"ਮੈਂ ਚੰਗੇ ਨੰਬਰਾਂ ਨਾਲ ਪ੍ਰੀਖਿਆ ਪਾਸ ਕੀਤੀ ਪਰ ਇਨਾਮ ਵਜੋਂ ਮੇਰਾ ਖ਼ਤਨਾ ਕਰਵਾ ਦਿੱਤਾ"

ਤਸਵੀਰ ਸਰੋਤ, Jilla Dastmalchi
- ਲੇਖਕ, ਸਰੋਜ ਪਥਿਰਾਨਾ
- ਰੋਲ, ਬੀਬੀਸੀ ਵਰਲਡ ਸਰਵਿਸ
"ਉਨ੍ਹਾਂ ਨੇ ਮੈਨੂੰ ਜ਼ਬਰਦਸਤੀ ਜ਼ਮੀਨ 'ਤੇ ਲਿਟਾ ਦਿੱਤਾ ਅਤੇ ਕਿਸੀ ਵੀ ਹਾਲ ਵਿੱਚ ਉਠਣ ਨਹੀਂ ਦਿੱਤਾ। ਫਿਰ ਇੱਕ ਔਰਤ ਨੇ ਮੇਰੇ ਸਰੀਰ ਦਾ ਇੱਕ ਹਿੱਸਾ ਕੱਟ ਦਿੱਤਾ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਸਦਮਾ ਸੀ।"
"ਜਿਹੜੇ ਬਜ਼ੁਰਗਾਂ ਨੂੰ ਮੈਂ ਪਿਆਰ ਕਰਦੀ ਸੀ ਉਨ੍ਹਾਂ ਖ਼ਿਲਾਫ਼ ਮੈਂ ਅਜਿਹਾ ਕੀ ਕਰ ਦਿੱਤਾ ਸੀ ਕਿ ਉਹ ਮੇਰੇ ਉੱਪਰ ਸਵਾਰ ਹੋਏ ਅਤੇ ਮੇਰੀਆਂ ਲੱਤਾਂ ਨੂੰ ਖੋਲ੍ਹ ਕੇ ਮੈਨੂੰ ਇਸ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ।"
"ਇਸ ਨਾਲ ਮੈਨੂੰ ਇੰਨੀ ਮਾਨਸਿਕ ਤਸੀਹਾ ਮਿਲਿਆ ਕਿ ਮੈਂ ਕਰੀਬ ਨਰਵਸ ਬ੍ਰਕੈਡਾਊਨ ਦੀ ਹਾਲਤ ਵਿੱਚ ਪਹੁੰਚ ਗਈ।"
ਲੈਲਾ (ਅਸਲੀ ਨਾਮ ਨਹੀਂ) ਉਸ ਵੇਲੇ ਸਿਰਫ਼ 11 ਜਾਂ 12 ਸਾਲ ਦੀ ਸੀ, ਜਦੋਂ ਉਨ੍ਹਾਂ ਦਾ ਖ਼ਤਨਾ ਕੀਤਾ ਗਿਆ।
ਮਿਸਰ ਦੇ ਰੂੜੀਵਾਦੀ ਮੁਸਲਮਾਨ ਭਾਈਚਾਰੇ, ਖ਼ਾਸ ਕਰ ਕੇ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਮੰਨਦੇ ਹਨ ਕਿ ਜਦੋਂ ਤੱਕ ਔਰਤਾਂ ਦੇ ਗੁਪਤ ਅੰਗ ਦਾ ਇੱਕ ਹਿੱਸਾ ਕੱਟ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਨ੍ਹਾਂ ਨੂੰ "ਸਾਫ-ਸੁਥਰਾ" ਅਤੇ "ਵਿਆਹ ਲਾਇਕ" ਨਹੀਂ ਮੰਨਿਆ ਜਾਂਦਾ।
ਸਾਲ 2008 ਤੋਂ ਪੂਰੇ ਮਿਸਰ ਵਿੱਚ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਕੋਈ ਡਾਕਟਰ ਅਜਿਹਾ ਕਰਦਿਆਂ ਦੋਸ਼ੀ ਮਿਲਦਾ ਹੈ ਤਾਂ ਉਸ ਨੂੰ 7 ਸਾਲ ਦੀ ਜੇਲ੍ਹ ਹੋ ਸਕਦੀ ਹੈ। ਜੇ ਕੋਈ ਆਪਣੀ ਮਰਜ਼ੀ ਨਾਲ ਖ਼ਤਨਾ ਕਰਵਾਉਂਦਾ ਹੈ ਤਾਂ ਉਸ ਨੂੰ 3 ਸਾਲ ਦੀ ਜੇਲ੍ਹ ਹੋ ਸਕਦੀ ਹੈ।
ਸਖ਼ਤ ਸਜ਼ਾਵਾਂ ਦੇ ਬਾਵਜੂਦ ਮਿਸਰ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ, ਜਿੱਥੇ ਔਰਤਾਂ ਦਾ ਖ਼ਤਨਾ ਕਰਨ ਦੀ ਦਰ ਸਭ ਤੋਂ ਵੱਧ ਹੈ।

ਤਸਵੀਰ ਸਰੋਤ, Jilla Dastmalchi
ਔਰਤਾਂ ਦੇ ਕੇਸ ਮੁਫ਼ਤ ਵਿੱਚ ਲੜ੍ਹਨ ਵਾਲੇ ਮਨੁੱਖੀ ਅਧਿਕਾਰੀ ਮਾਮਲਿਆਂ ਦੇ ਵਕੀਲ ਰੈਡਾ ਐਲਡਨਬਾਕੀ ਦਾ ਕਹਿਣਾ ਹੈ ਕਿ ਅੱਜ ਕਲ ਖਤਨੇ ਦੀ ਇਹ ਪ੍ਰਕਿਰਿਆ 'ਪਲਾਸਟਿਕ ਸਰਜਰੀ' ਕਰਨ ਦੇ ਬਹਾਨੇ ਨਿਪਟਾਈ ਜਾਂਦੀ ਹੈ।
ਰੈਡਾ ਔਰਤਾਂ ਦੇ ਕੇਸ ਲੜਨ ਲਈ ਬਣਾਏ ਗਏ ਸੈਂਟਰ ਦੇ ਮੁਖੀ ਵੀ ਹਨ।
