ਕਿਸਾਨਾਂ ਦੇ ਰੇਲ ਰੋਕੋ ਦੌਰਾਨ ਕਈ ਥਾਈਂ ਖੱਜਲ-ਖੁਆਰ ਹੋਈਆਂ ਸਵਾਰੀਆਂ - ਅਹਿਮ ਖ਼ਬਰਾਂ

ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਅੰਦੋਲਨਕਾਰੀ ਕਿਸਾਨ ਅੱਜ ਰੇਲ ਰੋਕੋ ਪ੍ਰੋਗਰਾਮ ਤਹਿਤ ਰੇਲ ਦੀਆਂ ਪੱਟੜੀਆਂ 'ਤੇ ਬੈਠੇ ਸਨ।

ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਵਿੱਚ ਰੁਕਾਵਟ ਪਈ ਅਤੇ ਸਵਾਰੀਆਂ ਖੱਜਲ-ਖੁਆਰ ਹੋਈਆਂ।

18 ਫਰਵਰੀ ਨੂੰ ਅੰਦੋਲਨਕਾਰੀ ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੇ ਸਮਰਥਨ ਵਿੱਚ 'ਰੇਲ ਰੋਕੋ' ਦਾ ਐਲਾਨ ਕੀਤਾ ਸੀ।

ਇਸ ਅੰਦੋਲਨ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ। ਪੰਜਾਬ ਅਤੇ ਹਰਿਆਣਾ ਦੇ ਕਈ ਕਿਸਾਨਾਂ ਦੀਆਂ ਪੱਟੜੀਆਂ 'ਤੇ ਬੈਠਿਆਂ ਦੀਆਂ ਤਸਵੀਰਾਂ ਆਈਆਂ।

ਤਿੰਨ ਖੇਤੀ ਕਾਨੂੰਨਾ ਦਾ ਵਿਰੋਧ ਕਰ ਰਹੇ ਕਿਸਾਨਾਂ ਦੀਆਂ ਜਥੇਬੰਦੀਆਂ ਵੱਲੋਂ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਦੇਸ਼ ਵਿਆਪੀ ਪੱਧਰ 'ਤੇ ਰੇਲਾਂ ਰੋਕਣ ਦਾ ਸੱਦਾ ਦਿੱਤਾ ਗਿਆ ਹੈ।

ਹਾਲਾਂਕਿ ਕਿਸਾਨ ਜਥੇਬੰਦੀਆਂ ਵੱਲੋਂ ਮੁਜ਼ਾਹਰੇ ਪੁਰਅਮਨ ਰੱਖਣ ਦੀ ਅਪੀਲ ਕੀਤੀ ਗਈ ਸੀ ਪਰ ਸੁਰੱਖਿਆ ਦੇ ਵੀ ਇੰਤਜ਼ਾਮ ਕੀਤੇ ਗਏ ਸਨ।

ਇਹ ਵੀ ਪੜ੍ਹੋ:

ਸ਼ੰਭੂ ਬਾਰਡਰ ਨੇੜੇ ਰੇਲਵੇ ਸਟੇਸ਼ਨ ਬੈਠੇ ਕਿਸਾਨਾਂ ਨੇ ਕੀ ਕਿਹਾ

ਪਟਿਆਲਾ ਦੇ ਸ਼ੰਭੂ ਬਾਰਡਰ ਨੇੜੇ ਰੇਲਵੇ ਸਟੇਸ਼ਨ 'ਤੇ ਵੀ ਵੱਡੀ ਗਿਣਤੀ 'ਚ ਕਿਸਾਨ ਰੇਲਵੇ ਪੱਟੜੀਆਂ 'ਤੇ ਬੈਠੇ ਨਜ਼ਰ ਆਏ।

ਬੀਬੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਇੱਕ ਪ੍ਰਦਰਸ਼ਕਾਰੀ ਕਿਸਾਨ ਨੇ ਕਿਹਾ, "ਸਰਕਾਰ ਹੁਣ ਘਬਰਾਈ ਹੋਈ ਹੈ। ਸਰਕਾਰ ਵਿੱਚ ਹਲਚਲ ਤਾਂ ਹੋ ਰਹੀ ਹੈ। ਪੰਜਾਬ 'ਚ ਹੋਈਆਂ ਚੋਣਾਂ 'ਚ ਭਾਜਪਾ ਦਾ ਕੀ ਹਾਲ ਹੋਇਆ।"

