You’re viewing a text-only version of this website that uses less data. View the main version of the website including all images and videos.
ਪਾਕਿਸਤਾਨੀ ਕੁੜੀਆਂ 'ਚ ਵਿਆਹ ਤੋਂ ਬਾਅਦ ਆਪਣੇ ਪਤੀ ਦਾ ਨਾਮ ਨਾ ਅਪਣਾਉਣ ਦਾ ਰੁਝਾਨ ਕਿਉਂ ਵੱਧ ਰਿਹਾ ਹੈ
- ਲੇਖਕ, ਸ਼ਿਜ਼ਾ ਮਲਿਕ
- ਰੋਲ, ਪੱਤਰਕਾਰ
"ਮੈਂ ਆਪਣੀ ਸਾਰੀ ਉਮਰ ਜ਼ੁਹਾ ਜ਼ੁਬੈਰੀ ਦੇ ਨਾਮ ਨਾਲ ਬਿਤਾਈ ਹੈ ਤੇ ਹੁਣ ਮੈਂ ਇੱਕਦਮ ਆਪਣਾ ਨਾਮ ਬਦਲ ਲਵਾਂ ਇਹ ਸੋਚਕੇ ਮੈਨੂੰ ਬਹੁਤ ਅਜੀਬ ਲੱਗਿਆ। ਜੇ ਮੈਂ ਆਪਣਾ ਨਾਮ ਬਦਲ ਲੈਂਦੀ ਤਾਂ ਸ਼ਾਇਦ ਮੈਨੂੰ ਆਪਣੀ ਪਛਾਣ ਖ਼ਤਮ ਹੁੰਦੀ ਮਹਿਸੂਸ ਹੁੰਦੀ।"
ਇਹ ਕਹਿਣਾ ਸੀ ਜ਼ੁਹਾ ਜ਼ੁਬੈਰੀ ਦਾ ਜਿਨ੍ਹਾਂ ਨੇ ਇੱਕ ਆਮ ਰਵਾਇਤ ਨੂੰ ਨਾ ਮੰਨਕੇ ਵਿਆਹ ਤੋਂ ਬਾਅਦ ਆਪਣਾ ਨਾਮ ਨਾ ਬਦਲਣ ਦਾ ਫ਼ੈਸਲਾ ਕੀਤਾ। ਯਾਨੀ ਕਿ ਉਨ੍ਹਾਂ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਜਾਂ ਉਨ੍ਹਾਂ ਦੇ ਖ਼ਾਨਦਾਨ ਦਾ ਉਪਨਾਮ ਆਪਣੇ ਨਾਮ ਨਾਲ ਨਹੀਂ ਜੋੜਿਆ।
ਦੁਨੀਆਂ ਦੇ ਬਹੁਤ ਸਾਰੇ ਦੇਸਾਂ ਦੀ ਤਰ੍ਹਾਂ ਪਾਕਿਸਤਾਨ ਵਿੱਚ ਵੀ ਰਵਾਇਤੀ ਤੌਰ 'ਤੇ ਬਹੁਤੀਆਂ ਔਰਤਾਂ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਦਾ ਨਾਮ ਹਟਾਕੇ ਆਪਣੇ ਪਤੀ ਦੇ ਪਰਿਵਾਰ ਦਾ ਨਾਮ ਲਗਾ ਲੈਂਦੀਆਂ ਹਨ।
ਇਹ ਵੀ ਪੜ੍ਹੋ:
ਪਰ ਅੱਜ-ਕੱਲ੍ਹ ਪਾਕਿਸਤਾਨੀ ਔਰਤਾਂ ਵਿੱਚ ਵੀ ਵਿਆਹ ਤੋਂ ਬਾਅਦ ਨਾਮ ਨਾ ਬਦਲਣ ਦਾ ਰੁਝਾਨ ਵਧਦਾ ਜਾ ਰਿਹਾ ਹੈ।
ਜ਼ੁਹਾ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਵਿੱਚ ਪਹਿਲੀ ਔਰਤ ਹੈ ਜਿਸਨੇ ਆਪਣਾ ਨਾਮ ਨਹੀਂ ਬਦਲਿਆ।
