ ਹਨ। ਇਹ ਮਨੁੱਖੀ ਅਧਿਕਾਰਾਂ ਦੇ ਕਾਨੂੰਨ, ਰੁਜ਼ਗਾਰ ਕਾਨੂੰਨ ਅਤੇ ਇੱਥੋਂ ਤੱਕ ਕਿ ਕੰਪਨੀ ਕਾਨੂੰਨ ਦੀ ਵੀ ਵਰਤੋਂ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਕਰ ਰਹੇ ਹਨ।

2020 'ਚ ਸਿਰਫ਼ 35 ਡਾਲਰ ਦੇ ਸ਼ੇਅਰ ਰੱਖਣ ਵਾਲੇ ਇੱਕ ਨਿਵੇਸ਼ਕ ਸਮੂਹ ਨੇ ਪੋਲੈਂਡ 'ਚ ਬਣ ਰਹੇ ਇੱਕ ਕੋਲੇ ਦੇ ਪਲਾਂਟ 'ਤੇ ਰੋਕ ਲਗਾ ਦਿੱਤੀ ਸੀ। ਆਖਰ ਇਹ ਸਭ ਕਿਵੇਂ ਹੋਇਆ?

ਵਾਤਾਵਰਨ ਸਮੂਹ 'ਕਲਾਇੰਟ ਅਰਥ' ਨੇ ਆਪਣੇ ਸ਼ੇਅਰਾਂ ਦੀ ਵਰਤੋਂ ਇੱਕ ਪੋਲਿਸ਼ ਊਰਜਾ ਕੰਪਨੀ 'ਚ ਕੀਤੀ ਸੀ ਅਤੇ ਕਾਰਪੋਰੇਟ ਕਾਨੂੰਨ ਦੀ ਵਰਤੋਂ ਕਰਕੇ ਕੋਲਾ ਪਲਾਂਟ ਬਣਾਉਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਅਦਾਲਤ ਨੇ ਹੁਕਮ ਜਾਰੀ ਕੀਤਾ ਕਿ ਇਹ ਨਵਾਂ ਕੋਲੇ ਦਾ ਪਲਾਂਟ ਗੈਰ-ਕਾਨੂੰਨੀ ਹੈ ਅਤੇ ਇਸ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ:

ਫਰਿੱਜ ਅਤੇ ਏਅਰ ਕੰਡੀਸ਼ਨਰ ਤੋਂ ਖ਼ਤਰਾ

ਸਾਰੇ ਫਰਿੱਜਾਂ, ਫ੍ਰੀਜ਼ਰ ਅਤੇ ਏਅਰਕੰਡੀਸ਼ਨਿੰਗ ਇਕਾਈਆਂ 'ਚ ਰਸਾਇਣਕ ਰੈਫ੍ਰੀਜੇਟਰ ਹੁੰਦੇ ਹਨ। ਜਿਵੇਂ ਕਿ ਹਾਈਡਰੋਫਲੋਰੋਕਾਰਬਨ (HFCs) । ਪਰ ਇਨਸੂਲੇਟਿੰਗ ਪਾਵਰ ਨਾਲ ਫਰਿੱਜ 'ਚ ਐੱਚਐੱਫ਼ਸੀ ਫੈਬ ਬਣਾਉਂਦੀ ਹੈ, ਜੋ ਕਿ ਵਾਤਾਵਰਨ ਲਈ ਖ਼ਤਰਨਾਕ ਹੁੰਦੀ ਹੈ।

ਐੱਚਐੱਫ਼ਸੀ ਗ੍ਰੀਨਹਾਊਸ ਗੈਸ ਹੈ, ਜੋ ਕਿ ਸੀਓ2 ਦੀ ਤੁਲਨਾ 'ਚ ਵਧੇਰੇ ਖ਼ਤਰਨਾਕ ਹੈ। ਸਾਲ 2017 'ਚ ਦੁਨੀਆਂ ਭਰ ਦੇ ਆਗੂ ਇਸ 'ਤੇ ਕਾਬੂ ਪਾਉਣ ਲਈ ਸਹਿਮਤ ਹੋਏ ਸਨ।

