ਪਾਕਿਸਤਾਨ ਦੇ ਦੁਰਲੱਭ ਪੰਛੀ, ਜਿੰਨ੍ਹਾਂ ਦਾ ਅਰਬ ਦੇ ਸ਼ੇਖ਼ ਮਰਦਾਨਾ ਤਾਕਤ ਵਧਾਉਣ ਲਈ ਸ਼ਿਕਾਰ ਕਰਨ ਆਉਂਦੇ ਹਨ

1980 ਵਿਆਂ ਦੇ ਆਖ਼ਰੀ ਸਾਲਾਂ ਦੌਰਾਨ ਸਾਊਦੀ ਦੇ ਸ਼ੇਖ਼ਾਂ ਦਾ ਇੱਕ ਸ਼ਿਕਾਰੀ ਗਰੁੱਪ

ਤਸਵੀਰ ਸਰੋਤ, Haji Hanif

ਤਸਵੀਰ ਕੈਪਸ਼ਨ, 1980 ਵਿਆਂ ਦੇ ਆਖ਼ਰੀ ਸਾਲਾਂ ਦੌਰਾਨ ਸਾਊਦੀ ਦੇ ਸ਼ੇਖ਼ਾਂ ਦਾ ਇੱਕ ਸ਼ਿਕਾਰੀ ਗਰੁੱਪ
    • ਲੇਖਕ, ਸਾਹਿਰ ਬਲੋਚ
    • ਰੋਲ, ਬੀਬੀਸੀ ਉਰਦੂ, ਪਾਸਨੀ (ਪਾਕਿਸਤਾਨ)

ਸਾਲ 1983 ਵਿੱਚ ਦੋ ਫੌਜੀ ਅਧਿਕਾਰੀ ਦੱਖਣ-ਪੱਛਮੀ ਪਾਕਿਸਤਾਨ ਵਿੱਚ ਇੱਕ ਛੋਟੇ ਜਿਹੇ ਤੱਟਵਰਤੀ ਸ਼ਹਿਰ ਪਾਸਨੀ ਵਿੱਚ ਕਾਰਾਂ ਕਿਰਾਏ ਉੱਤੇ ਦੇਣ ਵਾਲੇ ਦਫ਼ਤਰ ਅੱਗੇ ਰੁਕਦੇ ਹਨ।

ਉਨ੍ਹਾਂ ਵਿੱਚੋਂ ਇੱਕ ਨੇ ਮਾਲਕ ਨੂੰ ਪੁੱਛਿਆ: "ਕੀ ਤੁਹਾਡੇ ਕੋਲ ਚੰਗੀ ਕਾਰ ਹੈ? ਅਸੀਂ ਇੱਕ ਅਰਬ ਸ਼ੇਖ ਨੂੰ ਪੰਜਗੁਰ ਲੈ ਕੇ ਜਾਣਾ ਹੈ।"

ਮਾਲਕ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਇੱਕ ਕਾਰ ਹੈ ਅਤੇ ਉਸ ਨੇ ਆਪਣੇ ਬੇਟੇ ਹਨੀਫ ਨੂੰ ਉਨ੍ਹਾਂ ਨੂੰ ਇਹ ਦਿਖਾਉਣ ਲਈ ਭੇਜਿਆ।

ਇਹ ਵੀ ਪੜ੍ਹੋ :

ਇਹ ਗੱਡੀ ਰਾਜਕੁਮਾਰ ਸੁਰੂਰ ਬਿਨ ਮੁਹੰਮਦ ਅਲ-ਨਾਹਯਾਨ ਲਈ ਸੀ।ਪ੍ਰਿੰਸ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਛੇ ਸ਼ਾਹੀ ਪਰਿਵਾਰਾਂ ਵਿੱਚੋਂ ਇੱਕ ਨਾਲ ਸਬੰਧਿਤ ਸੀ।

ਮਰਦਾਨਾ ਤਾਕਤ ਵਧਾਉਣ ਵਾਲੇ

ਉਹ ਲਗਭਗ 100 ਕਿਲੋਮੀਟਰ (65 ਮੀਲ) ਦੇ ਅੰਦਰੂਨੀ ਹਿੱਸੇ ਵਿੱਚ ਇੱਕ ਦੁਰਲੱਭ ਪੰਛੀ ਹੁਬਾਰਾ ਬਸਟਰਡ ਦਾ ਸ਼ਿਕਾਰ ਕਰਨਾ ਚਾਹੁੰਦੇ ਸੀ। ਪੰਛੀ, ਜਿਸ ਦੇ ਮਾਸ ਨੂੰ ਕੁਝ ਲੋਕ ਕਾਮ ਉਤੇਜਨਾ ਲਈ ਵਧੀਆ ਮੰਨਦੇ ਹਨ।

