ਬੰਗਲਾਦੇਸ਼ ਦਾ ਪਰਿਵਾਰ, ਜਿਸਦੇ ਪੁਰਸ਼ ਮੈਂਬਰਾਂ ਦੇ ਫ਼ਿੰਗਰਪ੍ਰਿੰਟ ਹੀ ਨਹੀਂ ਹੁੰਦੇ

- ਲੇਖਕ, ਮੀਰ ਸੱਬੀਰ
- ਰੋਲ, ਬੀਬੀਸੀ ਬੰਗਲਾ, ਢਾਕਾ
ਇੱਕ ਵੀਡੀਓ ਕਾਲ ਵਿੱਚ ਅਪੂ ਸਰਕਾਰ ਨੇ ਮੈਨੂੰ ਆਪਣਾ ਹੱਥ ਦਿਖਾਇਆ। ਇਸ ਵਿੱਚ ਕੁਝ ਵੀ ਵੱਖਰਾ ਨਾ ਲੱਗਿਆ। ਪਰ ਜਦ ਮੈਂ ਧਿਆਨ ਨਾਲ ਦੇਖਿਆ, ਤਾਂ ਉਨ੍ਹਾਂ ਦੀਆਂ ਸਾਰੀਆਂ ਉਂਗਲਾਂ ਦੀ ਪਹਿਲੇ ਪੋਟਿਆਂ ਦੀ ਸਤਾਹ ਸਪਾਟ ਸੀ।
22 ਸਾਲਾਂ ਦੇ ਅਪੂ ਸਰਕਾਰ ਬੰਗਲਾਦੇਸ਼ ਦੇ ਉੱਤਰੀ ਜ਼ਿਲ੍ਹੇ ਰਾਜਸ਼ਾਹੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਤੱਕ ਉਹ ਮੈਡੀਕਲ ਸਹਾਇਕ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਦੇ ਪਿਤਾ ਅਤੇ ਦਾਦਾ ਕਿਸਾਨ ਸਨ।
ਅਪੂ ਪਰਿਵਾਰ ਦੇ ਸਾਰੇ ਪੁਰਸ਼ ਮੈਂਬਰਾਂ ਵਿੱਚ ਜੈਨੇਟਿਕ ਕਾਰਨਾਂ ਕਰਕੇ ਇੱਕ ਦੁਰਲੱਭ ਸਰੀਰਕ ਸਥਿਤੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਦੇ ਕੋਈ ਵੀ ਫ਼ਿੰਗਰਪ੍ਰਿਟ ਨਹੀਂ ਹਨ। ਇਹ ਇਨਾਂ ਦੁਰਲੱਭ ਹੈ ਕਿ ਹਾਲੇ ਤੱਕ ਦੁਨੀਆਂ ਦੇ ਕੁਝ ਹੀ ਪਰਿਵਾਰਾਂ ਵਿੱਚ ਅਜਿਹਾ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ:
ਅਪੂ ਦੇ ਦਾਦਾ ਦੇ ਸਮੇਂ ਵਿੱਚ ਉਂਗਲੀਆਂ ਦੇ ਨਿਸ਼ਾਨ ਨਾ ਹੋਣਾ ਕੋਈ ਵੱਡਾ ਮਸਲਾ ਨਹੀਂ ਸੀ। ਅਪੂ ਦੱਸਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਮੇਰੇ ਦਾਦਾ ਜੀ ਨੇ ਇਸ ਨੂੰ ਇੱਕ ਸਮੱਸਿਆਂ ਵਜੋਂ ਲਿਆ ਸੀ।"