ਉਨ੍ਹਾਂ ਅੱਗੇ ਕਿਹਾ, "ਅਸੀਂ ਆਪਣੇ ਹੱਕ ਲਏ ਬਿਨਾਂ ਵਾਪਸ ਨਹੀਂ ਜਾਵਾਂਗੇ ਪਰ ਸ਼ਾਂਤਮਈ ਢੰਗ ਨਾਲ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ।''

ਅੰਦੋਲਨ ਦੌਰਾਨ ਪੁੱਜੇ ਅੰਤਰਾਰਸ਼ਟਰੀ ਕੱਬਡੀ ਖਿਡਾਰੀ ਵਿੱਕੀ ਕਨੌਰ ਨੇ ਕਿਹਾ ਕਿ ਕਾਨੂੰਨ ਕਿਸਾਨਾਂ ਦੇ ਹੱਕ 'ਚ ਨਹੀਂ ਹਨ। ਇਸ ਲਈ ਅਸੀਂ ਡੱਟ ਕੇ ਸੰਘਰਸ਼ ਕਰਾਂਗੇ।

ਉਨ੍ਹਾਂ ਕਿਹਾ, "ਸਾਨੂੰ ਭਾਂਤ-ਭਾਂਤ ਦੇ ਨਾਮ ਸਰਕਾਰ ਦੇ ਰਹੀ ਹੈ। ਅਸੀਂ ਅੰਦੋਲਨਜੀਵੀ ਹਾਂ। ਹੁਣ ਸਾਰੇ ਦੇਸ਼ ਦੀ ਗੱਲ ਹੈ। ਦੇਸ਼ ਦੇ ਕਿਸਾਨਾਂ ਦੀ ਰੋਜ਼ੀ-ਰੋਟੀ ਦੀ ਗੱਲ ਹੈ।"

ਇੱਕ ਹੋਰ ਅੰਦੋਲਨਕਾਰੀ ਨੇ ਕਿਹਾ ਕਿ ਹੰਕਾਰੀ ਰਾਜੇ ਦਾ ਘੰਮਡ ਟੁੱਟਣ ਨੂੰ ਸਮਾਂ ਲਗਦਾ ਹੈ।

ਕਿੱਥੇ ਕੀ ਹੋ ਰਿਹਾ

ਲੁਧਿਆਣਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਇੱਥੇ ਰੇਲਵੇ ਸਟੇਸ਼ਨ 'ਤੇ ਸੰਯੁਕਤ ਮੋਰਚੇ ਵੱਲੋ ਧਰਨਾ ਲਾ ਕੇ ਰੇਲ ਆਵਾਜਾਈ ਠੱਪ ਕੀਤੀ ਗਈ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ 'ਤੇ ਧਰਨਾ ਦੇ ਕੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇ ਬਾਜ਼ੀ ਕੀਤੀ ਗਈ।

ਇਸ ਮੌਕੇ ਵੱਖ ਵੱਖ ਜੱਥੇਬਦੀਆਂ ਦੇ ਬੁਲਾਰਿਆ ਨੇ ਮੋਦੀ ਸਰਕਾਰ ਦੀ ਨਿਖੇਦੀ ਕੀਤੀ ਅਤੇ ਖੇਤੀਬਾੜੀ ਤੇ ਬਣਾਏ ਕਾਲੇ ਕਾਨੂੰਨ ਰੱਦ ਕਰਨ ਲਈ ਕਿਹਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਜਲੰਧਰ ਛਾਉਣੀ ਦੇ ਰੇਲਵੇ ਸਟੇਸ਼ਨ 'ਤੇ ਫਸੇ ਲੋਕ

ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਦੀ ਰਿਪੋਰਟ ਮੁਤਾਬਕ ਕਿਸਾਨਾਂ ਦੇ 'ਰੇਲ ਰੋਕੋ' ਪ੍ਰੋਗਰਾਮ ਦੇ ਚਲਦੇ ਯਾਤਰੀਆਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਵਿੱਚ ਦਿੱਕਤ ਹੋ ਰਹੀ ਹੈ। ਸਟੇਸ਼ਨ 'ਤੇ ਬੈਠੇ ਯਾਤਰੀਆਂ ਵਿੱਚੋਂ ਕਿਸੇ ਨੇ ਗੁਜਰਾਤ ਜਾਣਾ ਸੀ ਤੇ ਕਿਸੇ ਨੇ ਬਨਾਰਸ।

