ਮੋਦੀ ਨੂੰ ਮਮਤਾ ਦੀ ਟੱਕਰ : ਬੰਗਾਲ ’ਚ ਕੀ ਹੈ ਮਮਤਾ ਦੀ ਤਾਕਤ ਤੇ ਭਾਜਪਾ ਨੂੰ ਕਿਸ ਦਾ ਹੈ ਸਹਾਰਾ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ,
- ਰੋਲ, ਬੀਬੀਸੀ ਪੱਤਰਤਕਾਰ
ਇੱਕ ਤਪਦੀ ਦੁਪਹਿਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਸੂਬੇ ਦੇ ਪੂਰਬੀ ਸ਼ਹਿਰ ਕੋਲਕਾਤਾ ਦੇ ਦੱਖਣ ਵਿੱਚ ਕਰੀਬ 160 ਕਿਲੋਮੀਟਰ (99 ਮੀਲ) ਦੀ ਦੂਰੀ 'ਤੇ ਇੱਕ ਚੋਣ ਰੈਲੀ ਵਿੱਚ ਆਪਣੇ ਵਰਕਰਾਂ ਨਾਲ ਵਿਚਰ ਰਹੇ ਹਨ।
ਮੋਦੀ ਕਹਿੰਦੇ ਹਨ, ''ਤੁਸੀਂ ਉਸ ਨੂੰ 10 ਸਾਲ ਕੰਮ ਕਰਨ ਦਾ ਮੌਕਾ ਦਿੱਤਾ। ਹੁਣ ਸਾਨੂੰ ਇੱਕ ਮੌਕਾ ਦਿਓ।”
ਉਨ੍ਹਾਂ ਵੱਲੋਂ ਜਿਸ ਬਾਰੇ ਗੱਲ ਕੀਤੀ ਜਾ ਰਹੀ ਸੀ ਇਹ ਔਰਤ ਮਮਤਾ ਬੈਨਰਜੀ ਹੈ, ਜੋ ਦਹਾਕੇ ਤੋਂ ਪੱਛਮੀ ਬੰਗਾਲ ਵਿਚ ਰਾਜ ਕਰ ਰਹੀ ਇੱਕ ਖੇਤਰੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਮੁਖੀ ਹੈ।
ਇਹ ਵੀ ਪੜ੍ਹੋ:
ਮੋਦੀ ਇੱਕ ਵੱਡੇ ਭਾਸ਼ਣਕਾਰ ਹਨ ਪਰ ਉਹ ਭੀੜ ਨਾਲ ਘੁਲਣ-ਮਿਲਣ ਦੌਰਾਨ ਬੰਗਾਲੀ ਭਾਸ਼ਾ ਦੇ ਉਚਾਰਣ ਵਿੱਚ ਉਲਝ ਜਾਂਦੇ ਹਨ, ਜੋ ਭੀੜ ਦੇ ਮਨੋਰੰਜਨ ਦਾ ਕਾਰਨ ਬਣ ਜਾਂਦੇ ਹਨ।
'ਦੀਦੀ' ਖ਼ਿਲਾਫ਼ ਮੋਦੀ ਦੀ ਮੁਹਿੰਮ
ਮਮਤਾ ਬੈਨਰਜੀ ਬੰਗਾਲ ਵਿੱਚ 'ਦੀਦੀ' ਜਾਂ ਵੱਡੀ ਭੈਣ ਵਜੋਂ ਜਾਣੀ ਜਾਂਦੇ ਹਨ, ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਇਹ ਉਪਾਧੀ ਦਿੱਤੀ ਘਈ ਹੈ, ਹੁਣ ਮੋਦੀ ਨੇ ਮਮਤਾ ਵਿਰੋਧੀ ਵਿਆਪਕ ਚੋਣ ਅਭਿਆਨ ਦੀ ਸ਼ੁਰੂਆਤ ਕੀਤੀ ਹੋਈ ਹੈ।