ਪਰ ਦਹਾਕਿਆਂ ਬਾਅਦ ਸਾਡੀਆਂ ਉਂਗਲਾਂ 'ਤੇ ਛੋਟੀਆਂ ਬਾਰੀਕ ਲਕੀਰਾਂ (ਜਿਨਾਂ ਨੂੰ ਅੰਗਰੇਜ਼ੀ ਵਿੱਚ ਡਰਮੈਟੋਗਲਿਫ਼ ਕਿਹਾ ਜਾਂਦਾ ਹੈ) ਦੁਨੀਆਂ ਭਰ 'ਚ ਸਭ ਤੋਂ ਵਿਆਪਕ ਰੂਪ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਬਾਇਓਮੈਟ੍ਰਿਕ ਡਾਟਾ ਬਣ ਗਿਆ।

ਤਸਵੀਰ ਸਰੋਤ, Getd
ਸਰਕਾਰ ਪਰਿਵਾਰ ਦਾ ਸੰਘਰਸ਼
ਇਸ ਦਾ ਵਰਤੋਂ ਬੈਂਕ ਖਾਤਿਆ ਖੋਲ੍ਹਣ ਤੋਂ ਲੈ ਕੇ ਨਵੇਂ ਮੋਬਾਇਲ ਫ਼ੋਨਾਂ ਦਾ ਕਨੈਕਸ਼ਨ ਲੈਣ ਤੱਕ ਕੀਤੀ ਜਾਂਦੀ ਹੈ। ਸਾਲ
2008 ਵਿੱਚ ਜਦੋਂ ਅਪੂ ਜਵਾਨ ਸਨ, ਉਸ ਸਮੇਂ ਬੰਗਲਾਦੇਸ਼ ਵਿੱਚ ਸਾਰੇ ਬਾਲਗਾਂ ਲਈ ਇੱਕ ਰਾਸ਼ਟਰੀ ਪਹਿਚਾਣ ਪੱਤਰ ਜਾਰੀ ਕੀਤਾ ਗਿਆ ਸੀ। ਉਸ ਲਈ ਅੰਗੂਠਾ ਲਾਉਣਾ ਪੈਣਾ ਸੀ।
ਜਦੋਂ ਅਪੂ ਦੇ ਪਿਤਾ ਅਮਲ ਸਰਕਾਰ ਪਹਿਚਾਣ ਪੱਤਰ ਲੈਣ ਗਏ ਤਾਂ ਕਰਮਚਾਰੀ ਹੈਰਾਨ ਰਹਿ ਗਏ। ਅੰਤ ਵਿੱਚ, ਉਨ੍ਹਾਂ ਨੂੰ ਜਿਹੜਾ ਪਹਿਚਾਣ ਪੱਤਰ ਦਿੱਤਾ ਗਿਆ, ਉਸ 'ਤੇ ਲਿਖਿਆ ਗਿਆ, 'ਬਿਨ੍ਹਾਂ ਫ਼ਿੰਗਰਪ੍ਰਿਟ ਦੇ'। ਸਾਲ 2010 ਵਿੱਚ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਲਈ ਵੀ ਬੰਗਲਾਦੇਸ਼ ਵਿੱਚ ਉਂਗਲੀਆਂ ਦੇ ਨਿਸ਼ਾਨ ਲਾਜ਼ਮੀ ਕਰ ਦਿੱਤੇ ਗਏ।
ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅਤੇ ਮੈਡੀਕਲ ਬੋਰਡ ਵਲੋਂ ਜਾਰੀ ਪ੍ਰਮਾਣ ਪੱਤਰ ਦੇ ਅਧਾਰ 'ਤੇ ਅਮਲ ਨੇ ਪਾਸਪੋਰਟ ਬਣਵਾਇਆ। ਪਰ ਉਨ੍ਹਾਂ ਨੇ ਹਾਲੇ ਤੱਕ ਉਸਦੀ ਵਰਤੋਂ ਕਦੀ ਨਹੀਂ ਕੀਤੀ। ਉਹ ਹਵਾਈ ਅੱਡੇ 'ਤੇ ਕਿਸੇ ਮੁਸ਼ਕਿਲ ਵਿੱਚ ਪੈਣ ਤੋਂ ਘਬਰਾਉਂਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹਾਲਾਂਕਿ ਖੇਤੀ ਦੇ ਕੰਮ ਲਈ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਜਾਣਾ ਆਉਣਾ ਪੈਂਦਾ ਹੈ ਪਰ ਉਨ੍ਹਾਂ ਨੇ ਡਰਾਈਵਿੰਗ ਲਾਇਸੈਂਸ ਨਹੀਂ ਲਿਆ।