ਕਾਹਿਰਾ ਸਥਿਤ ਵਿਮੈਨ ਸੈਂਟਰ ਫਾਰ ਗਾਈਡੈਂਸ ਐਂਡ ਲੀਗਲ ਅਵੈਅਰਨੈਸ ਨੇ ਔਰਤਾਂ ਦੇ ਸਮਰਥਨ ਵਿੱਚ 3 ਹਜ਼ਾਗ ਤੋਂ ਜਿਆਦਾ ਕੇਸ ਲੜਏ ਹਨ। ਸੈਂਟਰ ਕਰੀਬ 1800 ਕੇਸ ਜਿੱਤੇ ਹਨ। ਇਨ੍ਹਾਂ ਵਿਚੋਂ 6 ਔਰਤਾਂ ਦੇ ਖਤਨੇ ਨਾਲ ਜੁੜੇ ਸਨ।
ਕਾਨੂੰਨ ਬੇਸ਼ੱਕ ਹੀ ਇਨ੍ਹਾਂ ਔਰਤਾਂ ਦੇ ਪੱਖ ਵਿੱਚ ਦਿਖਦਾ ਹੈ ਪਰ ਇਨਸਾਫ਼ ਹਾਸਿਲ ਕਰਨਾ ਪੂਰੀ ਤਰ੍ਹਾਂ ਵੱਖਰੀ ਚੀਜ਼ ਹੈ। ਐਲਡਨਬਾਕੀ ਕਹਿੰਦੇ ਹਨ ਬੇਸ਼ੱਕ ਅਪਰਾਧੀ ਫੜ ਲਏ ਗਏ ਹੋਣ ਪਰ ਅਦਾਲਤ ਅਤੇ ਪੁਲਿਸ ਉਨ੍ਹਾਂ ਨਾਲ ਬੜਾ ਨਰਮ ਵਤੀਰਾ ਰੱਖਦੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਸੈਂਟਰ ਨੇ ਇਸ ਪ੍ਰਥਾ ਦੇ ਖ਼ਿਲਾਫ਼ ਆਪਣੀ ਮੁਹਿੰਮ ਕਿਵੇਂ ਚਲਾਈ ਹੈ। ਉਨ੍ਹਾਂ ਦੇ ਸਾਡੀ ਮੁਲਾਕਾਤ ਅਜਿਹੀਆਂ ਔਰਤਾਂ ਨਾਲ ਕਰਵਾਈ, ਜਿਨ੍ਹਾਂ ਖਤਨੇ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਪਣੀ ਅਗਲੀ ਪੀੜ੍ਹੀ ਨੂੰ ਇਸ ਤੋਂ ਕਿਵੇਂ ਬਚਾਉਣਾ ਹੈ।
ਲੈਲਾ ਦਾ ਦਰਦ
ਘਟਨਾ ਨੂੰ ਅੱਜ ਤਿੰਨ ਸਾਲ ਹੋ ਗਏ ਹਨ। ਲੈਲਾ ਦੀ ਜ਼ਿੰਦਗੀ ਦਾ ਉਹ ਬਦਕਿਸਮਤ ਦਿਨ ਹੁਣ ਵੀ ਉਸ ਦੇ ਜ਼ਿਹਨ ਵਿੱਚ ਤਾਜ਼ਾ ਹੈ, ਆਪਣੀ ਸਕੂਲ ਪ੍ਰੀਖਿਆ ਪਾਸ ਕੀਤੇ ਹੋਇਆ ਥੋੜ੍ਹੇ ਹੀ ਦਿਨ ਹੋਏ ਸਨ।
ਲੈਲਾ ਕਹਿੰਦੀ ਹੈ, "ਪ੍ਰੀਖਿਆ ਵਿੱਚ ਮੇਰੇ ਚੰਗੇ ਨੰਬਰ ਆਏ ਸਨ ਪਰ ਮੇਰਾ ਪਰਿਵਾਰ ਮੇਰੀ ਪਿੱਠ ਥਪਥਪਾਉਣ ਦੀ ਬਜਾਇ ਇੱਕ ਆਇਆ ਨੂੰ ਲੈ ਕੇ ਆ ਗਏ। ਉਸ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ। ਫਿਰ ਮੇਰੇ ਪਰਿਵਾਰ ਦੇ ਸਾਰੇ ਲੋਕਾਂ ਨੇ ਕਮਰਾ ਬੰਦ ਕਰ ਦਿੱਤਾ ਅਤੇ ਮੈਨੂੰ ਘੇਰ ਕੇ ਖੜ੍ਹੇ ਹੋ ਗਏ।"
ਮਿਸਰ ਵਿੱਚ ਖਤਨੇ ਬਾਰੇ ਗੱਲ ਕਰਨਾ ਵਰਜਿਤ ਮੰਨੀਆ ਜਾਂਦਾ ਹੈ। 44 ਸਾਲਾ ਅਤੇ ਚਾਰ ਬੱਚਿਆਂ ਦੀ ਮਾਂ ਲੈਲਾ ਨੇ ਇਹ ਦੱਸਣ ਤੋਂ ਵੀ ਗੁਰੇਜ਼ ਕੀਤਾ ਕਿ ਉਹ ਇਸ ਦੇਸ਼ ਵਿੱਚ ਕਿੱਥੇ ਰਹਿੰਦੀ ਹੈ।
ਲੈਲਾ ਦੱਸਦੀ ਹੈ, "ਪਿੰਡ ਵਿੱਚ ਰਹਿੰਦਿਆਂ ਹੋਇਆ ਦੂਜੇ ਲੋਕਾਂ ਵਾਂਗ ਅਸੀਂ ਵੀ ਕੁੱਕੜੀਆਂ ਪਾਲਦੇ ਸੀ। ਉਸ ਔਰਤ ਨੇ ਜਦੋਂ ਮੇਰੇ ਸਰੀਰ ਦੇ ਇਸ ਹਿੱਸੇ ਨੂੰ ਕੱਟ ਕੇ ਕੁੱਕੜੀਆਂ ਵਿਚਾਲੇ ਸੁੱਟ ਦਿੱਤਾ ਤਾਂ ਉਹ ਖਾਣ ਲਈ ਘੇਰਾ ਬਣਾ ਕੇ ਇਕੱਠੀਆਂ ਹੋ ਗਈਆਂ।"
ਉਸ ਦਿਨ ਤੋਂ ਬਾਅਦ ਲੈਲਾ ਨੇ ਮੁੜ ਕਦੇ ਚਿਕਨ ਨਹੀਂ ਖਾਧਾ ਅਤੇ ਨਾ ਹੀ ਕੁੱਕੜੀਆਂ ਰੱਖੀਆਂ।