ਮੋਦੀ ਨੇ ਕਿਹਾ, "ਦੀਦੀ, ਓ ਮਮਤਾ ਦੀਦੀ। ਤੁਸੀਂ ਕਹਿੰਦੇ ਹੋ ਕਿ ਅਸੀਂ ਬਾਹਰੀ ਹਾਂ, ਪਰ ਬੰਗਾਲ ਦੀ ਧਰਤੀ ਕਿਸੇ ਨੂੰ ਬਾਹਰੀ ਨਹੀਂ ਮੰਨਦੀ। ਇੱਥੇ ਕੋਈ ਬਾਹਰਲਾ ਨਹੀਂ ਹੈ।''

ਤਸਵੀਰ ਸਰੋਤ, EPA
ਮਮਤਾ ਬੈਨਰਜੀ ਨੇ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੇਸ਼ ਚੁਣੌਤੀ ਨੂੰ ਅੰਦਰੂਨੀ (ਬੰਗਾਲੀਆਂ) ਅਤੇ ਬਾਹਰੀ ਲੋਕਾਂ (ਵੱਡੀ ਪੱਧਰ 'ਤੇ ਹਿੰਦੀ ਭਾਸ਼ੀ ਭਾਜਪਾ, ਜੋ ਕੇਂਦਰੀ ਸਰਕਾਰ ਚਲਾਉਂਦੀ ਹੈ)ਦੇ ਮੁਕਾਬਲੇ ਵਜੋਂ ਪੇਸ਼ ਕੀਤਾ ਹੈ।
ਇਹ 66 ਸਾਲਾ ਆਗੂ ਇਕੋ ਸਮੇਂ ਸਵਦੇਸ਼ੀ ਅਤੇ ਸੰਘਵਾਦੀ ਭਾਵਨਾਵਾਂ ਨੂੰ ਅਪਣਾ ਰਿਹਾ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਦਵੈਪਯਨ ਭੱਟਾਚਾਰੀਆ ਦਾ ਕਹਿਣਾ ਹੈ ਕਿ ਇੱਕ ਸ਼ਕਤੀਸ਼ਾਲੀ ਸੰਘੀ ਪਾਰਟੀ ਨੂੰ ਵੱਖਰਾ ਦਿਖਾਉਣ ਦੀਆਂ ਜੜ੍ਹਾਂ ਸੰਘਵਾਦ ਦੀ ਭਾਰਤ ਰਾਜਨੀਤੀ ਵਿੱਚ ਹਨ। ਮਮਤਾ ਬੈਨਰਜੀ ਨੇ ਹਿੰਦੂ ਰਾਸ਼ਟਰਵਾਦੀ ਪਾਰਟੀ 'ਤੇ ਬੰਗਾਲ ਵਿੱਚ ਸੰਕੀਰਨ, ਪੱਖਪਾਤੀ ਅਤੇ ਵੰਡ ਪਾਉਣ ਵਾਲੀ ਰਾਜਨੀਤੀ ਲਿਆਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ।
ਬਿਆਨਬਾਜ਼ੀ ਨੂੰ ਇੱਕ ਪਾਸੇ ਕਰਦਿਆਂ ਪੱਛਮੀ ਬੰਗਾਲ ਲਈ ਲੜਾਈ - ਜਿੱਥੇ ਵੋਟਿੰਗ ਅੱਠ ਪੜਾਵਾਂ ਅਤੇ ਚਾਰ ਹਫ਼ਤਿਆਂ ਤੋਂ ਵੱਧ ਵਿੱਚ ਹੋ ਰਹੀ ਹੈ, ਮੁਕਾਬਲਾ ਕਾਫੀ ਕਰੀਬ ਰਹਿਣ ਦੀ ਉਮੀਦ ਹੈ। (ਗੁਆਂਢੀ ਅਸਾਮ ਸਮੇਤ ਚਾਰ ਹੋਰ ਰਾਜਾਂ ਦੇ ਨਾਲ 2 ਮਈ ਤੱਕ ਵੋਟਿੰਗ ਦੇ ਨਤੀਜੇ ਐਲਾਨੇ ਨਹੀਂ ਜਾਣਗੇ।) ਇਹ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਸੂਬਾਈ ਚੋਣਾਂ ਹਨ।

ਤਸਵੀਰ ਸਰੋਤ, EPA