ਅਮਲ ਨੇ ਦੱਸਿਆ, "ਮੈਂ ਫ਼ੀਸ ਦਾ ਭੁਗਤਾਨ ਕੀਤਾ, ਇਮਤਿਹਾਨ ਪਾਸ ਕੀਤਾ, ਪਰ ਉਨ੍ਹਾਂ ਨੇ ਮੇਰੇ ਨਾਮ 'ਤੇ ਡਾਰਾਈਵਿੰਗ ਲਾਇਸੈਂਸ ਜਾਰੀ ਨਾ ਕੀਤਾ ਕਿਉਂਕਿ ਮੇਰੇ ਕੋਲ ਫ਼ਿੰਗਰਪ੍ਰਿੰਟ ਨਹੀਂ ਸਨ।"
ਅਮਲ ਨੂੰ ਜਦੋਂ ਵੀ ਟ੍ਰੈਫ਼ਿਕ ਪੁਲਿਸ ਵਾਲੇ ਰਸਤੇ ਵਿੱਚ ਚੈਕਿੰਗ ਦੋਰਾਨ ਰੋਕਦੇ ਹਨ ਤਾਂ ਉਹ ਉਨ੍ਹਾਂ ਨੂੰ ਡਰਾਈਵਿੰਗ ਲਾਇਸੈਂਸ ਲਈ ਜਮ੍ਹਾ ਕਰਵਾਈ ਫ਼ੀਸ ਦੀ ਰਸੀਦ ਦਿਖਾ ਦਿੰਦੇ ਹਨ। ਪਰ ਉਸ ਨਾਲ ਹਮੇਸ਼ਾਂ ਉਨ੍ਹਾਂ ਦਾ ਕੰਮ ਨਹੀਂ ਬਣਦਾ। ਪਹਿਲਾਂ ਵੀ ਦੋ ਵਾਰ ਉਹ ਜ਼ੁਰਮਾਨਾ ਭਰ ਚੁੱਕੇ ਹਨ।

ਏਡਰਮੈਟੋਗਲਾਫ਼ੀਆ ਦੀ ਸਮੱਸਿਆ
ਉਹ ਟ੍ਰੈਫ਼ਿਕ ਅਧਿਕਾਰੀ ਨੂੰ ਆਪਣੀ ਸਥਿਤੀ ਬਾਰੇ ਦੱਸਦੇ ਹਨ ਅਤੇ ਆਪਣੀਆਂ ਉਂਗਲੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਫ਼ਿਰ ਵੀ ਉਨ੍ਹਾਂ ਨੂੰ ਜ਼ੁਰਮਾਨਾਂ ਭਰਨਾ ਪੈਂਦਾ ਹੈ। ਅਮਲ ਮੈਨੂੰ ਦੱਸਦੇ ਹਨ, "ਮੈਨੂੰ ਹਮੇਸ਼ਾਂ ਹੀ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।"
ਸਾਲ 2016 ਵਿੱਚ ਬੰਗਲਾਦੇਸ਼ ਦੀ ਸਰਕਾਰ ਨੇ ਮੋਬਾਇਲ ਫ਼ੋਨ ਦਾ ਸਿਮ ਕਾਰਡ ਖ਼ਰੀਦਨ ਲਈ ਵੀ ਉਪਭੋਗਤਾ ਦੀਆਂ ਉਂਗਲੀਆਂ ਦੇ ਨਿਸ਼ਾਨ ਰਾਸ਼ਟਰੀ ਡਾਟਾਬੇਸ ਨਾਲ ਮੈਚ ਕਰਵਾਉਣ ਦੀ ਲੋੜ ਨੂੰ ਲਾਜ਼ਮੀ ਕਰ ਦਿੱਤਾ ਸੀ।
