ਗੁਲਾਬ ਦੀ ਰੂਹ

    News imageNews image
    ਮੁਗਲ ਬਾਦਸ਼ਾਹ ਜਹਾਂਗੀਰ ਦੇ ਸਮੇਂ ਤੋਂ ਹੀ ਉੱਤਰ ਪ੍ਰਦੇਸ਼ ਦੇ ਸ਼ਹਿਰ ਕੰਨੌਜ 'ਚ ਫੁੱਲਾਂ ਤੋਂ ਪਰਫਿਊਮ/ ਇਤਰ ਬਣਾਇਆ ਜਾਂਦਾ ਹੈ। 400 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਹ ਰਵਾਇਤ ਜਾਰੀ ਹੈ।

    ਹੁਣ ਇਹ ਉਦਯੋਗ ਖ਼ਤਰੇ ਵਿੱਚ ਹੈ। ਸਿੰਥੈਟਿਕ ਸੈਂਟ ਕਾਰਨ ਅਜਿਹੀਆਂ ਡਿਸਟਲਰੀਆਂ ਬੰਦ ਹੋਣ ਦੇ ਕੰਢੇ 'ਤੇ ਪਹੁੰਚ ਗਈਆਂ ਹਨ।
    News image

    ਜੇਕਰ ਤੁਸੀਂ ਕੰਨੌਜ ਦੀ ਯਾਤਰਾ ‘ਤੇ ਗਏ ਹੋ ਤਾਂ ਸ਼ਾਇਦ ਤੁਹਾਨੂੰ ਨਾ ਪਤਾ ਲੱਗੇ ਕਿ ਇੱਕ ਸਮੇਂ ਸ਼ਹਿਰ ਦਾ ਮੁੱਖ ਕਿੱਤਾ ਕੀ ਸੀ। ਸੜਕ 'ਤੇ ਟ੍ਰੈਫਿਕ ਵਿਚਾਲੇ ਕਦੇ-ਕਦੇ ਫ਼ੁੱਲਾਂ ਨਾਲ ਲੱਦਿਆ ਗੱਡਾ ਪੁਰਾਣੇ ਸ਼ਹਿਰ ‘ਚ ਪੱਥਰਾਂ ਨਾਲ ਬਣੇ ਵੱਡੇ ਗੇਟ ਅੰਦਰ ਦਾਖਲ ਹੁੰਦਾ ਹੈ।

    20 ਸਾਲ ਪਹਿਲਾਂ ਕੰਨੌਜ ‘ਚ 700 ਇਤਰ ਸਨਅਤਾਂ ਸਨ। ਅੱਜ ਇਨ੍ਹਾਂ ਦੀ ਗਿਣਤੀ ਘੱਟ ਕੇ ਤਕਰੀਬਨ 100 ਰਹਿ ਗਈ ਹੈ। ਇਨ੍ਹਾਂ ‘ਚ ਗੁਲਾਬ ਤੇ ਜੈਸਮਿਨ ਵਰਗੇ ਫੁੱਲਾਂ ਦੇ ਤੇਲ ਨਾਲ ਬਣਿਆ ਸੈਂਟ ਜਾਂ ਇਤਰ ਬਣਾਇਆ ਜਾਂਦਾ ਹੈ।

    ਇਨ੍ਹਾਂ ਦੀ ਅਨੋਖੀ ਗੱਲ ਹੈ, ਤੇਜ਼ ਸੁਗੰਧ ਵਾਲਾ ਸੈਂਟ ਬਣਾਉਣਾ ਅਤੇ ਨਾਲ ਹੀ ਇਸ ਨੂੰ ਬਣਾਉਣ ਲਈ ਵਰਤੇ ਜਾਂਦੇ ਵਸੀਲੇ ਤੇ ਸਮਾਂ। ਇੱਕ ਕਿੱਲੋ ਗੁਲਾਬ ਦਾ ਇਤਰ ਬਣਾਉਣ ਲਈ ਚਾਰ ਟਨ ਗੁਲਾਬ ਦੇ ਫੁੱਲਾਂ ਦੀ ਲੋੜ ਪੈਂਦੀ ਹੈ।