ਪੱਛਮੀ ਬੰਗਾਲ 90 ਲੱਖ ਲੋਕਾਂ ਦਾ ਸੂਬਾ ਹੈ, ਮੋਦੀ ਦੀ ਪਾਰਟੀ ਭਾਜਪਾ ਇੱਥੇ ਕਦੇ ਵੀ ਸੱਤਾ ਵਿਚ ਨਹੀਂ ਰਹੀ।
ਟੀਐਮਸੀ ਕੀ ਕਮਜ਼ੋਰੀ ਤੇ ਤਾਕਤ ਕੀ ਹੈ
ਸਾਲ 2011 ਵਿੱਚ ਕਮਿਊਨਿਸਟ ਅਗਵਾਈ ਵਾਲੀ 34 ਸਾਲ ਰਾਜ ਕਰਨ ਵਾਲੀ ਸਰਕਾਰ ਨੂੰ ਸੱਤਾ ਤੋਂ ਪਾਸੇ ਕਰਕੇ ਊਰਜਾਵਾਨ ਮਮਤਾ ਬੈਨਰਜੀ ਸੱਤਾ ਵਿੱਚ ਆਈ ਸੀ।
ਉਦੋਂ ਤੋਂ ਉਸ ਨੇ ਬਿਨਾਂ ਕਿਸੇ ਬਰੇਕ ਦੇ ਰਾਜ ਕੀਤਾ ਹੈ ਅਤੇ ਉਸ ਦੀ ਪਾਰਟੀ ਮੌਜੂਦਾ ਵਿਧਾਨ ਸਭਾ ਦੀਆਂ 295 ਸੀਟਾਂ ਵਿੱਚੋਂ 211 ਸੀਟਾਂ 'ਤੇ ਕਾਬਜ਼ ਹੈ।
ਟੀਐੱਮਸੀ ਇੱਕ ਢਿੱਲੇ ਜਿਹੇ ਢਾਂਚੇ ਵਾਲੀ ਪਾਰਟੀ ਹੈ ਅਤੇ ਖਾਸ ਤੌਰ 'ਤੇ ਅਨੁਸ਼ਾਸਤ ਪਾਰਟੀ ਨਹੀਂ ਹੈ। ਇਸ ਦੀ ਕੋਈ ਵਿਚਾਰਧਾਰਕ ਬੁਨਿਆਦ ਨਹੀਂ ਹੈ।
ਭਾਰਤ ਦੀਆਂ ਬਹੁਤੀਆਂ ਖੇਤਰੀ ਪਾਰਟੀਆਂ ਦੀ ਤਰ੍ਹਾਂ, ਇਹ ਇੱਕ ਕ੍ਰਿਸ਼ਮਈ ਨੇਤਾ ਦੀ ਸ਼ਖ਼ਸੀਅਤ 'ਤੇ ਨਿਰਭਰ ਕਰਦੀ ਹੈ, ਜਿਸ ਦੇ ਸਮਰਥਕ ਉਸ ਨੂੰ 'ਅਗਨੀ ਦੇਵੀ' ਵੀ ਕਹਿੰਦੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਜੋ ਮਮਤਾ ਬੈਨਰਜੀ ਦੀ ਮੁਹਿੰਮ ਵਿੱਚ ਸਹਾਇਤਾ ਕਰ ਰਹੇ ਹਨ, ਨੇ ਕਿਹਾ, ''ਇਹ ਚੋਣ ਭਾਰਤੀ ਲੋਕਤੰਤਰ ਲਈ ਯੁੱਧ ਹੈ। ਜੇ ਭਾਜਪਾ ਜਿੱਤ ਜਾਂਦੀ ਹੈ ਤਾਂ ਉਹ ਹਿੰਦੂ ਬਹੁਪੱਖੀ ਰਾਜਨੀਤੀ ਆਖਿਰਕਾਰ ਬੰਗਾਲ ਵਿੱਚ ਪਹੁੰਚ ਜਾਵੇਗੀ, ਜੋ ਕਿ ਇੱਕ ਆਖਰੀ ਗੜ੍ਹ ਹੈ।''
ਜੇ ਮਮਤਾ ਬੈਨਰਜੀ ਜਿੱਤ ਜਾਂਦੀ ਹੈ, ਤਾਂ ਉਨ੍ਹਾਂ ਦੀ ਇੱਕ ਕੌੰਮੀ ਆਗੂ ਵਜੋਂ ਉੱਭਰਨ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਨੇ ਇੱਕ ਸ਼ਕਤੀਸ਼ਾਲੀ ਸੱਤਾਧਾਰੀ ਰਾਸ਼ਟਰੀ ਪਾਰਟੀ ਨੂੰ ਹਰਾ ਦਿੱਤਾ। ਭਾਜਪਾ ਖਿਲਾਫ਼ ਉਨ੍ਹਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਇੱਕ ਸਰਬਸਹਿਮਤ ਵਿਰੋਧੀ ਨੇਤਾ ਦੇ ਰੂਪ ਵਿੱਚ ਉੱਭਰਨ ਦੀ ਸੰਭਾਵਨਾ ਹੈ।