ਪਰ ਇਸ ਸਭ ਦੇ ਚਲਦੇ ਉਹ ਸਟੇਸ਼ਨ 'ਤੇ ਹੀ ਬੈਠੇ ਟਰੇਨਾਂ ਦੀ ਉਡੀਕ ਕਰ ਰਹੇ ਸਨ।

ਇਸ ਦੌਰਾਨ ਅਹਿਮਦਾਬਾਦ ਤੋਂ ਵੈਸ਼ਨੋ ਦੇਵੀ ਜਾਣ ਵਾਲੇ ਔਰਤਾਂ ਦੇ ਇੱਕ ਜਥੇ ਨੇ ਗਰਬਾ ਡਾਂਸ ਵੀ ਕੀਤਾ।

ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਟਰੇਨਾਂ ਦੀ ਉਡੀਕ ਕਰਦੀਆਂ ਸਵਾਰੀਆਂ ਇੰਝ ਨਜ਼ਰ ਆਈਆਂ।

ਸਿਰਸਾ 'ਚ ਕਿਸਾਨਾਂ ਨੇ ਪੰਜ ਥਾਵਾਂ 'ਤੇ ਰੇਲਵੇ ਟਰੇਕ 'ਤੇ ਦਿੱਤਾ ਧਰਨਾ

ਸਿਰਸਾ ਤੋਂ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਦੀ ਰਿਪੋਰਟ ਮੁਤਾਬਕ ਰੇਲ ਰੋਕੋ ਪ੍ਰੋਗਰਾਮ ਦੌਰਾਨ ਭਾਰੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਰਿਹਾ। ਸੁਰੱਖਿਆ ਦੇ ਮੱਦੇਨਜ਼ਰ 22 ਡਿਊਟੀ ਮਜਿਸਟ੍ਰੇਟ ਕੀਤੇ ਗਏ ਨਿਯੁਕਤ, ਚਾਰ ਡਿਊਟੀ ਮਜਿਸਟ੍ਰੇਟ ਰਿਜ਼ਰਵ ਰੱਖੇ ਗਏ।

ਸਿਰਸਾ ਤੋਂ ਇਲਾਵਾ ਡਿੰਗ, ਕਾਲਾਂਵਾਲੀ, ਐਲਨਾਬਾਦ ਤੇ ਡੱਬਵਾਲੀ 'ਚ ਕਿਸਾਨਾਂ ਨੇ ਰੋਕੀਆਂ ਰੇਲ ਪੱਟੜੀਆਂ। ਕਰੋਨਾ ਮਹਾਂਮਾਰੀ ਦੇ ਕਾਰਨ ਪਹਿਲਾਂ ਤੋਂ ਹੀ ਕਈ ਸਵਾਰੀ ਰੇਲ ਗੱਡੀਆਂ ਦੀ ਆਵਾਜਾਈ ਰੋਕੀ ਹੋਈ ਹੈ।

ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਸ਼ਾਂਤੀਪੂਰਨ ਰਹੀ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

ਕਿਸਾਨਾਂ ਅਤੇ ਰੇਲਵੇ ਦੇ ਇੰਤਜ਼ਾਮ ਅਤੇ ਅਪੀਲ

ਕਿਸਾਨ ਆਗੂ ਗੁਰਨਾਮ ਸਿੰਘ ਚੁਢੂਨੀ ਨੇ ਇੱਕ ਵੀਡੀਓ ਸੁਨੇਹੇ ਰਾਹੀਂ ਹਰਿਆਣੇ ਅਤੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਇਲਾਕਿਆਂ ਵਿੱਚ ਥਾਂ ਮਿੱਥ ਕੇ ਉੱਥੇ ਪਹੁੰਚਣ।

ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਪ੍ਰਗੋਰਾਮ ਸ਼ਾਂਤਮਈ ਰੱਖਿਆ ਜਾਵੇ ਅਤੇ ਜੇ ਪੁਲਿਸ "ਡੰਡਾ ਸੋਟਾ" ਚਲਾਵੇ ਤਾਂ ਉਸ ਨੂੰ ਸਹਿਣਾ ਹੈ, ਅਸੀਂ ਜਵਾਬ ਨਹੀਂ ਦੇਣਾ।

ਕਿਸਾਨ ਏਕਤਾ ਮੋਰਚਾ ਦੇ ਅਧਿਕਾਰਿਤ ਫੇਸਬੁੱਕ ਪੇਜ ਤੋਂ ਬੋਲਦਿਆਂ ਪੰਜਾਬ- ਹਰਿਆਣਾ ਏਕਤਾ ਭਾਈਚਾਰਾ ਦੀ ਆਗੂ ਸੁਧੇਸ਼ ਗੋਇਅਤ ਨੇ ਕਿਹਾ:-