ਲੈਲਾ ਕਹਿੰਦੀ ਹੈ, "ਮੈਂ ਉਸ ਵੇਲੇ ਬੱਚੀ ਹੀ ਤਾਂ ਸੀ, ਛੁੱਟੀਆਂ ਦੇ ਦਿਨ ਸਨ, ਖੇਡਣਾ ਚਾਹੁੰਦੀ ਸੀ, ਖ਼ੁਦ ਨੂੰ ਆਜ਼ਾਦ ਮਹਿਸੂਸ ਕਰਨਾ ਚਾਹੁੰਦੀ ਸੀ ਪਰ ਮੈਂ ਤੁਰ ਵੀ ਨਹੀਂ ਸਕਦੀ ਸੀ ਮੇਰੀ ਲੱਤਾਂ ਚੀਰ ਦਿੱਤੀਆਂ ਗਈਆਂ।"
ਲੈਲਾ ਨੂੰ ਇਹ ਸਮਝਣ ਵਿੱਚ ਕਾਫੀ ਸਮਾਂ ਲੱਗਾ ਕਿ ਆਖ਼ਰ ਉਨ੍ਹਾਂ ਨਾਲ ਹੋਇਆ ਕੀ ਸੀ, ਪਰ ਵੱਡੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਹ ਸਮਝ ਆਇਆ ਕਿ ਖ਼ਤਨਾ ਨਾ ਕਰਵਾਉਣ ਦੇ ਨਤੀਜੇ ਕੀ ਹੁੰਦੇ ਹਨ।
ਉਹ ਕਹਿੰਦੀ ਹੈ, "ਪਿੰਡ ਵਾਲਿਆਂ ਦੀ ਨਜ਼ਰ ਵਿੱਚ ਜਿਨ੍ਹਾਂ ਔਰਤਾਂ ਦਾ ਖ਼ਤਨਾ ਨਹੀਂ ਹੁੰਦਾ ਹੈ ਉਹ ਕੁਲਟਾ ਹੁੰਦੀਆਂ ਹਨ। ਪਰ ਜਿਨ੍ਹਾਂ ਔਰਤਾਂ ਦਾ ਖ਼ਤਨਾ ਹੁੰਦਾ ਹੈ ਉਹ ਚੰਗੀਆਂ ਔਰਤਾਂ ਮੰਨੀਆਂ ਜਾਂਦੀਆਂ ਹਨ। ਇਸ ਦਾ ਕੀ ਮਤਲਬ ਹੈ? ਖ਼ਤਨੇ ਦਾ ਔਰਤਾਂ ਦੇ ਚੰਗੇ ਚਾਲ-ਚਲਨ ਨਾਲ ਕੀ ਸਬੰਧ ਹੈ?"
"ਦਰਅਸਲ ਉਹ ਇੱਕ ਅਜਿਹੀ ਪ੍ਰਥਾ ਨੂੰ ਢੋਂਦੇ ਆ ਰਹੇ ਹਨ, ਜਿਸ ਦਾ ਮਤਮਲਬ ਵੀ ਉਹ ਚੰਗੀ ਤਰ੍ਹਾਂ ਨਹੀਂ ਸਮਝਦੇ। "
ਆਪਣੀ ਪਹਿਲੀ ਬੇਟੀ ਦੇ ਪੈਦਾ ਹੋਣ ਤੋਂ ਬਾਅਦ ਲੈਲਾ ਨੇ ਠਾਨ ਲਿਆ ਸੀ ਕਿ ਉਹ ਉਸ ਦਾ ਖਤਨਾ ਨਹੀਂ ਕਰਵਾਏਗੀ। ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਧੀ ਵੀ ਉਸੇ ਦਰਦ ਜੋ ਲੰਘੇ ਪਰ ਉਹ ਆਪਣੇ ਪਤੀ ਨੂੰ ਇੰਤਜ਼ਾਮ ਕਰਨ ਤੋਂ ਨਹੀਂ ਰੋਕ ਸਕੀ। ਪਤੀ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਖੁਸ਼ ਜੋ ਕਰਨਾ ਸੀ।
ਪਰ ਜਦੋਂ ਲੈਲਾ ਦੀਆਂ ਦੂਜੀਆਂ ਧੀਆਂ ਦੇ ਖ਼ਤਨੇ ਦਾ ਵੇਲਾ ਆਇਆ ਤਾਂ ਉਦੋਂ ਤੱਕ ਮਿਸਰ ਨੇ ਪਾਬੰਦੀ ਲਗਾ ਦਿੱਤੀ ਸੀ।
ਲੈਲਾ ਨੇ ਇਸ ਬਾਰੇ ਆਨਲਾਈਨ ਲੈਕਚਰ ਦੇਖ ਰੱਖੇ ਸਨ। ਉਨ੍ਹਾਂ ਵਿਮੈਨ ਸੈਂਟਰ ਫਾਰ ਗਾਈਡੈਂਸ ਐਂਡ ਲੀਗਲ ਅਵੇਅਰਨੈਸ ਵੱਲੋਂ ਜਾਰੀ ਇਸ਼ਤਿਹਾਰ ਵੀ ਦੇਖ ਰੱਖੇ ਸਨ।
ਲੈਲਾ ਨੇ ਐਲਡਨਬਾਕੀ ਦੇ ਲੈਕਚਰ ਸੈਸ਼ਨਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ। ਉਥੋਂ ਹੀ ਉਨ੍ਹਾਂ ਨੇ ਆਪਣੀ ਦੂਜੀ ਬੇਟੀ ਨੂੰ ਖ਼ਤਨੇ ਤੋਂ ਬਚਾਉਣ ਦੀ ਹਿੰਮਤ ਮਿਲੀ ਸੀ।
ਲੈਲਾ ਨੂੰ ਪਤਾ ਸੀ ਕਿ ਉਨ੍ਹਾਂ ਭਾਈਚਾਰੇ ਬਾਰੇ ਜਿਨ੍ਹਾਂ ਦੀਆਂ ਕਈ ਕੁੜੀਆਂ ਖਤਨੇ ਦੌਰਾਨ ਜ਼ਿਆਦਾ ਖੂਨ ਨਿਕਲਣ ਕਾਰਨ ਮਾਰੀਆਂ ਗਈਆਂ ਹਨ।
ਲੈਲਾ ਕਹਿੰਦੀ ਹੈ, "ਮੈਂ ਆਪਣੀ ਧੀ ਨੂੰ ਇਸ ਤਰ੍ਹਾਂ ਦੇ ਖਤਰੇ ਦੇ ਹਵਾਲੇ ਕਿਉਂ ਕਰਦੀ? ਸਿਰਫ਼ ਇੱਕ ਜਾਹਿਲ ਪਰੰਪਰਾ ਕਾਰਨ ਮੈਂ ਉਸ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਵੇਂ ਦੇ ਸਕਦੀ ਸੀ?"