ਤਸਵੀਰ ਸਰੋਤ, EPA
ਦਿੱਲੀ ਵਿੱਚ ਸੈਂਟਰ ਫਾਰ ਪਾਲਿਸੀ ਰਿਸਰਚ ਦੇ ਸੀਨੀਅਰ ਵਿਜ਼ੀਟਿੰਗ ਫੈਲੋ ਨੀਲਾਂਜਨ ਸਰਕਾਰ ਅਨੁਸਾਰ ਕੋਈ ਹੋਰ ਵਿਰੋਧੀ ਆਗੂ ਮੋਦੀ ਖਿਲਾਫ਼ ਸਫ਼ਲ ਬਿਆਨਬਾਜ਼ੀ ਨਹੀਂ ਕਰ ਸਕਿਆ ਹੈ ਅਤੇ ਜੇ ਉਹ ਜਿੱਤ ਜਾਂਦੇ ਹਨ ਤਾਂ ਮਮਤਾ ਬੈਨਰਜੀ ਇਸ ਦਾ ਜਵਾਬ ਹੋ ਸਕਦੇ ਹਨ।
ਇਹ ਸੌਖਾ ਨਹੀਂ ਹੋ ਸਕਦਾ
ਪੱਛਮੀ ਬੰਗਾਲ ਵਿੱਚ ਤੁਸੀਂ ਜਿੱਥੇ ਵੀ ਯਾਤਰਾ ਕਰਦੇ ਹੋ, ਲੋਕ ਸ਼ਿਕਾਇਤ ਕਰਦੇ ਹਨ ਕਿ ਭਲਾਈ ਸਕੀਮਾਂ ਤੱਕ ਪਹੁੰਚਣ ਲਈ ਸਥਾਨਕ ਟੀਐੱਮਸੀ ਨੇਤਾਵਾਂ ਅਤੇ ਵਰਕਰਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ - ਇੱਕ ਵਿਅਕਤੀ ਨੇ ਕਿਹਾ ਕਿ ਪਾਰਟੀ ਵਰਕਰ ਭਲਾਈ ਦੇ ਪੈਸੇ ਕਢਾਉਣ ਵਾਲੇ ਲੋਕਾਂ ਤੋਂ ਰਿਸ਼ਵਤ ਮੰਗਣ ਲਈ ਬੈਂਕਾਂ ਦੇ ਬਾਹਰ ਇੰਤਜ਼ਾਰ ਵੀ ਕਰਦੇ ਹਨ।
ਇੱਕ ਵਿਸ਼ਲੇਸ਼ਕ ਨੇ ਮੈਨੂੰ ਦੱਸਿਆ ਕਿ ਪੱਛਮੀ ਬੰਗਾਲ ਵਿੱਚ ਸਮੱਸਿਆ 'ਸਰਕਾਰ ਦਾ ਸਿਆਸੀਕਰਨ' ਸੀ।
ਲੋਕ ਰਾਜਨੀਤਕ ਵਿਰੋਧੀਆਂ ਵਿਰੁੱਧ ਹਿੰਸਾ ਬਾਰੇ ਅਤੇ ਟੀਐੱਮਸੀ ਵਰਕਰਾਂ ਦੇ ਹੰਕਾਰ ਵੀ ਗੱਲ ਕਰਦੇ ਹਨ।
ਸੂਬੇ ਵਿੱਚ ਭਾਜਪਾ ਦੇ ਆਰਥਿਕ ਸੈੱਲ ਦੇ ਮੁਖੀ ਧਨਪਤ ਰਾਮ ਅਗਰਵਾਲ ਨੇ ਕਿਹਾ ਕਿ ਵਧੇਰੇ ਭਿਆਨਕ ਸਥਿਤੀ ਰਾਜਨੀਤੀ ਦਾ ਅਪਰਾਧੀਕਰਨ ਹੈ, ਜਿੱਥੇ ਵਿਰੋਧੀਆਂ 'ਤੇ 'ਹਮਲਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਤਾਇਆ' ਜਾਂਦਾ ਹੈ।

ਤਸਵੀਰ ਸਰੋਤ, AFP
ਫਿਰ ਵੀ ਜ਼ਿਆਦਾਤਰ ਲੋਕ ਮਮਤਾ ਬੈਨਰਜੀ ਖਿਲਾਫ਼ ਨਾਰਾਜ਼ਗੀ ਜਤਾਉਂਦੇ ਨਜ਼ਰ ਨਹੀਂ ਆਉਂਦੇ।
