ਕੁਲਫ਼ੀ ਖਾਣ ਨਾਲ ਦੰਦਾਂ ਵਿੱਚ ਦਰਦ ਕਿਉਂ ਹੁੰਦਾ ਹੈ

    • ਲੇਖਕ, ਮਿਸ਼ੈਲ ਰੋਬਰਟਸ
    • ਰੋਲ, ਹੈਲਥ ਐਡੀਟਰ, ਬੀਬੀਸੀ ਨਿਊਜ਼ ਆਨਲਾਈਨ

ਵਿਗਿਆਨੀਆਂ ਨੂੰ ਭਰੋਸਾ ਹੈ ਕਿ ਉਨ੍ਹਾਂ ਨੇ ਪਤਾ ਕਰ ਲਿਆ ਹੈ ਕਿ ਬਰਫ਼ ਜਾਂ ਬਹੁਤਾ ਠੰਡਾ ਪਾਣੀ ਪੀਣ ਨਾਲ ਕੁਝ ਲੋਕਾਂ ਦੇ ਦੰਦਾਂ ਵਿੱਚ ਦਰਦ ਕਿਉਂ ਹੁੰਦਾ ਹੈ।

ਉਨ੍ਹਾਂ ਨੇ ਸੰਵੇਦਨਸ਼ੀਲ ਦੰਦਾਂ ਵਿੱਚਲੇ ਸੈੱਲਾਂ ਅਤੇ ਸਿਗਨਲਾਂ ਦਾ ਪਤਾ ਲਾਇਆ ਹੈ ਜਿਹੜੇ ਤਾਪਮਾਨ ਵਿੱਚ ਵੱਡੀ ਗਿਰਾਵਟ ਦਾ ਪਤਾ ਲਾਉਂਦੇ ਹਨ ਅਤੇ ਦੰਦਾਂ ਵਿੱਚ ਦਰਦ ਅਤੇ ਦਿਮਾਗ ਵਿੱਚ ਝਟਕੇ ਦਾ ਕਾਰਨ ਬਣਦੇ ਹਨ।

ਦੰਦਾਂ ਵਿੱਚ ਖੋੜਾਂ ਵਾਲੇ ਲੋਕ ਇਸ ਦਾ ਵਧੇਰੇ ਸ਼ਿਕਾਰ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਦੰਦਾਂ ਵਿੱਚ ਘੱਟ ਤਾਪਮਾਨ ਤੱਕ ਪਹੁੰਚਣ ਦਾ ਰਾਹ ਹੁੰਦਾ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਨਵੇਂ ਇਲਾਜ ਟੂਥਪੇਸਟ, ਡੈਂਟਲ ਪੈਚ ਜਾਂ ਚਿਉਂਇੰਗਮ ਦੀ ਖੋਜ ਕਰਨ ਦਾ ਟੀਚਾ ਮਿਲਦਾ ਹੈ।

ਠੰਢੀਆਂ ਚੀਜ਼ਾਂ ਖਾਣ ਨਾਲ ਦੰਦਾਂ 'ਚ ਦਰਦ ਦਾ ਕਾਰਨ

ਸਾਇੰਸ ਐਡਵਾਂਸੇਸ ਰਸਾਲੇ ਵਿੱਚ ਛਪੀ ਖੋਜ ਦੀ ਅਗਵਾਈ ਕਰਨ ਵਾਲੀ ਪ੍ਰੋਫ਼ੈਸਰ ਕੈਥੇਰੀਨਾ ਜ਼ੀਮਰਮਾਨ ਨੇ ਦੱਸਿਆ, "ਇੱਕ ਵਾਰ ਜਦੋਂ ਤੁਹਾਡੇ ਕੋਲ ਟੀਚੇ ਲਈ ਅਣੂ ਹੋਵੇ ਤਾਂ ਇਲਾਜ ਦੀ ਸੰਭਾਵਨਾ ਹੁੰਦੀ ਹੈ।"

ਇਹ ਵੀ ਪੜ੍ਹੋ਼:

