ਅਮਿਤਾਭ-ਅਕਸ਼ੇ ਦਾ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਬਾਰੇ ਟਵੀਟ ਨਾ ਕਰਨ ’ਤੇ ਕੀ ਚਰਚਾ ਛਿੜੀ

ਇਸ ਪੇਜ ਰਾਹੀਂ ਅਸੀਂ ਅੱਜ ਦੀਆਂ ਵੱਡੀਆਂ ਖ਼ਬਰਾਂ ਬਾਰੇ ਦੱਸਾਂਗੇ। ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਕਾਫ਼ੀ ਪ੍ਰਤੀਕਰਮ ਸਾਹਮਣੇ ਆ ਰਹੇ।

ਜੇ ਕਿਸਾਨ ਅੰਦੋਲਨ ਵੇਲੇ ਹਸਤੀਆਂ ਦਾ ਟਵੀਟ ਕਰਨਾ ਚਰਚਾ ਵਿੱਚ ਰਿਹਾ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੇਲੇ ਫਿਲਮੀ ਹਸਤੀਆਂ ਦਾ ਟਵੀਟ ਨਾ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨਾਨਾ ਪਟੋਲੇ ਨੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਵੱਲੋਂ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਟਵੀਟ ਨਾ ਕਰਨ 'ਤੇ ਸਵਾਲ ਚੁੱਕੇ ਹਨ।

ਪੰਜਾਬ ਕੈਬਨਿਟ ਵਿੱਚ ਕੀ ਫੈਸਲੇ ਲਏ ਗਏ

ਪੰਜਾਬ ਕੈਬਨਿਟ ਨੇ ਅੱਜ ਕਈ ਅਹਿਮ ਫੈਸਲੇ ਲਏ ਹਨ। ਇਹ ਹਨ:

  • ਪੰਜਾਬ ਕੈਬਨਿਟ ਨੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਐਕੁਆਇਰ ਜ਼ਮੀਨ ਵੰਡਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਪਹਿਲਾਂ ਤੋਂ ਤੈਅ ਕੀਮਤ 'ਤੇ ਜ਼ਮੀਨ ਦੀ ਵਿਕਰੀ 'ਤੇ ਆਧਾਰਿਤ ਹੋਵੇਗੀ।
  • ਕੈਬਨਿਟ ਨੇ ਸੂਬੇ ਵਿੱਚ ਲਾਲ ਲਕੀਰ ਮਿਸ਼ਨ ਨੂੰ ਪਿੰਡਾਂ ਵਿੱਚ ਸਮਵਿਤਾ ਸਕੀਮ ਦੇ ਤਹਿਤ ਮਨਜ਼ੂਰੀ ਦੇ ਦਿੱਤੀ ਹੈ।
  • ਮੋਹਾਲੀ ਵਿੱਚ ਸੈਲਫ਼-ਫਾਇਨੈਂਸਡ ਐਮਿਟੀ ਯੂਨੀਵਰਸਿਟੀ ਸਥਾਪਤ ਕਰਨ ਲਈ ਇਸ ਬਜਟ ਸੈਸ਼ਨ ਵਿੱਚ ਬਿੱਲ ਲਿਆਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
  • 'ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਨੀਤੀ -2010' ਤਹਿਤ ਮਨਜ਼ੂਰ ਕੀਤੀ ਗਈ ਇਹ ਯੂਨੀਵਰਸਿਟੀ ਪੰਜ ਸਾਲਾਂ ਦੌਰਾਨ 664.32 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ 40.44 ਏਕੜ ਦੇ ਖੇਤਰ ਵਿੱਚ ਬਣੇਗੀ।
  • ਪੰਜਾਬ ਕੈਬਨਿਟ ਨੇ ਸਾਰੇ ਜ਼ਿਲ੍ਹਾ ਹੈਡਕਵਾਰਟਰਾਂ ਲਈ 22 ਏਡੀਸੀ ਸ਼ਹਿਰੀ ਵਿਕਾਸ ਅਹੁਦਿਆਂ ਨੂੰ ਮਨਜ਼ੂਰੀ ਦਿੱਤੀ
  • ਕੈਬਨਿਟ ਨੇ ਨਾਨ-ਟੀਚਿੰਗ ਕਲੈਰੀਕਲ ਸਟਾਫ਼ ਦੇ ਪ੍ਰਮੋਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
  • ਕੈਬਨਿਟ ਨੇ ਕਲਰਕ, ਜੂਨੀਅਰ ਸਹਾਇਕ, ਸਟੈਨੋ-ਟਾਈਪਿਸਟਾਂ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫ਼ਰਾਂ ਸਣੇ ਮਾਸਟਰਜ਼ ਕਾਡਰ ਵਿੱਚ ਨਾਨ-ਟੀਚਿੰਗ ਸਟਾਫ਼ ਵਿੱਚ ਕੰਮ ਕਰਨ ਵਾਲੇ ਕਲੈਰੀਕਲ ਸਟਾਫ਼ ਨੂੰ ਇੱਕ ਫੀਸਦ ਪ੍ਰੋਮੋਸ਼ਨਲ ਕੋਟਾ ਮੁਹੱਈਆ ਕਰਵਾਉਣ ਲਈ ਨਿਯਮਾਂ ਵਿੱਚ ਸੋਧ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।

'ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਤੇਲ ਦੀਆਂ ਕੀਮਤਾਂ 'ਤੇ ਟਵੀਟ ਕਿਉਂ ਨਹੀਂ ਕੀਤਾ'

ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨਾਨਾ ਪਟੋਲੇ ਦਾ ਕਹਿਣਾ ਹੈ ਕਿ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਨੂੰ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਬਾਰੇ ਟਵੀਟ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਮਨਮੋਹਨ ਸਿੰਘ ਜੀ ਨੇ ਪ੍ਰਧਾਨ ਮੰਤਰੀ ਵਜੋਂ ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਣ ਦੇ ਬਾਵਜੂਦ ਤੇਲ ਦੀਆਂ ਕੀਮਤਾਂ ਨੂੰ ਘੱਟ ਰੱਖਿਆ। ਅਮਿਤਾਭ ਬੱਚਨ ਅਤੇ ਅਕਸ਼ੇ ਕੁਮਾਰ ਨੇ ਉਸ ਸਮੇਂ ਟਵੀਟ ਕਰਕੇ 5-10 ਰੁਪਏ ਵਿੱਚ ਤੇਲ ਵੇਚਣ ਦੀ ਮੰਗ ਕੀਤੀ ਸੀ। ਜਿਸ ਤਰ੍ਹਾਂ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ, ਉਹ ਹੁਣ ਟਵੀਟ ਕਿਉਂ ਨਹੀਂ ਕਰ ਰਹੇ ?"

"ਕੀ ਤੁਸੀਂ ਮੋਦੀ ਸਰਕਾਰ ਦੇ ਦਬਾਅ ਹੇਠ ਹੋ? ਉਨ੍ਹਾਂ ਨੂੰ ਦੇਖਣ ਲਈ ਟਿਕਟਾਂ ਖਰੀਦਣ ਵਾਲੇ ਲੋਕਾਂ ਲਈ ਨਾ ਬੋਲਣ ਵਾਲੇ ਲੋਕਾਂ ਦੀਆਂ ਫਿਲਮਾਂ ਮਹਾਰਾਸ਼ਟਰ ਵਿੱਚ ਨਹੀਂ ਦੇਖੀਆਂ ਜਾਣਗੀਆਂ ਅਤੇ ਨਾ ਹੀ ਸ਼ੂਟਿੰਗ ਹੋਵੇਗੀ। ਇਹ ਕੋਈ ਖ਼ਤਰਾ ਨਹੀਂ ਹੈ। ਇਹ ਲੋਕਤੰਤਰ ਬਾਰੇ ਹੈ ਅਤੇ ਤੁਸੀਂ ਜਨ ਆਦਰਸ਼ ਹੋ ਅਤੇ ਜਵਾਬਦੇਹੀ ਰੱਖਦੇ ਹੋ।"

ਭਾਜਪਾ ਨੇ ਅਕਸ਼ੇ ਤੇ ਅਮਿਤਾਭ ਬਾਰੇ ਕੀ ਜਵਾਬ ਦਿੱਤਾ

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਦਾ ਬਚਾਅ ਕਰਦਿਆਂ ਕਿਹਾ, "ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਮੇਂ ਤੇਲ ਦੀਆਂ ਵਧੀਆਂ ਕੀਮਤਾਂ ਬਾਰੇ ਟਵੀਟ ਕਰਕੇ ਵਿਰੋਧ ਕੀਤਾ ਸੀ।

