ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਨੂੰ ਇੱਕੋ ਟੀਮ ’ਚ ਲਿਆਉਣ ਤੋਂ ਜ਼ਰੂਰੀ ਹੁਣ ਹੋਰ ਕੰਮ ਹਨ-ਹਰੀਸ਼ ਰਾਵਤ- ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਕੋਰੋਨਾਵਾਇਰਸ ਅਤੇ ਦੇਸ਼-ਦੁਨੀਆਂ ਦੀਆਂ ਅਹਿਮ ਖਬਰਾਂ ਪਹੁੰਚਾ ਰਹੇ ਹਾਂ। ਅੱਜ ਪੰਜਾਬ ਸਰਕਾਰ ਨੇ ਜਿੱਥੇ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਸਪਾਲਈ ਕਰਨ ਦਾ ਆਦੇਸ਼ ਵਾਪਸ ਲੈ ਲਿਆ ਅਤੇ ਦਿੱਲੀ ਹਾਈ ਕੋਰਟ ਨੇ ਫਿਲਮ ਅਦਾਕਾਰਾ ਜੂਹੀ ਚਾਵਲਾ ਨੂੰ ਕੀਤਾ 20 ਲੱਖ ਰੁਪਏ ਦਾ ਜੁਰਮਾਨਾ.।

ਪਰ ਸਭ ਤੋਂ ਪਹਿਲਾਂ, ਪੰਜਾਬ ਵਿੱਚ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਇੱਕ ਵੇਲੇ ਉਹ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਕੱਠਿਆਂ ਇੱਕ ਟੀਮ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਹੁਣ ਇਸ ਤੋਂ ਵੱਧ ਅਹਿਮ ਕੰਮ ਸਾਹਮਣੇ ਆ ਗਏ ਹਨ।

ਖ਼ਬਰ ਏਜੰਸੀ ਏਐੱਨਆਈ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਬਾਰੇ ਉਨ੍ਹਾਂ ਕਿਹਾ, "ਸਰਕਾਰ ਦੀਆਂ ਚੁਣੌਤੀਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਨਾਲ ਸਾਡਾ ਵਿਚਾਰ ਵਟਾਂਦਰਾ ਤਿੰਨ ਘੰਟਿਆਂ ਤੱਕ ਚੱਲਿਆ।

ਇਹ ਵੀ ਪੜ੍ਹੋ-

"ਉਨ੍ਹਾਂ ਨੇ 2022 ਦੀਆਂ ਪੰਜਾਬ ਚੋਣਾਂ ਲਈ ਰੋਡਮੈਪ ਸਾਂਝਾ ਕੀਤਾ। ਅਸੀਂ ਇਹ ਰੋਡਮੈਪ ਕਾਂਗਰਸ ਪ੍ਰਧਾਨ ਅੱਗੇ ਰੱਖਾਂਗੇ।"

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਮੀਟਿੰਗ ਵਿੱਚ 6 ਮਹੀਨੇ ਮਗਰੋਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਹੋਈ।

ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਸਪਲਾਈ ਕਰਨ ਦਾ ਫੈਸਲਾ ਵਾਪਸ ਲਿਆ

ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਸਪਾਲਈ ਕਰਨ ਦਾ ਆਦੇਸ਼ ਵਾਪਸ ਲੈ ਲਿਆ ਹੈ। ਵੈਕਸੀਨ ਦੇ ਸਟੇਟ ਇੰਚਾਰਜ ਵਿਕਾਸ ਗਰਗ ਵੱਲੋਂ ਜਾਰੀ ਲੈਟਰ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਸਹੀ ਭਾਵਨਾ ਨਾਲ ਨਹੀਂ ਲਿਆ ਗਿਆ ਸੀ ਇਸ ਲਈ ਇਸ ਨੂੰ ਵਾਪਸ ਲਿਆ ਜਾਵੇ।

ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੀਆਂ ਬਕਾਇਆ ਖ਼ੁਰਾਕਾਂ ਸਰਕਾਰ ਨੂੰ ਵਾਪਸ ਕਰਨ।

ਇਸ ਤੋਂ ਪਹਿਲਾਂ ਵਿਰੋਧੀ ਧਿਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਟੀਕੇ ਦਿੱਤੇ ਜਾਣ ’ਤੇ ਸਵਾਲ ਚੁੱਕੇ ਗਏ ਸਨ।