ਅਪੂ ਹੱਸਦੇ ਹੋਏ ਦੱਸਦੇ ਹਨ, "ਉਹ ਕੰਨਫ਼ਿਊਜ਼ ਹੋ ਗਏ। ਸਿਮ ਕਾਰਡ ਖ਼ਰੀਦਨ ਸਮੇਂ ਜਦੋਂ ਵੀ ਮੈਂ ਆਪਣੀ ਉਂਗਲੀ ਸੈਂਸਰ 'ਤੇ ਰੱਖਦਾ ਉਨ੍ਹਾਂ ਦਾ ਸੌਫ਼ਟਵੇਅਰ ਹੈਂਗ ਹੋ ਜਾਂਦਾ ਸੀ।"
ਅਪੂ ਸਿਮ ਕਾਰਡ ਨਾ ਖਰੀਦ ਸਕੇ। ਹੁਣ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਉਨ੍ਹਾਂ ਦੀ ਮਾਂ ਦੇ ਨਾਮ 'ਤੇ ਜਾਰੀ ਕਰਵਾਏ ਸਿਮ ਕਾਰਡ ਦੀ ਵਰਤੋਂ ਕਰਦੇ ਹਨ।
ਅਮਲ ਅਤੇ ਅਪੂ ਸਰਕਾਰ ਦਾ ਪਰਿਵਾਰ ਜਿਸ ਮੈਡੀਕਲ ਸਮੱਸਿਆ ਨਾਲ ਜੂਝ ਰਿਹਾ ਹੈ ਸਾਇੰਸ ਵਿੱਚ ਉਸਨੂੰ 'ਏਡਰਮੈਟੋਗਲਾਫ਼ੀਆ' ਕਿਹਾ ਜਾਂਦਾ ਹੈ। ਇਸ ਮਾਮਲੇ ਦੀ ਚਰਚਾ ਸਾਲ 2007 ਵਿੱਚ ਉਸ ਸਮੇਂ ਬਹੁਤ ਹੋਈ ਸੀ ਜਦੋਂ ਸਵਿਟਜ਼ਰਲੈਂਟ ਦੇ ਇੱਕ ਚਮੜੀ ਮਾਹਰ ਪੀਟਰ ਈਤਿਨ ਨਾਲ 25 ਸਾਲਾਂ ਦੀ ਇੱਕ ਔਰਤ ਨੇ ਸੰਪਰਕ ਕੀਤਾ ਸੀ।

ਉਸ ਔਰਤ ਨੂੰ ਅਮਰੀਕਾ ਜਾਣ ਵਿੱਚ ਪਰੇਸ਼ਾਨੀ ਹੋ ਰਹੀ ਸੀ। ਉਸਦਾ ਚਹਿਰਾ ਅਤੇ ਪਾਸਪੋਰਟ ਦੀ ਫ਼ੋਟੋ ਤਾਂ ਮੇਲ ਖਾ ਰਹੀ ਸੀ, ਪਰ ਇੰਮੀਗਰੇਸ਼ਨ ਅਧਿਕਾਰੀ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਰਿਕਾਰਡ ਤੋਂ ਅਸਮਰੱਥ ਸਨ ਕਿਉਂਕਿ ਉਨ੍ਹਾਂ ਦੇ ਫ਼ਿੰਗਰਪ੍ਰਿੰਟ ਹੀ ਨਹੀਂ ਸਨ।
ਬੇਹੱਦ ਦੁਰਲੱਭ ਮਾਮਲਾ
ਜਾਂਚ ਕਰਨ 'ਤੇ ਪ੍ਰੋਫ਼ੈਸਰ ਈਤਿਨ ਨੇ ਪਾਇਆ ਕਿ ਔਰਤ ਅਤੇ ਉਨ੍ਹਾਂ ਦੇ ਪਰਿਵਾਰ ਦੇ ਅੱਠ ਮੈਂਬਰਾਂ ਵਿੱਚ ਇਕੋ ਜਿਹੀ ਸਮੱਸਿਆ ਸੀ- ਉਂਗਲੀਆਂ ਦੇ ਸਪਾਟ ਪੋਟੇ ਅਤੇ ਪਸੀਨੇ ਵਾਲੀਆਂ ਗ੍ਰੰਥੀਆਂ ਦੀ ਘੱਟ ਗਿਣਤੀ
ਪ੍ਰੋਫ਼ੈਸਰ ਈਤਿਨ ਨੇ ਇੱਕ ਹੋਰ ਚਮੜੀ ਮਾਹਰ ਏਲਾਈ ਸਪ੍ਰੇਕਰ ਅਤੇ ਇੱਕ ਵਿਦਿਆਰਥੀ ਜਾਨਾ ਨੌਸਬੇਕ ਦੇ ਨਾਲ ਮਿਲ ਕੇ ਪਰਿਵਾਰ ਦੇ 16 ਮੈਂਬਰਾਂ ਦੇ ਡੀਐਨਏ ਦਾ ਅਧਿਐਨ ਕੀਤਾ। ਉਨ੍ਹਾਂ ਵਿੱਚੋਂ ਸੱਤਾਂ ਦੀਆਂ ਉਂਗਲੀਆਂ 'ਤੇ ਨਿਸ਼ਾਨ ਸਨ ਅਤੇ ਨੌਂ ਮੈਂਬਰਾਂ ਦੇ ਨਹੀਂ ਸਨ।
