ਖੇਤੀ ਨੇ ਕਿਵੇਂ ਬੰਗਲਾ ਦੇਸ ਨੂੰ ਭੁੱਖਮਰੀ ਚੋਂ ਕੱਢ ਕੇ ਆਤਮ ਨਿਰਭਰ ਬਣਾਇਆ

ਤਸਵੀਰ ਸਰੋਤ, Getty Images
ਜਦੋਂ ਬੰਗਲਾਦੇਸ਼ ਸਾਲ 1971 ਵਿੱਚ ਹੋਂਦ ਵਿੱਚ ਆਇਆ ਸੀ ਤਾਂ ਇਹ ਦੁਨੀਆਂ ਭਰ ਦੀਆਂ ਕੁਦਰਤੀ ਆਫ਼ਤਾਂ ਨਾਲ-ਨਾਲ ਵਿੱਤੀ ਤੌਰ 'ਤੇ ਵੀ ਨਾਜ਼ੁਕ ਪੜਾਅ ਵਿੱਚੋਂ ਲੰਘ ਰਿਹਾ ਸੀ।
ਇਸ ਦੇ ਕਾਰਨ ਵੀ ਸਨ। ਉਨ੍ਹਾਂ ਸਾਹਮਣੇ ਵੱਡੀ ਆਬਾਦੀ, ਘੱਟ ਸਾਖ਼ਰਤਾ ਦਰ, ਅਤਿ ਗਰੀਬੀ, ਸੀਮਤ ਕੁਦਰਤੀ ਸਰੋਤ ਅਤੇ ਬਹੁਤ ਘੱਟ ਉਦਯੋਗਾਂ ਦੀ ਚੁਣੌਤੀ ਸੀ।
ਕਈ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠਦਾ ਸੀ ਕਿ ਕੀ ਬੰਗਲਾਦੇਸ਼ ਇੱਕ ਆਜ਼ਾਦ ਦੇਸ ਦੇ ਤੌਰ 'ਤੇ ਕਾਇਮ ਰਹਿ ਸਕੇਗਾ ਜਾਂ ਨਹੀਂ।
ਇੱਕ ਸਮਾਂ ਸੀ ਜਦੋਂ ਅਮਰੀਕਾ ਦੇ ਵਿਦੇਸ਼ ਮੰਤਰੀ ਰਹਿ ਚੁੱਕੇ ਹੈਨਰੀ ਕਿਸਿੰਗਰ ਨੇ ਭਵਿੱਖਬਾਣੀ ਕੀਤੀ ਸੀ ਕਿ ਬੰਗਲਾਦੇਸ਼ ਇੱਕ ਅਜਿਹਾ ਦੇਸ ਬਣਕੇ ਰਹਿ ਜਾਵੇਗਾ ਜੋ ਆਪਣੀਆਂ ਸਮੱਸਿਆਵਾਂ ਖੁਦ ਹੱਲ ਨਹੀਂ ਕਰ ਸਕੇਗਾ ਅਤੇ ਉਹ ਕਿਸੇ ਹੋਰ ਦੀ ਮਦਦ 'ਤੇ ਨਿਰਭਰ ਰਹੇਗਾ।
ਪਰ ਇਹੀ ਬੰਗਲਾਦੇਸ਼ ਇਸ ਸਾਲ ਆਪਣੀ ਆਜ਼ਾਦੀ ਦੀ 50 ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਉਸਦੀ ਆਰਥਿਕ ਕਾਮਯਾਬੀ ਦੀਆਂ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ ਪੰਜਾਹ ਸਾਲਾਂ ਵਿੱਚ ਇਸ ਦੇਸ ਵਿੱਚ ਕੀ ਬਦਲਿਆ ਹੈ ਅਤੇ ਇਹ ਤਬਦੀਲੀ ਕਿਵੇਂ ਸੰਭਵ ਹੋਈ ਹੈ।
ਇਹ ਵੀ ਪੜ੍ਹੋ਼:
ਅਹਿਸਾਨਉੱਲਾ ਦੀ ਕਹਾਣੀ
ਇਸ ਨੂੰ ਸਮਝਣ ਲਈ ਅਸੀਂ ਬੰਗਲਾਦੇਸ਼ ਦੇ ਨਾਗਰਿਕ ਅਹਿਸਾਨਉੱਲਾ ਦੀ ਕਹਾਣੀ ਜਾਣਾਂਗੇ।
ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਸੀ ਤਾਂ ਮੁਨਸ਼ੀਗੰਜ ਜ਼ਿਲ੍ਹੇ ਦੇ ਅਹਿਸਨੁੱਲਾ 16 ਸਾਲਾਂ ਦੇ ਸੀ। ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਕੋਲ ਕੋਈ ਜ਼ਮੀਨ ਜਾਂ ਪੈਸਾ ਨਹੀਂ ਸੀ।
ਅਹਿਸਾਨੁਲਾਹ ਹੋਰਨਾਂ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਰਹੇ ਪਰ ਅੱਜ ਉਹ ਆਪਣੇ ਖੇਤਰ ਵਿੱਚ ਇੱਕ ਅਮੀਰ ਵਿਅਕਤੀ ਵਜੋਂ ਜਾਣੇ ਜਾਂਦੇ ਹਨ।

ਤਸਵੀਰ ਸਰੋਤ, Getty Images
ਅੱਜ 18 ਏਕੜ ਵਿੱਚ ਆਲੂ ਦੀ ਕਾਸ਼ਤ ਤੋਂ ਇਲਾਵਾ ਉਹ ਵੱਖ ਤੋਂ ਆਲੂ ਦੇ ਬੀਜ ਦਾ ਕਾਰੋਬਾਰ ਵੀ ਕਰਦੇ ਹਨ। ਬੰਗਲਾਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੇ ਬੀਜ ਦੀ ਸਪਲਾਈ ਹੁੰਦੀ ਹੈ।
ਅਹਿਸਾਨਉੱਲਾ ਕਹਿੰਦੇ ਹਨ, "ਮੈਂ ਖ਼ੇਤੀ ਲਈ ਕੁਝ ਪਲਾਟ ਕਿਰਾਏ 'ਤੇ ਲਏ। ਇੱਥੋਂ ਹੀ ਮੇਰੀ ਕਹਾਣੀ ਸ਼ੁਰੂ ਹੁੰਦੀ ਹੈ। ਉਸ ਵੇਲੇ ਲੋਕ ਸਿਰਫ਼ ਚੌਲ, ਸਰ੍ਹੋਂ ਅਤੇ ਕਣਕ ਹੀ ਉਗਾਉਂਦੇ ਸਨ। ਪਰ 80 ਦੇ ਦਹਾਕੇ ਵਿੱਚ ਮੈਂ ਆਲੂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ।"
"ਮੈਂ ਆਲੂ ਦੀਆਂ ਨਵੀਆਂ ਕਿਸਮਾਂ ਦੀ ਸ਼ੁਰੂਆਤ ਕੀਤੀ ਅਤੇ ਆਧੁਨਿਕ ਖਾਦ ਦਾ ਇਸਤੇਮਾਲ ਕੀਤਾ। ਮੇਰੀ ਪੈਦਾਵਾਰ ਦੂਜਿਆਂ ਨਾਲੋਂ ਵਧੇਰੇ ਸੀ ਅਤੇ ਮੁਨਾਫਾ ਵੱਧ ਰਿਹਾ ਸੀ। ਮੇਰੀ ਵਿੱਤੀ ਹਾਲਤ ਦਿਨੋਂ ਦਿਨ ਸੁਧਰਨ ਲੱਗੀ।"
ਪਿਛਲੇ 50 ਸਾਲਾਂ ਵਿੱਚ ਅਹਿਸਾਨੁੱਲਾ ਨੇ ਆਪਣੀ ਵਿੱਤੀ ਹਾਲਤ ਨੂੰ ਬਦਲ ਦਿੱਤਾ ਹੈ। ਪਰ ਇਹ ਸਿਰਫ਼ ਅਹਿਸਾਨੁੱਲਾ ਦੀ ਕਹਾਣੀ ਨਹੀਂ ਹੈ, ਸਗੋਂ ਦੇਸ ਦੇ ਸਮੁੱਚੇ ਖੇਤੀਬਾੜੀ ਸੈਕਟਰ ਦੀ ਕਹਾਣੀ ਹੈ। ਪਿਛਲੇ ਕਈ ਦਹਾਕਿਆਂ ਵਿੱਚ ਬੰਗਲਾਦੇਸ਼ ਦੇ ਖੇਤੀਬਾੜੀ ਸੈਕਟਰ ਵਿੱਚ ਬੇਮਿਸਾਲ ਬਦਲਾਅ ਆਏ ਹਨ।