ਇਸ ਦਾ ਇਹ ਮਤਲਬ ਇਹ ਨਹੀਂ ਕਿ ਉਹ ਤੇਲ ਦੀਆਂ ਵਧੀਆਂ ਕੀਮਤਾਂ 'ਤੇ ਅੱਜ ਵੀ ਟਵੀਟ ਕਰਨ। ਨਾਨਾ ਪਟੋਲੇ ਨੂੰ ਧਮਕੀ ਦੇਣਾ ਚੰਗੀ ਗੱਲ ਨਹੀਂ ਹੈ।"

ਇਸ ਤੋਂ ਇਲਾਵਾ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਾਂਗਰਸੀ ਆਗੂ ਦੇ ਇਹ ਬਿਆਨ ਅਸਲ ਵਿੱਚ ਕਾਂਗਰਸ ਦੇ ਖੋਖਲੇਪਨ ਨੂੰ ਜ਼ਾਹਿਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਅਸਮਰੱਥ ਰਹੀ ਕਾਂਗਰਸ ਹੁਣ ਫਿਲਮੀ ਹਸਤੀਆਂ ਨੂੰ ਟਵੀਟ ਕਰਨ ਲਈ ਧਮਕਾ ਰਹੀ ਹੈ।

ਗਲਵਾਨ ਘਾਟੀ ਦੀ ਝੜਪ ਦੇ ਚੀਨ ਦੇ ਵੀਡੀਓ ਵਿੱਚ ਕੀ?

ਚੀਨ ਦੀ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਪਿਛਲੇ ਸਾਲ ਜੂਨ ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਫੌਜ ਅਤੇ ਚੀਨ ਦੀ ਫੌਜ ਵਿਚਾਲੇ ਝੜਪ ਦੀ ਵੀਡੀਓ ਫੁਟੇਜ ਜਾਰੀ ਕੀਤੀ ਹੈ।

ਇਸ ਝੜਪ ਵਿੱਚ ਭਾਰਤ ਦੇ ਵੀਹ ਫੌਜੀ ਮਾਰੇ ਗਏ ਸਨ। ਇਸ ਤੋਂ ਪਹਿਲਾਂ ਚੀਨ ਨੇ ਵੀਰਵਾਰ ਨੂੰ ਸਵੀਕਾਰ ਕੀਤਾ ਸੀ ਕਿ ਉਸ ਦੇ ਵੀ ਚਾਰ ਫੌਜੀ ਇਸ ਝੜਪ ਵਿੱਚ ਮਾਰੇ ਗਏ ਸਨ।

ਚੀਨ ਵੱਲੋਂ ਜਾਰੀ ਕੀਤੇ ਗਏ ਵੀਡੀਓ ਵਿੱਚ ਇਨ੍ਹਾਂ ਚਾਰ ਫੌਜੀਆਂ ਨੂੰ ਸਾਲਾਮੀ ਦਿੱਤੇ ਜਾਣ ਦਾ ਦ੍ਰਿਸ਼ ਹੈ।

ਇਸ ਵੀਡੀਓ ਵਿੱਚ ਭਾਰਤ ਤੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਨੂੰ ਵੀ ਦਿਖਾਇਆ ਗਿਆ ਹੈ।

ਵੀਡੀਓ ਵਿੱਚ ਦੋਵੇਂ ਪਾਸੇ ਦੇ ਫੌਜੀ ਅਧਿਕਾਰਤ ਗੱਲਬਾਤ ਕਰਦੇ ਵੀ ਦਿਖ ਰਹੇ ਹਨ।

ਚੀਨ ਵੱਲੋਂ ਜਾਰੀ ਵੀਡੀਓ ਵਿੱਚ ਭਾਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਗਿਆ ਹੈ, "ਅਪ੍ਰੈਲ ਤੋਂ ਬਾਅਦ ਹੀ ਸਬੰਧਿਤ ਵਿਦੇਸ਼ੀ ਫੌਜ ਪੁਰਾਣੇ ਸਮਝੌਤੇ ਦਾ ਉਲੰਘਣ ਕਰ ਰਹੀ ਸੀ। ਉਨ੍ਹਾਂ ਨੇ ਪੁੱਲ ਤੇ ਸੜਕਾਂ ਬਣਾਉਣ ਲਈ ਸਰਹੱਦ ਨੂੰ ਪਾਰ ਕੀਤਾ ਅਤੇ ਛੇਤੀ ਟੋਹੀ ਅਭਿਆਨ ਵਿੱਚ ਚਲਾਇਆ।"