ਪ੍ਰੋਫ਼ੈਸਰ ਈਤਿਨ ਨੇ ਬੀਬੀਸੀ ਨੂੰ ਦੱਸਿਆ, "ਅਜਿਹੇ ਮਾਮਲੇ ਬੇਹੱਦ ਦੁਰਲੱਭ ਹਨ। ਸਿਰਫ਼ ਕੁਝ ਪਰਿਵਾਰਾਂ ਨੂੰ ਹੀ ਇਸ ਤਰ੍ਹਾਂ ਦੇਖਿਆ ਗਿਆ ਹੈ।"
ਸਾਲ 2011 ਵਿੱਚ ਪ੍ਰੋਫ਼ੈਸਰ ਈਤਿਨ ਦੀ ਟੀਮ ਨੇ ਪਾਇਆ ਕਿ ਨੌ ਗ਼ੈਰ-ਫ਼ਿੰਗਰਪ੍ਰਿੰਟ ਵਾਲੇ ਲੋਕਾਂ ਵਿੱਚ SMARCAD1 ਨਾਮ ਜੀਨ ਵਿੱਚ ਬਦਲਾਅ (ਮਿਊਟੇਸ਼ਨ)ਦੇ ਕਾਰਨ ਅਜਿਹਾ ਹੋਇਆ ਸੀ।
ਉਸ ਸਮੇਂ ਇਸ ਜੀਨ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਹੱਥਾਂ 'ਤੇ ਅਸਰ ਬਿਨ੍ਹਾਂ ਇਸ ਕਰਕੇ ਕਿਸੇ ਹੋਰ ਸਿਹਤ ਸਮੱਸਿਆ ਨੂੰ ਨਹੀਂ ਦੇਖਿਆ ਗਿਆ।
ਖੋਜ ਤੋਂ ਬਾਅਦ ਇਸ ਸਥਿਤੀ ਨੂੰ 'ਏਡਰਮੈਟੋਗਲਾਫ਼ੀਆ' ਦਾ ਨਾਮ ਦਿੱਤਾ ਗਿਆ।
ਹਾਲਾਂਕਿ ਪ੍ਰੋਫ਼ੈਸਰ ਈਤਿਨ ਨੇ ਇਸ ਨੂੰ "ਕਿਤੇ ਆਉਣ ਜਾਣ ਵਿੱਚ ਰੁਕਾਵਟ ਪਾਉਣ ਵਾਲੀ ਬੀਮਾਰੀ" ਦਾ ਨਾਮ ਦਿੱਤਾ ਹੈ। ਇਹ ਬੀਮਾਰੀ ਪਰਿਵਾਰਾਂ ਦੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
'ਜਮਾਂਦਰੂ ਪਾਮੋਪਲਾਂਟਰ ਕੋਰਾਟੋਡਰਮਾ'
ਅਪੂ ਸਰਕਾਰ ਦੇ ਚਾਚਾ ਗੋਪੇਸ਼ ਢਾਕਾ ਤੋਂ 350 ਕਿਲੋਮੀਟਰ ਦੂਰ ਦੀਨਾਜਪੁਰ ਵਿੱਚ ਰਹਿੰਦੇ ਹਨ। ਪਾਸਪੋਰਟ ਬਣਵਾਉਣ ਵਿੱਚ ਉਨ੍ਹਾਂ ਨੂੰ ਚਾਰ ਸਾਲ ਲੱਗ ਗਏ। ਪਾਸਪੋਰਟ ਹਾਸਿਲ ਕਰਨ ਵਿੱਚ ਆਈਆਂ ਮੁਸ਼ਕਿਲਾਂ ਨੂੰ ਯਾਦ ਕਰਦਿਆਂ ਗੋਪੇਸ਼ ਦੱਸਦੇ ਹਨ, "ਮੈਨੂੰ ਆਪਣੀ ਸਥਿਤੀ ਸਮਝਾਉਣ ਲਈ ਚਾਰ ਜਾਂ ਪੰਜ ਵਾਰ ਯਾਤਰਾ ਕਰਨੀ ਪਈ।"
