ਕੋਰੋਨਾਵਾਇਰਸ ਬਾਰੇ ਇਹ 5 ਗੱਲਾਂ ਸੁਚੇਤ ਕਰ ਰਹੀਆਂ ਹਨ ਕਿ ਹਾਲੇ ਅਵੇਸਲੇ ਹੋਣ ਦਾ ਸਮਾਂ ਨਹੀਂ

ਭਾਰਤ ਵਿੱਚ ਫ਼ਰਵਰੀ ਦੇ ਪਹਿਲੇ ਪੰਦਰਵਾੜੇ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਕਮੀ ਦੇਖੀ ਜਾ ਰਹੀ ਸੀ ਅਤੇ ਚਰਚਾ ਹੋਣ ਲੱਗੀ ਸੀ ਕਿ ਸ਼ਾਇਦ ਭਾਰਤ ਨੇ ਕੋਰੋਨਾਵਾਇਰਸ ਉੱਪਰ ਕਾਬੂ ਕਰ ਲਿਆ ਹੈ ਅਤੇ ਹੁਣ ਇਹ ਖ਼ਤਮ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਹੋ ਰਿਹਾ ਰਿਕਾਰਡ ਵਾਧਾ ਚਿੰਤਾ ਦਾ ਸਬੱਬ ਹੋਣਾ ਚਾਹੀਦਾ ਹੈ ਅਤੇ ਜੇ ਲੋੜੀਂਦੇ ਕਦਮ ਨਾ ਚੁੱਕੇ ਗਏ ਤੇ ਸਥਿਤੀ ਖ਼ਤਰਨਾਕ ਰੂਪ ਲੈ ਸਕਦੀ ਹੈ।

ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾਵਾਇਰਸ ਦੇ ਦੂਜੇ ਉਭਾਰ ਦੀ ਚਰਚਾ ਸ਼ੁਰੂ ਹੋ ਗਈ ਅਤੇ ਮਹਾਰਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।

ਪੰਜਾਬ ਦਾ ਨਵਾਂ ਸ਼ਹਿਰ ਕੋਰਨਾਵਾਇਰਸ ਦਾ ਇੱਕ ਵਾਰ ਮੁੜ ਤੋਂ ਗੜ੍ਹ ਬਣ ਕੇ ਉੱਭਰ ਰਿਹਾ ਹੈ। ਆਓ ਜਾਣਦੇ ਹਾਂ ਕੁਝ ਅਹਿਮ ਸਵਾਲਾਂ ਦੇ ਜਵਾਬ ਜਿਨ੍ਹਾਂ ਕਰ ਕੇ ਸਾਨੂੰ ਹਾਲੇ ਢਿੱਲ ਨਹੀਂ ਵਰਤਣੀ ਚਾਹੀਦੀ ਅਤੇ ਕੋਰੋਨਾ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਦੀ ਪਾਲਣਾ ਕਰਨੀ ਨਹੀਂ ਛੱਡਣੀ ਚਾਹੀਦੀ ਹੈ।

ਕੇਸ ਦੁਬਾਰਾ ਕਿਉਂ ਵਧ ਰਹੇ ਹਨ?

ਭਾਰਤ ਦੇ ਸਿਹਤ ਮੰਤਰਾਲਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਭਾਰਤ ਵਿੱਚ ਕੋਰੋਨਾ ਕੇਸਾਂ ਵਿੱਚ ਦੇਖਿਆ ਜਾ ਰਿਹਾ ਵਾਧਾ ਦੱਖਣੀ ਅਫ਼ਰੀਕਾ,ਅਮਰੀਕਾ ਅਤੇ ਬ੍ਰਾਜ਼ੀਲ ਤੋਂ ਪਰਤੇ ਲੋਕਾਂ ਕਾਰਨ ਹੋ ਰਿਹਾ ਹੈ।