ਜੇਕਰ ਅਜਿਹਾ ਹੁੰਦਾ ਹੈ ਤਾਂ ਗਲੋਬਲ ਤਾਪਮਾਨ ਨੂੰ 0.5 ਡਿਗਰੀ ਤੱਕ ਘਟਾਇਆ ਜਾ ਸਕਦਾ ਹੈ। ਪਰ ਫਰਿੱਜ ਅਤੇ ਏਅਰ ਕੰਡੀਸ਼ਨਰ ਪਹਿਲਾਂ ਹੀ ਵਾਧੂ ਮਾਤਰਾ 'ਚ ਹਨ। ਜ਼ਿਆਦਾਤਰ ਉਪਕਰਨਾਂ ਦੇ ਪੁਰਾਣੇ ਹੋਣ 'ਤੇ ਉਨ੍ਹਾਂ 'ਚੋਂ ਰੈਫ੍ਰੀਜਰੇਟਰ ਦਾ ਨਿਕਾਸ ਵੱਧ ਜਾਂਦਾ ਹੈ ਇਸ ਲਈ ਇਨ੍ਹਾਂ ਨੂੰ ਰੀਸਾਈਕਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਚੰਗੀ ਗੱਲ ਇਹ ਹੈ ਕਿ ਦੁਨੀਆਂ ਭਰ ਦੇ ਮਾਹਰਾਂ ਦੀ ਇੱਕ ਟੀਮ ਇਸ ਖ਼ਤਰਨਾਕ ਰੈਫ੍ਰੀਜਰੇਟਰ ਗੈਸ ਨੂੰ ਖ਼ਤਮ ਕਰਨ 'ਚ ਲੱਗੀ ਹੋਈ ਹੈ। ਖ਼ਤਰਨਾਕ ਗੈਸਾਂ ਤੋਂ ਸੁਰੱਖਿਆ ਸਬੰਧੀ ਕੰਮ ਕਰਨ ਵਾਲੀ ਕੰਪਨੀ ਟਰੇਡਵਾਟਰ 'ਚ ਮਾਰੀਆ ਗੁਟਰੇਜ਼ ਕੌਮਾਂਤਰੀ ਪ੍ਰੋਗਰਾਮ ਦੀ ਡਾਇਰੈਕਟਰ ਹਨ।

ਇਹ ਕੰਪਨੀ ਪੁਰਾਣੇ ਗੋਦਾਮਾਂ ਦੀ ਖੋਜ ਕਰਦੀ ਹੈ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਕੰਮ ਕਰਦੀ ਹੈ।

ਮਾਰੀਆ ਕਹਿੰਦੇ ਹਨ ਕਿ ਕਈ ਲੋਕ ਉਨ੍ਹਾਂ ਨੂੰ ਗੋਸਟਬਸਟਰ ਕਹਿੰਦੇ ਹਨ।

ਸਮੁੰਦਰੀ ਜਹਾਜ਼ਾਂ ਨੂੰ ਵਧੇਰੇ ਚਿਕਨਾ ਬਣਾਉਣ ਦੀ ਲੋੜ

ਸਮੁੰਦਰੀ ਆਵਾਜਾਈ ਗਲੋਬਲ ਆਰਥਿਕਤਾ ਲਈ ਬਹੁਤ ਖ਼ਾਸ ਹੈ। ਗਲੋਬਲ ਵਪਾਰ ਦਾ 90 ਫੀਸਦ ਕਾਰੋਬਾਰ ਸਮੁੰਦਰੀ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਹੈ। ਮਨੁੱਖ ਵੱਲੋਂ ਬਣਾਏ ਗਏ ਨਿਕਾਸ 'ਚ ਸਮੁੰਦਰੀ ਆਵਾਜਾਈ ਦਾ ਹਿੱਸਾ ਸਿਰਫ਼ 2 ਫੀਸਦ ਦੇ ਕਰੀਬ ਹੀ ਹੈ।