ਲੋਕਾਂ ਚ ਗੁੱਸਾ ਪਰ ਮਮਤਾ ਦਾ ਅਕਸ ਬਰਕਰਾਰ
ਉਨ੍ਹਾਂ ਨੂੰ ਨਿੱਜੀ ਤੌਰ 'ਤੇ ਸਾਫ਼ ਅਤੇ ਹਮਦਰਦੀ ਭਰਪੂਰ ਆਗੂ ਮੰਨਿਆ ਜਾਂਦਾ ਹੈ। ਹੋ ਸਕਦਾ ਹੈ ਕਿ 10 ਸਾਲਾਂ ਦੇ ਸ਼ਾਸਨ ਨੇ ਉਨ੍ਹਾਂ ਦੇ ਆਲੇ ਦੁਆਲੇ ਕ੍ਰਿਸ਼ਮੇ ਨੂੰ ਖਤਮ ਕਰ ਦਿੱਤਾ ਹੋਵੇ, ਪਰ ਉਨ੍ਹਾਂ ਦੀ ਉਮਰ ਨਾਲੋਂ ਵੀ ਵੱਡਾ ਉਨ੍ਹਾਂ ਦਾ ਅਕਸ ਬਰਕਰਾਰ ਹੈ ਅਤੇ ਉਨ੍ਹਾਂ ਵਿਰੁੱਧ ਜਨਤਕ ਗੁੱਸਾ ਸ਼ਾਂਤ ਹੋ ਗਿਆ ਹੈ।
ਇੱਕ ਟਿੱਪਣੀਕਾਰ ਨੇ ਇਸ ਨੂੰ 'ਵਿਰੋਧੀ ਲਹਿਰ ਦਾ ਵਿਰੋਧਾਭਾਸ' ਕਿਹਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਮੰਨਿਆ, "ਸਥਾਨਕ ਲੀਡਰਸ਼ਿਪ ਅਤੇ ਪਾਰਟੀ ਖਿਲਾਫ਼ ਗੁੱਸਾ ਹੈ।" ਪਰ ਉਹ ਕਹਿੰਦੇ ਹਨ ਕਿ ਮਮਤਾ ਬੈਨਰਜੀ ਦੀ 'ਦੀਦੀ ਦੇ ਰੂਪ ਵਿੱਚ ਆਪਣੀ ਤਸਵੀਰ 'ਤੇ ਕਾਇਮ ਹੈ।'
'ਉਨ੍ਹਾਂ ਦਾ ਅਕਸ ਵਿਰੋਧੀ ਲਹਿਰ ਨੂੰ ਘਟਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਨੂੰ ਨਫ਼ਰਤ ਨਹੀਂ ਕੀਤੀ ਗਈ ਅਤੇ ਭਾਜਪਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਖਿੰਡੀ ਨਹੀਂ ਹੈ।'
ਮਮਤਾ ਦੀਆਂ ਸਮਾਜ ਭਲਾਈ ਸਕੀਮਾਂ
ਪਿਛਲੇ 18 ਮਹੀਨਿਆਂ ਵਿੱਚ ਮਮਤਾ ਬੈਨਰਜੀ ਨੇ ਖੁੱਸੀ ਹੋਈ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ।
ਸੱਤਰ ਲੱਖ ਤੋਂ ਵੱਧ ਲੋਕਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਰਿਕਾਰਡ ਕਰਨ ਲਈ ਬਣਾਈ ਹੈਲਪਲਾਈਨ 'ਤੇ ਕਾਲ ਕੀਤੀ ਹੈ।
ਇੱਕ ਦਰਜਨ ਭਲਾਈ ਸਕੀਮਾਂ ਦੀ ਸਪੁਰਦਗੀ ਸੌਖੀ ਕਰਨ ਲਈ ਦਸੰਬਰ ਤੋਂ ਤਕਰੀਬਨ ਤਿੰਨ ਕਰੋੜ ਲੋਕਾਂ ਨੇ 'ਗਵਰਨਮੈਂਟ ਐਟ ਯੌਰ ਡੋਰ ਸਟੈੱਪ' ਪਹਿਲਕਦਮੀ ਦਾ ਲਾਭ ਲਿਆ ਹੈ।