ਅਰਬ ਦੇਸ਼ਾਂ ਵਿੱਚ ਕੁਝ ਲੋਕ ਹੁਬਾਰਾ ਪੰਛੀਆਂ ਦਾ ਮੀਟ ਮਰਦਾਨਾ ਤਾਕਤ ਲਈ ਵਧੀਆ ਮੰਨਦੇ ਹਨ।

ਸ਼ੇਖ ਨੂੰ ਕਾਰ ਪਸੰਦ ਆਈ, ਅਤੇ ਉਹ ਹਨੀਫ਼ ਨੂੰ ਨਾਲ ਲੈ ਗਿਆ, ਜੋ ਉਸ ਸਮੇਂ 31 ਸਾਲ ਦਾ ਸੀ।

ਹਾਜੀ ਹਨੀਫ਼ ਕਹਿੰਦੇ ਹਨ ਕਿ ਉਦੋਂ ਉਨ੍ਹਾਂ ਦੀ ਲੰਬੀ ਦੋਸਤੀ ਦੀ ਸ਼ੁਰੂਆਤ ਹੋਈ। ਹੁਣ ਉਹ ਪਿਛਲੇ ਸੈਂਤੀ ਸਾਲਾਂ ਤੋਂ ਉਹ ਇਨ੍ਹਾਂ ਸ਼ਾਹੀ ਮਹਿਮਾਨਾਂ ਦੀ ਮੇਜ਼ਬਾਨੀ ਕਰਨ ਵਾਲੇ ਪਰਿਵਾਰਾਂ ਵਿੱਚੋਂ ਇੱਕ ਹਨ। ਅਜਿਹੇ ਮਹਿਮਾਨ ਹਰ ਸਾਲ ਪਾਕਿਸਤਾਨ ਵਿੱਚ ਹੁਬਾਰਿਆਂ ਦਾ ਸ਼ਿਕਾਰ ਕਰਨ ਲਈ ਆਉਂਦੇ ਹਨ।

ਟਰਕੀ ਦੇ ਆਕਾਰ ਵਾਲੇ ਇਨ੍ਹਾਂ ਸ਼ਰਮੀਲੇ ਪੰਛੀਆਂ ਦੀ ਗਿਣਤੀ ਘਟ ਰਹੀ ਹੈ, ਇਸ ਲਈ ਉਨ੍ਹਾਂ ਨੂੰ ਮਾਰਨਾ ਵਿਵਾਦਪੂਰਨ ਹੈ, ਪਰ ਅਜੇ ਵੀ ਇਨ੍ਹਾਂ ਦਾ ਸ਼ਿਕਾਰ ਖੇਡਿਆ ਜਾਂਦਾ ਹੈ।

ਹੁਬਾਰਾ ਪੰਛੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਬ ਦੇਸ਼ਾਂ ਵਿੱਚ ਕੁਝ ਲੋਕ ਹੁਬਾਰਾ ਪੰਥੀਆਂ ਦਾ ਮੀਟ ਮਰਦਾਨਾ ਤਾਕਤ ਲਈ ਵਧੀਆ ਮੰਨਦੇ ਹਨ

ਅਮੀਰ ਖਾੜੀ ਦੇਸ਼ਾਂ ਵਿੱਚ ਰਸੂਖ਼ਦਾਰਾਂ ਨਾਲ ਰਿਸ਼ਤੇ ਗੂੜ੍ਹੇ ਕਰਨ ਦੇ ਲਈ ਪਾਕਿਸਤਾਨ ਵਿੱਚ ਸ਼ਕਤੀਸ਼ਾਲੀ ਸਮੂਹ ਹਨ, ਜੋ ਗੁਪਤ ਸ਼ਿਕਾਰ ਦੀ ਹਮਾਇਤ ਕਰਦੇ ਹਨ।

ਇਹ ਸਭ ਇੱਥੇ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ। ਅਜਿਹੀਆਂ ਯਾਤਰਾਵਾਂ ਦਾ ਪ੍ਰਬੰਧ ਕਰਨ ਵਾਲੇ ਕਹਿੰਦੇ ਕਿ ਸ਼ੇਖ਼ ਪਾਕਿਸਤਾਨ ਵਿੱਚ ਲੋੜੀਂਦੇ ਰੁਜ਼ਗਾਰ ਅਤੇ ਪੂੰਜੀ ਲੈ ਕੇ ਆਉਂਦੇ ਹਨ।

ਸ਼ਾਹੀ ਲੋਕਾਂ ਦਾ ਅਯਾਸ਼ੀ

ਹਾਲਾਂਕਿ ਇਸ ਤੋਂ ਪਾਕਿਸਤਾਨ ਨੂੰ ਪਹੁੰਚਣ ਵਾਲਾ ਅਸਲ ਫ਼ਾਇਦਾ ਹਾਲੇ ਸਪੱਸ਼ਟ ਨਹੀਂ ਹੈ। ਸ਼ਿਕਾਰਗਾਹਾਂ ਦੇ ਕੁਝ ਬਾਸ਼ਿੰਦੇ ਕਹਿੰਦੇ ਹਨ ਕਿ ਸ਼ਾਹੀ ਵਿਅਕਤੀ ਨਿੱਜੀ ਆਨੰਦ ਲਈ ਅਜਿਹਾ ਕਰਦੇ ਹਨ।

ਹਰ ਸਾਲ ਨਵੰਬਰ ਅਤੇ ਫਰਵਰੀ ਵਿਚਕਾਰ ਹਾਜੀ ਹਨੀਫ ਸ਼ਾਹੀ ਪਾਰਟੀਆਂ ਦਾ ਸਵਾਗਤ ਕਰਦੇ ਹਨ। ਹਾਜੀ ਹਨੀਫ ਗਵਾਦਰ ਦੀ ਰਣਨੀਤਕ ਬੰਦਰਗਾਹ ਤੋਂ ਪੂਰਬ ਵੱਲ ਇੱਕ ਘੰਟੇ ਦੀ ਦੂਰੀ 'ਤੇ ਬਲੂਚਿਸਤਾਨ ਸੂਬੇ ਵਿੱਚ ਰਹਿੰਦੇ ਹਨ।

