ਨਨਕਾਣਾ ਸਾਹਿਬ ਜਾਣ ਵਾਲੇ ਜੱਥੇ 'ਤੇ ਪਾਬੰਦੀ, ਮਾਰਚ 'ਚ ਹੋ ਰਹੇ ਕੁੰਭ 'ਤੇ ਕੋਈ ਪਾਬੰਦੀ ਨਹੀਂ: ਅਕਾਲ ਤਖਤ ਜਥੇਦਾਰ

ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਉਣ ਜਾ ਰਹੇ ਜੱਥੇ ਉੱਪਰ ਭਾਰਤ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਅਤੇ ਸੁਰੱਖਿਆ ਦਾ ਹਵਾਲਾ ਦੇ ਕੇ ਲਗਾਈ ਗਈ ਪਾਬੰਦੀ ਬਾਰੇ ਸਿੱਖ ਹਲਕਿਆਂ ਵਿੱਚ ਪ੍ਰਤੀਕਰਮ ਜਾਰੀ ਹੈ।

ਵੀਰਵਾਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਫ਼ੈਸਲੇ ਉੱਪਰ ਮੁੜ ਵਿਚਾਰ ਕਰਨ ਦੀ ਅਪੀਲ ਕਰ ਚੁੱਕੇ ਹਨ।

ਇਸੇ ਸਿਲਸਿਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਪਾਬੰਦੀ ਨੂੰ ਭਾਰਤ ਸਰਕਾਰ ਦੀ 'ਇਤਿਹਾਸਕ ਗ਼ਲਤੀ' ਕਿਹਾ ਹੈ।

ਇਹ ਵੀ ਪੜ੍ਹੋ

ਆਪਣੇ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਨਨਕਾਣਾ ਸਾਹਿਬ ਦਾ ਸਾਕਾ ਸਿੱਖ ਇਤਿਹਾਸ ਦਾ ਅਹਿਮ ਸਾਕਾ ਹੈ। ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਵਾਲੇ ਮਹੰਤ ਜਦੋਂ ਦੁਰਾਚਾਰੀ ਹੋ ਚੁੱਕੇ ਸਨ ਅਤੇ ਉਨ੍ਹਾਂ ਨੂੰ ਬ੍ਰਟਿਸ਼ ਸਰਕਾਰ ਦੀ ਸਰਪ੍ਰਸਤੀ ਸੀ।”

“ਮਹੰਤਾਂ ਤੋਂ ਗੁਰਦੁਆਰੇ ਦਾ ਪ੍ਰਬੰਧ ਲੈਣ ਲਈ ਜਦੋਂ ਪਹਿਲਾ ਸਿੱਖ ਜੱਥਾ 20 ਫ਼ਰਵਰੀ ਨੂੰ ਪਹੁੰਚਿਆ ਤਾਂ ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਜੱਥੇ ਦੇ ਸਿੰਘਾਂ ਉੱਪਰ ਹਮਲਾ ਕਰ ਦਿੱਤਾ, ਇੱਥੋਂ ਤੱਕ ਕਿ ਛੋਟੇ ਬੱਟੇ ਵੀ ਬਖ਼ਸ਼ੇ ਨਹੀਂ ਗਏ।”

“ਉਸ ਘਟਨਾ ਨੂੰ ਅੱਜ ਸੌ ਵਰ੍ਹੇ ਹੋ ਚੁੱਕੇ ਹਨ। ਖ਼ਾਲਸਾ ਪੰਥ ਇਸ ਵਰ੍ਹੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਸੌ ਸਾਲਾ ਸ਼ਤਾਬਦੀ ਰੂਪ ਦੇ ਵਿੱਚ ਸ਼ਹੀਦੀ ਦਿਹਾੜਾ ਨਨਕਾਣਾ ਸਾਹਿਬ ਦੀ ਧਰਤੀ ਉੱਪਰ ਮਨਾ ਰਿਹਾ ਹੈ।“