ਉਹ ਕਹਿੰਦੇ ਹਨ, "ਮੇਰੀ ਮਾਂ ਦੇ ਵਿਆਹ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਨਾਮ ਬਦਲ ਦਿੱਤਾ ਗਿਆ ਸੀ ਅਤੇ ਹੁਣ ਉਨ੍ਹਾਂ ਦਾ ਪੂਰਾ ਪੈਦਾਇਸ਼ੀ ਨਾਮ ਕਿਸੇ ਨੂੰ ਯਾਦ ਵੀ ਨਹੀਂ ਹੈ। ਮੇਰੀ ਭੈਣ ਨੇ ਵੀ ਵਿਆਹ ਤੋਂ ਬਾਅਦ ਆਪਣਾ ਨਾਮ ਬਦਲ ਲਿਆ ਸੀ।"
ਪਰ ਜਦੋਂ ਜ਼ੁਹਾ ਦੇ ਆਪਣੇ ਵਿਆਹ ਦਾ ਸਮਾਂ ਨੇੜੇ ਆਉਣ ਲੱਗਿਆ ਤਾਂ ਉਨ੍ਹਾਂ ਨੂੰ ਆਪਣਾ ਪੈਦਾਇਸ਼ੀ ਨਾਮ ਬਦਲਣ ਦਾ ਵਿਚਾਰ ਪਰੇਸ਼ਾਨ ਕਰਨ ਲੱਗਿਆ।
ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਆਪਣਾ ਪੈਦਾਇਸ਼ੀ ਨਾਮ ਬਹੁਤ ਪਸੰਦ ਸੀ ਅਤੇ ਨਾਲ ਹੀ ਪੇਸ਼ੇਵਰ ਜ਼ਿੰਦਗੀ ਵਿੱਚ ਲੋਕ ਉਨ੍ਹਾਂ ਨੂੰ ਇਸੇ ਨਾਮ ਨਾਲ ਜਾਣਦੇ ਸਨ।
ਉਹ ਕਹਿੰਦੇ ਹਨ, "ਕਾਲਜ ਵਿੱਚ ਸਾਰੇ ਮੈਨੂੰ ਜ਼ੁਬੈਰੀ ਨਾਮ ਨਾਲ ਬੁਲਾਉਂਦੇ ਸੀ। ਇਸ ਤੋਂ ਇਲਾਵਾ ਮੈਂ ਆਰਕੀਟੈਕਟ ਹਾਂ ਤੇ ਗਾਇਕਾ ਵੀ ਹਾਂ। ਇਨ੍ਹਾਂ ਦੋਵਾਂ ਪੇਸ਼ਿਆਂ ਵਿੱਚ ਲੋਕ ਮੈਨੂੰ ਇਸੇ ਨਾਮ ਨਾਲ ਜਾਣਦੇ ਹਨ।"
ਜ਼ੁਹਾ ਦੇ ਪਤੀ ਬਾਲਾਚ ਤਨਵੀਰ ਨੇ ਵੀ ਉਨ੍ਹਾਂ ਦੇ ਨਾਮ ਨਾ ਬਦਲਣ ਦੇ ਫ਼ੈਸਲੇ ਦਾ ਸਮਰਥਨ ਕੀਤਾ।
ਬਾਲਾਚ ਕਹਿੰਦੇ ਹਨ, "ਜ਼ੁਹਾ ਨੇ ਆਪਣੇ ਅਸਲੀ ਨਾਮ ਨਾਲ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਦਾ ਜਿਸ ਪੇਸ਼ੇ ਨਾਲ ਸਬੰਧ ਹੈ ਉਸ ਵਿੱਚ ਇੱਕ ਨਾਮ ਦੇ ਨਾਲ ਲੋਕਾਂ ਦਾ ਵਿਸ਼ਵਾਸ ਜੁੜਿਆ ਹੁੰਦਾ ਹੈ।"
ਜੰਨਤ ਕਰੀਮ ਖ਼ਾਨ ਦਾ ਵੀ ਕੁਝ ਅਜਿਹਾ ਹੀ ਕਹਿਣਾ ਸੀ ।
ਨਾਮ ਅਤੇ ਕਾਮਯਾਬੀ
ਜ਼ੁਹਾ ਦੀ ਤਰ੍ਹਾਂ ਹੀ ਜੰਨਤ ਕਰੀਮ ਖ਼ਾਨ ਨੇ ਵੀ ਵਿਆਹ ਤੋਂ ਬਾਅਦ ਆਪਣਾ ਨਾਮ ਨਹੀਂ ਬਦਲਿਆ।
