ਕੋਰੋਨਾਵਾਇਰਸ : ਬਾਬਾ ਰਾਮਦੇਵ ਦੀ ''ਕੋਰੋਨਿਲ ਵੈਕਸੀਨ'' ਨੂੰ ਲੈਕੇ ਕੀ ਉੱਠਿਆ ਨਵਾਂ ਵਿਵਾਦ

ਯੋਗ ਗੁਰੂ ਰਾਮਦੇਵ ਦੇ ਅਦਾਰੇ ਪਤੰਜਲੀ ਵੱਲੋਂ 'ਕੋਰੋਨਿਲ' ਵੈਕਸੀਨ ਨੂੰ ਕੋਰੋਨਾਵਾਇਰਸ ਦੇ ਇਲਾਜ ਲਈ ਪਹਿਲੀ ਸਬੂਤ ਅਧਾਰਿਤ ਹੋਣ ਦੇ ਦਾਅਵੇ ਉੱਤੇ ਤਿੱਖਾ ਵਿਵਾਦ ਖੜਾ ਹੋ ਗਿਆ ਹੈ।

ਭਾਰਤ ਦੀ ਸਭ ਤੋਂ ਵੱਡੀ ਮੈਡੀਕਲ ਬਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਨਾਲ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਹਾਜ਼ਰੀ ਵਿਚ ਕੀਤੇ ਗਏ ਇਸ ਦਾਅਵੇ ਉੱਤੇ ਸਿਹਤ ਮੰਤਰੀ ਤੋਂ ਜਵਾਬ ਮੰਗਿਆ ਹੈ।

ਬੀਤੇ ਸ਼ੁੱਕਰਵਾਰ ਨੂੰ ਕੀਤੇ ਗਏ 'ਕੋਰੋਨਿਲ' ਵੈਕਸੀਨ ਦੇ ਸਮਾਗਮ ਵਿਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਕੇਂਦਰੀ ਮੰਤਰੀ ਨਿਤਨ ਗਡਕਰੀ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹੋਏ ਸਨ। ਬਾਬਾ ਰਾਮਦੇਵ ਅਤੇ ਦੋਵਾਂ ਮੰਤਰੀਆਂ ਦੇ ਪਿੱਛੇ ਲੱਗੇ ਇੱਕ ਵੱਡੇ ਪੋਸਟਰ ਵਿਚ ਦਾਅਵਾ ਕੀਤਾ ਗਿਆ ਸੀ ਕਿ ਮੈਡੀਸਨ ਸਰਟੀਫਿਰੇਟ ਆਫ਼ ਫਾਰਮੇਸੂਟੀਕਲ ਪ੍ਰੋਡਕਟ (CoPP) ਅਤੇ WHO GMP ਸਰਟੀਫਾਇਡ ਹੈ।

ਇਹ ਵੀ ਪੜ੍ਹੋ:

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੀ ਸਵਾਲ ਚੁੱਕੇ

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਕ ਬਿਆਨ ਜਾਰੀ ਕਰਦਿਆਂ ਬਾਬਾ ਰਾਮਦੇਵ ਵੱਲੋਂ ਕੋਰੋਨਿਲ ਦੀ ਲਾਂਚ ਨੂੰ ਵਿਸ਼ਵ ਸਿਹਤ ਸੰਗਠਨ ਦਾ ਸਰਟੀਫਿਕੇਟ ਮਿਲਣ ਦਾ ਦਾਅਵਾ ਕਰਨ 'ਤੇ ਹੈਰਾਨੀ ਪ੍ਰਗਟਾਈ ਹੈ।

ਬਿਆਨ ਵਿੱਚ ਕਿਹਾ ਗਿਆ, "ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈਰਾਨ ਹੈ ਕਿ ਇੱਕ ਸਨਅਤਕਾਰ ਵੱਲੋਂ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ''ਸੀਕਰੇਟ ਮੈਡੀਸਨ'' ਦੇ ਲਾਂਚ ਨੂੰ ਵਿਸ਼ਵ ਸਿਹਤ ਸੰਗਠਨ ਦੇ ਸਰਟੀਫਿਕੇਟ ਦਾ ਦਾਅਵਾ ਕੀਤਾ ਗਿਆ ਹੈ।"