ਕਦੇ ਰਵਾਇਤੀ ਤੌਰ 'ਤੇ ਚੌਲ, ਕਣਕ, ਮੱਕੀ ਅਤੇ ਆਲੂ ਪੈਦਾ ਕਰਨ ਵਾਲੇ ਦੇਸ ਵਿੱਚ ਹੁਣ ਸ਼ਿਮਲਾ ਮਿਰਚ, ਡਰੈਗਨ ਫ੍ਰੂਟ ਅਤੇ ਸਟ੍ਰਾਬੇਰੀ ਵਰਗੀਆਂ ਕਈ ਫ਼ਸਲਾਂ ਦੀ ਖੇਤੀ ਹੋ ਰਹੀ ਹੈ। ਇਸੇ ਕਰਕੇ ਕਈ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ।
ਅੱਜ ਬੰਗਲਾਦੇਸ਼ ਭੋਜਨ ਦੇ ਮਾਮਲੇ ਵਿੱਚ ਆਤਮ-ਨਿਰਭਰ ਹੈ।
ਇਹ ਉਸ ਸਮੇਂ ਦੀ ਹਾਲਤ ਤੋਂ ਬਹੁਤ ਵੱਖਰਾ ਹੈ ਜਦੋਂ ਆਜ਼ਾਦੀ ਦੇ ਸਮੇਂ ਬੰਗਲਾਦੇਸ਼ ਵਿੱਚ ਅਨਾਜ ਦੀ ਘਾਟ ਆਮ ਗੱਲ ਸੀ। 1974 ਦੇ ਅਕਾਲ ਨੇ ਪੂਰਬੀ ਬੰਗਾਲ ਵਿੱਚ ਲੱਖਾਂ ਲੋਕਾਂ ਦੀ ਜਾਨ ਲੈ ਲਈ ਸੀ।
ਬੰਗਲਾਦੇਸ਼ ਦੇ ਅਰਥਚਾਰੇ ਵਿੱਚ ਕਿਵੇਂ ਬਦਲਾਅ ਆਇਆ
ਜੇ ਅਸੀਂ ਆਜ਼ਾਦੀ ਦੇ ਸਮੇਂ ਦੇ ਬੰਗਲਾਦੇਸ਼ ਦੀ ਆਰਥਿਕਤਾ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕੁਝ ਚੀਜ਼ਾਂ ਸਪੱਸ਼ਟ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਸੱਤਰ ਦੇ ਦਹਾਕੇ ਵਿੱਚ ਬੰਗਲਾਦੇਸ਼ ਦੀ ਉਤਪਾਦਨ ਦਰ 6.6 ਫੀਸਦ ਸੀ। ਗਰੀਬੀ ਦਰ 60 ਫੀਸਦ ਸੀ ਅਤੇ ਬੰਗਲਾਦੇਸ਼ ਨੂੰ ਬਰਾਮਦ ਤੋਂ ਹੋਣ ਵਾਲੀ ਆਮਦਨ ਸਿਰਫ 29.7 ਮਿਲੀਅਨ ਡਾਲਰ ਸੀ।

ਤਸਵੀਰ ਸਰੋਤ, Getty Images
ਅੱਜ ਪੰਜਾਹ ਸਾਲਾਂ ਬਾਅਦ ਬੰਗਲਾਦੇਸ਼ ਬਰਾਮਦ ਤੋਂ ਅਰਬਾਂ ਡਾਲਰ ਦੀ ਕਮਾਈ ਕਰ ਰਿਹਾ ਹੈ। ਬੰਗਲਾਦੇਸ਼ ਨੇ ਸਾਲ 2020 ਵਿੱਚ 39.6 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ।
ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਕਈ ਦੇਸਾਂ ਦੀ ਆਰਥਿਕਤਾ ਸੁੰਗੜ ਰਹੀ ਸੀ, ਉੱਥੇ ਹੀ ਬੰਗਲਾਦੇਸ਼ ਦੀ ਜੀਡੀਪੀ 5.24 ਫੀਸਦ ਦੀ ਸਿਹਤਮੰਦ ਦਰ ਨਾਲ ਵਧੀ।
ਅੱਜ ਦੀ ਪ੍ਰਤੀ ਵਿਅਕਤੀ ਆਮਦਨੀ ਸੱਤਰ ਦੇ ਦਹਾਕੇ ਮੁਕਾਬਲੇ 18 ਗੁਣਾ ਵਧੀ ਹੈ। ਗਰੀਬੀ ਦੀ ਦਰ ਘੱਟ ਕੇ 20.5 'ਤੇ ਹੋ ਗਈ ਹੈ।
ਇਹ ਵੀ ਪੜ੍ਹੋ:-
ਹਾਲ ਹੀ ਵਿੱਚ ਸੈਂਟਰ ਫਾਰ ਇਕਨੌਮਿਕਸ ਐਂਡ ਬਿਜ਼ਨੈਸ ਰਿਸਰਚ ਦੀ ਆਈ ਰਿਪੋਰਟ ਵਿੱਚ ਬੰਗਲਾਦੇਸ਼ ਬਾਰੇ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਬੰਗਲਾਦੇਸ਼ ਸਾਲ 2035 ਤੱਕ ਦੁਨੀਆਂ ਦੀ 25ਵੀਂ ਵੱਡੀ ਆਰਥਿਕਤਾ ਬਣ ਜਾਵੇਗਾ। ਇਹ ਇੱਕ ਗਰੀਬ ਦੇਸ਼ ਦੇ ਵਿਕਾਸਸ਼ੀਲ ਦੇਸ਼ ਵਿੱਚ ਵਿਕਸਤ ਹੋਣ ਦੀ ਯਾਤਰਾ ਹੈ।
ਸੰਯੁਕਤ ਰਾਸ਼ਟਰ ਦੁਆਰਾ ਸਾਲ 1975 ਵਿੱਚ ਬੰਗਲਾਦੇਸ਼ ਨੂੰ ਸਭ ਤੋਂ ਘੱਟ ਵਿਕਸਤ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਸੀ। ਦੱਸ ਦੇਈਏ ਕਿ ਵਿਕਾਸਸ਼ੀਲ ਦੇਸ ਬਣਨ ਲਈ ਤਿੰਨ ਸ਼ਰਤਾਂ ਹਨ।

ਤਸਵੀਰ ਸਰੋਤ, Getty Images
ਸਾਲ 2018 ਵਿੱਚ ਬੰਗਲਾਦੇਸ਼ ਨੇ ਪਹਿਲੀ ਵਾਰ ਇਨ੍ਹਾਂ ਤਿੰਨ ਸ਼ਰਤਾਂ ਨੂੰ ਪੂਰਾ ਕੀਤਾ ਅਤੇ 2021 ਵਿੱਚ ਬੰਗਲਾਦੇਸ਼ ਨੇ ਇੱਕ ਵਾਰ ਫਿਰ ਇਨ੍ਹਾਂ ਸ਼ਰਤਾਂ ਨੂੰ ਪੂਰਾ ਕੀਤਾ।
ਇਨ੍ਹਾਂ ਤਿੰਨ ਸ਼ਰਤਾਂ ਵਿੱਚੋਂ ਪਹਿਲੀ ਪ੍ਰਤੀ ਵਿਅਕਤੀ ਆਮਦਨ ਸੂਚੀ (ਪਰ ਕੈਪੀਟਾ ਇੰਡੈਕਸ) ਹੈ, ਦੂਜੀ ਆਰਥਿਕ ਸਥਿਰਤਾ ਸੂਚੀ ਅਤੇ ਤੀਜੀ ਮਨੁੱਖੀ ਵਿਕਾਸ ਸੂਚੀ ਹੈ।
ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਦਫ਼ਤਰ ਅਨੁਸਾਰ ਜੇ ਕੋਈ ਦੇਸ ਤੈਅ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਉਸਨੂੰ ਸਭ ਤੋਂ ਘੱਟ ਵਿਕਸਿਤ ਦੇਸਾਂ ਦੀ ਸੂਚੀ ਤੋਂ ਹਟਾਕੇ ਵਿਕਾਸਸ਼ੀਲ ਦੇਸਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