ਜੰਨਤ ਦਾ ਕਹਿਣਾ ਹੈ, "ਜਿਵੇਂ-ਜਿਵੇਂ ਅਸੀਂ ਜ਼ਿੰਦਗੀ ਵਿੱਚ ਅੱਗੇ ਵੱਧਦੇ ਹਾਂ ਸਾਡਾ ਨਾਮ ਹੀ ਸਾਡੀ ਪਛਾਣ ਬਣ ਜਾਂਦਾ ਹੈ। ਮੈਂ ਜ਼ਿੰਦਗੀ ਵਿੱਚ ਜਿੰਨੀਆਂ ਵੀ ਕਾਮਯਾਬੀਆਂ ਹਾਸਲ ਕੀਤੀਆਂ ਹਨ ਉਨ੍ਹਾਂ ਦੇ ਨਾਲ ਮੇਰਾ ਨਾਮ ਜੁੜਿਆ ਹੋਇਆ ਹੈ।"
ਏਲਾਫ਼ ਜ਼ਹਿਰਾ ਨਕਵੀ ਦਾ ਕਹਿਣਾ ਸੀ ਕਿ ਵਿਆਹ ਤੋਂ ਬਾਅਦ ਨਾਮ ਨਾ ਬਦਲਣਾ ਔਰਤਾਂ ਦਾ ਨਿੱਜੀ ਫ਼ੈਸਲਾ ਹੋਣਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਕਈ ਔਰਤਾਂ ਨੂੰ ਆਪਣਾ ਨਾਮ ਪਸੰਦ ਹੁੰਦਾ ਹੈ ਤਾਂ ਕੁਝ ਨੂੰ ਆਪਣੇ ਨਾਮ ਨਾਲ ਖ਼ਾਸ ਲਗਾਓ ਹੁੰਦਾ ਹੈ। ਕਾਰਨ ਜੋ ਵੀ ਹੋਵੇ ਇਹ ਫ਼ੈਸਲਾ ਕਰਨ ਦਾ ਅਧਿਕਾਰ ਔਰਤਾਂ ਨੂੰ ਹੀ ਹੋਣਾ ਚਾਹੀਦਾ ਹੈ।"
ਉਨ੍ਹਾਂ ਦੇ ਪਤੀ ਤਲਾਲ ਨੇ ਦੱਸਿਆ ਕਿ ਇੱਕ ਸਮੇਂ ਉਹ ਚਾਹੁੰਦੇ ਸਨ ਕਿ ਏਲਾਫ਼ ਉਨ੍ਹਾਂ ਦਾ ਨਾਮ ਅਪਣਾਵੇ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰੀ ਦਸਤਾਵੇਜ਼ਾਂ ਵਿੱਚ ਪਤੀ-ਪਤਨੀ ਦਾ ਨਾਮ ਇੱਕੋ ਜਿਹਾ ਹੋਵੇ ਤਾਂ ਇਮੀਗ੍ਰੇਸ਼ਨ ਅਤੇ ਹੋਰ ਮਾਮਲਿਆਂ ਵਿੱਚ ਸੌਖ ਹੁੰਦੀ ਹੈ।
ਪਰ ਏਲਾਫ਼ ਨਾਲ ਗੱਲ ਕਰਨ ਤੋਂ ਬਾਅਦ ਅਹਿਸਾਸ ਹੋਇਆ ਕਿ ਕਿਸੇ ਦਾ ਪੈਦਾਇਸ਼ੀ ਨਾਮ ਬਦਲਣਾ ਚੰਗੀ ਗੱਲ ਨਹੀਂ ਹੈ।
"ਇਨਸਾਨ ਜਿਹੜਾ ਨਾਮ ਲੈ ਕੇ ਇਸ ਦੁਨੀਆਂ ਵਿੱਚ ਆਏ ਅਤੇ ਜਿਸ ਨਾਮ ਦੇ ਨਾਲ ਵੱਡਾ ਹੋਵੇ, ਉਸ ਦਾ ਉਹ ਨਾਮ ਬਦਲ ਦੇਣਾ ਸ਼ਾਇਦ ਉਸ ਦੇ ਨਾਲ ਇੱਕ ਤਰ੍ਹਾਂ ਦਾ ਜ਼ੁਲਮ ਹੈ।"
ਉਨ੍ਹਾਂ ਨੇ ਹੱਸਦਿਆਂ ਕਿਹਾ, "ਸਿਰਫ਼ ਇਸ ਲਈ ਕਿ ਤੁਹਾਡਾ ਕਿਸੇ ਨਾਲ ਵਿਆਹ ਹੋ ਗਿਆ ਹੈ ਤਾਂ ਤੁਸੀਂ ਕੀ ਆਪਣਾ ਨਾਮ ਹੀ ਬਦਲ ਦੇਵੋਗੇ?"
ਭਾਵੁਕ ਮਸਲਾ
ਆਪਣਾ ਜਨਮ ਵਾਲਾ ਨਾਮ ਬਦਲਣਾ ਜਾਂ ਨਾ ਬਦਲਣਾ ਅਕਸਰ ਔਰਤਾਂ ਲਈ ਇੱਕ ਭਾਵੁਕ ਮਸਲਾ ਵੀ ਹੁੰਦਾ ਹੈ।
ਅਨਮ ਸਈਦ ਕਹਿੰਦੇ ਹਨ ਉਨ੍ਹਾਂ ਨੂੰ ਵਿਆਹ ਤੋਂ ਕੁਝ ਸਾਲ ਬਾਅਦ ਆਪਣਾ ਪੁਰਾਣਾ ਨਾਮ ਬਦਲਣ 'ਤੇ ਅਫ਼ਸੋਸ ਹੋਣ ਲੱਗਿਆ।
"ਜਦੋਂ ਮੇਰਾ ਵਿਆਹ ਹੋਇਆ ਤਾਂ ਉਸ ਸਮੇਂ ਮੈਨੂੰ ਲੱਗਿਆ ਕਿ ਆਪਣੇ ਪਤੀ ਦਾ ਨਾਮ ਇੱਕ ਚੰਗੀ ਰਵਾਇਤ ਹੈ, ਜੋ ਪਤੀ ਦੀ ਇੱਜ਼ਤ ਦਾ ਪ੍ਰਤੀਬਿੰਬ ਹੈ। ਇਸ ਲਈ ਮੈਂ ਆਪਣੇ ਨਾਮ ਨਾਲ ਆਪਣੇ ਪਤੀ ਦੇ ਖਾਨਦਾਨੀ ਨਾਮ 'ਇਕਬਾਲ' ਨੂੰ ਜੋੜ ਲਿਆ ਸੀ।"
"ਪਰ ਵਿਆਹ ਦੇ ਕੁਝ ਅਰਸੇ ਬਾਅਦ ਜਦੋਂ ਮੈਂ ਅਮਰੀਕਾ ਗਈ ਤਾਂ ਉੱਥੇ ਲੋਕ ਮੈਨੂੰ ਸਿਰਫ਼ ਮਿਸਿਜ਼ ਇਕਬਾਲ ਅਤੇ ਅਨਮ ਇਕਬਾਲ ਕਹਿਣ ਲੱਗੇ। ਉਸ ਸਮੇਂ ਮੈਂਨੂੰ ਆਪਣੀ ਪਛਾਣ ਗੁਆਉਣ ਦਾ ਅਹਿਸਾਸ ਹੋਣ ਲੱਗਿਆ।"
ਅਨਮ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਾਸਕਰ ਇਸ ਗੱਲ ਦਾ ਅਫ਼ਸੋਸ ਹੋਣ ਲੱਗਿਆ ਕਿ ਉਹ ਆਪਣੇ ਉਸ ਨਾਮ ਤੋਂ ਵੱਖ ਹੋ ਗਏ, ਜਿਹੜਾ ਉਨ੍ਹਾਂ ਦੇ ਮਰਹੂਮ ਪਿਤਾ ਨੇ ਦਿੱਤਾ ਸੀ।
ਇਸ ਲਈ ਕੁਝ ਅਰਸੇ ਬਾਅਦ ਉਨ੍ਹਾਂ ਨੇ ਆਪਣੇ ਪੁਰਾਣੇ ਨਾਮ ਅਨਮ ਸਈਦ ਨੂੰ ਅਪਣਾ ਲਿਆ। ਕੁਝ ਹੋਰ ਔਰਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਜਨਮ ਦਾ ਨਾਮ ਉਨ੍ਹਾਂ ਨੂੰ ਪਰਿਵਾਰ ਨਾਲ ਜੋੜਦਾ ਹੈ।
ਜੰਨਤ ਕਰੀਮ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਆਪਣਾ ਜਨਮ ਵਾਲਾ ਨਾਮ ਇਸ ਲਈ ਪਿਆਰਾ ਹੈ ਕਿਉਂਕਿ ਉਨ੍ਹਾਂ ਦਾ ਨਾਮ ਉਨ੍ਹਾਂ ਨੂੰ ਆਪਣੇ ਮਰਹੂਮ ਪਿਤਾ ਨਾਲ ਜੋੜੀ ਰੱਖਦਾ ਹੈ।