ਇਸ ਤੋਂ ਪਹਿਲਾਂ ਕਿ ਸਰਦੀਆਂ ਦਾ ਸ਼ਿਕਾਰ ਖਤਮ ਹੋ ਜਾਵੇ, ਉਨ੍ਹਾਂ ਨੇ ਬੀਬੀਸੀ ਨੂੰ ਸੱਦਾ ਦਿੱਤਾ ਕਿ ਉਸ ਅਤੇ ਉਸ ਦੇ ਸਟਾਫ਼ ਵੱਲੋਂ ਇਨ੍ਹਾਂ ਸ਼ਾਹੀ ਮਹਿਮਾਨਾਂ ਲਈ ਕੀਤੀਆਂ ਤਿਆਰੀਆਂ ਨੂੰ ਦੇਖਣ।

ਪਾਸਨੀ ਜਿਹੀ ਜਗ੍ਹਾ 'ਤੇ ਸ਼ਾਨਦਾਰ ਦਾਅਵਤ ਸੀ। ਪਾਸਨੀ ਜਿੱਥੇ ਮੁੱਢਲੀਆਂ ਜ਼ਰੂਰਤਾਂ ਵੀ ਬਹੁਤ ਸਾਰਿਆਂ ਲਈ ਦੂਰ ਦਾ ਸੁਪਨਾ ਹਨ।

ਹਾਜੀ ਹਨੀਫ਼ ਦੀ ਹਵੇਲੀ ਕੋਲ ਆਬੂ ਧਾਬੀ ਦਾ ਸ਼ਾਹੀ ਨਿਸ਼ਾਨ
ਤਸਵੀਰ ਕੈਪਸ਼ਨ, ਹਾਜੀ ਹਨੀਫ਼ ਦੀ ਹਵੇਲੀ ਕੋਲ ਆਬੂ ਧਾਬੀ ਦਾ ਸ਼ਾਹੀ ਨਿਸ਼ਾਨ

ਪਾਕਿਸਤਾਨ ਵਿਚਲਾ ਅਰਬ

ਇੱਥੇ ਸਾਨੂੰ ਦੋ ਵਿਅਕਤੀ ਮਿਲੇ ਅਤੇ ਸਾਨੂੰ ਹਵਾਈ ਅੱਡੇ ਦੀ ਸੜਕ ਤੋਂ ਕੁਝ ਕਿਲੋਮੀਟਰ ਦੂਰ ਹਾਜੀ ਦੀ ਮਹਿਲਨੁਮਾ ਹਵੇਲੀ ਤੱਕ ਲੈ ਕੇ ਗਏ। ਯੂਏਈ ਦੇ ਨੰਬਰ ਪਲੇਟ ਵਾਲੀ ਜੀਪ ਨੇ ਸਾਨੂੰ ਇੰਝ ਮਹਿਸੂਸ ਕਰਵਾਇਆ ਜਿਵੇਂ ਅਸੀਂ ਅਬੂ ਧਾਬੀ ਵਿੱਚ ਹੋਈਏ।

ਸਾਡੀ ਇਹ ਭਾਵਨਾ ਅਬੂ ਧਾਬੀ ਸ਼ਾਹੀਪੁਣੇ ਦੇ ਵੱਡੇ ਨਿਸ਼ਾਨ ਸਿਖਰ 'ਤੇ ਲਗਾਏ ਗਏ ਬਾਜ਼ ਨਾਲ ਸੰਪੂਰਨ ਹੋਈ। ਇਸ ਨੂੰ ਦੇਖਦਿਆਂ ਅਸੀਂ ਘਰ ਵਿੱਚ ਇਸ ਤਰ੍ਹਾਂ ਦਾਖਲ ਹੋਏ ਜਿਵੇਂ ਅਸੀਂ ਕਿਸੇ ਬੀਹੜ ਵਿਚਕਾਰ ਨਖ਼ਲਿਸਤਾਨ ਵਿੱਚ ਬੈਠੇ ਹੋਈਏ।

ਇੱਥੇ ਆਉਣ ਵਾਲੇ ਸ਼ਾਹੀ ਮਹਿਮਾਨ ਦਰਜਨਾਂ ਸਥਾਨਕ ਲੋਕਾਂ ਨੂੰ ਕਿੱਤੇ ਲਾਉਂਦੇ ਹਨ। ਪਹੁੰਚਦਿਆਂ ਹੀ ਅਸੀਂ ਦੇਖਿਆ ਕਿ ਕਈ ਲੋਕ ਸ਼ੇਖ ਦੇ ਬਾਜ਼ਾਂ ਵਿੱਚ ਰੁੱਝੇ ਹੋਏ ਸਨ, ਕੁਝ ਹੋਰ ਰਸੋਈ ਚਮਕਾ ਰਹੇ ਸਨ ਅਤੇ ਕੁਝ ਹੋਰ ਐੱਸਯੂਵੀ ਨੂੰ ਇੱਕ ਵੱਡੇ ਸਾਰੇ ਗੈਰੇਜ ਵਿੱਚ ਲਾ ਰਹੇ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਖਾਕੀ ਪਹਿਨੇ ਹੋਏ ਇੱਕ ਵਿਅਕਤੀ ਸਾਨੂੰ ਮਹਿਮਾਨਖ਼ਾਨਿਆਂ ਵਿੱਚ ਲੈ ਗਿਆ, ਜਿੱਥੇ ਇਤਰ ਦੀਆਂ ਖ਼ੁਸ਼ਬੋਆਂ ਨੇ ਨੇ ਸਾਡਾ ਸਵਾਗਤ ਕੀਤਾ।

ਇੱਕ ਸੋਫ਼ੇ 'ਤੇ ਬੈਠੇ ਹਾਜੀ ਹਨੀਫ਼ ਨੇ ਪੁੱਛਿਆ, "ਤੁਹਾਨੂੰ ਸਾਡੀ ਜਗ੍ਹਾ ਕਿਵੇਂ ਲੱਗੀ?"