ਬੰਗਲਾਦੇਸ਼ ਦੀ ਰੈਂਕਿੰਗ ਨੂੰ ਬਦਲਣ ਦੇ ਮਤੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸਦਾ ਅਧਿਕਾਰਤ ਐਲਾਨ ਬਾਕੀ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਰ ਇਨ੍ਹਾਂ ਮਾਪਦੰਡਾਂ 'ਤੇ ਬੰਗਲਾਦੇਸ਼ ਦੀ ਤਰੱਕੀ ਕਿਵੇਂ ਹੋਈ
ਆਰਥਿਕ ਵਿਕਾਸ ਦੇ ਮਾਮਲੇ ਵਿੱਚ ਬੰਗਲਾਦੇਸ਼ ਦੀ ਬਰਾਮਦ ਆਮਦਨੀ ਪਿਛਲੇ ਕੁਝ ਦਹਾਕਿਆਂ ਤੋਂ ਵੱਧ ਰਹੀ ਹੈ। ਵਿਦੇਸ਼ਾਂ ਵਿੱਚ ਕੰਮ ਕਰਦੇ ਬੰਗਲਾਦੇਸ਼ੀਆਂ ਵੱਲੋਂ ਭੇਜੇ ਪੈਸੇ ਵਿੱਚ ਵੀ ਵਾਧਾ ਹੋਇਆ ਹੈ। ਖੇਤੀ ਅਤੇ ਉਦਯੋਗ ਦੋਵਾਂ ਨੇ ਵਿਕਾਸ ਕੀਤਾ ਹੈ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਇਆ ਹੈ।

ਤਸਵੀਰ ਸਰੋਤ, Getty Images
ਬੰਗਲਾਦੇਸ਼ ਦਾ ਆਰਥਿਕ ਵਿਕਾਸ ਵੱਡੇ ਪੱਧਰ 'ਤੇ ਹਾਸ਼ੀਏ ਦੇ ਪੱਧਰ 'ਤੇ ਲੱਖਾਂ ਲੋਕਾਂ ਦੇ ਰੁਜ਼ਗਾਰ ਅਤੇ ਉਤਪਾਦਨ ਵਿੱਚ ਸੁਧਾਰ ਅਤੇ ਬਰਾਮਦ ਕਾਰਨ ਹੋਇਆ ਹੈ।
ਸ਼ੁਰੂ ਵਿੱਚ ਖੇਤੀਬਾੜੀ ਸੈਕਟਰ ਨੇ ਇਸ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਪਰ 1980 ਦੇ ਦਹਾਕੇ ਦੇ ਬਾਅਦ ਤੋਂ ਇੱਕ ਅਹਿਮ ਥਾਂ ਲੈ ਲਈ ਹੈ।
ਖਾਸ ਤੌਰ 'ਤੇ ਰੈਡੀਮੇਡ ਕੱਪੜਾ ਉਦਯੋਗ ਨੇ ਰੁਜ਼ਗਾਰ ਪੈਦਾ ਕਰਨ ਅਤੇ ਬਰਾਮਦ ਦੋਵਾਂ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਬੰਗਲਾਦੇਸ਼ ਦੀ ਬਰਾਮਦ ਆਮਦਨ ਦਾ 83 ਫੀਸਦ ਇਸੇ ਸੈਕਟਰ ਤੋਂ ਆਉਂਦਾ ਹੈ।
ਸੁਲਤਾਨਾ ਦੀ ਕਹਾਣੀ