ਗੋਪੇਸ਼ ਦੇ ਦਫ਼ਤਰ ਵਿੱਚ ਹਾਜ਼ਰੀ ਲਾਉਣ ਲਈ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨੇ ਗੋਪੇਸ਼ ਲਈ ਇੱਕ ਵੱਖਰੀ ਸਮੱਸਿਆ ਖੜੀ ਕਰ ਦਿੱਤੀ ਸੀ। ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਪੁਰਾਣੀ ਰਜ਼ਿਸਟਰ ਵਿੱਚ ਦਸਤਖ਼ਤ ਵਾਲੀ ਹਾਜ਼ਰੀ ਪ੍ਰਣਾਲੀ ਲਈ ਮਨਾਉਣਾ ਪਿਆ, ਜਿਸ ਲਈ ਉਨ੍ਹਾਂ ਨੂੰ ਇਜ਼ਾਜਤ ਦਿੱਤੀ ਗਈ।
ਇੱਕ ਬੰਗਲਾਦੇਸ਼ੀ ਚਮੜੀ ਮਾਹਰ ਨੇ ਅਮਲ ਸਰਕਾਰ ਦੇ ਪਰਿਵਾਰ ਦੀ ਸਥਿਤੀ ਨੂੰ 'ਜਮਾਂਦਰੂ ਪਾਮੋਪਲਾਂਟਰ ਕੇਰਾਟੋਡਰਮਾ' ਵਜੋਂ ਦੱਸਿਆ ਹੈ। ਪ੍ਰਫ਼ੈਸਰ ਈਤਿਨ ਮੁਤਾਬਿਕ 'ਏਡਰਮੈਟੋਗਲਾਫ਼ੀਆ' ਦੀ ਦੂਸਰੀ ਅਵਸਥਾ ਵਿੱਚ ਚਮੜੀ ਸੁੱਕਣ ਲਗਦੀ ਹੈ ਅਤੇ ਹੱਥਾਂ ਅਤੇ ਪੈਰਾਂ 'ਤੇ ਪਸੀਨਾ ਘੱਟ ਹੋ ਸਕਦਾ ਹੈ।
ਇਹ ਹੀ ਲੱਛਣ ਸਰਕਾਰ ਪਰਿਵਾਰ ਵਿੱਚ ਵਿੱਚ ਦੇਖੇ ਗਏ ਹਨ। ਹਾਲਾਂਕਿ ਇਸ ਦੀ ਪੁਸ਼ਟੀ ਕਰਨ ਲਈ ਹੋਰ ਜਾਂਚ ਕੀਤੇ ਜਾਣ ਦੀ ਲੋੜ ਹੋਵੇਗੀ।
ਚਮੜੀ ਮਾਹਰ ਏਲਾਈ ਸਪ੍ਰੇਕਰ ਕਹਿੰਦੇ ਹਨ ਕਿ ਉਨ੍ਹਾਂ ਦੀ ਟੀਮ ਸਰਕਾਰ ਪਰਿਵਾਰ ਦਾ ਜੈਨੇਟਿਕ ਟੈਸਟ ਕਰਨਾ ਚਾਹੇਗੀ।
ਇਸ ਜੈਨੇਟਿਕ ਟੈਸਟ ਵਿੱਚ ਸਰਕਾਰ ਪਰਿਵਾਰ ਨੂੰ ਸਿਰਫ਼ ਆਪਣੀ ਸਥਿਤੀ ਦਾ ਪਤਾ ਲੱਗ ਸਕੇਗਾ ਪਰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਣ ਵਿੱਚ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲਣ ਵਾਲੀ।
ਇੱਕ ਨਵੇਂ ਤਰੀਕੇ ਦਾ ਰਾਸ਼ਟਰੀ ਪਹਿਚਾਣ ਪੱਤਰ