ਨਿਸ਼ਾਨੇ ਨੂੰ TRPC5 ਕਿਹਾ ਜਾਂਦਾ ਹੈ ਅਤੇ ਪ੍ਰੋਫ਼ੈਸਰ ਜ਼ੀਮਰਮਾਨ ਦੀ ਟੀਮ ਜੋ ਕਿ ਜਰਮਨੀ ਵਿੱਚ ਫ਼੍ਰੈਡਰਿਕ-ਅਲੈਗਜ਼ੈਂਡਰ ਯੂਨੀਵਰਸਿਟੀ ਅਰਲੈਂਗਨ ਨਿਊਨਬਰਗ ਵਿੱਚ ਖੋਜ ਕਰ ਰਹੀ ਸੀ, ਨੇ ਪਤਾ ਲਾਇਆ ਕਿ ਇਹ ਇੱਕ ਤਰ੍ਹਾਂ ਦੇ ਸੈੱਲ ਔਡੋਂਟੋਬਲਾਸਟ ਵਿੱਚ ਹੁੰਦਾ ਹੈ ਜੋ ਕਿ ਦੰਦਾਂ ਦੀ ਨਰਮ ਅੰਦਰੂਨੀ ਪਰਤ ਅਤੇ ਡੈਂਟਾਈਨ ਦੀ ਬਣੀ ਹੋਈ ਸਖ਼ਤ ਬਾਹਰੀ ਪਰਤ ਅਤੇ ਫ਼ਿਰ ਅਨੈਮਲ ਦੇ ਵਿੱਚਕਾਰ ਪਾਇਆ ਜਾਂਦਾ ਹੈ।

ਅਨੈਮਲ ਨੂੰ ਅਗਲੀ ਪਰਤ ਡੈਂਟਾਈਨ ਦੇ ਉਲਟ ਕੁਝ ਮਹਿਸੂਸ ਨਹੀਂ ਹੁੰਦਾ। ਡੈਂਨਟਾਈਨ ਬਿਲਕੁਲ ਅੰਦਰੂਨੀ ਮਾਸ ਨਾਲ ਜੁੜਿਆ ਹੁੰਦਾ ਹੈ ਜਿੱਥੇ ਨਾੜਾਂ ਦੇ ਸੈੱਲ ਹੁੰਦੇ ਹਨ।

ਜੇਕਰ ਦੰਦ ਖ਼ਰਾਬ ਹੋਣ ਜਾਂ ਮਸੂੜਿਆਂ ਦੀ ਕਿਸੇ ਬੀਮਾਰੀ ਕਾਰਨ ਡੈਂਟਾਈਨ ਬਾਹਰ ਆ ਜਾਵੇ ਤਾਂ ਦਰਦ ਨੂੰ ਉਤਾਸ਼ਾਹਿਤ ਕਰਨ ਵਾਲੇ ਤੱਤ ਜਿਵੇਂ ਕਿ ਤਾਪਮਾਨ ਜਾਂ ਕੋਈ ਵਿਸ਼ੇਸ਼ ਤਰਲ ਪਦਾਰਥ ਦੰਦਾਂ ਵਿੱਚ ਦਰਦ ਪੈਦਾ ਕਰ ਸਕਦਾ ਹੈ।

ਖੋਜਕਾਰਾਂ ਨੇ ਦਰਦ ਬਾਰੇ ਸਮਝਣ ਲਈ ਚੂਹਿਆਂ ਅਤੇ ਮਨੁੱਖਾਂ ਦੋਵਾਂ 'ਤੇ ਅਧਿਐਨ ਕੀਤਾ। ਉਨ੍ਹਾਂ ਨੇ ਰਿਕਾਰਡ ਕੀਤਾ ਕਿ ਸੈੱਲਾਂ ਅਤੇ ਨਾੜਾਂ ਨਾਲ ਕੀ ਹੁੰਦਾ ਹੈ।

ਇਹ ਵੀ ਪੜ੍ਹੋ:

ਸੰਭਾਵੀ ਇਲਾਜ

ਡਾ. ਜ਼ਿਮਰਮਾਨ ਨੇ ਬੀਬੀਸੀ ਨੂੰ ਦੱਸਿਆ, "ਖੋੜਾਂ ਅਤੇ ਦੰਦਾਂ ਦੀਆਂ ਬੀਮਾਰੀਆਂ ਤੋਂ ਗ੍ਰਸਤ ਦੰਦਾਂ ਵਿੱਚ ਸਾਨੂੰ ਟੀਆਰਪੀਸੀ5 ਚੈਨਲਸ ਦੀ ਬਹੁਤ ਜ਼ਿਆਦਾ ਗਿਣਤੀ ਮਿਲੀ।"