ਭਵਿੱਖ 'ਚ ਸਮੁੰਦਰੀ ਆਵਾਜਾਈ ਰਾਹੀਂ ਨਿਕਾਸ ਦਾ ਗ੍ਰਾਫ਼ ਵੱਧ ਸਕਦਾ ਹੈ। ਅਸੀਂ ਇੰਨ੍ਹਾਂ ਸਮੁੰਦਰੀ ਜਹਾਜ਼ਾਂ 'ਤੇ ਬਹੁਤ ਨਿਰਭਰ ਹਾਂ। ਸਮੁੰਦਰੀ ਜਹਾਜ਼ਾਂ ਜ਼ਰੀਏ ਸਮਾਨ ਦੀ ਢੋਆ-ਢੁਆਈ ਕਰਨ ਵਾਲੇ ਜਹਾਜ਼ਾਂ ਦੇ ਨਾਲ ਸਮੁੰਦਰੀ ਜੀਵ ਵੀ ਆ ਜਾਂਦੇ ਹਨ। ਇਸ 'ਚ ਬਾਰਨੇਕਲਸ ਵੀ ਹੈ ਜਿਸ ਨੂੰ ਕਿ ਇੱਕ ਵੱਡੀ ਸਮੱਸਿਆ ਵਜੋਂ ਦੇਖਿਆ ਜਾ ਰਿਹਾ ਹੈ।

ਸਮੁੰਦਰੀ ਜਹਾਜ਼ਾਂ 'ਚ ਸਮੁੰਦਰੀ ਜੀਵਾਂ ਦੇ ਕਾਰਨ 25 ਫੀਸਦ ਡੀਜ਼ਲ ਦੀ ਖ਼ਪਤ ਵੱਧ ਸਕਦੀ ਹੈ। ਜਿਸ ਕਾਰਨ ਸਲਾਨਾ 31 ਅਰਬ ਡਾਲਰ ਦੇ ਬਾਲਣ ਦੀ ਖ਼ਪਤ 'ਚ ਵਾਧਾ ਹੋ ਰਿਹਾ ਹੈ। ਬਾਰਨੇਕਲਸ ਜਹਾਜ਼ਾਂ ਨਾਲ ਚਿਪਕ ਕੇ ਆ ਜਾਂਦੇ ਹਨ ਅਤੇ ਇੰਨ੍ਹਾਂ ਨੂੰ ਹਟਾਉਣ ਲਈ ਬਾਲਣ ਦੀ ਵਰਤੋਂ ਕਰਨੀ ਪੈਂਦੀ ਹੈ।

ਇਸ ਕਰਕੇ ਵੀ ਕਾਰਬਨ ਦੇ ਨਿਕਾਸ 'ਚ ਵਾਧਾ ਹੋ ਰਿਹਾ ਹੈ। ਬਾਰਨੇਕਲਸ ਸਮੁੰਦਰੀ ਜਹਾਜ਼ਾਂ ਨਾਲ ਨਾ ਚਿਪਕਣ, ਇਸ ਲਈ ਸਮੁੰਦਰੀ ਜਹਾਜ਼ਾਂ ਦੇ ਹੇਠਲੇ ਹਿੱਸੇ ਨੂੰ ਸਲਿਪਰੀ ਬਣਾਉਣ ਲਈ ਗ੍ਰੀਸ ਤੋਂ ਇਲਾਵਾ ਹੋਰ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਕਾਰਜ ਲਈ ਯੂਵੀ ਪੇਂਟ ਅਤੇ ਇਲੈਕਟ੍ਰਿਕ ਕਲੋਰੀਨੇਸ਼ਨ ਵਰਗੇ ਬਦਲ 'ਤੇ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ।

ਸੁਪਰ ਰਾਈਸ ਤੋਂ ਕਾਰਬਨ ਨਿਕਾਸ

ਕੀ ਤੁਸੀਂ ਜਾਣਦੇ ਹੋ ਕਿ ਚੌਲ ਦੇ ਉਤਪਾਦਨ ਦੌਰਾਨ ਕਾਰਬਨ ਨਿਕਾਸ ਵਧੇਰੇ ਹੁੰਦਾ ਹੈ?