ਹੁਣ ਸੱਤਰਵਿਆਂ ਨੂੰ ਪਹੁੰਚੇ ਹਾਜ਼ੀ ਇੱਕ ਵਧੀਆ ਕਹਾਣੀਕਾਰ ਹਨ। ਉਨ੍ਹਾਂ ਨੇ ਸਾਨੂੰ ਚਾਰੇ ਪਾਸੇ ਦਿਖਾਇਆ, ਕਈ ਸਾਲਾਂ ਤੋਂ ਜਾਰੀ ਸ਼ੇਖ ਦੀਆਂ ਫੇਰੀਆਂ ਬਾਰੇ ਦੱਸਿਆ।

ਇੱਕ ਐੱਸਯੂਵੀ
ਤਸਵੀਰ ਕੈਪਸ਼ਨ, ਇੱਕ ਐੱਸਯੂਵੀ

"ਜਦੋਂ ਅਸੀਂ ਉਨ੍ਹਾਂ ਨੂੰ ਕਾਰ ਦਿਵਾਉਣ ਵਿੱਚ ਮਦਦ ਕੀਤੀ, ਉਹ ਦੁਬਾਰਾ ਸਾਡੇ ਕੋਲ ਆਇਆ। 1988 ਤੱਕ ਮੈਂ ਅਤੇ ਮੇਰੇ ਪਿਤਾ ਜੀ ਨੇ ਸ਼ੇਖ ਲਈ 20 ਕਾਰਾਂ ਦਾ ਪ੍ਰਬੰਧ ਕੀਤਾ ਕਿਉਂਕਿ ਉਨ੍ਹਾਂ ਨੇ ਸਾਡੇ 'ਤੇ ਭਰੋਸਾ ਕੀਤਾ।"

ਪਾਸਨੀ ਲਈ ਇਹ ਯਾਤਰਾਵਾਂ ਲਗਭਗ 35 ਸਥਾਨਕਾਂ ਲੋਕਾਂ ਦੀ ਕਮਾਈ ਦਾ ਸਾਧਨ ਹਨ, ਜੋ ਮਹਿਮਾਨਾਂ ਦੀ ਆਮਦ ਤੋਂ ਤਿੰਨ ਮਹੀਨੇ ਪਹਿਲਾਂ ਕੰਮ 'ਤੇ ਰੱਖ ਲਏ ਹਨ।

ਕੁਝ ਬਾਜ਼ਾਂ ਅਤੇ ਉਨ੍ਹਾਂ ਨੂੰ ਸਿਖਾਉਣ ਲਈ ਰੱਖੇ ਕਬੂਤਰਾਂ ਦੀ ਸਾਂਭ-ਸੰਭਾਲ ਕਰਦੇ ਹਨ। ਤਿੰਨ ਜਣੇ ਬਾਗ਼ ਵਿੱਚ ਹਨ, ਜਿੱਥੇ ਸ਼ੇਖ਼ ਲਈ ਨਿੰਬੂ ਉਗਾਏ ਗਏ ਹਨ। ਇੱਕ ਹੋਰ ਕੁਝ ਬਾਜ਼ਾਂ ਕੱਪੜੇ ਧੋਣ ਦਾ ਇੰਚਾਰਜ ਹੈ।

ਦੂਜੇ ਰਸੋਈਏ ਹਨ ਤੇ ਕੁਝ ਸਫ਼ਾਈ ਦਾ ਖ਼ਿਆਲ ਰੱਖਦੇ ਹਨ। ਕੁਝ ਵਾਹਨਾਂ ਦੀ ਦੇਖਭਾਲ ਕਰਦੇ ਹਨ। ਇੱਕ ਮੋਟਰਸਾਈਕਲ 'ਤੇ ਸਵਾਰ ਨੂੰ ਹੁਬਾਰਾ ਲੱਭਣ ਲ਼ਈ ਦੇ ਆਸ ਪਾਸ ਦੇ ਖੇਤਰਾਂ ਦੇ ਦੌਰੇ ਲਈ ਪੈਸੇ ਮਿਲਦੇ ਹਨ ਤਾਂ ਜੋ ਸ਼ੇਖ਼ ਨੂੰ ਸ਼ਿਕਾਰ ਲੱਭਣ ਵਿੱਚ ਮਿਹਨਤ ਨਾ ਕਰਨੀ ਪਵੇ।

ਹਾਜੀ ਹਨੀਫ ਦੇ ਤਿੰਨ ਬੇਟੇ ਵੀ ਆਪਣੇ ਪਿਤਾ ਦੀ ਮਦਦ ਲਈ ਕੰਮ ਕਰ ਰਹੇ ਹਨ।

ਵੀਡੀਓ ਕੈਪਸ਼ਨ, ਇਹ ਹੈ ਉਹ ਸਾਂਡਾ ਜਿਸ ਦਾ ਤੇਲ ਮਸ਼ਹੂਰ ਹੈ

ਸਭ ਤੋਂ ਵੱਡਾ ਪੁੱਤਰ ਗੈਰੇਜ ਅਤੇ ਸ਼ੇਖ ਦੀ ਵਰਤੋਂ ਲਈ ਰੱਖੀਆਂ ਗਈਆਂ 20 ਐੱਸਯੂਵੀਆਂ ਦੀ ਦੇਖਭਾਲ ਕਰਦਾ ਹੈ।