    ਸੂਰਜ ਚੜਨ ਤੋਂ ਪਹਿਲਾਂ ਹੱਥਾਂ ਨਾਲ ਹੀ ਫੁੱਲ ਤੋੜੇ ਜਾਂਦੇ ਹਨ, ਫਿਰ ਉਸੇ ਦਿਨ ਵਰਤੋਂ ਲਈ ਡਿਸਟਲਰੀਆਂ ‘ਚ ਭੇਜ ਦਿੱਤਾ ਜਾਂਦੇ ਹਨ।

    ਇੱਥੇ ਫੁੱਲਾਂ ਨੂੰ ਤਾਂਬੇ ਦੇ ਵੱਡੇ-ਵੱਡੇ ਭਾਂਡਿਆਂ 'ਚ ਪਾਇਆ ਜਾਂਦਾ ਹੈ।

    ਇਸ ਨੂੰ ਚਾਰ ਤੋਂ ਛੇ ਘੰਟਿਆਂ ਤੱਕ ਉਬਾਲਿਆ ਜਾਂਦਾ ਹੈ। ਭਾਫ ਰਾਹੀਂ ਫੁੱਲਾਂ ਵਿੱਚੋਂ ਨਿੱਕਲਣ ਵਾਲਾ ਤੇਲ ਇੱਕ ਵੱਖਰੇ ਭਾਂਡੇ ਵਿੱਚ ਕੱਢ ਲਿਆ ਜਾਂਦਾ ਹੈ।

    ਇਹ ਕੰਮ ਬੇਹੱਦ ਜਟਿਲ ਹੁੰਦਾ ਹੈ। ਜੇਕਰ ਭਾਂਡਾ ਵੱਧ ਗਰਮ ਹੋ ਜਾਵੇ ਤਾਂ ਸੈਂਟ ਵਿੱਚੋਂ ਧੂੰਆਂ ਨਿੱਕਲਣ ਲੱਗਦਾ ਹੈ। ਇਹ ਹੁਨਰ ਪੀੜ੍ਹੀ-ਦਰ- ਪੀੜ੍ਹੀ ਅੱਗੇ ਵਧਿਆ।

    ਮੁੰਨਾ ਲਾਲ ਐਂਡ ਸੰਨਜ਼ ਡਿਸਟੀਲਰੀ ਦੇ ਮੈਨੇਜਰ ਵੇਹ ਭਵ ਪਾਠਕ ਮੁਤਾਬਕ ਇਤਰ ਦੀ ਮੰਗ 'ਚ ਗਿਰਾਵਟ ਆਈ ਹੈ।

    ਇਤਰ ਹੁਣ ਲਾਹੇ ਦਾ ਸੌਦਾ ਨਹੀਂ ਹੈ। ਇਹ ਮਹਿੰਗਾ ਸੌਦਾ ਹੈ ਜੋ ਸਿਰਫ਼ ਕੁਝ ਲੋਕਾਂ ਨੂੰ ਹੀ ਸਮਝ ਆਉਂਦਾ ਹੈ। ਬਹੁਤ ਹੀ ਘੱਟ ਲੋਕ ਇਸਦੀ ਕੀਮਤ ਜਾਣਦੇ ਹਨ ’’

    ਮਹਿੰਗੇ ਹੋਣ ਦਾ ਇੱਕ ਕਾਰਨ ਹੈ ਚੰਦਨ ਦੀ ਭਾਰੀ ਘਾਟ। ਚੰਦਨ ਦੇ ਤੇਲ ਨੂੰ ਪਰਫਿਊਮ ਵਜੋਂ ਵਰਤਿਆ ਜਾ ਸਕਦਾ ਹੈ ਪਰ ਇਸ ਵਿੱਚ ਵੀ ਗੁਲਾਬ ਤੋਂ ਕੱਢਿਆ ਇਤਰ ਮਿਲਾਇਆ ਜਾਂਦਾ ਹੈ।