ਲੈਲਾ ਕਹਿੰਦੀ ਹੈ, "ਮੈਨੂੰ ਹਮੇਸ਼ਾ ਤੋਂ ਪਤਾ ਸੀ ਕਿ ਇਹ ਗ਼ਲਤ ਹੈ। ਪਰ ਮੇਰੇ ਪਾਸ ਲੋਕਾਂ ਨੂੰ ਸਮਝਾਉਣ ਲਈ ਲੋੜੀਂਦੇ ਤਰਕ ਨਹੀਂ ਸਨ। ਕੁੜੀਆਂ ਦਾ ਖ਼ਤਨਾ ਠੀਕ ਨਹੀਂ ਹੈ, ਇਹ ਗੱਲ ਨਾ ਸਿਰਫ਼ ਮੈਨੂੰ ਆਪਣੇ ਪਤੀ ਨੂੰ ਸਮਝਾਉਣੀ ਪਈ ਬਲਿਕ ਸੱਸ-ਸਹੁਰੇ ਅਤੇ ਮਾਂ-ਪਿਓ ਸਾਹਮਣੇ ਵੀ ਤਰਕ ਦੇਣੇ ਪਏ।"
"ਹਰ ਕੋਈ ਮੇਰੀ ਧੀ ਦਾ ਖਤਨਾ ਕਰਵਾਉਣਾ ਚਾਹੁੰਦੀ ਸੀ। ਸਾਰਿਆਂ ਨੂੰ ਲਗਦਾ ਸੀ ਕਿ ਇਹ ਠੀਕ ਹੈ। ਸਾਰਿਆਂ ਨੂੰ ਲਗਦਾ ਸੀ ਕਿ ਮੈਨੂੰ ਹੀ ਦੁਨੀਆਂ ਬਦਲਣ ਦੀ ਚਿੰਤਾ ਕਿਉਂ ਹੈ।"
ਆਖ਼ਰਕਾਰ ਉਨ੍ਹਾਂ ਨੂੰ ਪਤੀ ਨੂੰ ਅਲਟੀਮੇਟਮ ਦੇਣਾ ਪਿਆ ਜਾਂ ਬਾਕੀ ਧੀਆਂ ਦਾ ਖਤਨਾ ਕਰਵਾਉਣ ਦਾ ਇਰਾਦਾ ਛੱਡੋ ਜਾਂ ਫਿਰ ਤਲਾਕ ਲਈ ਤਿਆਰ ਰਹੋ।
"ਸਾਡੇ ਚਾਰ ਬੱਚੇ ਹਨ। ਇਨ੍ਹਾਂ ਬੱਚਿਆਂ ਦੇ ਮੋਹ ਕਾਰਨ ਉਹ ਘਰ ਛੱਡਣ ਲਈ ਤਿਆਰ ਨਹੀਂ ਹੋਏ।"

ਤਸਵੀਰ ਸਰੋਤ, Jilla Dastmalchi
"ਪਰ ਵੱਡੀ ਧੀ ਲਈ ਮੇਰਾ ਦਿਲ ਅਜੇ ਵੀ ਦੁਖ ਰਿਹਾ ਹੈ। ਉਸ ਦਾ ਇੰਨਾ ਖ਼ੂਨ ਵਗਿਆ ਅਤੇ ਮੈਂ ਉਸ ਨੂੰ ਇਸ ਤੋਂ ਬਚਾ ਵੀ ਨਹੀਂ ਸਕੀ। ਜਦੋਂ ਉਸ ਦਾ ਖ਼ਤਨਾ ਹੋ ਰਿਹਾ ਸੀ ਤਾਂ ਮੈਂ ਇਸ ਕੋਲ ਉੱਥੇ ਖੜ੍ਹੀ ਵੀ ਨਹੀਂ ਰਹਿ ਸਕੀ।"
ਸ਼ਰੀਫ਼ਾ ਦੀ ਕਹਾਣੀ
ਸ਼ਰੀਫਾ (ਅਸਲੀ ਨਾਮ ਨਹੀਂ) "ਖ਼ਤਨੇ ਤੋਂ ਬਾਅਦ ਖੂਨ ਨਾਲ ਸੰਨ ਗਈ ਸੀ। ਮੈਨੂੰ ਤੁਰੰਤ ਹਸਪਤਾਲ ਲੈ ਕੇ ਜਾਣਾ ਪਿਆ।"
ਜਦੋਂ ਸ਼ਰੀਫ਼ਾ ਦੇ ਪਿਤਾ ਨੇ ਉਨ੍ਹਾਂ ਦਾ ਖਤਨਾ ਕਰਵਾਉਣ ਦਾ ਫ਼ੈਸਲਾ ਲਿਆ ਤਾਂ ਉਹ ਮਹਿਜ਼ 10 ਸਾਲ ਦੀ ਸੀ।
ਉਹ ਕਹਿੰਦੀ ਹੈ, "ਮੇਰੀ ਮਾਂ ਮੇਰੇ ਖ਼ਤਨੇ ਦੇ ਖਿਲਾਫ਼ ਸੀ। ਮੇਰੇ ਪਿਤਾ ਵੀ ਨਹੀਂ ਚਾਹੁੰਦੇ ਸਨ ਕਿ ਮੇਰਾ ਖਤਨਾ ਹੋਵੇ। ਪਰ ਉਹ ਆਪਣੀ ਮਾਂ ਅਤੇ ਭੈਣਾਂ ਨੂੰ ਖੁਸ਼ ਕਰਨਾ ਚਾਹੁੰਦੇ ਸਨ। ਇਸ ਦੇ ਨਾਲ ਹੀ ਦਿਖਾਉਣਾ ਚਾਹੁੰਦੇ ਸਨ ਕਿ ਪਰਿਵਾਰ ਦੇ ਮਾਲਕ ਉਹੀ ਹਨ।"
"ਲਿਹਾਜ਼ਾ ਉਹ ਮੇਰੀ ਮਾਂ ਨੂੰ ਦੱਸੇ ਬਗ਼ੈਰ ਮੈਨੂੰ ਡਾਕਟਰ ਕੋਲ ਲੈ ਗਏ।"
ਸ਼ਰੀਫਾ ਦਾ ਮੰਨਣਾ ਹੈ ਕਿ ਡਾਕਟਰ ਨੇ ਸ਼ਾਇਦ ਲੋਕਲ ਐਨਸਥੈਟਿਕ ਦਾ ਇਸਤੇਮਾਲ ਕੀਤਾ ਹੋਵੇਗਾ।