ਸਰਕਾਰ ਦਾ ਦਾਅਵਾ ਹੈ ਕਿ 10,000 ਤੋਂ ਵੱਧ ਕਮਿਊਨਿਟੀ ਨਾਲ ਸਬੰਧਤ ਯੋਜਨਾਵਾਂ ਦਾ ਹੱਲ 'ਨੇਬਰਹੁੱਡ' ਪ੍ਰੋਗਰਾਮ ਰਾਹੀਂ ਕੀਤਾ ਗਿਆ ਸੀ … ਪੇਂਡੂ ਸੜਕਾਂ ਦੀ ਮੁਰੰਮਤ ਜੰਗੀ ਪੱਧਰ 'ਤੇ ਕੀਤੀ ਜਾ ਰਹੀ ਹੈ।
ਬਹੁਤ ਸਾਰੀਆਂ ਭਲਾਈ ਸਕੀਮਾਂ- ਸਾਈਕਲ ਅਤੇ ਵਿਦਿਆਰਥੀਆਂ ਲਈ ਵਜ਼ੀਫੇ, ਲੜਕੀਆਂ ਨੂੰ ਸਿੱਖਿਆ ਜਾਰੀ ਰੱਖਣ ਲਈ ਕੈਸ਼ ਟਰਾਂਸਫਰ ਅਤੇ ਸਿਹਤ ਬੀਮਾ ਨੇ ਇਹ ਪੱਕਾ ਕੀਤਾ ਹੈ ਕਿ ਮਮਤਾ ਬੈਨਰਜੀ ਦੀ ਲੋਕਲੁਭਾਉਣੀ ਅਪੀਲ ਨਿਰਵਿਘਨ ਜਾਰੀ ਹੈ। ਉਹ ਮਹਿਲਾ ਵੋਟਰਾਂ ਵਿੱਚ ਮਸ਼ਹੂਰ ਹਨ। ਇਸ ਚੋਣ ਵਿੱਚ ਉਨ੍ਹਾਂ ਦੇ ਉਮੀਦਵਾਰਾਂ ਵਿੱਚੋਂ 17% ਔਰਤਾਂ ਹਨ।

ਤਸਵੀਰ ਸਰੋਤ, Getty Images
ਤੇਜ਼ੀ ਨਾਲ ਵਧਣ ਅਤੇ ਮਮਤਾ ਬੈਨਰਜੀ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਵਿੱਚ, ਭਾਜਪਾ ਨੇ ਪੱਛਮੀ ਬੰਗਾਲ ਵਿੱਚ ਉਨ੍ਹਾਂ ਦੇ ਵਿਰੋਧੀਆਂ ਦਾ ਸ਼ਿਕਾਰ ਕੀਤਾ ਹੈ।
ਭਾਜਪਾ ਨੂੰ ਦਲਬਦਲੂਆਂ ਦਾ ਸਹਾਰਾ
ਚੋਣਾਂ ਵਿੱਚ ਉਤਾਰੇ ਗਏ 282 ਉਮੀਦਵਾਰਾਂ ਵਿੱਚੋਂ 45 ਤੋਂ ਜ਼ਿਆਦਾ ਉਮੀਦਵਾਰ ਦਲਬਦਲੂ ਹਨ। ਉਨ੍ਹਾਂ ਵਿੱਚੋਂ ਚੌਂਤੀ ਬੈਨਰਜੀ ਦੀ ਪਾਰਟੀ ਦੇ ਹਨ, ਜ਼ਿਆਦਾਤਰ ਨਾਰਾਜ਼ ਸਥਾਨਕ ਨੇਤਾ ਹਨ, ਜਿਨ੍ਹਾਂ ਨੂੰ ਟਿਕਟਾਂ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਭਾਜਪਾ ਦਾ ਸੰਗਠਨ ਕਮਜ਼ੋਰ ਹੈ ਅਤੇ ਇਸ ਵਿੱਚ ਮਮਤਾ ਬੈਨਰਜੀ ਦਾ ਟਾਕਰਾ ਕਰਨ ਲਈ ਮਜ਼ਬੂਤ ਸਥਾਨਕ ਨੇਤਾ ਦੀ ਅਣਹੋਂਦ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪਾਰਟੀ ਕੋਲ ਟੀਐੱਮਸੀ ਦੀ ਆਲੋਚਨਾ ਅਤੇ 'ਗੋਲਡਨ ਬੰਗਾਲ' ਦੇ ਵਾਅਦੇ ਤੋਂ ਇਲਾਵਾ ਹੋਰ ਕੋਈ ਨਰੇਟਿਵ ਨਹੀਂ ਹੈ।