    ਪਾਠਕ ਮੁਤਾਬਕ ਖ਼ਤਮ ਹੁੰਦੇ ਜੰਗਲਾਂ ਕਾਰਨ ਭਾਰਤ ਸਰਕਾਰ ਵੱਲੋਂ ਚੰਦਨ ਦੇ ਦਰੱਖਤਾਂ ਦੀ ਕਟਾਈ ਵੀ ਰੋਕ ਦਿੱਤੀ ਗਈ ਹੈ। ਇਸੇ ਕਾਰਨ ਇਸਦੀ ਲੱਕੜ ਬੇਹੱਦ ਮਹਿੰਗੀ ਹੋ ਗਈ।

    ਮੁਕਾਬਲੇ ਦੇ ਦੌਰ 'ਚ ਮੁੰਨਾ ਲਾਲ ਐਂਡ ਸੰਨਜ਼ ਵੀ ਇਤਰ ਬਣਾਉਣ ਲਈ ਪੈਰਾਫ਼ਿਨ ਉਤਪਾਦਾਂ ਦੀ ਵਰਤੋਂ ਕਰ ਰਹੇ ਹਨ। ਇਸ ਕਦਮ ਨਾਲ ਸੁਗੰਧ ਦੇ ਨਾਲ ਨਾਲ ਗਾਹਕ ਵੀ ਘਟੇ ਹਨ।

    ਖ਼ਾਸ ਤਰ੍ਹਾਂ ਦੇ ਉਤਪਾਦ ‘ਰੂਹ-ਅਲ-ਗੁਲਾਬ’ ਦਾ ਬਜ਼ਾਰ ਬਹੁਤ ਛੋਟਾ ਹੈ।
    News image

    ਇਹ ਬਿਨਾ ਕਿਸੇ ਤਰਾਂ ਦੀ ਮਿਲਾਵਟ ਦੇ ਗੁਲਾਬ ਤੇਲ ਨੂੰ ਕਈ ਵਾਰ ਪ੍ਰੋਸੈਸ ਕਰਕੇ ਬਣਾਇਆ ਜਾਂਦਾ ਹੈ।

    ਮੁਗਲ ਬਾਦਸ਼ਾਹ ਜਹਾਂਗੀਰ ਨੇ ਆਪਣੀ ਸਵੈ-ਜੀਵਨੀ ‘ਤੁਜ਼ਕੀ ਜਹਾਂਗੀਰੀ’ ਵਿੱਚ ਵੀ ਇਸਦਾ ਜ਼ਿਕਰ ਕੀਤਾ ਹੈ। ਉਹ ਲਿਖਦੇ ਹਨ, ‘‘ਇਸਦੀ ਬਰਾਬਰੀ ਕੋਈ ਨਹੀਂ ਕਰ ਸਕਦਾ,ਇਹ ਰੂਹ ਨੂੰ ਤਰੋ ਤਾਜ਼ਾ ਕਰ ਦਿੰਦਾ ਹੈ’’

    ਜਹਾਂਗੀਰ ਦੀ ਪੇਂਟਿੰਗ

    ਜਹਾਂਗੀਰ ਦੀ ਪੇਂਟਿੰਗ

    ਇੱਕ ਕਿੱਲੋ ਰੂਹ ਅਲ ਗੁਲਾਬ ਤਿਆਰ ਕਰਨ ਲਈ ਤਕਰੀਬਨ 18 ਟਨ ਗੁਲਾਬ ਦੀ ਲੋੜ ਪੈਂਦੀ ਹੈ। ਮੁੰਨਾ ਲਾਲ ਐਂਡ ਸੰਨਜ਼ ਇਸ ਨੂੰ ਤਕਰੀਬਨ 11 ਲੱਖ ਰੁਪਏ ਪ੍ਰਤੀ ਕਿੱਲੋ ਦੀ ਕੀਮਤ ਉੱਤੇ ਵੇਚਦੇ ਹਨ।