ਜੂਹੀ ਚਾਵਲਾ ’ਤੇ 20 ਲੱਖ ਰੁਪਏ ਦਾ ਜੁਰਮਾਨਾ

ਦਿੱਲੀ ਹਾਈ ਕੋਰਟ ਨੇ ਐਕਟਰ ਤੋਂ ਵਾਤਾਵਰਣ ਕਾਰਕੁਨ ਬਣੀ ਜੂਹੀ ਚਾਵਲਾ ਵੱਲੋਂ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜੂਹੀ ਚਾਵਲਾ ਨੇ ਦੇਸ਼ ਵਿੱਚ 5ਜੀ ਟਾਵਰ ਲਗਾਉਣ ਤੇ ਰੋਕ ਲਗਵਾਉਣ ਲਈ ਇਹ ਪਟੀਸ਼ਨ ਪਾਈ ਸੀ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਪਟੀਸ਼ਨਰ ਨੇ ਅਦਾਲਤ ਦਾ ਸਮਾਂ ਖ਼ਰਾਬ ਕੀਤਾ ਹੈ ਅਤੇ 20 ਲੱਖ ਰੁਪਏ ਦਾ ਜੁਰਮਾਨਾ ਵੀ ਜੂਹੀ ਨੂੰ ਕੀਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਪਟੀਸ਼ਨ ਨਾਮਣਾ ਖੱਟਣ ਲਈ ਕੀਤੀ ਗਈ ਹੈ।

ਜੂਹੀ ਚਾਵਲਾ ਨੇ ਸੁਣਵਾਈ ਦਾ ਲਿੰਕ ਸੋਸ਼ਲ ਮੀਡੀਆ ਉੱਪਰ ਸਾਂਝਾ ਕਰ ਦਿੱਤਾ,ਜਿਸ ਦੀ ਵਜ੍ਹਾ ਨਾਲ ਸੁਣਵਾਈ ਵਿੱਚ ਤਿੰਨ ਵਾਰ ਵਿਘਨ ਪਿਆ।

ਦਿੱਲੀ ਪੁਲਿਸ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਕੇ ਅਗਲੀ ਕਾਰਵਾਈ ਕਰੇਗੀ।

ਮਿਲਖਾ ਸਿੰਘ ਦੀ ਸਿਹਤ ਬਾਰੇ ਕੀ ਅਪਡੇਟ ਹੈ?

ਫਲਾਈਂਗ ਸਿੱਖ ਵਜੋਂ ਜਾਣੇ ਜਾਂਦੇ ਭਾਰਤੀ ਦੋੜਾਕ ਮਿਲਖਾ ਸਿੰਘ ਦੀ ਸਿਹਤ ਬਾਰੇ ਉਨ੍ਹਾਂ ਦੇ ਬੇਟੇ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਪਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।

ਜੀਵ ਮਿਲਖਾ ਸਿੰਘ ਨੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਤੇ ਕਿਹਾ ਉਹ ਪੀਐੱਮ ਦੇ ਸ਼ੁੱਕਰਗੁਜ਼ਾਰ ਹਨ ਜਿਨ੍ਹਾਂ ਨੇ ਆਪਣੇ ਰੁਝੇਵਿਆਂ ’ਚੋਂ ਟਾਈਮ ਕੱਢ ਕੇ ਉਨ੍ਹਾਂ ਦੇ ਪਿਤਾ ਨੂੰ ਫੋਨ ਕੀਤਾ।

ਪੰਜਾਬ ਵਿੱਚ ਕੋਰੋਨਾ ਟੀਕੇ ਬਾਰੇ ਕੀ ਵਿਵਾਦ?

ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਪੰਜਾਬ ਦੇ ਦੋ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾਵਾਇਰਸ ਦੇ ਖ਼ਿਲਾਫ਼ ਟੀਕੇ 900 ਅਤੇ 1250 ਰੁਪਏ ਦੇ ਕੇ ਲਗਵਾਏ ਜਾ ਸਕਦੇ ਹਨ।

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਰਾਹੀਂ ਸਰਕਾਰ ਦੇ ਇਸ ਰਵੱਈਏ ਉਤੇ ਸਵਾਲ ਚੁੱਕੇ ਸਨ।

ਉਨ੍ਹਾਂ ਕਿਹਾ ਸੀ ਕਿ ਸਰਕਾਰ ਆਮ ਆਦਮੀ ਨੂੰ ਵੈਕਸੀਨ ਮੁਫ਼ਤ ਦੇਣ ਦੀ ਬਜਾਇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਮੁਨਾਫ਼ਾ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸ਼ੁੱਕਰਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਇਲਜ਼ਾਮਾਂ ਦੇ ਜਵਾਬ ਵਿੱਚ ਕਿਹਾ ਉਹ ਕੇਵਲ ਕੋਰੋਨਾ ਵਾਇਰਸ ਦੇ ਟੈਸਟ, ਇਲਾਜ ਅਤੇ ਵੈਕਸੀਨ ਕੈਂਪਾਂ ਦੀ ਦੇਖ ਰੇਖ ਕਰ ਰਹੇ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸਿੱਧੂ ਨੇ ਕਿਹਾ ਕਿ ਵੈਕਸੀਨਾਂ ਦੇ ਉੱਤੇ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।

ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਪ੍ਰੈਸ ਵਾਰਤਾ ਕਰ ਕੇ ਪੰਜਾਬ ਸਰਕਾਰ ਉੱਪਰ ਸਵਾਲ ਚੁੱਕੇ।

ਖ਼ਬਰ ਏਜੰਸੀ ਏਐਨਆਈ ਅਨੁਸਾਰ ਜਾਵੜੇਕਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ 1.40 ਲੱਖ ਕੋਵੈਕਸੀਨ ਦੇ ਡੋਜ਼ 400 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਮੁਹੱਈਆ ਕਰਵਾਏ ਗਏ ਹਨ।

ਪੰਜਾਬ ਸਰਕਾਰ ਇਨ੍ਹਾਂ ਨੂੰ ਅੱਗੇ ਪ੍ਰਾਈਵੇਟ ਹਸਪਤਾਲਾਂ ਨੂੰ 1000 ਰੁਪਏ ਪ੍ਰਤੀ ਡੋਜ਼ ਵੇਚ ਰਹੀ ਹੈ।

ਬ੍ਰਿਟੇਨ 'ਚ ਕੋਰੋਨਾ ਦੇ ਡੇਲਟਾ ਵੈਰੀਅੰਟ ਮਾਮਲਿਆਂ 'ਚ ਵਾਧਾ, ਸਭ ਤੋਂ ਪਹਿਲਾਂ ਭਾਰਤ 'ਚ ਮਿਲਿਆ ਸੀ

ਬੀਬੀਸੀ ਦੇ ਸਿਹਤ ਪੱਤਰਕਾਰ ਜਿਮ ਰੀਡ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਸਰਕਾਰੀ ਸਿਹਤ ਸੇਵਾ ਪਬਲਿਕ ਹੈਲਥ ਇੰਗਲੈਂਡ ਨੇ ਕਿਹਾ ਹੈ ਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਮਿਲੇ ਕੋਰੋਨਾ ਵਾਇਰਸ ਦਾ ਵੈਰੀਅੰਟ ਹੁਣ ਬ੍ਰਿਟੇਨ ਵਿੱਚ ਹੋ ਰਹੇ ਲਾਗ ਦੇ ਵਧੇਰੇ ਮਾਮਲਿਆਂ ਵਿੱਚ ਦੇਖਿਆ ਜਾ ਰਿਹਾ ਹੈ।

ਟੈਸਟਿੰਗ ਲੈਬਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੀਤੇ ਇੱਕ ਹਫ਼ਤੇ ਵਿੱਚ ਬ੍ਰਿਟੇਨ ਵਿੱਚ ਇਸ ਵੈਰੀਅੰਟ ਦੇ ਲਾਗ ਦੇ ਮਾਮਲੇ 79 ਫੀਸਦ ਵਧ ਕੇ 12,431 ਹੋ ਗਏ ਹਨ।

ਮਾਹਿਰਾਂ ਮੁਤਾਬਕ ਡੇਲਟਾ ਵੈਰੀਅੰਟ ਕਾਰਨ ਹਸਪਤਾਲਾਂ ਵਿੱਚ ਕੋਵਿਡ-19 ਮਰੀਜ਼ਾਂ ਦੀ ਗਿਣਤੀ ਅਚਾਨਕ ਵਧ ਸਕਦੀ ਹੈ।

ਹਾਲਾਂਕਿ, ਕਿਹਾ ਹੈ ਕਿ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਉਹ ਸ਼ੁਰੂਆਤੀ ਤੱਥ ਹੈ ਅਤੇ ਇਸ ਬਾਰੇ ਅਜੇ ਹੋਰ ਜਾਣਕਾਰੀ ਇਕੱਠੀ ਕਰਨਾ ਜ਼ਰੂਰੀ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਹਾਲ ਹੀ ਵਿੱਚ ਕੋਰੋਨਾ ਵਾਇਰਸ ਦੇ ਵੈਰੀਅੰਟਸ ਦੇ ਨਾਵਾਂ ਲਈ ਗਰੀਕ ਅੱਖਰਾਂ ਦੀ ਵਰਤੋਂ ਕਰਨ ਦਾ ਐਲਾਨ ਕੀਤਾ ਸੀ।

ਇਸ ਦੇ ਤਹਿਤ ਭਾਰਤ ਵਿੱਚ ਮਿਲਣ ਵਾਲੇ B.1.617.1 ਵੈਰੀਅੰਟ ਨੂੰ ਕੱਪਾ ਅਤੇ B.1.617.2 ਵੈਰੀਅੰਟ ਨੂੰ ਡੇਲਟਾ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਬ੍ਰਿਟੇਨ ਦੇ ਵੈਰੀਅੰਟ ਨੂੰ ਅਲਫਾ ਅਤੇ ਦੱਖਣੀ ਅਫ਼ਰੀਕਾ ਵਿੱਚ ਮਿਲੇ ਵੈਰੀਅੰਟ ਨੂੰ ਬੀਟਾ ਨਾਮ ਦਿੱਤਾ ਗਿਆ ਹੈ।