"ਪਤੰਜਲੀ ਦੇ ਸੰਸਥਾਪਕ ਬਾਬਾ ਰਾਮਦੇਵ ਨੇ ਕੋਰੋਨਿਲ ਲਾਂਚ ਕੀਤੀ ਜਿਸ ਨੂੰ ਉਹ ਕੋਵਿਡ-19 ਦੀ ਪਹਿਲੀ ਸਬੂਤ-ਆਧਾਰਿਤ ਦਵਾਈ ਕਰਾਰ ਦੇ ਰਹੇ ਹਨ। ਬਾਬਾ ਰਾਮਦੇਵ ਨੇ ਇਹ ਵੀ ਕਿਹਾ ਕਿ ਕੋਰੋਨਿਲ ਦੀ ਵਰਤੋਂ ਕੋਵਿਡ-19 ਤੋਂ ਬਚਣ, ਇਲਾਜ ਅਤੇ ਕੋਵਿਡ-19 ਤੋਂ ਬਾਅਦ ਕੀਤੀ ਜਾਵੇ।"

ਬਿਆਨ ਵਿੱਚ ਅੱਗੇ ਕਿਹਾ, "ਇਹ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਹਾਜਰੀ ਵਿੱਚ ਲਾਂਚ ਕੀਤੀ ਗਈ ਸੀ। ਬਾਬਾ ਰਾਮਦੇਵ ਨੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਹਾਜ਼ਰੀ ਵਿੱਚ ਦਾਅਵਾ ਕੀਤਾ ਕਿ ਕੋਰੋਨਿਲ ਆਯੁਰਵੈਦਿਕ ਦਵਾਈ ਨੂੰ ਡੀਸੀਜੀਆਈ ਦੀ ਪ੍ਰਵਾਨਗੀ ਅਤੇ ਵਿਸ਼ਵ ਸਿਹਤ ਸੰਗਠਨ ਦਾ ਸਰਟੀਫਿਕੇਟ ਮਿਲ ਗਿਆ ਹੈ। ਡਾ. ਹਰਸ਼ ਵਰਧਨ ਜੋ ਮਾਡਰਨ ਮੈਡੀਕਲ ਡਾਕਟਰ ਹਨ, ਉਨ੍ਹਾਂ ਦੀ ਹਾਜਰੀ ਵਿੱਚ ਹੋਈ ਹੈ।"

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਈ ਸਵਾਲ ਖੜ੍ਹੇ ਕੀਤੇ ਹਨ।

ਬਿਆਨ ਵਿੱਚ ਉਨ੍ਹਾਂ ਪੁੱਛਿਆ, "ਦੇਸ ਦੇ ਸਿਹਤ ਮੰਤਰੀ ਹੋਣ ਦੇ ਨਾਤੇ ਦੇਸ ਦੇ ਸਾਹਮਣੇ ਅਜਿਹੇ ਗਲਤ ਕਿਆਸ ਪੇਸ਼ ਕਰਨਾ ਕਿੰਨਾ ਵਾਜਬ ਹੈ? ਅਜਿਹੇ ਝੂਠੇ ਗੈਰ-ਵਿਗਿਆਨੀ ਪ੍ਰੋਡਕਟ ਨੂੰ ਦੇਸ ਦੇ ਲੋਕਾਂ ਲਈ ਜਾਰੀ ਕਰਨਾ ਕਿੰਨਾ ਨਿਆਂਸੰਗਤ ਹੈ? ਮਾਡਰਨ ਦਵਾਈ ਦੇ ਡਾਕਟਰ ਹੋਣ ਦੇ ਨਾਤੇ ਗੈਰ-ਵਿਗਿਆਨੀ ਪ੍ਰੋਡਕਟ ਨੂੰ ਦੇਸ ਦੇ ਨਾਗਰਿਕਾਂ ਸਾਹਮਣੇ ਪ੍ਰਮੋਟ ਕਰਨਾ ਕਿੰਨਾ ਸਹੀ?"

"ਦੇਸ ਦੇ ਸਿਹਤ ਮੰਤਰੀ ਅਤੇ ਇੱਕ ਡਾਕਟਰ ਹੋਣ ਦੇ ਨਾਤੇ ਕੀ ਤੁਸੀਂ ਇਹ ਸਪੱਸ਼ਟ ਕਰ ਸਕਦੇ ਹੋ ਕਿ ਕਲੀਨੀਕਲ ਟਰਾਇਲਜ਼ ਕਿਵੇਂ ਕੀਤੇ (ਜੇ ਕੋਈ ਕੀਤੇ ਗਏ)?