ਟੈਕਸਟਾਈਲ ਉਦਯੋਗ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ। ਸੁਲਤਾਨਾ ਉਨ੍ਹਾਂ ਵਿੱਚੋਂ ਇੱਕ ਹੈ। ਉਹ ਢਾਕਾ ਨੇੜੇ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਉਹ ਛੇ ਸਾਲ ਪਹਿਲਾਂ ਇੱਥੇ ਆਈ ਸੀ।
ਸੁਲਤਾਨਾ ਦਾ ਕਹਿਣਾ ਹੈ ਕਿ ਇੱਕ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰਕੇ ਉਨ੍ਹਾਂ ਦੇ ਪਰਿਵਾਰ ਦੀ ਗਰੀਬੀ ਦੂਰ ਹੋ ਗਈ ਹੈ।
ਉਹ ਕਹਿੰਦੀ ਹੈ, "ਜਦੋਂ ਮੈਂ ਪਿੰਡ ਵਿੱਚ ਸੀ ਤਾਂ ਮੇਰੇ ਪਿਤਾ ਲਈ ਪਰਿਵਾਰ ਦਾ ਗੁਜ਼ਾਰਾ ਕਰਨਾ ਸੰਭਵ ਨਹੀਂ ਸੀ, ਬਾਅਦ ਵਿੱਚ ਮੈਂ ਢਾਕਾ ਆ ਗਈ ਅਤੇ ਇੱਕ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।"
"ਸੱਤ ਸਾਲਾਂ ਬਾਅਦ ਮੇਰਾ ਪਰਿਵਾਰ ਅੱਜ ਠੀਕ ਹੈ ਅਤੇ ਮੈਂ ਉਨ੍ਹਾਂ ਨੂੰ ਹਰ ਮਹੀਨੇ ਪੈਸੇ ਭੇਜਦੀ ਹਾਂ। ਮੈਂ ਜ਼ਮੀਨ ਖਰੀਦੀ ਹੈ, ਗਊਆਂ ਅਤੇ ਮੱਝਾਂ ਖਰੀਦੀਆਂ ਹਨ ਅਤੇ ਭਵਿੱਖ ਲਈ ਪੈਸੇ ਬਚਾਏ ਹਨ।"

ਤਸਵੀਰ ਸਰੋਤ, Getty Images
ਸੁਲਤਾਨਾ ਦੀ ਇੱਕ ਧੀ ਹੈ। ਉਹ ਕਹਿੰਦੀ ਹੈ ਕਿ ਉਸਦਾ ਟੀਚਾ ਭਵਿੱਖ ਵਿੱਚ ਆਪਣੀ ਧੀ ਨੂੰ ਜਾਗਰੂਕ ਕਰਨਾ ਹੈ। ਉਹ ਭਵਿੱਖ ਵਿੱਚ ਆਪਣੇ ਪਿੰਡ ਵਾਪਸ ਆਉਣਾ ਚਾਹੁੰਦੀ ਹੈ।
ਉਹ ਕਹਿੰਦੀ ਹੈ, "ਮੈਂ ਕੁਝ ਪੈਸੇ ਬਚਾਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਬਚਤ ਵਧੇਗੀ। ਮੈਂ ਪਿੰਡ ਜਾਣਾ ਚਾਹੁੰਦੀ ਹਾਂ। ਉੱਥੇ ਮੱਝ ਪਾਲਾਂਗੀ, ਇੱਕ ਦੁਕਾਨ ਖੋਲ੍ਹਾਂਗੀ। ਮੈਂ ਆਪਣੇ ਲਈ ਕੁਝ ਕਰਨ ਦੀ ਕੋਸ਼ਿਸ਼ ਕਰਾਂਗਾ।"
ਮਨੁੱਖੀ ਸਰੋਤ ਵਿਕਾਸ ਸੂਚੀ