ਵਿਚਕਾਰਲਾ ਪੁੱਤਰ ਸੁਰੱਖਿਆ ਦਾ ਇੰਚਾਰਜ ਹੈ, ਅੰਗ-ਰੱਖਿਅਕ ਵਜੋਂ ਕੰਮ ਕਰਦਾ ਹੈ ਅਤੇ ਤੀਜਾ ਇਹ ਦੇਖਦਾ ਹੈ ਕਿ ਸਥਾਨਕ ਲੋਕ ਹੁਬਾਰਿਆਂ ਨੂੰ ਬਲੈਕ ਮਾਰਕੀਟ ਵਿੱਚ ਨਾ ਵੇਚਣ।

ਪਾਕਿਸਤਾਨ ਨੇ 1973 ਵਿੱਚ ਸ਼ਾਹੀ ਵਿਅਕਤੀਆਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ।

ਹਾਜੀ ਹਨੀਫ਼
ਤਸਵੀਰ ਕੈਪਸ਼ਨ, ਹਾਜੀ ਆਪਣੇ ਆਪ ਨੂੰ ਸ਼ੇਖ਼ ਦੇ ਨੌਕਰ ਮੰਨਦੇ ਹਨ ਪਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਆਪਣੀ ਮਰਜ਼ੀ ਦਾ ਕੰਮ ਕਰਨ

ਅਣਗਿਣਤ ਲੋਕਾਂ ਨੇ ਨਿੱਜੀ ਹੈਸੀਅਤ ਵਿੱਚ ਸਰਦੀਆਂ ਵਿੱਚ ਬਲੋਚਿਸਤਾਨ ਦੇ ਦੱਖਣ-ਪੱਛਮ ਵਿੱਚ ਪਹੁੰਚਣ ਵਾਲੇ ਇੱਕ ਪਰਵਾਸੀ ਪੰਛੀ ਹੁਬਾਰਾ ਬਸਟਰਡ ਦਾ ਸ਼ਿਕਾਰ ਕਰਨ ਲਈ ਖਾੜੀ ਤੋਂ ਆਉਣਾ ਸ਼ੁਰੂ ਕੀਤਾ।

ਸਾਲ 1989 ਵਿੱਚ ਇਸਲਾਮਾਬਾਦ ਵਿੱਚ ਕੇਂਦਰ ਸਰਕਾਰ ਦੀ ਮਦਦ ਲਈ ਸੂਬਾਈ ਸਰਕਾਰ ਨੇ ਇਸ ਦਾ ਪ੍ਰਬੰਧ ਨੂੰ ਰਸਮੀ ਤੌਰ 'ਤੇ ਕਰ ਦਿੱਤਾ ਸੀ, ਇਲਾਕਿਆਂ ਨੂੰ ਸ਼ਾਹੀ ਪਰਿਵਾਰਾਂ ਵਿੱਚ ਤਕਸੀਮ ਕਰ ਦਿੱਤਾ ਗਿਆ।

ਪਾਸਨੀ, ਪੰਜਗੁਰ ਅਤੇ ਗਵਾਦਰ ਨੂੰ ਯੂਏਈ ਦੇ ਸ਼ਾਹੀ ਪਰਿਵਾਰਾਂ ਲਈ ਤੈਅ ਕੀਤਾ ਗਿਆ ਸੀ। ਸਮੁੰਦਰੀ ਕੰਢੇ ਦੇ ਨਾਲ ਪੂਰਬ ਵੱਲ ਅਵਰਾਨ ਜ਼ਿਲ੍ਹੇ ਵਿੱਚ ਝਲ ਝਾਓ ਕਤਰ ਦੇ ਸ਼ੇਖਾਂ ਲਈ ਮਿੱਥਿਆ ਗਿਆ ਸੀ।

ਉੱਤਰ ਵੱਲ ਸਥਿਤ ਚਾਘੀ ਨੂੰ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਨੂੰ ਸੌਂਪਿਆ ਗਿਆ ਸੀ। ਹਾਜੀ ਵਰਗੇ ਪਰਿਵਾਰਾਂ ਨੂੰ ਇਸ ਸਮੇਂ ਵੀ ਸ਼ਾਹੀ ਪਰਿਵਾਰਾਂ ਦੇ ਮੇਜ਼ਬਾਨਾਂ ਵਜੋਂ ਅਲਾਟ ਕੀਤਾ ਗਿਆ।

ਸੱਤਰਵਿਆਂ ਵਿੱਚ ਸ਼ਿਕਾਰ ਪਾਰਟੀਆਂ ਜਿੱਥੇ ਵੀ ਹੁਬਾਰੇ ਹੁੰਦੇ ਸਨ, ਉੱਥੇ ਹੀ ਡੇਰਾ ਲਾਉਂਦੇ ਸਨ। ਸ਼ਿਕਾਰ ਆਮ ਤੌਰ 'ਤੇ ਇੱਕ ਹਫ਼ਤੇ ਤੱਕ ਚੱਲਦੇ ਸਨ ਅਤੇ ਸ਼ਾਹੀ ਲੋਕ ਵਾਪਸੀ ਤੋਂ ਪਹਿਲਾਂ ਪੰਛੀਆਂ ਨੂੰ ਕੈਂਪਾਂ ਵਿੱਚ ਹੀ ਪਕਾ ਕੇ ਖਾ ਲੈਂਦੇ ਸਨ।