ਇੱਥੋਂ ਤੱਕ ਕਿ ਹਵਾਬਾਜ਼ੀ ਸਨਅਤ ਅਤੇ ਚੌਲ ਦੇ ਉਤਪਾਦਨ 'ਚ ਲਗਭਗ ਬਰਾਬਰ ਦਾ ਹੀ ਕਾਰਬਨ ਨਿਕਾਸ ਹੁੰਦਾ ਹੈ।

ਇਸ ਪਿੱਛੇ ਕਾਰਨ ਇਹ ਹੈ ਕਿ ਵਧੇਰੇਤਰ ਚਾਵਲ ਪਾਣੀ ਨਾਲ ਭਰੇ ਖੇਤਾਂ 'ਚ ਹੀ ਲਗਾਏ ਜਾਂਦੇ ਹਨ, ਭਾਵ ਕਿ ਚੌਲ ਦੀ ਖੇਤੀ 'ਚ ਪਾਣੀ ਦੀ ਵਧੇਰੇ ਵਰਤੋਂ ਹੁੰਦੀ ਹੈ।

ਪਾਣੀ ਆਕਸੀਜਨ ਨੂੰ ਮਿੱਟੀ ਤੱਕ ਪਹੁੰਚਣ ਤੋਂ ਰੋਕਦਾ ਹੈ। ਜਿਸ ਕਾਰਨ ਜੀਵਾਣੂਆਂ ਨੂੰ ਮੀਥੇਨ ਬਣਾਉਣ ਲਈ ਉਚਿਤ ਸਥਿਤੀ ਹਾਸਲ ਹੋ ਜਾਂਦੀ ਹੈ। ਮੀਥੇਨ ਇੱਕ ਅਜਿਹੀ ਗੈਸ ਹੈ ਜੋ ਕਿ ਪ੍ਰਤੀ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਦੀ ਤੁਲਨਾ 'ਚ ਗਲੋਬਲ ਤਾਪਮਾਨ ਨੂੰ 25 ਗੁਣਾ ਵਧੇਰੇ ਵਧਾ ਸਕਦੀ ਹੈ।

ਇਸ ਵਾਤਾਵਰਨ ਸੰਕਟ ਨਾਲ ਨਜਿੱਠਣ ਲਈ ਵਿਗਿਆਨੀ ਚੌਲ ਕ੍ਰਾਂਤੀ 'ਤੇ ਕੰਮ ਕਰ ਰਹੇ ਹਨ। ਵਿਗਿਆਨੀ ਅਜਿਹੇ ਚੌਲਾਂ ਦਾ ਉਤਪਾਦਨ ਕਰਨਾ ਚਾਹੁੰਦੇ ਹਨ, ਜਿਸ ਨੂੰ ਕਿ ਸੁੱਕੀ ਜ਼ਮੀਨ 'ਚ ਉਗਾਇਆ ਜਾ ਸਕੇ।

ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨਾਂ ਲਈ ਵੀ ਚੌਲ ਦੀ ਖੇਤੀ ਬਹੁਤ ਸੌਖੀ ਹੋ ਜਾਵੇਗੀ ਅਤੇ ਮੀਥੇਨ ਗੈਸ ਦੇ ਨਿਕਾਸ 'ਤੇ ਵੀ ਰੋਕ ਲੱਗ ਜਾਵੇਗੀ।

ਉਮੀਦ ਹੈ ਕਿ ਇੱਕ ਦਹਾਕੇ ਦੇ ਅੰਦਰ ਹੀ ਅਜਿਹੇ ਚੌਵਲ ਦੀ ਖੋਜ ਹੋ ਜਾਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)