ਸ਼ੁੱਕਰਵਾਰ ਤੱਕ ਭਾਰਤ ਵਿੱਚ ਕੋਰੋਨਾਵਇਰਸ ਦੇ ਕੇਸਾਂ ਵਿੱਚ ਲਗਾਤਾਰ ਕਮੀ ਦੇਖੀ ਜਾ ਰਹੀ ਸੀ ਅਤੇ ਅਠਾਰਾਂ ਸੂਬਿਆਂ ਵਿੱਚੋਂ ਕਿਸੇ ਨੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਸੀ। ਜਦਕਿ ਪੰਜਾਬ ਸਮੇਤ -ਮਹਾਰਾਸ਼ਟਰ, ਕੇਰਲਾ,ਮੱਧ ਪ੍ਰਦੇਸ਼,ਛੱਤੀਸਗੜ੍ਹ ਵਿੱਚ ਕੇਸਾਂ ਵਿੱਚ ਰਿਕਾਰਡ ਵਾਧਾ ਦੇਖਿਆ ਗਿਆ ਸੀ ਅਤੇ ਕੇਂਦਰੀ ਸਿਹਤ ਮੰਤਰਾਲਾ ਨੇ ਇਸ ਬਾਰੇ ਕਦਮ ਚੁੱਕਣ ਲਈ ਕਿਹਾ ਸੀ।

ਨਵਾਂ ਸ਼ਹਿਰ ਅਤੇ ਪੰਜਾਬ ਵਿੱਚ ਵਿਗੜਦੇ ਹਾਲਤ

ਕੇਂਦਰੀ ਸਿਹਤ ਮੰਤਰਾਲਾ ਵੱਲੋਂ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਰੋਨਾ ਕੇਸਾਂ ਵਿੱਚ ਰਿਕਾਰਡ ਵਾਧੇ ਬਾਰੇ ਚੇਤਾਨਵੀ ਦੇਣ ਤੋਂ ਦੂਜੇ ਦਿਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਇੱਕ ਟੀਮ ਅਫ਼ਰਾ-ਤਫ਼ਰੀ ਵਿੱਚ ਨਵਾਂ ਸ਼ਹਿਰ ਭੇਜਣ ਦਾ ਫ਼ੈਸਲਾ ਲਿਆ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜ਼ਿਲ੍ਹੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ 583 ਸਰਗਰਮ ਕੇਸ ਹਨ। ਇਹ ਗਿਣਤੀ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਸਭ ਤੋਂ ਵਧੇਰੇ ਹਨ। ਇਸ ਤੋਂ ਬਾਅਦ ਦੂਜੇ ਅਤੇ ਅਤੇ ਤੀਜੇ ਨੰਬਰ 'ਤੇ ਲੁਧਿਆਣਾ (414) ਅਤੇ ਮੁਹਾਲੀ (385) ਹਨ।

ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਨਵਾਂ ਸ਼ਹਿਰ ਪੰਜਾਬ ਵਿੱਚ ਇੱਕ ਵਾਰ ਫ਼ਿਰ ਤੋਂ ਕੋਰੋਨਾ ਹੌਸਟਸਪੌਟ ਬਣਨ ਦੇ ਖ਼ਦਸ਼ੇ ਖੜ੍ਹੇ ਹੋ ਗਏ ਹਨ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਰਕਰਾਂ ਨੂੰ ਕਿਹਾ ਕਿ ਕੋਰੋਨਾਵਾਇਰਸ ਦਾ ਟੀਕਾ ਨਾ ਲਗਵਾਉਣ ਦੀ ਸੂਰਤ ਵਿੱਚ ਉਹ ਕੁਆਰੰਟੀਨ ਛੁੱਟੀ ਭੁੱਲ ਜਾਣ ਅਤੇ ਅਜਿਹਾ ਕਰਨ ਵਾਲਿਆਂ ਨੂੰ ਆਪਣੇ ਇਲਾਜ ਦਾ ਖ਼ਰਚਾ ਵੀ ਆਪ ਹੀ ਚੁੱਕਣਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਉਨ੍ਹਾਂ ਛੇ ਸੂਬਿਆਂ ਵਿੱਚੋਂ ਹੈ ਜਿੱਥੇ ਕੋਰੋਨਾਵਾਇਰਸ ਦੇ ਮਾਮਲੇ ਮੁੜ ਤੋਂ ਵਧ ਰਹੇ ਹਨ। ਅਜਿਹੀ ਸਥਿਤੀ ਵਿੱਚ ਜ਼ਰੂਰੀ ਹੈ ਕਿ ਸਿਹਤ ਵਰਕਰ ਟੀਕਾ ਲਗਵਾ ਕੇ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਨ ਅਤੇ ਅਸੀਂ ਦੂਜੀ ਲਹਿਰ ਨਾਲ ਲੜਨ ਲਈ ਤਿਆਰ ਕਰ ਸਕੀਏ।