ਬੀਬੀਸੀ ਨੇ ਹੁਣ ਤੱਕ ਇਸ ਬਾਰੇ ਜਿਹੜੇ ਪ੍ਰਮਾਣਿਕ ਸਰੋਤਾਂ ਬਾਰੇ ਸੁਣ ਕੇ ਜਾਣਕਾਰੀ ਇਕੱਠੀ ਕੀਤੀ ਹੈ, ਉਨ੍ਹਾਂ ਮੁਤਾਬਕ ਖਤਨੇ ਦੌਰਾਨ ਆਮ ਤੌਰ 'ਤੇ ਇਹ ਪ੍ਰਕਿਰਿਆ ਨਹੀਂ ਅਪਣਾਈ ਜਾਂਦੀ।
ਉਹ ਕਹਿੰਦੇ ਹਨ, "ਮੈਂ ਰੋ ਰਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਪਿਤਾ ਮੇਰੇ ਨਾਲ ਇਹ ਕਿਉਂ ਕਰਵਾਉਣਾ ਚਾਹੁੰਦੇ ਹਨ। ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕੀ ਹੋ ਰਿਹਾ ਹੈ। ਡਾਕਟਰ ਦੇ ਸਾਹਮਣੇ ਆਪਣੇ ਸਰੀਰ ਦੇ ਇਸ ਹਿੱਸੇ ਤੋਂ ਕੱਪੜਾ ਹਟਾਉਣ ਨੂੰ ਲੈ ਕੇ ਮੈਂ ਬੇਹੱਦ ਨਰਵਸ ਸੀ।"
"ਸ਼ਰੀਫਾ ਖਤਨੇ ਦੀ ਪ੍ਰਕਿਰਿਆ ਨੂੰ ਯਾਦ ਕਰਦਿਆਂ ਕਹਿੰਦੀ ਹੈ, "ਡਾਕਟਰ ਨੇ ਪਿਨ ਵਰਗਾ ਕੁਝ ਵਰਤਿਆ ਸੀ। ਇਸ ਤੋਂ ਬਾਅਦ ਮੇਰੇ ਗੁਪਤ ਅੰਗਰ ਤੋਂ ਕਾਫੀ ਖੂਨ ਵਗਣ ਲੱਗਾ ਮੈਨੂੰ ਹਸਪਤਾਲ ਲੈ ਕੇ ਜਾਣਾ ਪਿਆ।"
"ਮੇਰੇ ਪਿਤਾ ਡਰ ਗਏ ਸਨ ਅਤੇ ਉਨ੍ਹਾਂ ਨੂੰ ਮੇਰੀ ਮਾਂ ਨੂੰ ਇਹ ਸਭ ਦੱਸਣਾ ਪਿਆ। ਉਹ ਡਰ ਗਏ ਸਨ ਤੇ ਉਨ੍ਹਾਂ ਨੂੰ ਲੱਗਾ ਕੇ ਮੇਰੇ ਨਾਲ ਕੁਝ ਬਹੁਤ ਬੁਰਾ ਹੋ ਸਕਦਾ ਸੀ।"
"ਮੇਰੀ ਮਾਂ ਦਿਲ ਦੀ ਮਰੀਜ਼ ਸੀ ਅਤੇ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਵੀ ਸੀ, ਜਿਵੇਂ ਹੀ ਉਨ੍ਹਾਂ ਸੁਣਿਆ ਉਹ ਬੇਹੋਸ਼ ਹੋ ਗਈ। ਉਨ੍ਹਾਂ ਨੂੰ ਵੀ ਉਸੇ ਹਸਪਤਾਲ ਲਿਆਂਦਾ ਗਿਆ, ਜਿਥੇ ਮੈਂ ਭਰਤੀ ਸੀ। ਉਥੇ ਉਨ੍ਹਾਂ ਦੀ ਮੌਤ ਹੋ ਗਈ। ਹੁਣ ਮੈਂ ਆਪਣੀ ਨਾਨੀ ਨਾਲ ਰਹਿੰਦੀ ਹਾਂ।"
ਸ਼ਰੀਫਾ ਦੀ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ।

ਤਸਵੀਰ ਸਰੋਤ, Jilla Dastmalchi
ਸ਼ਰੀਫ਼ਾ ਕਹਿੰਦੀ ਹੈ, "ਮੇਰੇ ਪਿਤਾ ਮੈਨੂੰ ਪੈਸੇ ਭੇਜਦੇ ਹਨ। ਮੈਂ ਕਾਨੂੰਨ ਪੜ੍ਹਨਾ ਚਾਹੁੰਦੀ ਹਾਂ। ਮੇਰੀ ਮਾਂ ਨਾਲ ਜੋ ਹੇਇਆ, ਉਸ ਕਾਰਨ ਕਾਨੂੰਨ ਦੀ ਪੜ੍ਹਾਈ ਕਰਨ ਦੀ ਮੇਰੀ ਇੱਛਾ ਹੋਰ ਤੇਜ਼ ਹੋ ਗਈ।"
ਸ਼ਰੀਫ਼ਾ ਨੇ ਆਪਣੇ ਦੋਸਤਾਂ ਦੇ ਨਾਲ ਔਰਤਾਂ ਦੇ ਖ਼ਤਨੇ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਵਰਕਸ਼ਾਪਾਂ ਵਿੱਚ ਹਿੱਸਾ ਲਿਆ। ਉਨ੍ਹਾਂ ਐਲਡਨਬਾਕੀ ਅਤੇ ਉਨ੍ਹਾਂ ਦੀ ਟੀਮ ਦੇ ਲੈਕਚਰ ਵੀ ਸੁਣੇ ਹਨ।