“ਭਾਰਤ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਉੱਪਰ ਪਾਬੰਦੀ ਲਗਾ ਕੇ ਬਹੁਤ ਹੀ ਗ਼ਲਤ ਕੰਮ ਕੀਤਾ ਹੈ। ਇਸ ਲਈ ਕੋਰੋਨਾ ਦਾ ਬਹਾਨਾ ਦੱਸਿਆ ਗਿਆ ਹੈ।”

ਉਨ੍ਹਾਂ ਨੇ ਕਿਹਾ, “ਮਾਰਚ ਦੇ ਮਹੀਨੇ ਵਿੱਚ ਹਰਿਦੁਆਰ ਵਿੱਚ ਕੁੰਭ ਲੱਗ ਰਿਹਾ ਹੈ। ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਲੋਕ ਉੱਥੇ ਇਸ਼ਨਾਨ ਕਰਨ ਪਹੁੰਚਦੇ ਹਨ ਅਤੇ ਪਹੁੰਚਣਗੇ। ਉਸ ਉੱਪਰ ਕੋਈ ਪਾਬੰਦੀ ਨਹੀਂ ਹੈ।”

“ਹਾਲਾਂਕਿ ਬਾਰਾਂ ਸਾਲ ਬਾਅਦ ਆਉਂਦਾ ਹੈ ਅਤੇ ਸਾਡਾ ਇਹ ਦਿਹਾੜਾ ਜੋ ਅਸੀਂ ਵੀਹ-ਇੱਕੀ ਫ਼ਰਵਰੀ ਨੂੰ ਮਨਾਉਣ ਜਾ ਰਹੇ ਹਾਂ ਉਹ ਸੌ ਸਾਲ ਬਾਅਦ ਆਇਆ ਹੈ ਅਤੇ ਸੌ ਸਾਲ ਬਾਅਦ ਆਉਣਾ ਹੈ।”

ਉਨ੍ਹਾਂ ਨੇ ਕਿਹਾ, “ਇਸ ਮੌਕੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਾਉਣਾ ਬਹੁਤ ਹੀ ਮੰਦ ਭਾਗੀ ਗੱਲ ਹੈ।”

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਹਿੰਦੂ-ਸਿੱਖ ਵੱਡੀ ਗਿਣਤੀ ਵਿੱਚ ਨਨਕਾਣਾ ਸਾਹਿਬ ਪਹੁੰਚਣ ਲਈ ਤਿਆਰ ਸਨ।

ਗਿਆਨੀ ਪਿੰਦਰਪਾਲ ਸਿੰਘ ਨੇ ਇਸ ਮੌਕੇ ਕਥਾ ਕਰਨੀ ਸੀ। ਉਨ੍ਹਾਂ ਨੂੰ ਸੁਣਨ ਲਈ ਸੰਗਤਾਂ ਨੇ ਪਹੁੰਚਣਾ ਸੀ।

ਉਨ੍ਹਾਂ ਨੇ ਕਿਹਾ, "ਪਾਕਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਭਾਰਤ ਸਰਕਾਰ ਵੱਲੋਂ ਲਾਈ ਪਾਬੰਦੀ ਨਾਲ ਭਾਰੀ ਨਿਰਾਸ਼ਾ ਹੋਈ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜੱਥਿਆਂ ਉੱਪਰ ਪਾਬੰਦੀ ਲਾਈ ਗਈ ਹੈ।"

"ਇਹ ਭਾਰਤ ਸਰਕਾਰ ਦੀ ਇਤਿਹਾਸਕ ਗ਼ਲਤੀ ਹੈ ਜੋ ਹਰ ਸਾਲ ਹੀ ਚਿਤਾਈ ਜਾਇਆ ਕਰੇਗੀ। ਅਜੇ ਵੀ ਇੱਕ ਦਿਨ ਹੈ ਭਾਰਤ ਸਰਕਾਰ ਨੂੰ ਆਪਣੇ ਫ਼ੈਸਲੇ ਉੱਪਰ ਮੁੜ ਵਿਚਾਰ ਕਰ ਕੇ ਸਾਰੇ ਜੱਥੇ ਨੂੰ ਜਾਣ ਦੀ ਆਗਿਆ ਦੇਣੀ ਚਾਹੀਦੀ ਹੈ।"