ਪਰ ਦੱਖਣੀ-ਪੱਛਮੀ ਬਲੂਚਿਸਤਾਨ ਵਿੱਚ ਕਈ ਸਾਲਾਂ ਤੋਂ ਜਾਰੀ ਹਥਿਆਰਬੰਦ ਵੱਖਵਾਦੀ ਬਗ਼ਾਵਤ ਦੇ ਜ਼ੋਰ ਫੜਨ ਕਾਰਨ ਸੁਰੱਖਿਆ ਮੁਸ਼ਕਲ ਹੋ ਗਈ।

ਇਸ ਲਈ ਹੁਣ ਮਨ ਚਾਹੀ ਥਾਂ 'ਤੇ ਡੇਰਾ ਲਾਉਣਾ ਸੁਰੱਖਿਅਤ ਨਹੀਂ ਹੈ। ਸ਼ਾਹੀ ਪਰਿਵਾਰ ਦੇ ਮੈਂਬਰ ਹੁਣ ਜ਼ਿਆਦਾਤਰ ਆਪਣੀ ਪਸੰਦ ਮੁਤਾਬਕ ਹੋਟਲਾਂ ਜਾਂ ਘਰਾਂ ਵਿੱਚ ਰਹਿੰਦੇ ਹਨ।

ਬਾਜ਼

ਜੋ ਕਿ ਹਾਜੀ ਹਨੀਫ ਵਰਗੇ ਲੋਕਾਂ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ। ਇਹ ਟਿਕਾਣੇ ਪੰਛੀਆਂ ਦੇ ਸ਼ਿਕਾਰ ਕਰਨ ਲਈ ਰੇਗਿਸਤਾਨ ਤੋਂ ਕੁਝ ਮਿੰਟਾਂ ਦੀ ਦੂਰੀ 'ਤੇ ਹੀ ਸਥਿਤ ਹਨ। ਕਰਿੰਦੇ ਪੰਛੀਆਂ ਨੂੰ ਪਹਿਲਾਂ ਹੀ ਲੱਭ ਕੇ ਰੱਖਦੇ ਹਨ।

ਰਵਾਇਤੀ ਤੌਰ 'ਤੇ ਬਾਜ਼ ਬੇਸ਼ਕੀਮਤੀ ਹੁਬਾਰਿਆਂ ਦਾ ਪਿੱਛਾ ਕਰਨਗੇ- ਜਦੋਂ ਇਹ ਫੜਿਆ ਜਾਂਦਾ ਹੈ ਤਾਂ ਪੰਛੀ ਦੇ ਗਲੇ 'ਤੇ ਚਾਕੂ ਨਾਲ ਕੱਟ ਮਾਰਿਆ ਜਾਂਦਾ ਹੈ। ਕਈ ਵਾਰ ਸ਼ਿਕਾਰੀ ਵੀ ਪੰਛੀਆਂ ਨੂੰ ਗੋਲੀ ਮਾਰ ਦਿੰਦੇ ਸਨ।

ਹੁਣ ਗ਼ੈਰ-ਕਾਨੂੰਨੀ ਕਾਰਨ ਕਾਰਿੰਦੇ ਅਕਸਰ ਹੁਬਾਰਿਆਂ ਨੂੰ ਪਹਿਲਾਂ ਹੀ ਫੜ ਲੈਂਦੇ ਹਨ ਅਤੇ ਸ਼ਿਕਾਰੀ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਬਾਜ਼ਾਂ ਲਈ ਛੱਡ ਦਿੰਦੇ ਹਨ।

ਲੰਬੇ ਸਮੇਂ ਤੋਂ ਵਿਵਾਦਮਈ ਮੁੱਦਾ

ਹੁਬਾਰਾ ਬਸਟਰਡਜ਼ ਜਾਂ ਏਸ਼ੀਅਨ ਹੌਬਾਰਜ਼, ਦਾ ਸ਼ਿਕਾਰ ਲੰਬੇ ਸਮੇਂ ਤੋਂ ਵਿਵਾਦਪੂਰਨ ਮੁੱਦਾ ਰਿਹਾ ਹੈ। ਉਹ ਕਦੇ ਅਰਬ ਪ੍ਰਾਇਦੀਪ 'ਤੇ ਵਧੇ ਫੁੱਲੇ ਸਨ।

ਹਾਲਾਂਕਿ ਹੁਣ ਇੰਟਰਨੈਸ਼ਨਲ ਯੂਨੀਅਨ ਆਫ ਕੰਜ਼ਰਵੇਸ਼ਨ ਆਫ਼ ਨੇਚਰ (ਆਈਯੂਸੀਐੱਨ) ਨੇ ਉਨ੍ਹਾਂ ਦੀ ਵਿਸ਼ਵਵਿਆਪੀ ਆਬਾਦੀ ਦਾ ਕਿਆਸ 50,000 ਤੋਂ 100,000 ਦੇ ਵਿਚਕਾਰ ਲਗਾਇਆ ਹੈ।

ਉਹ ਖਤਰੇ ਵਾਲੀਆਂ ਕਿਸਮਾਂ ਦੀ ਲਾਲ ਸੂਚੀ ਵਿੱਚ ਸ਼ਾਮਲ ਹਨ।

ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ "ਸਵਾਮੀ" ਨੂੰ ਖੁਸ਼ ਕਰਨ ਵਾਲੀ ਗੱਲ ਤੋਂ ਇਨਕਾਰ ਕਰਦੇ ਹਨ, ਪਰ ਕੁਝ ਲੋਕਾਂ ਲਈ ਇਹ ਭਾਈਚਾਰਕ ਦੇਸ਼ਾਂ ਨਾਲ ਚੰਗੇ ਸਬੰਧ ਕਾਇਮ ਕਰਨ ਦਾ ਤਰੀਕਾ ਹੈ।