ਸ਼ਰੀਫਾ ਕਹਿੰਦੀ ਹੈ, "ਮੈਂ ਔਰਤਾਂ ਦੇ ਖਤਨੇ ਲਈ ਜਾਗਰੂਕਤਾ ਫੈਲਾਉਣ ਵਿੱਚ ਮਾਹਿਰ ਹੋਣਾ ਚਾਹੁੰਦੀ ਹਾਂ।"
ਹਾਲਾਂਕਿ, ਐਲਡਨਬਾਕੀ ਕਹਿੰਦੇ ਹਨ ਕਿ ਅਜੇ ਇਸ ਬਾਰੇ ਬਹੁਤ ਕੁਝ ਕਰਨਾ ਬਾਕੀ ਹੈ।
2013 ਵਿੱਚ 13 ਸਾਲ ਦੀ ਇੱਕ ਕੁੜੀ ਦਾ ਖਤਨਾ ਕਰਵਾਉਣ ਦੇ ਅਪਰਾਧ ਵਿੱਚ ਇੱਕ ਡਾਕਟਰ ਨੂੰ ਤਿੰਨ ਮਹੀਨੇ ਲਈ ਜੇਲ੍ਹ ਭਜੇ ਦਿੱਤਾ ਗਿਆ ਸੀ। ਐਲਡਨਬਾਕੀ ਕੁੜੀ ਦੀ ਮਾਂ ਅਤੇ ਖ਼ਤਨਾ ਕਰਨ ਵਾਲੇ ਡਾਕਟਰ ਨਾਲ ਮਿਲ ਚੁੱਕੇ ਹਨ।
ਉਹ ਕਹਿੰਦੇ ਹਨ, "ਲੋਕ ਉਸ ਡਾਕਟਰ 'ਤੇ ਭਰੋਸਾ ਕਰਦੇ ਹਨ, ਉਹ ਸਿਰਫ਼ ਦੋ ਡਾਲਰ ਵਿੱਚ ਸਰਜਰੀ ਕਰ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਅੱਲਾਹ ਨੂੰ ਖੁਸ਼ ਕਰਨ ਲਈ ਇਹ ਕਰਦਾ ਹੈ।"
"ਡਾਕਟਰ ਦਾ ਕਹਿਣਾ ਹੈ ਕਿ ਕੋਈ ਅਪਰਾਧ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਲੱਤਾਂ ਵਿਚਾਲੇ ਮਾਸ ਵਧ ਗਿਆ ਸੀ। ਉਸ ਨੇ ਸਿਰਫ਼ ਪਲਾਸਟਿਕ ਸਰਜਰੀ ਕੀਤੀ ਸੀ, ਖਤਨਾ ਨਹੀਂ।"
ਵਕੀਲ ਦਾ ਕਹਿਣਾ ਹੈ ਕਿ ਖਤਨੇ ਕਾਰਨ ਕੁੜੀ ਦੀ ਮੌਤ ਹੋ ਗਈ ਪਰ ਉਸ ਦੀ ਮਾਂ ਦਾ ਕਹਿਣਾ ਹੈ ਕਿ ਡਾਕਟਰ ਨੇ ਕੁਝ ਵੀ ਗ਼ਲਤ ਨਹੀਂ ਕੀਤਾ।
ਐਲਡਨਬਾਕੀ ਦਾ ਕਹਿਣਾ ਹੈ, "ਅਸੀਂ ਉਸ ਕੁੜੀ ਦੀ ਮਾਂ ਕੋਲ ਜਾ ਕੇ ਪੁੱਛਿਆ, ਜੇਕਰ ਤੁਹਾਡੀ ਬੇਟੀ ਜ਼ਿੰਦਾ ਰਹਿੰਦੀ ਤਾਂ ਵੀ ਤੁਸੀਂ ਉਸ ਦਾ ਖ਼ਤਨਾ ਕਰਵਾਉਦੇ। ਔਰਤਾਂ ਨੇ ਕਿਹਾ, ਹਾਂ, ਖਤਨੇ ਤੋਂ ਬਾਅਦ ਹੀ ਕੁੜੀ ਵਿਆਹ ਲਈ ਤਿਆਰ ਹੁੰਦੀ ਹੈ।"
ਜਮੀਲਾ ਦਾ ਦਹਿਸ਼ਤ ਭਰਿਆ ਤਜਰਬਾ
ਜਮੀਲਾ ਵੀ ਇਸ ਤਸੀਹੇ ਭਰੀ ਯਾਤਰਾ ਵਿੱਚੋਂ ਲੰਘੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖ਼ਤਨੇ ਤੋਂ ਬਾਅਦ ਮੈਂ ਆਯਾ ਤੋਂ ਬੁਰੀ ਤਰ੍ਹਾਂ ਡਰ ਗਈ ਸੀ। ਮੈਂ ਸੋਚਿਆ ਕਿ ਉਹ ਇੱਕ ਵਾਰ ਇਹ ਪ੍ਰਕਿਰਿਆ ਦੁਹਰਾ ਸਕਦੀ ਹੈ।
ਜਮੀਲਾ ਹੁਣ 39 ਸਾਲ ਦੀ ਹੋ ਗਈ ਹੈ ਪਰ ਜਦੋਂ 9 ਸਾਲ ਦੀ ਸੀ ਉਦੋਂ ਉਨ੍ਹਾਂ ਦਾ ਖ਼ਤਨਾ ਹੋਇਆ ਸੀ।