ਇਹ ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਟੀਐੱਮਸੀ ਤੋਂ ਨਾਰਾਜ਼ ਵੋਟਰਾਂ ਦੀ ਹਮਾਇਤ ਹਾਸਲ ਕਰਦੇ ਹਨ, ਜਿਨ੍ਹਾਂ ਵਿੱਚ ਹੇਠਲੀਆਂ ਜਾਤੀਆਂ ਦੇ ਸਮੂਹ ਵੀ ਸ਼ਾਮਲ ਹਨ।
ਕਮਜ਼ੋਰ ਕਮਿਊਨਿਸਟਾਂ ਵੱਲੋਂ ਇੱਕ ਮੁਸਲਿਮ ਧਰਮ ਗੁਰੂ ਨਾਲ ਗੱਠਜੋੜ ਕਰਨ ਅਤੇ ਕਾਂਗਰਸ ਨੂੰ ਮੁੱਖ ਪ੍ਰਤੀਯੋਗੀ ਤੋਂ ਦੂਰ ਕਰਨ ਲਈ ਗੱਠਜੋੜ ਕਰਨ ਦੇ ਬਾਵਜੂਦ ਪੱਛਮੀ ਬੰਗਾਲ ਲਈ ਲੜਾਈ ਸਿਰਫ਼ ਦੋ ਧਰੁਵੀ ਹੈ।
ਰਾਜ ਨੂੰ ਜਿੱਤਣ ਲਈ ਇੱਕ ਪਾਰਟੀ ਨੂੰ ਅਜਿਹੇ ਮੁਕਾਬਲੇ ਵਿੱਚ ਪਾਪੂਲਰ ਵੋਟਾਂ ਵਿੱਚੋਂ 45% ਵੋਟਾਂ ਲੈਣੀਆਂ ਪੈਂਦੀਆਂ ਹਨ।
ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਬਹੁਤ ਬਾਰੀਕੀ ਨਾਲ ਲੜੀ ਗਈ ਚੋਣ ਹੋਵੇਗੀ। ਇੱਥੋਂ ਤੱਕ ਕਿ "ਦੀਦੀ", ਰੱਖਿਆਤਮਕ ਵੱਡੀ ਭੈਣ ਨੂੰ ਅਕਸ ਬਦਲਣ ਲਈ ਮਜਬੂਰ ਕੀਤਾ ਗਿਆ ਹੈ।
ਕੋਲਕਾਤਾ ਦੇ ਆਸਮਾਨ ਵਿੱਚ ਮਮਤਾ ਬੈਨਰਜੀ ਦੇ ਮੁਸਕਰਾਉਂਦੇ ਚਿਹਰੇ ਦੇ ਬਿਲਬੋਰਡਾਂ ਦੀ ਭਰਮਾਰ ਹੈ ਜੋ ਉਨ੍ਹਾਂ ਨੂੰ 'ਬਾਂਗਲ ਮੇਏ' ਜਾਂ ਬੰਗਾਲ ਦੀ ਧੀ ਵਜੋਂ ਦਰਸਾਉਂਦੇ ਹਨ। ਇਹ ਇੱਕ ਔਰਤ ਦੀ ਅਪੀਲ ਹੈ ਜੋ ਕਹਿੰਦੀ ਹੈ ਕਿ ਉਸ ਦੀ ਬਾਹਰਲੇ ਲੋਕ ਘੇਰਾਬੰਦੀ ਕਰ ਰਹੇ ਹਨ।
ਸ੍ਰੀ ਕਿਸ਼ੋਰ ਕਹਿੰਦੇ ਹਨ, 'ਇਹ ਵੋਟਰਾਂ ਨੂੰ ਦੱਸਣ ਲਈ ਹੈ ਕਿ ਉਸ ਨੂੰ ਇਸ ਮਹੱਤਵਪੂਰਨ ਲੜਾਈ ਵਿੱਚ ਤੁਹਾਡੇ ਸਮਰਥਨ ਦੀ ਲੋੜ ਹੈ।'
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