ਨਵਾਂ ਸਟਰੇਕਿਉਂ ਹੈ ਇੰਨਾ ਖ਼ਤਰਨਾਕ

ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਨਵੇਂ ਸਟਰੇਨ ਮਿਲੇ ਹਨ। ਮਹਾਰਸ਼ਾਟਰ ਦੇ ਵਿਧਰਭ ਖੇਤਰ ਵਿੱਚ ਲਾਗ ਦੀ ਦਰ 50 ਫ਼ੀਸਦੀ ਤੋਂ ਪਾਰ ਹੋ ਗਈ ਜਿਸ ਨੇ ਸਾਇੰਸਦਾਨਾਂ ਨੂੰ ਸੁਚੇਤ ਕਰ ਦਿੱਤਾ।

ਇਸ ਦੀ ਇੱਕ ਵਜ੍ਹਾ ਮਾਹਰਾਂ ਮੁਤਾਬਕ ਇਹ ਵੀ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਕਈ ਥਾਈਂ ਚੋਣਾਂ ਹੋਈਆਂ ਹਨ। ਇੱਕ ਵੱਡਾ ਕਾਰਨ ਇਹ ਵੀ ਹੈ ਕਿ ਲੋਕ ਬਹੁਤ ਹੱਦ ਤੱਕ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਆ ਰਹੇ ਹਨ ਅਤੇ ਉਹ ਭੁੱਲ ਹੀ ਗਏ ਹਨ ਕਿ ਕੋਰੋਨਾ ਨਾਂਅ ਦੀ ਕੋਈ ਚੀਜ਼ ਵੀ ਧਰਤੀ ਉੱਪਰ ਮੌਜੂਦ ਹੈ।

ਇਸ ਤੋਂ ਇਲਾਵਾ ਕਮਿਊਨਿਟੀ ਟੈਸਟਿੰਗ ਘਟੀ ਹੈ ਅਤੇ ਸਿਰਫ਼ ਹਸਪਤਾਲਾਂ ਵਿੱਚ ਭਰਤੀ ਮਰੀਜ਼ਾਂ ਦੇ ਹੀ ਟੈਸਟ ਹੋ ਰਹੇ ਹਨ।

ਇਸ ਦਾ ਇੱਕ ਮਤਲਬ ਇਹ ਹੈ ਕਿ ਸਾਨੂੰ ਮੁੜ ਕੰਟੇਨਮੈਂਟ ਜ਼ੋਨਾਂ ਵਾਲੀ ਸਥਿਤੀ ਵਿੱਚ ਜਾਣਾ ਪੈ ਸਕਦਾ ਹੈ।

ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਮਿਊਟੈਂਟ ਕਾਰਨ ਕਿਸੇ ਬੀਮਾਰੀ ਦੇ ਫ਼ੈਲਣ ਦੀ ਗਤੀ ਪੰਜਾਹ ਫ਼ੀਸਦੀ ਤੱਕ ਵਧੇਰੇ ਹੁੰਦੀ ਹੈ।

ਇੱਕ ਖ਼ਬਰ ਮੁਤਾਬਕ ਸੈਂਟਰ ਫਾਰ ਸੈਲਿਊਲਰ ਐਂਡ ਮਾਕ੍ਰੋਬਾਇਓਲੋਜੀਕਲ ਰਿਸਰਚ ਦੇ ਅਧਿਐਨ ਮੁਤਾਬਕ ਹਾਲਾਂਕਿ ਜਿਹੜੇ ਸਟਰੇਨਜ਼ ਨੇ ਵਿਦੇਸ਼ਾਂ ਵਿੱਚ ਫ਼ੈਲ ਰਹੇ ਹਨ ਉਨ੍ਹਾਂ ਦੇ ਮਰੀਜ਼ ਭਾਰਤ ਵਿੱਚ ਘੱਟ ਮਿਲੇ ਹਨ ਪਰ ਇਸ ਦੀ ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਹਾਲੇ ਭਾਰਤ ਵਿੱਚ ਮਿਲੇ ਸਟਰੇਨਜ਼ ਦੀ ਸੀਕੁਐਂਸਿੰਗ ਨਹੀਂ ਹੋ ਸਕੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਭਾਰਤ ਵਿੱਚ ਹਰਡ ਇਮਿਊਨਿਟੀ 'ਇੱਕ ਮਿੱਥ' ਕਿਉਂ?