ਜਮੀਲਾ ਇਸ ਨੂੰ ਯਾਦ ਕਰਦਿਆਂ ਹੋਇਆ ਕਹਿੰਦੀ ਹੈ, "ਉਹ ਗਰਮੀਆਂ ਦੀਆਂ ਛੁੱਟੀਆਂ ਦੇ ਦਿਨ ਸਨ। ਮੇਰੀ ਮਾਂ ਇੱਕ ਬੁੱਢੀ ਆਯਾ ਅਤੇ ਆਪਣੀਆਂ ਦੋ ਗੁਆਂਢਣਾਂ ਨੂੰ ਲੈ ਕੇ ਘਰ ਆਈ ਸੀ। ਉਨ੍ਹਾਂ ਨੇ ਖ਼ਤਨੇ ਦੀ ਪੂਰੀ ਤਿਆਰੀ ਕਰਵਾਈ ਅਤੇ ਫਿਰ ਇੱਕ ਕਮਰੇ ਵਿੱਚ ਮੈਨੂੰ ਇਕੱਲੇ ਉਨ੍ਹਾਂ ਨਾਲ ਛੱਡ ਦਿੱਤਾ।"
"ਜਿਵੇਂ ਮੈਂ ਅੰਦਰ ਗਈ, ਉਨ੍ਹਾਂ ਔਰਤਾਂ ਨੇ ਮੇਰੀ ਪੈਂਟ ਉਤਾਰ ਦਿੱਤੀ। ਦੋਵਾਂ ਔਰਤਾਂ ਨੇ ਮੇਰੀ ਇੱਕ-ਇੱਕ ਲੱਤ ਜੋਰ ਨਾਲ ਫੜ੍ਹ ਰੱਖੀ ਸੀ। ਆਯਾ ਕੋਲ ਇੱਕ ਛੋਟਾ ਬਲੈਡ ਸੀ। ਉਸ ਨੂੰ ਉਸ ਤੇਜ਼ ਧਾਰ ਬਲੈਡ ਨਾਲ ਮੇਰਾ ਹਿੱਸਾ ਕੱਟ ਦਿੱਤਾ, ਬਸ ਇਹ ਪੂਰਾ ਹੋ ਗਿਆ।"

ਤਸਵੀਰ ਸਰੋਤ, Getty Images
ਜਮੀਲਾ ਨੇ ਕਿਹਾ ਹੈ ਕਿ ਖ਼ਤਨੇ ਕਾਰਨ ਮੈਨੂੰ ਜੋ ਦਰਦ ਹੋਇਆ ਉਹ ਬਰਦਾਸ਼ਤ ਤੋਂ ਬਾਹਰ ਸੀ ਪਰ ਇਸ ਨਾਲ ਮੈਨੂੰ ਜ਼ਹਿਨੀ ਤੌਰ 'ਤੇ ਵੀ ਸੱਟਾਂ ਪਹੁੰਚੀਆਂ ਸਨ। ਇਸ ਤਜਰਬੇ ਨੇ ਜਮੀਲਾ ਨੂੰ ਬਦਲ ਦਿੱਤਾ।
ਪਹਿਲਾ ਉਹ ਬੇਬਾਕ ਸੀ। ਸਕੂਲ ਵਿੱਚ ਉਹ ਹਿੰਮਤੀ ਅਤੇ ਸਮਾਰਟ ਮੰਨੀ ਜਾਂਦੀ ਸੀ। ਪਰ ਇਸ ਸਰਜਰੀ ਨੇ ਸਭ ਕੁਝ ਬਦਲ ਦਿੱਤਾ। ਉਹ ਅੱਲ੍ਹੜ ਔਰਤਾਂ ਦੀ ਸੋਹਬਤ ਤੋਂ ਦੂਰ ਭੱਜਣ ਲੱਗੀ।
ਉਹ ਕਹਿੰਦੀ ਹੈ, "ਬਦਕਿਸਤਮੀ ਨਾਲ ਪ੍ਰਾਈਮਰੀ ਸਕੂਲ ਜਾਣ ਦੇ ਰਸਤੇ ਵਿੱਚ ਉਹ ਆਯਾ ਮੈਨੂੰ ਰਸਤੇ ਵਿੱਚ ਮਿਲ ਜਾਂਦੀ ਸੀ। ਪਰ ਖਤਨੇ ਤੋਂ ਬਾਅਦ ਮੈਂ ਉਸ ਨੂੰ ਦੇਖ ਕੇ ਰਸਤਾ ਬਦਲ ਲੈਂਦੀ ਸੀ। ਮੈਂ ਸੋਚਦੀ ਸੀ ਕਿ ਜੇਕਰ ਉਸ ਨੇ ਮੈਨੂੰ ਦੇਖ ਲਿਆ ਤਾਂ ਦੁਬਾਰਾ ਮੇਰਾ ਖਤਨਾ ਕਰ ਦੇਵੇਗੀ।"
ਜਮੀਲਾ ਨੂੰ ਅੱਜ ਵੀ ਆਪਣੇ ਪਤੀ ਦੇ ਨਾਲ ਜਿਣਸੀ ਸਬੰਧ ਬਣਾਉਣ ਵੇਲੇ ਦਰਦ ਦਾ ਅਹਿਸਾਸ ਹੁੰਦਾ ਹੈ।
ਉਹ ਕਹਿੰਦੀ ਹੈ, "ਜ਼ਿੰਦਗੀ ਵਿੱਚ ਤਣਾਅ ਘੱਟ ਨਹੀਂ ਹੈ ਅਤੇ ਹੁਣ ਤਾਂ ਜਿਣਸੀ ਸਬੰਧ ਬਣਾਉਣਾ ਵੀ ਬੋਝ ਵਾਂਗ ਲਗਦਾ ਹੈ। ਜੇਕਰ ਇਸ ਨਾਲ ਮੈਨੂੰ ਸੁੱਖ ਮਿਲਦਾ ਤਾਂ ਹੋ ਸਕਦਾ ਹੈ ਕਿ ਮੈਂ ਥੋੜ੍ਹਾ ਖੁੱਲ੍ਹਪਣ ਮਹਿਸੂਸ ਕਰਦੀ ਪਰ ਹੁਣ ਤਾਂ ਇਹ ਪਰੇਸ਼ਾਨ ਕਰਨ ਵਾਲੀ ਚੀਜ਼ ਹੋ ਗਈ।"
ਜਮੀਲਾ ਨੇ ਪੱਕਾ ਇਰਾਦਾ ਕਰ ਲਿਆ ਹੈ ਕਿ ਉਨ੍ਹਾਂ ਦੀ ਧੀ ਨੂੰ ਇਸ ਤਜਰਬੇ ਤੋਂ ਨਹੀਂ ਲੰਘਣਾ ਪਵੇਗਾ।
ਉਹ ਕਹਿੰਦੀ ਹੈ, "ਐਲਡਨਬਾਕੀ ਕਾਰਨ ਮੈਂ ਆਪਣੀ ਬੇਟੀ ਨੂੰ ਖਤਨੇ ਤੋਂ ਬਚਾ ਸਕੀ, ਮੇਰੇ ਪਤੀ ਵੀ ਇਨ੍ਹਾਂ ਵਰਕਸ਼ਾਪਾਂ ਵਿੱਚ ਜਾਂਦੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਧੀਆਂ ਦਾ ਖ਼ਤਨਾ ਕਰਵਾਉਣਾ ਬੰਦ ਕਰ ਦਿੱਤਾ।"
ਬੇਸ਼ੱਕ ਮਿਸਰ ਦੀਆਂ ਕਈ ਕੁੜੀਆਂ ਖਤਨੇ ਤੋਂ ਬਚ ਗਈਆਂ ਹੋਣ ਪਰ ਐਲਡਨਬਾਕੀ ਨੂੰ ਇਸ ਪ੍ਰਥਾ ਖ਼ਿਲਾਫ਼ ਚਲਾਏ ਜਾ ਰਹੇ ਆਪਣੇ ਅਭਿਆਨ ਕਾਰਨ ਕਾਫੀ ਆਲੋਚਨਾਵਾਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹ ਕਹਿੰਦੇ ਹਨ, "ਜਦੋਂ ਮੈਂ ਔਰਤਾਂ ਦੇ ਖ਼ਤਨੇ 'ਤੇ ਜਾਗਰੂਕਤਾ ਲਈ ਇੱਕ ਵਰਕਸ਼ਾਪ ਕਰ ਰਿਹਾ ਸੀ ਤਾਂ ਇੱਕ ਸ਼ਖ਼ਸ ਨੇ ਆ ਕੇ ਮੇਰੇ ਮੂੰਹ 'ਤੇ ਆ ਕੇ ਥੁੱਕ ਦਿੱਤਾ। ਉਸ ਨੇ ਕਿਹਾ, ਤੁਸੀਂ ਸਾਡੀਆਂ ਕੁੜੀਆਂ ਨੂੰ ਵੈਸ਼ਿਆ ਬਣਾਉਣਾ ਚਾਹੁੰਦੇ ਹੋ, ਅਮਰੀਕਾ ਵਰਗੀ ਹਾਲਤ ਪੈਦਾ ਕਰਨੀ ਚਾਹੁੰਦੇ ਹੋ।"
ਹਾਲਾਂਕਿ, ਜਮੀਲਾ ਦਾ ਕਹਿਣਾ ਹੈ ਕਿ ਮਾਹੌਲ ਕਠਿਨ ਹੈ ਪਰ ਬਦਲਾਅ ਹੋ ਰਿਹਾ ਹੈ।
ਉਹ ਕਹਿੰਦੀ ਹੈ, "ਮੈਂ ਦੇਖ ਰਹੀ ਹਾਂ ਕਿ ਆਪਣੀਆਂ ਧੀਆਂ ਦਾ ਖਤਨਾ ਕਰਵਾਉਣ ਵਾਲੇ ਮਾਪਿਆਂ ਦੀ ਗਿਣਤੀ ਘੱਟ ਰਹੀ ਹੈ। ਮੈਂ ਨੌਵੀਂ ਕਲਾਸ ਵਿੱਚ ਪੜ੍ਹਨ ਵਾਲੀ ਆਪਣੀ ਧੀ ਨੂੰ ਇਸ ਬਾਰੇ ਦੱਸਦੀ ਹਾਂ। ਮੈਂ ਉਸ ਨੂੰ ਔਰਤਾਂ ਦੇ ਖਤਨੇ 'ਤੇ ਸਕੂਲ ਵਿੱਚ ਲੇਖ ਵੀ ਲਿਖਣ ਨੂੰ ਕਹਿੰਦੀ ਹਾਂ।"
ਜਦੋਂ ਬੀਬੀਸੀ ਨਾਲ ਜਮੀਲਾ ਦੀ ਗੱਲ ਹੋ ਰਹੀ ਸੀ ਤਾਂ ਉਨ੍ਹਾਂ ਦੀ ਬੇਟੀ ਉਨ੍ਹਾਂ ਦੇ ਸਾਹਮਣੇ ਹੀ ਬੈਠੀ ਸੀ।
ਯੂਨੀਸੈਫ ਮੁਤਾਬਕ ਮਿਸਰ ਵਿੱਚ 15 ਤੋਂ 49 ਸਾਲ ਦੀਆਂ 87 ਫੀਸਦ ਔਰਤਾਂ ਦਾ ਖਤਨਾ ਹੋ ਚੁੱਕਿਆ ਹੈ। ਮਿਸਰ ਦੇ 50 ਫੀਸਦ ਲੋਕ ਇਸ ਨੂੰ ਜ਼ਰੂਰੀ ਧਾਰਮਿਕ ਕਰਮਕਾਂਡ ਮੰਨਦੇ ਹਨ।
ਇਹ ਲੇਖ ਬੀਬੀਸੀ ਅਰਬੀ ਦੇ ਰੀਮ ਫਤਿਹਲਬਾਬ ਦੀ ਮਦਦ ਨਾਲ ਲਿਖਿਆ ਗਿਆ ਹੈ। ਚਿੱਤਰ ਜੀਲਾ ਦਸਤਮਾਲਚੀ ਨੇ ਬਣਾਏ ਹਨ।
ਇਹ ਵੀ ਪੜ੍ਹੋ:













