ਅਮਰੀਕਾ ਵਿੱਚ ਉੱਡਦੇ ਜਹਾਜ਼ ਨੂੰ ਲੱਗੀ ਅੱਗ, ਯਾਤਰੀਆਂ ਨੇ ਕੀ ਦੱਸਿਆ

ਅਮਰੀਕਾ ਵਿੱਚ ਬੋਇੰਗ ਜੈਟ ਜਹਾਜ਼ ਦੇ ਇੱਕ ਇੰਜਨ ਵਿੱਚ ਅੱਗ ਲੱਗ ਗਈ ਅਤੇ ਇੰਜਨ ਦਾ ਮਲਬਾ ਰਿਹਾਇਸ਼ੀ ਇਲਾਕੇ ਵਿੱਚ ਜਾ ਡਿੱਗਿਆ।

ਇਹ ਘਟਨਾ ਡੈਨਵਰ ਦੇ ਨੇੜੇ ਹੋਈ ਜਿੱਥੇ ਜਹਾਜ਼ ਦੇ ਉਡਾਨ ਭਰਨ ਤੋਂ ਬਾਅਦ ਉਸਦਾ ਇੱਕ ਇੰਜਨ ਫੇਲ੍ਹ ਹੋ ਗਿਆ।

ਬੋਇੰਗ 777 ਜਹਾਜ਼ ਵਿੱਚ 231 ਯਾਤਰੀ ਅਤੇ ਚਾਲਕ ਦਲ ਦੇ 10 ਮੈਂਬਰ ਸਵਾਰ ਸਨ। ਇੰਜਨ ਵਿੱਚ ਅੱਗ ਲੱਗਣ ਦੇ ਬਾਵਜੂਦ ਇਹ ਜਹਾਜ਼ ਸਕੂਸ਼ਲ ਡੇਨਵਰ ਹਵਾਈ ਅੱਡੇ 'ਤੇ ਪਰਤ ਕੇ ਉਤਰਨ ਵਿੱਚ ਸਫ਼ਲ ਰਿਹਾ।

ਇਹ ਵੀ ਪੜ੍ਹੋ:

ਜਹਾਜ਼ ਵਿੱਚ ਸਫ਼ਰ ਕਰ ਰਹੇ ਇੱਕ ਮੁਸਾਫ਼ਰ ਡੇਵਿਡ ਡੈਲੂਸ਼ੀਆ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ ਜਦੋਂ ਧਮਾਕਾ ਹੋਇਆ ਤਾਂ ਪਾਇਲਟ ਨੇ ਅਨਾਊਂਸਮੈਂਟ ਕੀਤੀ ਸੀ।

ਡੇਵਿਡ ਨੇ ਦੱਸਿਆ ਕਿ ਜਹਾਜ਼ ਜ਼ੋਰ ਨਾਲ ਕੰਬਣ ਲੱਗਿਆ ਅਤੇ ਅਸੀਂ ਤੇਜ਼ੀ ਨਾਲ ਹੇਠਾਂ ਆਉਣ ਲੱਗੇ।

'ਮੇਰੀ ਪਤਨੀ ਨੇ ਪਛਾਣ ਪੱਤਰ ਸਾਡੀਆਂ ਜੇਬਾਂ ਵਿੱਚ ਪਾ ਦਿੱਤੇ ਸਨ ਤਾਂ ਜੋ ਸਾਡੀ ਪਛਾਣ ਹੋ ਸਕੇ।'

ਬਰੂਮਫ਼ੀਲਡ ਕਸਬੇ ਦੀ ਪੁਲਿਸ ਨੇ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਵਿਸ਼ਾਲ ਇੰਜਨ ਦਾ ਬਾਹਰੀ ਫਰੇਮ ਇੱਕ ਘਰ ਦੇ ਸਾਹਮਣੇ ਬਗੀਚੇ ਵਿੱਚ ਡਿੱਗਿਆ ਹੋਇਆ ਹੈ।

ਇਹ ਜਹਾਜ਼ ਡੇਨਵਰ ਤੋਂ ਹੋਨੋਲੂਲੂ ਜਾ ਰਿਹਾ ਸੀ।

ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ ਦਾ ਕਹਿਣਾ ਹੈ ਕਿ ਫਲਾਈਟ 328 ਦੇ ਖੱਬੇ ਇੰਜਣ ਵਿੱਚ ਖ਼ਰਾਬੀ ਆਈ ਸੀ।

ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਮਲਬੇ ਨੂੰ ਨਾ ਛੂਹਣ ਲਈ ਕਿਹਾ ਹੈ ਤਾਂ ਜੋ ਜਾਂਚ ਉੱਪਰ ਅਸਰ ਨਾ ਪਵੇ।

ਆਨਲਾਈਨ ਪਾਈਆਂ ਗਈਆਂ ਕਈ ਪੋਸਟਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੰਜਨ ਵਿੱਚੋਂ ਧੂਆਂ ਨਿਕਲ ਰਿਹਾ ਹੈ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਜਹਾਜ਼ ਦੇ ਅੰਦਰੋਂ ਬਣਾਇਆ ਗਿਆ ਹੈ। ਇੰਜਨ ਨੂੰ ਲੱਗੀ ਅੱਗ ਅਤੇ ਲਪਟਾਂ ਸਾਫ਼ ਦੇਖੀਆਂ ਜਾ ਸਕਦੀਆਂ ਹਨ।

ਇੱਕ ਇਲਾਕਾ ਨਿਵਾਸੀ ਨੇ ਸੀਐੱਨਐੱਨ ਨੂੰ ਦੱਸਿਆ ਕਿ ਉਨ੍ਹਾਂ ਨੇ ਜਹਾਜ਼ ਤੋਂ ਮਲਬਾ ਡਿੱਗਦਾ ਦੇਖਿਆ ਅਤੇ ਆਪਣੇ ਬੱਚਿਆਂ ਸਮੇਤ ਸੁਰੱਖਿਅਤ ਥਾਂ 'ਤੇ ਜਾ ਕੇ ਪਨਾਹ ਲਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)