ਏਮਜ਼ ਦੇ ਨਿਰਦੇਸ਼ਕ ਡਾ਼ ਰਨਦੀਪ ਗੁਲੇਰੀਆ ਨੇ ਖ਼ਬਰ ਚੈਨਲ ਐਨਡੀਟੀਵੀ ਨੂੰ ਦੱਸਿਆ ਹੈ ਕਿ ਭਾਰਤ ਵਿੱਚ ਹਰਡ ਇਮਿਊਨਿਟੀ ਇੱਕ ਮਿੱਥ ਹੈ ਕਿਉਂਕਿ ਇਸ ਲਈ ਅੱਸੀ ਫ਼ੀਸਦੀ ਜਨਸੰਖਿਆ ਵਿੱਚ ਕਿਸੇ ਬੀਮਾਰੀ ਤੋਂ ਸੁਰੱਖਿਆ ਲਈ ਐਂਟੀਬਾਡੀਜ਼ ਮੌਜੂਦ ਹੋਣੀਆਂ ਜ਼ਰੂਰੀ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਗੱਲ ਮਹਾਰਾਸ਼ਟਰ ਵਿੱਚ ਸਾਹਮਣੇ ਆਏ ਕੋਰੋਨਾਵਾਇਰਸ ਦੇ ਨਵੇਂ ਭਾਰਤੀ ਸਟਰੇਨ ਕਾਰਨ ਹੋਰ ਵੀ ਮੁਸ਼ਕਲ ਹੈ। ਇਹ ਸਟਰੇਨ ਜਿਨ੍ਹਾਂ ਵਿੱਚ ਕੋਰੋਨਾਵਾਇਰਸ ਐਂਟੀਬਾਡੀਜ਼ ਮੈਜੂਦ ਹਨ,ਉਨ੍ਹਾਂ ਲੋਕਾਂ ਨੂੰ ਵੀ ਦੁਬਾਰਾ ਲਾਗ ਲਾ ਸਕਦਾ ਹੈ।

ਡਾ. ਗੁਲੇਰੀਆ ਨੇ ਕਿਹਾ, “ਭਾਵੇਂ ਲੋਕ ਇਹ ਕਹਿ ਰਹੇ ਹਨ ਕਿ ਭਾਰਤ ਵਿੱਚ ਮਿਲਿਆ ਨਵਾਂ ਸਟਰੇਨ ਜ਼ਿਆਦਾ ਤੇਜ਼ੀ ਨਾਲ ਲਾਗ ਫੈਲਾਉਂਦਾ ਹੈ ਪਰ ਗੰਭੀਰ ਬਿਮਾਰ ਨਹੀਂ ਕਰਦਾ ਹੈ। ਮੇਰਾ ਮੰਨਣਾ ਹੈ ਕਿ ਭਾਵੇਂ ਇਹ ਸਟਰੇਨ ਗੰਭੀਰ ਬਿਮਾਰ ਨਹੀਂ ਕਰ ਰਿਹਾ ਹੈ ਪਰ ਜੇ ਇਹ ਤੇਜ਼ੀ ਨਾਲ ਫੈਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਇਸ ਉਨ੍ਹਾਂ ਲੋਕਾਂ ਤੱਕ ਵੀ ਤੇਜ਼ੀ ਨਾਲ ਫੈਲੇਗਾ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ।”

“ਇਸ ਦਾ ਮਤਲਬ ਇਹ ਹੈ ਕਿ ਇਹ ਵਾਇਰਸ ਹੋਰ ਖ਼ਤਰਨਾਕ ਸਾਬਿਤ ਹੋ ਸਕਦਾ ਹੈ।”

ਆਸੀਐੱਮਆਰ ਨੇ ਪਿਛਲੇ ਹਫ਼ਤੇ ਦੇ ਅਖ਼ੀਰ ਵਿੱਚ ਜਾਰੀ ਕਲੀਨੀਕਲ ਟਰਾਇਲਜ਼ ਦੇ ਇੰਟਰਿਮ ਨਤੀਜਿਆਂ ਦੇ ਅਧਾਰ 'ਤੇ ਕਿਹਾ ਸੀ ਕਿ ਭਾਰਤ ਵਿੱਚ ਬਣੀਆਂ ਦਵਾਈਆਂ ਕੋਰੋਨਾਵਾਇਰਸ ਦੇ ਅਮਰੀਕਾ, ਬ੍ਰਿਟੇਨ ਅਤੇ ਦੱਖਣੀ ਅਫ਼ਰੀਕਾ ਤੋਂ ਆਏ ਸਟਰੇਨ ਖ਼ਿਲਾਫ਼ ਵੀ ਕਾਰਗਰ ਹਨ।