"ਇੱਕ ਗੈਰ-ਵਿਗਿਆਨੀ ਦਵਾਈ ਦੀ ਪੂਰੇ ਦੇਸ ਸਾਹਮਣੇ ਪ੍ਰਮੋਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਰੱਦ ਕਰਨਾ ਦੇਸ ਦੇ ਮੂੰਹ 'ਤੇ ਚਪੇੜ ਅਤੇ ਬੇਇੱਜ਼ਤੀ ਹੈ।

ਇਹ ਦੇਸ ਦੇ ਲੋਕਾਂ ਨਾਲ ਧੋਖਾ ਹੈ ਜੇ ਕੋਰੋਨਿਲ ਬਚਾਅ ਦੇ ਕਾਰਗਰ ਹੈ ਤਾਂ ਫਿਰ ਸਰਕਾਰ ਵੈਕਸੀਨ ਤੇ 35000 ਕਰੋੜ ਰੁਪਏ ਕਿਉਂ ਖਰਚ ਕਰ ਰਹੀ ਹੈ।"

"ਜੇ ਸਿਹਤ ਮੰਤਰੀ ਬਚਾਅ ਲਈ ਕੋਰੋਨਿਲ ਨੂੰ ਪ੍ਰਮੋਟ ਕਰ ਰਹੇ ਹਨ ਤਾਂ ਫਿਰ ਵੈਕਸੀਨੇਸ਼ਨ ਨੂੰ ਬਿਮਾਰੀ ਤੋਂ ਬਚਾਅ ਲਈ ਨਹੀਂ ਵਰਤ ਸਕਦੇ?"

"ਦੇਸ ਨੂੰ ਮਾਣਯੋਗ ਸਿਹਤ ਮੰਤਰੀ ਤੋਂ ਜਵਾਬ ਚਾਹੀਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ, ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵੀ ਖੁਦ ਹੀ ਨੋਟਿਸ ਜਾਰੀ ਕਰਨ ਲਈ ਕਹੇਗਾ ਕਿਉਂਕਿ ਉਨ੍ਹਾਂ ਨੇ ਮੈਡੀਕਲ ਕਾਉਂਸਿਲ ਆਫ਼ ਇੰਡੀਆ ਦੇ ਕੋਡ ਆਫ਼ ਕੰਡਕਟ ਨੂੰ ਦੀ ਬੇਇੱਜ਼ਤੀ ਕੀਤੀ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਵਿਸ਼ਵ ਸਿਹਤ ਸੰਗਠਨ ਨੇ ਕੀ ਕਿਹਾ

ਵਿਸ਼ਵ ਸਿਹਤ ਸੰਗਠਨ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ਦੀ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਨਹੀਂ ਦਿੱਤੀ।

"ਵਿਸ਼ਵ ਸਿਹਤ ਸੰਗਠਨ ਨੇ ਇਲਾਜ ਲਈ ਕਿਸੇ ਵੀ ਰਵਾਇਤੀ ਦਵਾਈ ਨੂੰ ਨਾ ਤਾਂ ਰੀਵਿਊ ਕੀਤਾ ਅਤੇ ਨਾਲ ਹੀ ਸਰਟੀਫਿਕੇਟ ਦਿੱਤਾ ਹੈ।"

ਪਤੰਜਲੀ ਦਾ ਸਪੱਸ਼ਟੀਕਰਨ

ਪਤੰਜਲੀ ਦੇ ਐੱਮਡੀ ਆਚਾਰਿਆ ਬਾਲਾਕ੍ਰਿਸ਼ਨ ਨੇ ਇਸ ਬਾਰੀ ਸਪੱਸ਼ਟੀਕਰਨ ਦਿੰਦਿਆਂ ਟਵੀਟ ਕੀਤਾ ਹੈ।

ਉਨ੍ਹਾਂ ਕਿਹਾ, "ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੋਰੋਨਿਲ ਨੂੰ ਜਾਰੀ ਕੀਤਾ, ਸਾਡਾ ਡਬਲੂਐੱਚਓ, ਜੀਐੱਮਪੀ, ਸੀਓਪੀਪੀ ਸਰਟੀਫਿਕੇਟ ਭਾਰਤ ਸਰਕਾਰ ਦੇ ਡੀਸੀਜੀਆਈ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਵਿਸ਼ਵ ਸਿਹਤ ਸੰਗਠਨ ਕੋਈ ਵੀ ਦਵਾਈ ਦੀ ਮਨਜ਼ੂਰੀ ਜਾਂ ਨਾਮਨਜ਼ੂਰੀ ਨਹੀਂ ਦਿੰਦਾ। ਵਿਸ਼ਵ ਸਿਹਤ ਸੰਗਠਨ ਦੁਨੀਆਂ ਭਰ ਦੇ ਲੋਕਾਂ ਲਈ ਬਿਹਤਰ ਅਤੇ ਸਿਹਤਮੰਦ ਭਵਿਖ ਲਈ ਕੰਮ ਕਰਦਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)