    ਭਾਰਤ ਵਿੱਚ ਇਸਦੇ ਗਾਹਕਾਂ ਦੀ ਗਿਣਤੀ ਨਿਗੂਣੀ ਹੈ, ਜੋ ਇਤਰ ਜਾਂ ਰੂਹ-ਅਲ-ਗੁਲਾਬ ਖਰੀਦਦੇ ਹਨ। ਤੰਬਾਕੂ ਇੰਡਸਟਰੀ ਵੀ ਹੁਣ ਕੰਨੌਜ ਦੀ ਪਛਾਣ ਬਣ ਚੁੱਕੀ ਹੈ। ਗੁਲਾਬ ਤੋਂ ਤਿਆਰ ਤੇਲ ਕੁਦਰਤੀ ਹੈ ਅਤੇ ਇਸ ਨੂੰ ਖਾਣ 'ਚ ਕੋਈ ਖਤਰਾ ਨਹੀਂ ਹੈ। ਇਸਦੀ ਇੱਕ ਛੋਟੀ ਜਿਹੀ ਬੂੰਦ ਵੱਡੀ ਮਾਤਰਾ 'ਚ ਤੰਬਾਕੂ ਨੂੰ ਖੁਸ਼ਬੂਦਾਰ ਬਣਾਉਣ ਲਈ ਕਾਫ਼ੀ ਹੈ।

    ਭਾਰਤ ਤੋਂ ਬਾਹਰ ਇਸ ਤਰ੍ਹਾਂ ਦੇ ਇਤਰ ਦਾ ਵੱਡਾ ਬਜ਼ਾਰ ਮੱਧ ਪੂਰਬ ਹੈ। ਇਨ੍ਹਾਂ ਥਾਵਾਂ 'ਤੇ ਅਜਿਹੇ ਗਾਹਕਾਂ ਦੀ ਕਮੀ ਨਹੀਂ ਜੋ ਇਸਨੂੰ ਖਰੀਦਣ ਦੀ ਸਮਰੱਥਾ ਰੱਖਦੇ ਹਨ।
    ਸਾਲ 2014 'ਚ ਅਜਿਹੇ ਉਤਪਾਦਾਂ ਦੀ ਸਾਊਦੀ ਅਰਬ ‘ਚ ਵਿਕਰੀ 1.4 ਬਿਲੀਅਨ ਡਾਲਰ ਸੀ। ਸਾਊਦੀ ਅਰਬ ਦੇ ਗਾਹਕਾਂ ਨੇ ਔਸਤਨ 700 ਡਾਲਰ ਹਰ ਮਹੀਨੇ ਸਿਰਫ਼ ਇਤਰ 'ਤੇ ਖਰਚ ਕੀਤੇ।

    ਰੂਹ ਅਲ ਗੁਲਾਬ ਦੀ ਪ੍ਰਸ਼ੰਸਾ ਕਰਦੇ ਹੋਏ ਕੁਵੈਤ ਦੀ ਰਹਿਣ ਵਾਲੀ ਹੁਸਾਹ-ਅਲ-ਤਮੀਮੀ ਕਹਿੰਦੀ ਹੈ ਕਿ ਇਸਦੀ ਖੁਸ਼ਬੋ ਇੰਝ ਲੱਗਦੀ ਹੈ ਜਿਵੇਂ ਤੁਸੀਂ ਗੁਲਾਬਾਂ ਦੇ ਕਿਸੇ ਬਾਗ 'ਚ ਘੁੰਮ ਰਹੇ ਹੋ ਅਤੇ ਫੁੱਲਾਂ ਦੀ ਤਾਜ਼ਗੀ ਮਹਿਸੂਸ ਕਰ ਰਹੇ ਹੋ।

    ਮੁਸਲਮਾਨ, ਚਾਹੇ ਭਾਰਤ ਦੇ ਹੋਣ ਜਾਂ ਮੱਧ ਪੂਰਬ ਦੇ, ਇਤਰ ਉਨ੍ਹਾਂ ਦੀ ਪਹਿਲੀ ਪਸੰਦ ਹੈ ਕਿਉਂਕਿ ਇਸ ਨੂੰ ਸਿੱਧਾ ਸਰੀਰ 'ਤੇ ਲਗਾਇਆ ਜਾ ਸਕਦਾ ਹੈ। ਇਹ ਆਧੁਨਿਕ ਸੈਂਟ ਤੋਂ ਵੱਖਰੇ ਹੁੰਦੇ ਹਨ ਕਿਉਂਕਿ ਇਨ੍ਹਾਂ 'ਚ ਅਲਕੋਹਲ ਨਹੀਂ ਮਿਲੀ ਹੁੰਦੀ।