"ਇਸ ਲਈ ਅਸੀਂ ਮੰਨਦੇ ਹਾਂ ਕਿ ਟੀਆਰਪੀਸੀ5 ਬਲੌਕਰ ਨੂੰ ਦੰਦਾਂ 'ਤੇ ਸਟਰਿਪਸ ਜਾਂ ਚਿਉਂਇੰਗ ਗਮ ਰਾਹੀਂ ਲਗਾਉਣ ਨਾਲ ਸ਼ਾਇਦ ਦੰਦਾਂ ਦੇ ਦਰਦ ਅਤੇ ਹਾਈਪਰਸੈਂਸਟੀਵਿਟੀ ਦਾ ਇਲਾਜ ਕਰਨ ਵਿੱਚ ਵੱਡੀ ਮਦਦ ਮਿਲ ਸਕਦੀ ਹੈ।"

ਇਹ ਆਮ ਘਰੇਲੂ ਇਲਾਜ ਹੈ ਲੌਂਗ ਦਾ ਤੇਲ, ਇਸ ਵਿੱਚ ਇਊਗਨੋਲ ਨਾਮ ਦਾ ਇੱਕ ਰਸਾਇਣ ਹੁੰਦਾ ਹੈ ਜੋ TRPC5 ਦੇ ਰਾਹ ਨੂੰ ਬੰਦ ਕਰ ਦਿੰਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਵਿਗਿਆਨੀ ਘਰੇਲੂ ਇਲਾਜ ਦੀ ਸਿਫ਼ਾਰਿਸ਼ ਨਹੀਂ ਕਰਦੇ। ਉਹ ਜ਼ੋਰ ਦਿੰਦੇ ਹਨ ਕਿ ਲੋਕ ਜੋ ਦੰਦਾਂ ਵਿੱਚ ਦਰਦ ਮਹਿਸੂਸ ਕਰਦੇ ਹਨ ਅਤੇ ਚਿੰਤਤ ਹਨ ਦੰਦਾਂ ਦੇ ਡਾਕਟਰ ਕੋਲ ਜ਼ਰੂਰ ਜਾਣ।

ਬ੍ਰਿਟਿਸ਼ ਡੈਂਟਲ ਐਸੋਸੀਏਸ਼ਨ (ਬੀਡੀਏ) ਦੇ ਪ੍ਰੋਫ਼ੈਸਰ ਡਾਮੇਨ ਵਾਲਮਸਲੇ ਦਾ ਕਹਿਣਾ ਹੈ ਕਿ ਦਰਦ ਨੂੰ ਬਲਾਕ ਕਰਨਾ ਅਸਥਾਈ ਤੌਰ 'ਤੇ ਰਾਹਤ ਦੇ ਸਕਦਾ ਹੈ ਪਰ ਇਸ ਦੇ ਕਾਰਨ ਦਾ ਇਲਾਜ ਕਰਨਾ ਅਤੇ ਰੋਕਣਾ ਅਹਿਮ ਹੈ।

ਉਨ੍ਹਾਂ ਸਲਾਹ ਦਿੱਤੀ ਕਿ ਰੈਗੁਲਰ ਦੰਦ ਸਾਫ਼ ਕਰਨਾ, ਦੰਦਾਂ ਅਤੇ ਮਸੂੜਿਆਂ ਦੀਆਂ ਬੀਮਰੀਆਂ ਨੂੰ ਰੋਕ ਸਕਦਾ ਹੈ।

ਉਹ ਕਹਿੰਦੇ ਹਨ, "ਖੋਜ ਦਿਲਚਸਪ ਹੈ ਪਰ ਅਸੀਂ ਦੰਦਾਂ ਦੀ ਸੰਵੇਦਨਸ਼ੀਲਤਾ ਦੇ ਪਿਛਲੇ ਕਾਰਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਨਾ ਹੀ ਲੋਕਾਂ ਦੀ ਦਰਦ ਦੀ ਧਾਰਨਾ ਨੂੰ। ਦੰਦਾਂ ਦੇ ਡਾਕਟਰ ਦੰਦਾਂ ਦਾ ਖ਼ਰਾਬ ਹੋਣਾ ਰੋਕ ਕੇ ਅਤੇ ਸੰਵੇਦਨਸ਼ੀਲ ਦੰਦਾਂ ਲਈ ਟੂਥਪੇਸਟ ਦੀ ਸਲਾਹ ਦੇ ਕੇ ਇਲਾਜ ਕਰ ਸਕਦੇ ਹਨ।"

ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲਤਾ ਕਾਰਨ ਹੋਣ ਵਾਲੇ ਦਰਦ ਨੂੰ ਰੋਕਣ ਲਈ ਸ਼ਾਇਦ ਭਵਿੱਖ ਵਿੱਚ ਟੀਆਰਪੀਸੀ5 ਬਲਾਕਿੰਗ ਤੱਤ ਨੂੰ ਟੂਥਪੇਸਟਸ ਅਤੇ ਡੈਂਟਲ ਪਦਾਰਥਾਂ ਵਿੱਚ ਸ਼ਾਮਿਲ ਕੀਤਾ ਜਾਵੇ।

ਪ੍ਰੋਫ਼ੈੱਸਰ ਜ਼ਿਮਰਮਾਨ ਦੀ ਟੀਮ ਨੂੰ ਕੰਮ ਲਈ ਕੋਈ ਵੀ ਕਮਰਸ਼ੀਅਲ ਵਿੱਤੀ ਮਦਦ ਨਹੀਂ ਮਿਲੀ। ਇਸ ਨੂੰ ਜਰਮਨੀ ਦੀ ਰਿਸਰਚ ਫ਼ਾਉਂਡੇਸ਼ਨ ਅਤੇ ਅਮਰੀਕਾ ਦੀ ਹਾਵਰਡ ਹਿਊਜ਼ ਮੈਡੀਕਲ ਇੰਸਟੀਚਿਊਟ ਵੱਲੋਂ ਵਿੱਤੀ ਮਦਦ ਮੁਹੱਈਆ ਕਰਵਾਈ ਗਈ ਸੀ।।

ਬੀਡੀਏ ਮੁਤਾਬਕ ਦੰਦ ਉਸ ਸਮੇਂ ਖ਼ਰਾਬ ਹੁੰਦੇ ਹਨ, ਕੋਈ ਮਿੱਠੀ ਚੀਜ਼ ਖਾਣ ਜਾਂ ਪੀਣ ਨਾਲ ਦੰਦਾਂ 'ਤੇ ਐਸਿਡ ਅਟੈਕ ਹੁੰਦਾ ਹੈ ਅਤੇ ਇਸ ਨਾਲ ਦੰਦਾਂ ਦਾ ਅਨੈਮਲ ਅਤੇ ਡੈਂਟਾਈਨ ਨਰਮ ਹੋ ਜਾਂਦਾ ਹੈ।

ਸਮੇਂ ਦੇ ਨਾਲ ਇਹ ਤੇਜ਼ਾਬ ਦੰਦ ਵਿੱਚ ਕੀੜਾ ਲਗਾ ਦਿੰਦਾ ਹੈ ਅਤੇ ਖੋੜ ਬਣਾ ਦਿੰਦਾ ਹੈ।

ਦੰਦਾਂ ਦੀਆਂ ਬੀਮਾਰੀਆਂ ਦਾ ਖ਼ਤਰਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਮਿੱਠੇ ਅਤੇ ਏਸਿਡ ਭਰੇ ਖਾਣ ਵਾਲੇ ਪਦਾਰਥ ਜਾਂ ਪੀਣ ਵਾਲੀਆਂ ਚੀਜ਼ਾਂ ਕਿੰਨੀ ਵਾਰ ਲੈਂਦੇ ਹੋ, ਇਸ ਲਈ ਸਭ ਤੋਂ ਬਿਹਤਰ ਤਰੀਕਾ ਹੈ ਇਸ ਸਭ ਨੂੰ ਭੋਜਨ ਦੇ ਨਾਲ ਖਾਣ-ਪੀਣ ਤੱਕ ਹੀ ਸੀਮਤ ਕਰ ਦਿਉ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)