ਅਮੂਲ ਦੀ ਮਸ਼ਹੂਰੀ 'ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਜ਼ਿਕਰ

ਦੁੱਧ ਤੇ ਹੋਰ ਉਤਪਾਦ ਬਣਾਉਣ ਵਾਲੀ ਕੰਪਨੀ ਅਮੂਲ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਆਪਣੇ ਲਹਿਜ਼ੇ ਵਿੱਚ ਟਿੱਪਣੀ ਕੀਤੀ ਹੈ।

ਅਮੂਲ ਨੇ ਆਪਣੀ ਮਸ਼ਹੂਰੀ ਲਈ ਜੋ ਤਸਵੀਰ ਸਾਂਝੀ ਕੀਤੀ ਹੈ ਉਸ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਤੰਜ ਕੱਸਦਿਆਂ ਅੰਗਰੇਜ਼ੀ ਦੇ ਸ਼ਬਦ 'ਪੇਨਫੁੱਲ' ਨੂੰ 'ਪੇਨਫਿਊਲ' ਕਹਿ ਕੇ ਲਿਖਿਆ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੁਝ ਸੂਬਿਆਂ ਵਿੱਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਲੀਟਰ ਨੂੰ ਵੀ ਪਾਰ ਕਰ ਗਈ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ:

ਦਿਸ਼ਾ ਰਵੀ ਨੂੰ ਤਿੰਨ ਦਿਨਾਂ ਦੀ ਜੁਡੀਸ਼ੀਅਲ ਕਸੱਟਡੀ ’ਤੇ ਭੇਜਿਆ

ਟੂਲਕਿੱਟ ਮਾਮਲੇ ਵਿੱਚ ਦਿਸ਼ਾ ਰਵੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਵਿੱਚ ਉਸ ਨੂੰ ਪੇਸ਼ ਕੀਤਾ ਸੀ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿਸ਼ਾ ਰਵੀ ਨੂੰ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਪੁਲਿਸ ਵੱਲੋਂ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ ਦਿਸ਼ਾ ਰਵੀ ਜਵਾਬ ਦੇ ਰਹੀ ਹੈ। ਇਸ ਵਿੱਚ ਦੂਜਾ ਮੁਲਜ਼ਮ ਸ਼ਾਂਤਨੂੰ 22 ਫਰਵਰੀ ਨੂੰ ਜਾਂਚ ਵਿੱਚ ਸ਼ਾਮਲ ਹੋਵੇਗਾ।

ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਦਿਸ਼ਾ ਰਵੀ ਨੂੰ ਸਹਿ ਮੁਲਜ਼ਮ ਸਾਹਮਣੇ ਪੁੱਛਗਿੱਛ ਕਰਨੀ ਪਏਗੀ। ਇਸ ਲਈ ਪੁਲਿਸ ਨੂੰ 3 ਦਿਨਾਂ ਦੀ ਨਿਆਂਇਕ ਹਿਰਾਸਤ ਦੀ ਲੋੜ ਹੈ।

ਦਿਸ਼ਾ ਰਵੀ ਮਾਮਲੇ ਵਿੱਚ ਹਾਈ ਕੋਰਟ ਦੀਆਂ ਹਦਾਇਤਾਂ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਹਾਈ ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਬਾਰੇ ਸਖ਼ਤੀ ਨਾਲ ਪਾਲਣਾ ਕਰੇ ਕਿ ਉਨ੍ਹਾਂ ਨੇ ਨਾ ਤਾਂ ਜਾਂਚ ਦਾ ਵੇਰਵਾ ਲੀਕ ਕੀਤਾ ਹੈ ਅਤੇ ਨਾ ਹੀ ਕਰਨ ਦਾ ਇਰਾਦਾ ਹੈ।

ਹਾਈ ਕੋਰਟ ਨੇ ਇਸ ਪੜਾਅ 'ਤੇ ਖ਼ਬਰਾਂ ਦੀ ਕੋਈ ਸਮੱਗਰੀ ਜਾਂ ਟਵੀਟ ਨੂੰ ਪੁਲਿਸ ਵੱਲੋਂ ਹਟਾਉਣ ਲਈ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ।

ਹਾਈ ਕੋਰਟ ਨੇ ਮੀਡੀਆ ਨੂੰ ਕਿਹਾ ਕਿ ਯਕੀਨੀ ਕਰੇ ਕਿ ਸਿਰਫ਼ ਤਸਦੀਕਸ਼ੁਦਾ ਸਮੱਗਰੀ ਹੀ ਛਾਪੀ ਜਾਂ ਜਨਤਕ ਕੀਤੀ ਜਾਵੇ ਅਤੇ ਉਹ ਦਿਸ਼ਾ ਰਵੀ ਖ਼ਿਲਾਫ਼ ਦਰਜ ਮਾਮਲੇ ਦੀ ਜਾਂਚ ਵਿੱਚ ਕੋਈ ਰੁਕਾਵਟ ਨਾ ਪਾਵੇ।