ਮਹਾਰਾਸ਼ਟਰ ਵਿੱਚ ਆ ਰਿਹਾ ਦੂਜਾ ਉਬਾਲ

ਮਹਾਰਾਸ਼ਟਰ ਵਿੱਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਰਿਕਾਰਡ ਵਾਧਾ (6000) ਦਰਜ ਕੀਤਾ ਗਿਆ। ਸੂਬੇ ਦੇ ਕੋਰੋਨਾ ਕੇਸਾਂ ਵਿੱਚ ਇੰਨਾ ਜ਼ਿਆਦਾ ਵਾਧਾ ਤਿੰਨ ਮਹੀਨਿਆਂ ਬਾਅਦ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹੇ ਪ੍ਰਭਾਵਿਤ ਹੋ ਰਹੇ ਹਨ ਅਤੇ ਕਈ ਥਾਈਂ ਆਂਸ਼ਿਕ ਲੌਕਡਾਊਨ ਵੀ ਲਾਇਆ ਗਿਆ।

ਐਤਵਾਰ ਸ਼ਾਮ ਨੂੰ ਮੁੱਖ ਮੰਤਰੀ ਉਧਵ ਠਾਕਰੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਲੋਕ ਲੌਕਡਾਊਨ ਚਾਹੁੰਦੇ ਹਨ ਜਾਂ ਨਹੀਂ ਇਸ ਦਾ ਫ਼ੈਸਲਾ ਉਨ੍ਹਾਂ ਨੇ ਕਰਨਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੋਰੋਨਾ ਦੇ ਕੇਸ ਵਧ ਰਹੇ ਹਨ ਅਤੇ ਇਹ ਦੂਜਾ ਉਬਾਲਾ ਹੋ ਸਕਦਾ ਹੈ। ਜੇ ਲੋਕ ਡਾਊੁਨ ਨਹੀਂ ਚਾਹੁੰਦੇ ਤਾਂ ਉਹ ਮਾਸਕ ਪਾਉਣ, ਸਮਾਜਿਕ ਦੂਰੀ ਦੀ ਪਾਲਣਾ ਕਰਨ। ਜੇ ਕੇਸ ਅਗਲੇ ਹਫ਼ਤੇ ਦੌਰਾਨ ਵਧਣੇ ਜਾਰੀ ਰਹੇ ਤਾਂ ਉਨ੍ਹਾਂ ਨੂੰ ਦੂਜੇ ਲੌਕਡਾਊਨ ਬਾਰੇ ਸੋਚਣਾ ਪਵੇਗਾ।

ਮਹਾਰਸ਼ਟਰ ਦੇ ਅਮਰਾਵਤੀ, ਅਕੋਲਾ ਅਤੇ ਪੁਣੇ ਦੇ ਸਥਾਨਕ ਪ੍ਰਸ਼ਾਸਨਾਂ ਨੇ ਆਂਸ਼ਿਕ ਲੌਕਡਾਊਨ ਐਲਾਨ ਦਿੱਤਾ ਹੈ। ਸੂਬੇ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਸੀ ਕਿ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਲੋਕਾਂ ਦੇ ਰਾਤ ਗਿਆਰਾਂ ਤੋਂ ਸਵੇਰੇ ਛੇ ਵਜੇ ਤੱਕ ਬਾਹਰ ਨਿਕਲ ਉੱਪਰ ਰੋਕ ਰਹੇਗੀ ਅਤੇ ਸੂਬੇ ਦੇ ਸਕੂਲ-ਕਾਲਜ 28 ਫ਼ਰਵਰੀ ਤੱਕ ਬੰਦ ਰਹਿਣਗੇ।

ਪਿਛਲੇ ਹਫ਼ਤੇ ਮਹਾਰਾਸ਼ਟਰ ਨੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਸੀ ਕਿ ਸੂਬੇ ਦੇ ਕੋਰੋਨਾਕੇਸਾਂ ਵਿੱਚ ਹੋ ਰਿਹਾ ਲਗਾਤਾਰ ਵਾਧਾ ਖ਼ਤਰੇ ਦੀ ਘੰਟੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)