ਕੋਰੋਨਾ: ਟਰੰਪ ਬੋਲੇ, "ਹੁਣ ਦੁਸ਼ਮਣ ਵੀ ਮੰਨ ਰਹੇ ਹਨ ਕਿ ਲੈਬ ਥਿਊਰੀ ਸਹੀ ਸੀ"

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ 'ਤੇ ਨਿਸ਼ਾਨਾ ਸਾਧਿਆ ਹੈ।

ਕੋਰੋਨਾ ਵਾਇਰਸ ਦੀ ਲੈਬ ਲੀਕ ਥਿਊਰੀ 'ਤੇ ਵਧਦੀ ਚਰਚਾ ਵਿਚਾਲੇ ਟਰੰਪ ਨੇ ਕਿਹਾ, "ਹੁਣ ਹਰ ਕੋਈ, ਇੱਥੋਂ ਤੱਕ ਕਿ 'ਕਥੀਤ ਦੁਸ਼ਮਣ' ਵੀ ਮੰਨਣ ਲੱਗੇ ਹਨ ਕਿ ਟਰੰਪ ਚਾਈਨਾ ਵਾਇਰਸ ਦੇ ਵੁਹਾਨ ਲੈਬ ਤੋਂ ਲੀਕ ਨੂੰ ਲੈ ਕੇ ਸਹੀ ਸਨ।"

ਟਰੰਪ ਨੇ ਕਿਹਾ ਕਿ ਚੀਨ ਨੇ ਅਮਰੀਕਾ ਅਤੇ ਦੁਨੀਆਂ ਭਰ ਵਿੱਚ ਜੋ ਤਬਾਹੀ ਮਚਾਈ ਹੈ, ਉਸ ਲਈ ਉਸ ਨੂੰ 10 ਟ੍ਰਿਲੀਅਨ ਡਾਲਰ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ, "ਡਾਕਟਰ ਫਾਊਚੀ ਅਚੇ ਚੀਨ ਦੇ ਵਿਚ ਜੋ ਗੱਲਬਾਤ ਹੋਈ ਹੈ, ਉਸ ਨੂੰ ਕਿਸੇ ਲਈ ਵੀ ਨਜ਼ਰ ਅੰਦਾਜ਼ ਕਰਨਾ ਅਸੰਭਵ ਹੈ।"

ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਕੋਰੋਨਾ ਵਾਇਰਸ ਨੂੰ 'ਚੀਨੀ ਵਾਇਰਸ' ਅਤੇ 'ਵੁਹਾਨ ਵਾਇਰਸ' ਕਿਹਾ ਕਰਦੇ ਸਨ। ਚੀਨ ਨੇ ਇਸ 'ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਸੀ ਅਤੇ ਇਸ ਨੂੰ ਨਸਲਭੇਦ ਦੱਸਿਆ ਸੀ।

ਇਸ ਸਾਲ ਦੀ ਸ਼ੁਰੂਆਤ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਇੱਕ ਟੀਮ ਮਹਾਮਾਰੀ ਨਾਲ ਜੁੜੇ ਤੱਥਾਂ ਦਾ ਪਤਾ ਲਗਾਉਣ ਲਈ ਵੁਹਾਨ ਗਈ ਸੀ।

ਹਾਲਾਂਕਿ, ਮਾਰਚ ਵਿੱਚ ਆਪਣੀ ਰਿਪੋਰਟ ਜਾਰੀ ਕਰ ਡਬਲਿਊਐੱਚ ਨੇ ਕਿਹਾ ਸੀ ਕਿ ਇਹ ਸਾਬਿਤ ਕਰਨ ਲਈ ਲੋੜੀਂਦੇ ਤੱਥ ਨਹੀਂ ਹਨ ਕਿ ਕੋਰੋਨਾ ਵਾਇਰਸ ਵੁਹਾਨ ਦੀ ਲੈਬ ਤੋਂ ਦੁਨੀਆਂ ਭਰ ਵਿੱਚ ਫੈਲਿਆ ਹੈ।

ਚੀਨ 'ਤੇ ਜਾਂਚ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਟੀਮ ਨੂੰ ਪੂਰਾ ਸਹਿਯੋਗ ਨਾ ਦੇਣ ਅਤੇ ਵੁਹਾਨ ਲੈਬ ਨਾਲ ਜੁੜੀਆਂ ਜਾਣਕਾਰੀਆਂ ਲੁਕਾਉਣ ਦੇ ਇਲਜ਼ਾਮ ਵੀ ਲਗਦੇ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)