    ਖਾੜੀ ਦੇ ਮੁਲਕਾਂ 'ਚ ਇਤਰ ਦੀ ਮੰਗ ਪੁਰਾਣੇ ਸਮੇਂ ਤੋਂ ਹੀ ਹੈ। ਪੁਰਾਣੇ ਸਮਿਆਂ ਤੋਂ ਹੀ ਲਾੜੀ ਨੂੰ ਗਹਿਣੇ ਤੇ ਹੋਰ ਤੌਹਫ਼ਿਆਂ ਦੇ ਨਾਲ ਨਾਲ ਇੱਕ ਲੱਕੜ ਦੇ ਬਕਸੇ ‘ਚ ਇਤਰ ਪਾਕੇ ਦਿੱਤਾ ਜਾਂਦਾ ਸੀ, ਜਿਸ ਨੂੰ ਡੇਜ਼ਾ ਕਿਹਾ ਜਾਂਦਾ ਹੈ।

    ਕੁਵੈਤ ਦੀ ਵਸਨੀਕ 31 ਸਾਲਾ ਦਲਾਲ ਅਲ ਸੇਨ ਕਹਿੰਦੀ ਹੈ ਕਿ ਜਦੋਂ ਮੇਰੇ ਪਿਤਾ ਨੇ ਮੇਰੀ ਮਾਂ ਦਾ ਹੱਥ ਮੰਗਣਾ ਸੀ ਤਾਂ ਉਹ ਉਸਦੀ ਪਸੰਦ ਦਾ ਪਰਫਿਊਮ ਲੈਣ ਭਾਰਤ ਗਏ ਸੀ। ਇਨ੍ਹਾਂ ਵਿੱਚੋਂ ਕੁਝ ਪਰਫਿਊਮ ਹੁਣ ਵੀ ਉਸ ਕੋਲ ਪਏ ਹਨ ਜੋ ਉਹ ਆਪਣੇ ਬੱਚਿਆਂ ਨੂੰ ਦੇਵੇਗੀ।

    ਮਰਦ ਹਮੇਸ਼ਾਂ ਪਰਫਿਊਮ ਦੀ ਵਰਤੋਂ ਕਰਦੇ ਹਨ। ਖਾੜੀ ਦੇ ਇਲਾਕਿਆਂ 'ਚ ਗੁਲਾਬ ਤੋਂ ਬਣੇ ਇਤਰ ਨੂੰ ਸਿਰਫ਼ ਮਰਦਾਂ ਲਈ ਹੀ ਸਮਝਿਆ ਜਾਂਦਾ ਸੀ ਪਰ ਹੁਣ ਇਸਦੀ ਵਰਤੋਂ ਔਰਤਾਂ ਵੀ ਕਰਨ ਲੱਗੀਆਂ ਹਨ।

    ਅਰਬੀ ਵਪਾਰੀ ਸਦੀਆਂ ਤੋਂ ਮਸਾਲਿਆਂ ਤੇ ਇਤਰ ਦਾ ਵਪਾਰ ਕਰਦੇ ਰਹੇ ਹਨ। 19ਵੀਂ ਸਦੀ ਦੀ ਸ਼ੁਰੂਆਤ 'ਚ ਕੁਵੈਤ ਵਿੱਚ ਇਸਦਾ ਵਪਾਰ ਸ਼ੁਰੂ ਹੋਇਆ।