ਸਾਲਾਂ ਤੋਂ ਪਾਕਿਸਤਾਨ ਤੇਲ ਨਾਲ ਭਰਪੂਰ ਖਾੜੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਰਿਹਾ ਹੈ, ਜਿਸ ਨਾਲ ਕਰਜ਼ੇ ਅਤੇ ਨਿਵੇਸ਼ ਦੇ ਰੂਪ ਵਿੱਚ ਚੋਖੀ ਰਕਮ ਹਾਸਲ ਹੁੰਦੀ ਹੈ।

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਇੱਕ ਸਾਬਕਾ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਇਸ"ਸ਼ਰਮਿੰਦਗੀ ਭਰੇ ਕੰਮ" ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ।

ਸਾਬਕਾ ਬੁਲਾਰੇ ਨੇ ਕਿਹਾ, 'ਸਰਕਾਰ ਦੇ ਅੰਦਰ ਬਹੁਤ ਸਾਰੇ ਲੋਕਾਂ ਲਈ ਇਹ ਸਪੱਸ਼ਟ ਹੈ ਕਿ ਇਹ ਯਾਤਰਾਵਾਂ ਸਾਡੇ ਲਈ ਕੂਟਨੀਤਕ ਮੋਰਚੇ 'ਤੇ ਬੇਕਾਰ ਅਤੇ ਵਿਅਰਥ ਹਨ, ਫਿਰ ਵੀ ਸਰਕਾਰਾਂ ਇਸ ਨੂੰ ਕਾਇਮ ਰੱਖਣ ਦਾ ਫ਼ੈਸਲਾ ਕਰਦੀਆਂ ਜਾਂਦੀਆਂ ਹਨ।

ਹਾਜੀ ਹਨੀਫ਼ ਨੇ ਆਪਣੀ ਬਹੁਤੀ ਜ਼ਿੰਦਗੀ ਸ਼ੇਖ਼ਾਂ ਦੀ ਨੌਕਰੀ ਵਿੱਚ ਲੰਘਾਈ ਹੈ
ਤਸਵੀਰ ਕੈਪਸ਼ਨ, ਹਾਜੀ ਹਨੀਫ਼ ਨੇ ਆਪਣੀ ਬਹੁਤੀ ਜ਼ਿੰਦਗੀ ਸ਼ੇਖ਼ਾਂ ਦੀ ਨੌਕਰੀ ਵਿੱਚ ਲੰਘਾਈ ਹੈ

ਸਾਬਕਾ ਅਧਿਕਾਰੀ ਨੇ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਸੰਯੁਕਤ ਅਰਬ ਅਮੀਰਾਤ-ਪਾਕਿ ਸਬੰਧਾਂ ਨੂੰ ਦੇਖੀਏ ਪਾਕਿਸਤਾਨ ਨੂੰ ਇਸ ਤੋਂ 'ਕੁਝ ਵੀ ਨਹੀਂ ਮਿਲਿਆ'।

ਅਰਬ ਰਾਜਕੁਮਾਰਾਂ ਤੋਂ ਪਾਕਿ ਦੀਆਂ ਉਮੀਦਾਂ

ਇਸ ਸਰਦੀ ਵਿੱਚ ਵੀ ਪਾਕਿਸਤਾਨ ਨੇ ਇਸ ਆਸ ਨਾਲ ਸੰਯੁਕਤ ਅਰਬ ਅਮੀਰਾਤ ਦੇ ਰਾਜਕੁਮਾਰ ਦੇ ਦੌਰੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਸੀ ਕਿ ਉਸ ਦੀ ਸ਼ਿਕਾਰ ਯਾਤਰਾ ਰਿਸ਼ਤਿਆਂ ਵਿੱਚ ਗਰਮਾਹਟ ਲੈ ਕੇ ਆਵੇਗੀ।

ਸਾਲ 2020 ਵਿੱਚ ਪਾਕਿਸਤਾਨ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦੇ ਨਾਗਰਿਕਾਂ ਨੂੰ ਹੁਣ ਯੂਏਈ ਵਿੱਚ ਕੰਮ ਕਰਨ ਲਈ ਵੀਜ਼ਾ ਨਹੀਂ ਮਿਲੇਗਾ। ਜਿੱਥੋਂ ਪਾਕਿਸਤਾਨ ਵੱਡੀ ਵਿਦੇਸ਼ੀ ਪੂੰਜੀ ਆਉਂਦੀ ਹੈ।

ਵਿਸ਼ਲੇਸ਼ਕਾਂ ਨੇ ਇਸ ਕਦਮ ਨੂੰ ਇਜ਼ਰਾਈਲ ਦੀ ਸਥਿਤੀ ਅਤੇ ਕਸ਼ਮੀਰ ਵਿਵਾਦ ਵਰਗੇ ਮੁੱਦਿਆਂ ਉੱਤੇ ਪਾਕਿਸਤਾਨ ਉੱਤੇ ਦਬਾਅ ਪਾਉਣ ਦੇ ਇੱਕ ਤਰੀਕੇ ਵਜੋਂ ਵੇਖਿਆ।

ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦਾ ਮੰਤਰੀ ਮੰਡਲ ਅਜਿਹੇ ਦਾਅਵਿਆਂ ਨੂੰ ਰੱਦ ਕਰ ਦਿੰਦਾ ਹੈ - ਜਾਂ ਅਸਲ ਵਿੱਚ ਯੂਏਈ ਨਾਲ ਸਬੰਧਾਂ ਵਿੱਚ ਕੋਈ ਰੁਕਾਵਟ ਨਹੀਂ ਹੈ।

ਹਾਲਾਂਕਿ, ਸ਼ਿਕਾਰ ਜਾਰੀ ਰਹਿਣ ਦੀ ਸੰਭਾਵਨਾ ਹੈ।

ਪਾਕਿਸਤਾਨ

ਤਸਵੀਰ ਸਰੋਤ, Haji Hanif

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਸਾਲ ਬਾਅਦ 2015 ਵਿੱਚ ਪਾਬੰਦੀ ਹਟਾ ਦਿੱਤੀ ਗਈ। ਜਦੋਂ ਇਹ ਲਾਗੂ ਸੀ, ਉਦੋਂ ਹੀ ਸਰਕਾਰ ਨੇ ਮੱਧ ਪੂਰਬ ਦੇ ਵਿਸ਼ੇਸ਼ ਵਿਅਕਤੀਆਂ ਨੂੰ ਕੁਝ ਸ਼ਰਤਾਂ ਅਧੀਨ ਸ਼ਿਕਾਰ ਕਰਨ ਦੀ ਆਗਿਆ ਦਿੱਤੀ ਅਤੇ ਵਿਸ਼ੇਸ਼ ਪਰਮਿਟ ਜਾਰੀ ਕੀਤੇ ਗਏ।

ਸਥਾਨਕ ਲੋਕਾਂ ਦਾ ਰੁਜ਼ਗਾਰ

ਹਾਜੀ ਕਹਿੰਦੇ ਹੈ ਕਿ ਸ਼ੇਖ "ਪਾਸਨੀ ਲਈ ਚੰਗੇ" ਰਹੇ ਹਨ - ਅਤੇ ਹਾਜੀ ਨੇ ਨਿਸ਼ਚਤ ਰੂਪ ਵਿੱਚ ਤਰੱਕੀ ਕੀਤੀ ਹੈ।

ਉਹ ਖੁਸ਼ ਹਨ ਕਿ ਸ਼ੇਖ ਨਾ ਸਿਰਫ਼ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਬਲਕਿ ਖੂਹ, ਸਕੂਲ ਅਤੇ ਡਿਸਪੈਂਸਰੀਆਂ ਵੀ ਬਣਾ ਰਿਹਾ ਹੈ।

ਸਿਰਫ਼ ਇੱਕ ਅੜਿੱਕਾ ਇਹ ਹੈ ਕਿ ਸਕੂਲ ਬਿਨਾਂ ਅਧਿਆਪਕਾਂ ਅਤੇ ਡਿਸਪੈਂਸਰੀਆਂ ਬਿਨਾਂ ਦਵਾਈਆਂ ਜਾਂ ਸਟਾਫ ਤੋਂ ਹਨ।

"ਸ਼ੇਖ ਸਿਰਫ਼ ਕੁਝ ਨਿਰਮਾਣ ਕਰ ਸਕਦੇ ਹਨ। ਉਹ ਇਹ ਯਕੀਨੀ ਨਹੀਂ ਬਣਾ ਸਕਦੇ ਕਿ ਸਟਾਫ ਵੀ ਇੱਥੇ ਪਹੁੰਚੇ। ਇਹ ਸੂਬਾਈ ਸਰਕਾਰ ਦਾ ਕੰਮ ਹੈ।"

ਪਰ ਸਭ ਕੁਝ ਦੇ ਬਾਵਜੂਦ, ਹਾਜੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਤਿੰਨ ਬੇਟੇ ਸ਼ੇਖ਼ ਦੀ ਨੌਕਰੀ 'ਤੇ ਲੱਗਣ।

"ਮੈਂ ਸ਼ੇਖ ਦਾ ਨੌਕਰ ਹਾਂ, ਪਰ ਮੇਰਾ ਦਿਲ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਮੇਰੇ ਵਾਂਗ ਹੀ ਕਰਨ। ਉਨ੍ਹਾਂ ਨੂੰ ਆਪਣਾ ਰਾਹ ਚੁਣ ਕੇ ਚੱਲਣਾ ਚਾਹੀਦਾ ਹੈ, ਕਾਰੋਬਾਰ ਵਿੱਚ ਜਾਣਾ ਚਾਹੀਦਾ ਹੈ ਅਤੇ ਆਪਣਾ ਨਾਮ ਬਣਾਉਣਾ ਚਾਹੀਦਾ ਹੈ।"

" ਮੈਂ ਜੋ ਕਰਦਾ ਹਾਂ ਉਸ ਨਾਲ ਮੈਂ ਆਪਣੀ ਜ਼ਿੰਦਗੀ ਬਿਤਾ ਲਈ ਹੈ, ਮੈਂ ਇਸ ਨਾਲ ਸੰਤੁਸ਼ਟ ਹਾਂ।"

ਵੀਡੀਓ ਕੈਪਸ਼ਨ, ਸਾਊਦੀ ਅਰਬ ਦੀ ਔਰਤਾਂ ਕਿਵੇਂ ਜਿਉਂਦੀਆਂ ਹਨ ਮਰਦਾਂ ਦੇ ਅਧੀਨ ਜ਼ਿੰਦਗੀ

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)