ਵਾਹਗਾ ਸਰਹੱਦ ਉੱਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ

ਵੀਰਵਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਸਫ਼ੇ ਉੱਪਰ ਵਾਹਗਾ ਸਰਹੱਦ ਉੱਪਰ ਸਿੱਖ ਜੱਥੇ ਦੇ ਸਵਾਗਤ ਲਈ ਖੜ੍ਹੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, “ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਗੇ ਬਾਰਡਰ 'ਤੇ ਜਥੇ ਨੂੰ ਉਡੀਕ ਰਹੀ ਹੈ। ਪਰ ਭਾਰਤ ਵਾਲੇ ਪਾਸੇ ਗੇਟ ਬੰਦ ਹਨ। ਕਿਉਂਕਿ ਭਾਰਤ ਸਰਕਾਰ ਵਲੋਂ ਗੇਟ ਖੋਲ੍ਹਣ ਦੀ ਇਜਾਜ਼ਤ ਨਹੀਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਨਨਕਾਣਾ ਸਾਹਿਬ ਸਿੱਖਾਂ ਲਈ ਬਹੁਤ ਅਹਿਮ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਮੱਕਾ ਤੇ ਮਦੀਨਾ, ਹਿੰਦੁਆਂ ਲਈ ਅਯੁੱਧਿਆ, ਬਨਾਰਸ ਤੇ ਜਗਨਨਾਥ ਪੁਰੀ ਸਥਾਨ ਹਨ।

ਉਨ੍ਹਾਂ ਨੇ ਕਿਹਾ, " ਤਕਰੀਬਨ 700 ਲੋਕਾਂ ਨੇ ਜੱਥੇ 'ਤੇ ਸ਼ਹੀਦਾਂ ਦੀ ਯਾਦ ਵਿੱਚ 100 ਸਾਲਾ ਸ਼ਤਾਬਦੀ ਮਨਉਣ ਲਈ ਜਾਣਾ ਸੀ। ਤਕਰੀਬਨ ਸਭ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਐਨ ਮੌਕੇ 'ਤੇ ਜੱਥੇ ਨੂੰ ਮਨ੍ਹਾ ਕਰਨਾ ਇਹ ਕੇਂਦਰ ਸਰਕਾਰ ਦਾ ਸਿੱਖਾਂ ਦੀ ਆਸਥਾ 'ਤੇ ਇੱਕ ਕਿਸਮ ਦਾ ਹਮਲਾ ਹੈ। ਮੈਨੂੰ ਹੈਰਾਨੀ ਨਹੀਂ ਹੋ ਰਹੀ ਕਿਉਂਕਿ ਧਾਰਮਿਕ ਯਾਤਰਾਵਾਂ 'ਤੇ ਪਾਬੰਦੀ ਮੁਗਲ ਕਾਲ ਵਿੱਚ ਵੀ ਲੱਗਦੀ ਰਹੀ ਹੈ।

ਉਸ ਦੌਰ ਵਿੱਚ ਹਿੰਦੂਆਂ ਨੂੰ ਯਾਤਰਾ ਕਰਨ 'ਤੇ ਰੋਕਿਆ ਜਾਂਦਾ ਸੀ ਅਤੇ ਅੱਜ ਆਜ਼ਾਦ ਭਾਰਤ ਵਿੱਚ ਸਿੱਖਾਂ ਨੂੰ ਆਪਣੇ ਬਹੁਤ ਹੀ ਪਾਵਨ ਅਸਥਾਨ 'ਤੇ ਜਾਣ ਤੋਂ ਰੋਕਿਆ ਗਿਆ ਹੈ। ਬਹਾਨਾ ਵੀ ਬੇਤੁਕਾ ਬਣਾਇਆ ਗਿਆ ਹੈ। ਨਵੰਬਰ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਥਾ ਪਾਕਿਸਤਾਨ ਦੀ ਧਰਨੀ 'ਤੇ ਮਨਾ ਕੇ ਆਇਆ ਹੈ। ਭਾਰਤ ਸਰਕਾਰ ਦੀ ਇਹ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)