    ਅਤਯਾਬ ਅਲ ਮਰਸ਼ੌਦ ਨਾਮੀ ਦੁਕਾਨ ਕੁਵੈਤ ਸ਼ਹਿਰ 'ਚ ਸਿਰਫ਼ ਇਤਰ ਵੇਚਣ ਵਾਲੀ ਇਕਲੌਤੀ ਦੁਕਾਨ ਹੈ। ਇਹ ਦੁਕਾਨ ਸਾਲ 1925 'ਚ ਸੁਲੇਮਾਨ ਅਲ ਮਰਸ਼ੌਦ ਨੇ ਸ਼ੁਰੂ ਕੀਤੀ ਸੀ, ਜੋ ਅਕਸਰ ਆਪਣੇ ਪਿਤਾ ਨਾਲ ਭਾਰਤ ਦੀ ਯਾਤਰਾ ‘ਤੇ ਜਾਇਆ ਕਰਦੇ ਸੀ। ਹੁਣ ਇਹ ਦੁਕਾਨ ਮਰਸ਼ੌਦ ਦੇ ਪੁੱਤਰ ਵਾਲਿਦ ਚਲਾਉਂਦੇ ਹਨ। ਵਾਲਿਦ ਨੇ ਆਪਣੇ ਦਾਦਾ ਵੱਲੋਂ ਭਾਰਤੀ ਡਿਸਟਲਰੀਆਂ ਨਾਲ ਸਥਾਪਿਤ ਕੀਤੇ ਗਏ ਸਬੰਧਾਂ ਨੂੰ ਜਾਰੀ ਰੱਖਿਆ ਹੈ।

    ਬੁਲਗਾਰੀਆ ਅਤੇ ਤੁਰਕੀ ਵਿੱਚ ਬਣੇ ਗੁਲਾਬ ਦੇ ਇਤਰ ਦੀ ਵੀ ਪ੍ਰਸ਼ੰਸਾ ਹੁੰਦੀ ਹੈ। ਪਰ ਕੰਨੌਜ ਦੇ ਰੁਹ ਅਲ ਗੁਲਾਬ ਦੀ ਗੱਲ ਹੀ ਕੁਝ ਹੋਰ ਹੈ। ਅਤਯਾਬ ਅਲ ਮਰਸ਼ੌਦ ਦੀ ਦੁਕਾਨ 'ਤੇ ਇੱਕ ਤੋਲੇ ਇਤਰ ਦੀ ਕੀਮਤ 200 ਕੁਵੈਤੀ ਦਿਨਾਰ ਹੈ।

    ਦੁਬਈ 'ਚ ਇਤਰ ਦੀ ਦੁਕਾਨ
 

    ਦੁਬਈ 'ਚ ਇਤਰ ਦੀ ਦੁਕਾਨ

     

    ਇਸ ਲਗਜ਼ਰੀ ਪ੍ਰੋਡਕਟ ਦੀ ਕੁਆਲਿਟੀ ਕਾਰਨ ਗਾਹਕ ਉੱਚੀਆਂ ਕੀਮਤਾਂ ਦੇਣ ਨੂੰ ਵੀ ਤਿਆਰ ਹੁੰਦੇ ਹਨ
    ਵਾਲਿਦ ਅਲ ਮਰਸ਼ੌਦ ਮੁਤਾਬਕ ਜਿੰਨਾ ਕੀਮਤੀ ਇਤਰ ਹੈ ਉਸ ਤੋਂ ਵੱਧ ਮੁਸ਼ਕਿਲ ਇਸ ਨੂੰ ਖਰੀਦਣਾ ਹੈ।

    News image

    ਕੰਨੌਜ ਹੋਰ ਕਿੰਨਾ ਸਮਾਂ ਇਤਰ ਤੇ ‘ਰੂਹ-ਅਲ-ਗੁਲਾਬ’ ਸਪਲਾਈ ਕਰਦਾ ਰਹੇਗਾ, ਇਹ ਕਹਿਣਾ ਮੁਸ਼ਕਿਲ ਹੈ।

    ਪ੍ਰਾਗਮਤੀ ਅਰੋਮਾ ਡਿਸਟਲਰੀ ਦੇ ਮਾਲਕ ਪੁਸ਼ਪਰਾਜ ਜੈਨ ਕਹਿੰਨੇ ਹਨ ਕਿ ਇਸ ਤਰ੍ਹਾਂ ਤਿਆਰ ਕੀਤੇ ਗਏ ਇਤਰ ਦੀ ਮੰਗ ਨਾ ਦੇ ਬਰਾਬਰ ਹੈ।
    ‘’ਅੱਜ ਦੀ ਪੀੜ੍ਹੀ ਆਧੁਨਿਕ ਇਤਰ ਨੂੰ ਪਸੰਦ ਕਰਦੀ ਹੈ, ਤਾਂ ਮੈਨੂੰ ਹੋਰ ਕਾਢੀ ਹੋਣਾ ਪਵੇਗਾ ਤਾਂ ਜੋ ਮੈਂ ਉਨ੍ਹਾਂ ਦੀ ਮੰਗ ਪੂਰੀ ਕਰ ਸਕਾਂ।’’