ਆਰਥਿਕ ਵਿਕਾਸ ਤੋਂ ਇਲਾਵਾ ਬੰਗਲਾਦੇਸ਼ ਵਿੱਚ ਮਨੁੱਖੀ ਵਿਕਾਸ ਦੇ ਪੈਮਾਨੇ ਵਿੱਚ ਵੀ ਅਹਿਮ ਸੁਧਾਰ ਦੇਖੇ ਗਏ ਹਨ। ਇਸ ਸਬੰਧੀ ਬੱਚਿਆਂ ਅਤੇ ਮਾਵਾਂ ਦੀ ਸਿਹਤ ਅਹਿਮ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਸਾਲ 1974 ਵਿੱਚ ਦੇਸ ਵਿੱਚ ਪੈਦਾ ਹੋਏ ਹਰੇਕ 1000 ਬੱਚਿਆਂ ਵਿੱਚੋਂ 153 ਦੀ ਮੌਤ ਹੋ ਜਾਂਦੀ ਸੀ। ਸਾਲ 2018 ਵਿੱਚ ਇਹ ਗਿਣਤੀ ਘੱਟ ਕੇ ਸਿਰਫ਼ 22 'ਤੇ ਆ ਗਈ।
ਸਾਲ 1991 ਵਿੱਚ ਪੰਜ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਇੱਕ ਹਜ਼ਾਰ ਵਿੱਚੋਂ 212 ਸੀ। ਸਾਲ 2018 ਵਿੱਚ ਇਹ ਗਿਣਤੀ 29 ਸੀ।
ਸਾਲ 1981 ਵਿੱਚ ਜਣੇਪੇ ਦੌਰਾਨ ਮੌਤ ਦਰ 4.6 ਫੀਸਦ ਸੀ। ਸਾਲ 2018 ਵਿੱਚ ਇਹ 1.79 ਫੀਸਦ ਸੀ।

ਤਸਵੀਰ ਸਰੋਤ, Getty Images
ਗੈਰ-ਸਰਕਾਰੀ ਸੰਗਠਨਾਂ ਅਤੇ ਸਿਹਤ ਸੰਸਥਾਵਾਂ ਨੇ ਬੰਗਲਾਦੇਸ਼ ਵਿੱਚ ਕੁਪੋਸ਼ਣ ਅਤੇ ਜਣੇਪਾ ਸਿਹਤ ਦੇ ਮੁੱਦੇ ਨੂੰ ਹੱਲ ਕਰਨ ਲਈ ਕਾਫ਼ੀ ਯੋਗਦਾਨ ਪਾਇਆ ਹੈ।
ਇਨ੍ਹਾਂ ਸੰਸਥਾਵਾਂ ਨੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜਾਗਰੂਕਤਾ ਲਈ ਉਪਰਾਲੇ ਕੀਤੇ ਹਨ ਅਤੇ ਵਿੱਤੀ ਸਹਾਇਤਾ ਦੇਣ ਲਈ ਸਰਕਾਰ ਨਾਲ ਕੰਮ ਕੀਤਾ ਹੈ।
ਇੱਕ ਸਮਾਂ ਸੀ ਜਦੋਂ ਇਹ ਕਿਹਾ ਜਾਂਦਾ ਸੀ ਕਿ ਮਦਦ ਅਤੇ ਕਰਜ਼ੇ ਤੋਂ ਬਿਨਾਂ ਬੰਗਲਾਦੇਸ਼ ਕੋਈ ਕੰਮ ਨਹੀਂ ਕਰ ਸਕੇਗਾ ਪਰ ਅੱਜ ਉਹੀ ਦੇਸ ਖੁਦ 301 ਅਰਬ ਰੁਪਏ ਦੀ ਲਾਗਤ ਨਾਲ ਪਦਮਾ ਨਦੀ 'ਤੇ ਇੱਕ ਰੋਡ-ਰੇਲ ਪੁਲ ਬਣਾ ਰਿਹਾ ਹੈ।
ਸਭ ਤੋਂ ਘੱਟ ਵਿਕਸਤ ਦੇਸ ਤੋਂ ਵਿਕਾਸਸ਼ੀਲ ਦੇਸ ਵਿੱਚ ਤਬਦੀਲੀ ਕਰਨਾ ਬੰਗਲਾਦੇਸ਼ ਦੀ ਸ਼ਾਇਦ 50 ਸਾਲਾਂ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