ਹਾਈ ਕੋਰਟ ਨੇ ਕਿਹਾ ਕਿ ਪੁਲਿਸ ਕਾਨੂੰਨ ਤਹਿਤ ਪ੍ਰੈਸ ਕਾਨਫਰੰਸ ਕਰ ਸਕਦੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਹਾਈ ਕੋਰਟ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਕੁਝ ਮੀਡੀਆ ਕਵਰੇਜ ਦਰਸਾਉਂਦੀ ਹੈ ਕਿ ਦਿਸ਼ਾ ਰਵੀ ਖ਼ਿਲਾਫ਼ ਐੱਫ਼ਆਈਆਰ ਨਾਲ ਜੁੜੀ ਸਬੰਧੀ ਸਨਸਨੀਖੇਜ਼ ਤੇ ਪੱਖਪਾਤੀ ਰਿਪੋਰਟਿੰਗ ਕੀਤੀ ਗਈ ਹੈ।

ਹਾਈ ਕੋਰਟ ਨੇ ਮੀਡੀਆ ਨੂੰ ਕਿਹਾ ਹੈ ਕਿ ਲੀਕ ਹੋਈ ਕੋਈ ਵੀ ਜਾਂਚ ਸਮੱਗਰੀ ਦਾ ਪ੍ਰਸਾਰਣ ਨਾ ਕਰਨ ਕਿਉਂਕਿ ਇਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਇਹ ਵੀ ਪੜ੍ਹੋ:

ਕਿਸਾਨ ਅੰਦੋਲਨ ਬਾਰੇ ਦਿੱਲੀ ਪੁਲਿਸ ਨੇ ਕੀ ਕਿਹਾ

ਦਿੱਲੀ ਪੁਲਿਸ ਦੇ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਦਾ ਕਹਿਣਾ ਹੈ, "ਕਿਸਾਨ ਅੰਦੋਲਨ ਦੇ ਮਾਮਲੇ ਵਿੱਚ 152 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਲੋਕ ਜਾਂਚ ਵਿੱਚ ਸ਼ਾਮਲ ਨਾ ਹੋਣਾ ਚਾਹੁੰਦੇ ਹੋਣਗੇ ਪਰ ਇਹ ਉਨ੍ਹਾਂ ਦੀ ਮਰਜ਼ੀ ਨਾਲ ਨਹੀਂ ਹੋ ਸਕਦਾ। ਕਿਸਾਨ ਆਗੂਆਂ ਨੇ ਭੇਜੇ ਗਏ ਨੋਟਿਸ ਦਾ ਜਵਾਬ ਦਿੱਤਾ ਹੈ।"

ਉਨ੍ਹਾਂ 26 ਜਨਵਰੀ ਦੀ ਹਿੰਸਾ ਬਾਰੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕੋਈ ਇੰਟੈਲੀਜੈਂਸ ਫੇਲੀਅਰ ਹੋਇਆ ਹੈ। ਕੁਝ ਖਦਸ਼ੇ ਸਨ ਇਸ ਲਈ ਬੈਰੀਕੇਡ ਲਾਏ ਗਏ ਅਤੇ ਉਹ ਰੋਕੇ ਗਏ ਸਨ।"

"ਅਸੀਂ ਉਨ੍ਹਾਂ ਨੂੰ ਕੁਝ ਸ਼ਰਤਾਂ ਨਾਲ ਆਪਣੀ ਟਰੈਕਟਰ ਰੈਲੀ ਕੱਢਣ ਦੀ ਇਜਾਜ਼ਤ ਦਿੱਤੀ ਸੀ ਪਰ ਉਨ੍ਹਾਂ ਨੇ ਸਾਨੂੰ ਧੋਖਾ ਦਿੱਤਾ ਅਤੇ ਤੈਅ ਰਾਹ ਦੀ ਪਾਲਣਾ ਨਹੀਂ ਕੀਤੀ ਅਤੇ ਹਿੰਸਾ ਦਾ ਸਹਾਰਾ ਲਿਆ। ਪੁਲਿਸ ਨੇ ਆਪਣੀ ਜ਼ਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾਈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)