    ਜਦੋਂ ਉਨ੍ਹਾਂ ਨੇ ਇਤਰ ਦੀ ਡਿਸਟਲਰੀ ਦੇ ਨਾਲ ਨਾਲ ਨਵੀਂ ਕਿਸਮ ਦਾ ਪਰਫਿਊਮ ਬਨਾਉਣਾ ਸ਼ੁਰੂ ਕੀਤਾ, ਪੂਰੇ ਕੰਨੌਜ 'ਚ ਇਤਰ ਦੇ ਭਵਿੱਖ ਬਾਰੇ ਚਰਚਾ ਛਿੜ ਗਈ।

    ਜੈਨ ਮੁਤਾਬਿਕ ਕੁਦਰਤੀ ਤੇ ਸਿੰਥੈਟਿਕ ਇਤਰ ਦਾ ਫ਼ਰਕ ਮਾਈਕਰੋਵੇਵ ਅਤੇ ਚੁਲ੍ਹੇ 'ਤੇ ਬਣੇ ਖਾਣੇ ਦੇ ਫ਼ਰਕ ਵਰਗਾ ਹੈ।

    ਇਹ ਸਨਅਤ ਹੌਲੀ ਹੌਲੀ ਖਤਮ ਹੋ ਰਹੀ ਹੈ। ਜੈਨ ਨੇ ਆਪਣੇ ਬੱਚਿਆਂ ਨੂੰ ਦੂਜੇ ਕਿੱਤੇ ਅਪਨਾਉਣ ਲਈ ਰਾਜ਼ੀ ਕਰ ਲਿਆ, ਜੋ ਉਨ੍ਹਾਂ ਨੂੰ ਜ਼ਿਆਦਾ ਕਮਾਈ ਤੇ ਚੰਗੀ ਜ਼ਿੰਦਗੀ ਦੇਣਗੇ।

    ਕੰਨੌਜ 'ਚ ਜੱਦੋ ਜਹਿਦ ਕਰ ਰਹੀ ਸਨਅਤ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ। ਡਿਸਟਲਰੀਆਂ ਨਿਵੇਸ਼ ਦੀ ਘਾਟ ਨਾਲ ਜੂਝ ਰਹੀਆਂ ਹਨ। ਇਨ੍ਹਾਂ 'ਚ ਰਾਣੀ ਵਿਕਟੋਰੀਆ ਦੇ ਜ਼ਮਾਨੇ ਦੇ ਬਾਇਲਰ ਤੇ ਭਾਫ਼ ਲਈ ਵਰਤੇ ਜਾਂਦੇ ਪੈਡਲ ਹੁਣ ਵੀ ਮੌਜੂਦ ਹਨ।
    News image
    ਇੱਥੇ ਕੁਝ ਠੱਪ ਪਈਆਂ ਡਿਸਟਲਰੀਆਂ ਵੀ ਹਨ। ਧੂੜ ਮਿੱਟੀ ਨਾਲ ਢਕੇ ਤਾਂਬੇ ਦੇ ਭਾਂਡਿਆਂ 'ਤੇ ਸਿਰਫ਼ ਟੁੱਟੀਆਂ ਖਿੜਕੀਆਂ ਵਿੱਚੋਂ ਆਉਂਦੀ ਰੌਸ਼ਨੀ ਹੀ ਪੈਂਦੀ ਹੈ।
    News image
    ਇਨ੍ਹਾਂ ਥਾਂਵਾਂ ਨਾਲ ਗੁਲਾਬ ਦੀ ਖੁਸ਼ਬੋ ਤੇ ਰੂਹ ਜੁੜੀ ਹੋਈ ਹੈ। ਪਰ ਕਦੋਂ ਤੱਕ ਪਤਾ ਨਹੀਂ।
    News image