ਸਰਕਾਰ ਪਰਿਵਾਰ ਹੋਲੀ ਹੋਲੀ ਹੋਰ ਜਟਿਲ ਹੁੰਦਾ ਜਾ ਰਿਹਾ ਹੈ। ਅਮਲ ਸਰਕਾਰ ਨੇ ਆਪਣੀ ਬਹੁਤੀ ਜ਼ਿੰਦਗੀ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਬੀਤਾਈ ਪਰ ਹੁਣ ਉਹ ਆਪਣੇ ਬੱਚਿਆਂ ਲਈ ਚਿੰਤਿਤ ਹਨ।
ਉਨ੍ਹਾਂ ਨੇ ਕਿਹਾ, "ਇਹ ਮੇਰੇ ਵਸ ਦੀ ਗੱਲ ਨਹੀਂ ਹੈ। ਇਹ ਮੇਰੀ ਜਮਾਂਦਰੂ ਸਥਿਤੀ ਹੈ। ਪਰ ਜਿਸ ਤਰ੍ਹਾਂ ਮੇਰਾ ਬੇਟਾ ਅਤੇ ਮੈਂ ਅਲੱਗ ਅਲੱਗ ਦਰਦ ਵਿੱਚ ਗੁਜ਼ਰ ਰਹੇ ਹਾਂ, ਮੇਰੇ ਲਈ ਇਹ ਤਕਲੀਫ਼ਦੇਹ ਹੈ।"
ਮੈਡੀਕਲ ਪ੍ਰਮਾਣ ਪੱਤਰ ਪੇਸ਼ ਕਰਨ ਦੇ ਬਾਅਦ, ਅਮਲ ਅਤੇ ਅਪੂ ਨੂੰ ਹਾਲ ਹੀ ਵਿੱਚ ਇੱਕ ਨਵੇਂ ਤਰੀਕੇ ਦਾ ਰਾਸ਼ਟਰੀ ਪ੍ਰਮਾਣ ਪੱਤਰ ਮਿਲਿਆ ਹੈ। ਇਸ ਵਿੱਚ ਹੱਥਾਂ ਤੋਂ ਬਗ਼ੈਰ ਹੋਰ ਬਾਇਓਮੈਟ੍ਰਿਕ ਡਾਟਾ ਜਿਵੇਂ ਅੱਖਾਂ ਦਾ ਰੇਟੀਨਾ ਅਤੇ ਚਿਹਰੇ ਦੀਆਂ ਤਸਵੀਰਾਂ ਸ਼ਾਮਿਲ ਹਨ।
ਪਰ ਫ਼ਿਰ ਵੀ ਉਹ ਨਾ ਤਾਂ ਸਿਮ ਕਾਰਡ ਖ਼ਰੀਦ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਡਰਾਈਵਿੰਗ ਲਾਇਸੈਂਸ ਮਿਲਿਆ। ਪਾਸਪੋਰਟ ਪ੍ਰਾਪਤ ਕਰਨਾ ਇੱਕ ਲੰਬਾ ਅਤੇ ਥਕਾ ਦੇਣ ਵਾਲਾ ਕੰਮ ਬਣ ਗਿਆ ਹੈ।
ਅਪੂ ਨੇ ਕਿਹਾ, "ਮੈਂ ਆਪਣੀ ਵਿਸ਼ੇਸ਼ ਸਿਹਤ ਸਥਿਤੀ ਬਾਰੇ ਜਾਣ ਕੇ ਹੈਰਾਨ ਹਾਂ। ਮੈਂ ਕੁਝ ਸੁਝਾਅ ਮੰਗੇ ਹਨ, ਪਰ ਕੋਈ ਰਾਹ ਨਹੀਂ ਮਿਲ ਸਕਿਆ। ਕੁਝ ਨੇ ਇਹ ਸੁਝਾਅ ਦਿੱਤਾ ਕਿ ਮੈਨੂੰ ਕੋਰਟ ਜਾਣਾ ਚਾਹੀਦਾ ਹੈ। ਜੇ ਬਦਲ ਮੁੱਕ ਗਏ ਤਾਂ ਮੈਂ ਅਜਿਹਾ ਕਰਾਂਗਾ।"
ਅਪੂ ਨੇ ਆਸ ਜਤਾਈ ਕਿ ਉਨ੍ਹਾਂ ਨੂੰ ਪਾਸਪੋਰਟ ਮਿਲ ਜਾਵੇਗਾ। ਉਹ ਬੰਗਲਾਦੇਸ਼ ਤੋਂ ਬਾਹਰ ਯਾਤਰਾ ਕਰਨਾ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