ਗੁੰਝਲਦਾਰ ਕੰਮ
ਕੁਝ ਔਰਤਾਂ ਲਈ ਨਾਮ ਨਾ ਬਦਲਣ ਦਾ ਫ਼ੈਸਲਾ ਵਿਵਹਾਰਿਕ ਕਾਰਨਾਂ 'ਤੇ ਵੀ ਆਧਾਰਿਤ ਹੁੰਦਾ ਹੈ। ਹੁਮਾ ਜਹਾਂਜ਼ੇਬ ਕਹਿੰਦੇ ਹਨ ਕਿ ਉਹ ਇੱਕ ਕੰਮਕਾਜੀ ਔਰਤ ਹਨ ਇਸ ਲਈ ਉਨ੍ਹਾਂ ਦਾ ਨਾਮ ਬਦਲਣਾ ਔਖਾ ਸੀ।
"ਨਾਮ ਬਦਲਣ ਦਾ ਮਤਲਬ ਹੈ ਸਾਰੇ ਵਿਦਿਅਕ ਅਤੇ ਨੌਕਰੀਆਂ ਦੇ ਦਸਤਾਵੇਜ਼ਾਂ 'ਤੇ ਵੀ ਨਾਮ ਬਦਲਣਾ ਜੋ ਕਿ ਇੱਕ ਝੰਜਟ ਦਾ ਕੰਮ ਹੈ।"
ਪਰ ਅੱਜ ਵੀ ਪਾਕਿਸਤਾਨੀ ਸਮਾਜ ਵਿੱਚ ਔਰਤਾਂ ਦਾ ਨਾਮ ਨਾ ਬਦਲਣਾ ਵੱਡੀ ਅਣਹੋਣੀ ਗੱਲ ਸਮਝੀ ਜਾਂਦੀ ਹੈ ਅਤੇ ਕਈ ਵਾਰੀ ਨਾਮ ਨਾ ਬਦਲਣ ਵਾਲੀਆਂ ਔਰਤਾਂ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਵਲੋਂ ਆਲੋਚਣਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ:
"ਕਿਉਂਕਿ ਔਰਤਾਂ ਤਲਾਕ ਤੋਂ ਬਾਅਦ ਆਪਣਾ ਜਨਮ ਵਾਲਾ ਨਾਮ ਦੁਬਾਰਾ ਅਪਣਾ ਲੈਂਦੀਆਂ ਹਨ ਇਸ ਲਈ ਵਿਆਹੁਤਾਂ ਔਰਤਾਂ ਦਾ ਆਪਣਾ ਨਾਮ ਨਾ ਬਦਲਣਾ ਚੰਗਾ ਨਹੀਂ ਸਮਝਿਆ ਜਾਂਦਾ। ਅਜਿਹੀਆਂ ਲੜਕੀਆਂ ਨੂੰ ਲੋਕ ਸਿਰਫ਼ਿਰੀਆਂ ਸਮਝਦੇ ਹਨ।"
ਤਲਾਲ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਦੋਸਤਾਂ ਨੂੰ ਹੈਰਾਨੀ ਹੁੰਦੀ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਏਲਾਫ਼ ਦਾ ਨਾਮ ਨਹੀਂ ਬਦਲਿਆ।
ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਲੋਕਾਂ ਦੀ ਨਜ਼ਰ ਵਿੱਚ ਨਾਮ ਬਦਲਿਆ ਨਹੀਂ ਬਦਲਵਾਇਆ ਜਾਂਦਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਤਰ੍ਹਾਂ ਅਕਸਰ ਔਰਤਾਂ ਦੱਸਦੀਆਂ ਹਨ ਕਿ ਸਰਕਾਰੀ ਅਫ਼ਸਰ ਵੀ ਇਸ ਗੱਲ 'ਤੇ ਹੈਰਾਨੀ ਪ੍ਰਗਟ ਕਰਦੇ ਹਨ ਕਿ ਕੋਈ ਔਰਤ ਵਿਆਹ ਦੇ ਸਮੇਂ ਆਪਣਾ ਨਾਮ ਕਿਉਂ ਨਹੀਂ ਬਦਲ ਰਹੀ ਹੈ।
ਜ਼ੁਹਾ ਜ਼ੁਬੈਰੀ ਦਾ ਕਹਿਣਾ ਸੀ, "ਜਦੋਂ ਵਿਆਹ ਤੋਂ ਬਾਅਦ ਮੈਂ ਪਛਾਣ ਪੱਤਰ ਬਣਵਾਉਣ ਸਰਕਾਰੀ ਦਫ਼ਤਰ ਗਈ ਤਾਂ ਉਨ੍ਹਾਂ ਨੇ ਖੁਦ ਹੀ ਮੇਰਾ ਨਾਮ ਬਦਲਕੇ ਮੇਰੇ ਨਾਮ ਨਾਲ ਮੇਰੇ ਪਤੀ ਦਾ ਨਾਮ ਲਗਾ ਦਿੱਤਾ। ਜਦੋਂ ਮੈਂ ਵਿਰੋਧ ਜ਼ਾਹਰ ਕੀਤਾ ਤਾਂ ਉਹ ਹੈਰਾਨ ਹੋ ਗਏ ਕਿ ਮੈਂ ਵਿਆਹੁਤਾ ਹੁੰਦੇ ਹੋਏ ਵੀ ਆਪਣਾ ਨਾਮ ਕਿਉਂ ਨਹੀਂ ਬਦਲ ਰਹੀ ਹਾਂ।"
ਪਤੀ ਨਾਲ ਪਿਆਰ ਦਾ ਇਜ਼ਹਾਰ
ਇੱਕ ਪਾਸੇ ਜਿੱਥੇ ਕੁਝ ਔਰਤਾਂ ਆਪਣਾ ਨਾਮ ਨਹੀਂ ਬਦਲ ਰਹੀਆਂ ਹਨ ਉੱਥੇ ਬਹੁਤ ਸਾਰੀਆਂ ਔਰਤਾਂ ਆਪਣੀ ਖੁਸ਼ੀ ਨਾਲ ਵਿਆਹ ਦੇ ਸਮੇਂ ਆਪਣੇ ਪਤੀ ਦਾ ਨਾਮ ਅਪਣਾਉਂਦੀਆਂ ਹਨ।
ਮੁਅਦਬ ਫ਼ਾਤਿਮਾ ਫ਼ਰਹਾਨ ਨੇ ਦੱਸਿਆ ਕਿ ਉਨ੍ਹਾਂ ਲਈ ਵਿਆਹ ਸਮੇਂ ਆਪਣਾ ਨਾਮ ਬਦਲਣਾ ਪਤੀ ਨਾਲ ਮੁਹੱਬਤ ਦਾ ਇਜ਼ਹਾਰ ਕਰਨ ਵਾਂਗ ਸੀ।
"ਜਦੋਂ ਵਿਅਕਤੀ ਤੁਹਾਨੂੰ ਬੇਹੱਦ ਪਿਆਰ ਕਰੇ ਅਤੇ ਤੁਹਾਡਾ ਹਰ ਤਰ੍ਹਾਂ ਖਿਆਲ ਰੱਖੇ ਤਾਂ ਤੁਹਾਡਾ ਵੀ ਦਿਲ ਕਰਦਾ ਹੈ ਕਿ ਤੁਸੀਂ ਉਸਦਾ ਨਾਮ ਆਪਣੇ ਨਾਲ ਜ਼ਿੰਦਗੀ ਭਰ ਲਈ ਜੋੜੀ ਰੱਖੋ।"