  • ਰੇਲ ਰੋਕੋ ਅੰਦੋਲਨ ਦੌਰਾਨ ਕਿਸੇ ਵੀ ਫਾਲਤੂ ਲੋਕਾਂ ਨੂੰ ਆਪਣੇ ਵਿੱਚ ਦਾਖ਼ਲ ਨਹੀਂ ਹੋਣ ਦੇਣਾ ਹੈ।
  • ਅਸੀਂ ਜਨਤਾ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ। ਰੇਲ ਰੋਕੋ ਦੌਰਾਨ ਸਵਾਰੀਆਂ ਦੇ ਖਾਣ-ਪੀਣ ਦਾ ਧਿਆਨ ਰੱਖਣਾ ਹੈ।
  • ਸਾਡੀ ਲੜਾਈ ਸਰਕਾਰ ਨਾਲ ਵੀ ਨਹੀਂ ਹੈ ਸਾਡੀ ਲੜਾਈ ਸਿਸਟਮ ਨਾਲ ਹੈ ਅਤੇ ਅਸੀਂ ਸਿਰਫ਼ ਸਰਕਾਰ ਵੱਲੋਂ ਲਿਆਂਦੇ ਕਾਨੂਨਾਂ ਦਾ ਵਿਰੋਧ ਕਰ ਰਹੇ ਹਾਂ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਤ ਰੇਲਵੇ ਦੇ ਬੁਲਾਰੇ ਨੇ ਰੇਲ ਰੋਕੋ ਤੋਂ ਪਹਿਲਾਂ ਕਿਹਾ, "ਰੇਲਵੇ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ। ਪੰਜਾਬ, ਹਰਿਆਣਾ, ਯੂਪੀ ਅਤੇ ਪੱਛਮੀ ਬੰਗਾਲ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਆਰਪੀਐੱਫ਼ ਦੀਆਂ 20 ਵਾਧੂ ਕੰਪਨੀਆਂ ਤੈਨਾਅਤ ਕੀਤੀਆਂ ਗਈਆਂ ਹਨ। ਅਸੀਂ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦੇ ਹਾਂ ਤਾਂ ਜੋ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ।"

ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸਾਨਾਂ ਵੱਲੋਂ ਰੇਲਾਂ ਰੋਕੀਆਂ ਜਾ ਰਹੀਆਂ ਹੋਣ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ ਪੂਰੇ ਪੰਜਾਬ ਵਿੱਚ ਰੇਲਾਂ ਰੋਕ ਕੇ ਰੱਖੀਆਂ ਗਈਆਂ ਸਨ।

ਫਿਰ ਮੰਤਰਾਲਾ ਵੱਲੋਂ ਬਹੁਤ ਸਾਰੀਆਂ ਰੇਲ ਗੱਡੀਆਂ ਦੇ ਰਾਹ ਬਦਲ ਦਿੱਤੇ ਗਏ ਸਨ।

ਹਰਿਆਣਾ ਦੇ ਮੰਚ ਤੋਂ ਕੀ ਬੋਲੇ ਰਾਕੇਸ਼ ਟਿਕੈਤ?

ਹਰਿਆਣਾ ਦੇ ਖੜਕ ਪੁਨੀਆ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਪਣੀ ਖੜੀ ਫਸਲ ਨੂੰ ਅੱਗ ਲਾਵਾਂਗੇ।

ਮੰਚ ਤੋਂ ਟਿਕੈਤ ਨੇ ਕਿਹਾ, "ਜੇਕਰ ਇੱਕ ਫਸਲ ਖ਼ਰਾਬ ਕਰਾਂਗੇ ਤਾਂ ਅੱਗੇ ਦੀਆਂ ਫਸਲਾਂ ਸਹੀ ਰਹਿਣਗੀਆਂ।।"

ਟਿਕੈਤ ਨੇ ਕਿਹਾ, "ਅਗਲਾ ਟੀਚਾ 40 ਲੱਖ ਟ੍ਰੈਕਟਰਾਂ ਦਾ ਹੈ। ਇਸ ਵਾਰ ਪੂਰੇ ਦੇਸ਼ 'ਚ ਟ੍ਰੈਕਟਰ ਘੁੰਮਣਗੇ। ਜ਼ਿਆਦਾ ਦਿੱਕਤ ਕੀਤੀ ਤਾਂ ਫਿਰ ਦਿੱਲੀ ਜਾਵਾਂਗੇ।

ਉਨ੍ਹਾਂ ਕਿਹਾ ਕਿ ਫਸਲਾਂ ਦੇ ਫੈਸਲੇ ਕਿਸਾਨ ਕਰਨਗੇ ਅਤੇ ਸਰਕਾਰ ਦੇ ਫੈਸਲੇ ਪੰਚ ਕਰਨਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)