ਇਹ ਹੀ ਕਾਰਨ ਸੀ ਉਨ੍ਹਾਂ ਨੇ ਆਪਣੇ ਪਤੀ ਦਾ ਪਹਿਲਾ ਨਾਮ ਆਪਣੇ ਨਾਮ ਨਾਲ ਲਗਾਇਆ ਨਾ ਕਿ ਉਨ੍ਹਾਂ ਦਾ ਖ਼ਾਨਦਾਨੀ ਨਾਮ ਲਗਾਇਆ।
ਦਾਨਿਸ਼ ਬਤੂਲ ਦਾ ਕਹਿਣਾ ਸੀ ਕਿ ਬਹੁਤ ਸਾਰੀਆਂ ਔਰਤਾਂ ਵਿਆਹ ਦੀ ਖ਼ੁਸ਼ੀ ਵਿੱਚ ਅਗਲੇ ਹੀ ਦਿਨ ਸੋਸ਼ਲ ਮੀਡੀਆ 'ਤੇ ਆਪਣਾ ਨਾਮ ਬਦਲਕੇ ਵਿਆਹ ਹੋਣ ਦਾ ਐਲਾਨ ਕਰ ਦਿੰਦੀਆਂ ਹਨ।
"ਇਹ ਉਨ੍ਹਾਂ ਦਾ ਅਧਿਕਾਰ ਹੈ ਅਤੇ ਜੇ ਕਿਸੇ ਨੂੰ ਆਪਣਾ ਨਾਮ ਬਦਲਣ ਨਾਲ ਖ਼ੁਸ਼ੀ ਮਿਲਦੀ ਹੈ ਤਾਂ ਇਸ ਵਿੱਚ ਕੋਈ ਦਿੱਕਤ ਨਹੀਂ ਹੈ।"
ਸਿਡਰਾਹ ਔਰੰਗਜ਼ੇਬ ਜਿਨ੍ਹਾਂ ਦੇ ਵਿਆਹ ਨੂੰ 10 ਸਾਲ ਹੋਣ ਵਾਲੇ ਹਨ, ਉਹ ਕਹਿੰਦੇ ਹਨ ਕਿ ਜਿਸ ਸਮੇਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਨੇ ਬਹੁਤ ਸਾਰੀਆਂ ਔਰਤਾਂ ਦੀ ਤਰ੍ਹਾਂ ਇਹ ਪਤਾ ਨਹੀਂ ਸੀ ਕਿ ਨਾਮ ਬਦਲਣਾ ਕਾਨੂੰਨੀ ਜਾਂ ਸਮਾਜਿਕ ਤੌਰ 'ਤੇ ਲਾਜ਼ਮੀ ਨਹੀਂ ਹੈ।
"ਮੈਂ ਸਮਝਦੀ ਸੀ ਨਾਮ ਨਾ ਬਦਲਣ ਦਾ ਅਰਥ ਹੈ ਤੁਸੀਂ ਪੂਰੀ ਤਰ੍ਹਾਂ ਉਸ ਖ਼ਾਨਦਾਨ ਨੂੰ ਅਪਣਾਇਆ ਨਹੀਂ ਹੈ ਜਿਸਦਾ ਹਿੱਸਾ ਤੁਸੀਂ ਬਣਨ ਜਾ ਰਹੇ ਹੋ।"
ਸਿਡਰਾਹ ਨਾਲ ਸਹਿਮਤੀ ਪ੍ਰਗਟਾਉਂਦਿਆਂ ਹੂਮਾ ਕਹਿੰਦੇ ਹਨ ਕਿ ਅਕਸਰ ਔਰਤਾਂ ਨੂੰ ਨਾਮ ਨਾ ਬਦਲਣ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ।
"ਔਰਤਾਂ ਨੂੰ ਇਸ ਗੱਲ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਅਤੇ ਫ਼ਿਰ ਇਸ ਮਾਮਲੇ ਵਿੱਚ ਜੋ ਵੀ ਫ਼ੈਸਲਾ ਕਰਨ ਉਹ ਉਨ੍ਹਾਂ ਦੇ ਪਤੀ ਅਤੇ ਸਮਾਜ ਨੂੰ ਸਵਿਕਾਰ ਕਰਨਾ ਚਾਹੀਦਾ ਹੈ।"
ਇਹ ਵੀ ਪੜ੍ਹੋ: