ਕਿਸਾਨ ਅੰਦੋਲਨ ਦਾ MC ਚੋਣਾਂ 'ਚ ਹੋਈ ਕਾਂਗਰਸ ਦੀ ਜਿੱਤ 'ਤੇ ਕਿੰਨਾ ਅਸਰ ਰਿਹਾ

ਪੰਜਾਬ ਦੇ 8 ਨਗਰ ਨਿਗਮਾਂ, 117 ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਲਈ ਹੋਈਆਂ ਚੋਣਾਂ ਦੇ ਨਤੀਜੇ ਆ ਚੁੱਰੇ ਹਨ ਜਿਸ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ।

ਕਾਂਗਰਸ ਪਾਰਟੀ ਨੇ 117 ਨਗਰ ਕੌਂਸਲਾਂ ਵਿੱਚੋਂ 106 'ਤੇ ਜਿੱਤ ਦਰਜ ਕੀਤੀ ਅਤੇ 7 ਮਿਊਂਸੀਪਲ ਕਾਰਪੋਰੇਸ਼ਨਾਂ 'ਤੇ ਵੀ ਬਾਜ਼ੀ ਮਾਰੀ ਹੈ।

ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿੱਚ ਵੀ ਕਾਂਗਰਸ ਨੇ 11 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ ਜਦਕਿ ਅਕਾਲੀ ਦਲ ਦੀ ਝੋਲੀ ਵਿੱਚ ਪੰਜ ਸੀਟਾਂ ਹੀ ਪਈਆਂ ਹਨ।

ਅਕਾਲੀ ਦਲ ਤੇ 'ਆਪ' ਦਾ ਮਾੜਾ ਪ੍ਰਦਰਸ਼ਨ ਕਿਉਂ ਰਿਹਾ

ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਬਾਰੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਖ਼ਾਲਿਦ ਮੁਹੰਮਦ ਦਾ ਕਹਿਣਾ ਹੈ ਕਿ ਉਮੀਦ ਸੀ ਕਾਂਗਰਸ ਚੰਗਾ ਪ੍ਰਦਰਸ਼ਨ ਕਰੇਗੀ ਕਿਉਂਕਿ ਉਨ੍ਹਾਂ ਦੀ ਸਰਕਾਰ ਹੈ ਤੇ ਉਨ੍ਹਾਂ ਕੋਲ ਬਹੁਤ ਚੀਜ਼ਾ ਹੁੰਦੀਆਂ ਹਨ ਜੋ ਉਹ ਕਾਰਪੋਰੇਸ਼ਨ ਨੂੰ ਦੇ ਸਕਦੀਆਂ ਹਨ ਪਰ ਇਹ ਤਾਂ ਇੱਕ ਪਾਸੜ ਹੀ ਨਤੀਜਾ ਰਿਹਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, "ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਜਿੰਨਾ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਸੀ, ਉਹ ਨਹੀਂ ਕੀਤਾ। ਅਕਾਲੀ ਦਲ ਦੂਜੇ ਨੰਬਰ 'ਤੇ ਤਾਂ ਹੈ ਪਰ ਉਹ ਬਹੁਤ ਦੂਰ ਵਾਲਾ ਦੂਜਾ ਨੰਬਰ ਹੈ।''

''ਭਾਜਪਾ ਤੋਂ ਵੱਖ ਹੋਏ ਅਕਾਲੀ ਦਲ ਲਈ ਸੋਚਣ ਵਾਲੀ ਗੱਲ ਹੈ ਕਿਉਂਕਿ ਸ਼ਹਿਰੀ ਲੋਕਾਂ ਨੇ ਫਿਰ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ।"

"ਆਮ ਆਦਮੀ ਪਾਰਟੀ ਨੇ ਕਈ ਥਾਈਂ ਸੀਟਾਂ ਜਿੱਤੀਆਂ ਪਰ ਬਹੁਤ ਘੱਟ, ਜਿਸ ਦੀ ਉਮੀਦ ਨਹੀਂ ਸੀ। ਉਹ ਤਾਂ ਸੂਬੇ ਦੀ ਦੂਜੀ ਵੱਡੀ ਪਾਰਟੀ ਹੈ। ਉੱਥੇ ਹੀ ਭਾਜਪਾ ਸਾਹਮਣੇ ਬਹੁਤ ਔਕੜਾਂ ਸਨ। ਕਿਸਾਨ ਅੰਦੋਲਨ ਕਾਰਨ ਲੋਕਾਂ ਵਿੱਚ ਗੁੱਸਾ ਹੈ। ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਪੋਸਟਰ ਨਹੀਂ ਲਾਉਣ ਦਿੱਤੇ, ਕਈ ਜਗ੍ਹਾ ਉਮੀਦਵਾਰ ਭਜਾਏ ਗਏ।"

'ਪੰਜਾਬ ਦਾ ਨਤੀਜਾ ਸਿਰਫ਼ ਪੰਜਾਬ ਦਾ ਨਹੀਂ ਹੈ, ਇਸ ਦਾ ਅਸਰ ਸਾਰੇ ਉੱਤਰੀ ਭਾਰਤ ਵਿੱਚ ਪੈਂਦਾ ਹੈ।'

ਕਿਸਾਨ ਅੰਦੋਲਨ ਦਾ ਕਿੰਨਾ ਅਸਰ

ਪ੍ਰੋਫੈਸਰ ਖ਼ਾਲਿਦ ਮੁਹੰਮਦ ਦਾ ਕਹਿਣਾ ਹੈ, "ਕਾਂਗਰਸ ਦੀ ਸਰਕਾਰ ਨੇ ਬੜੀ ਸਮਝਦਾਰੀ ਨਾਲ ਬਿਲ ਪਾਸ ਕੀਤੇ ਚਾਹੇ ਗਵਰਨਰ ਨੇ ਅੱਗੇ ਭੇਜੇ ਜਾਂ ਨਹੀਂ ਪਰ ਉਹ ਕਹਿਣ ਜੋਗੇ ਹੋ ਗਏ ਕਿ ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ। ਵੱਡੀਆਂ-ਵੱਡੀਆਂ ਐਡਜ਼ ਪੰਜਾਬ ਵਿੱਚ ਲਗਾਈਆਂ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ।"

ਪ੍ਰੋਫੈਸਰ ਖ਼ਾਲਿਦ ਮੁਹੰਮਦ ਨੇ ਅੱਗੇ ਕਿਹਾ, "ਇਹ ਪੇਂਡੂ ਖੇਤਰ ਦੀ ਚੋਣਾਂ ਨਹੀਂ ਸਨ ਪਰ ਸ਼ਹਿਰੀ ਖੇਤਰ ਵਿੱਚ ਵੀ ਕਾਫ਼ੀ ਪ੍ਰਭਾਵ ਪਿਆ ਹੈ। ਭਾਜਪਾ ਅਤੇ ਅਕਾਲੀ ਹਾਲ-ਫਿਲਹਾਲ ਤੱਕ ਨਾਲ ਹੀ ਸੀ। ਹਾਲਾਂਕਿ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਗਿਆ ਹੈ ਪਰ ਲੋਕਾਂ ਨੇ ਹਾਲੇ ਇਸ ਨੂੰ ਕਬੂਲ ਨਹੀਂ ਕੀਤਾ ਹੈ।"

"ਅਕਾਲੀ ਦਲ ਨੇ ਕੇਂਦਰ ਵਿੱਚ ਹੁੰਦੇ ਹੋਏ ਪਹਿਲਾਂ ਖੇਤੀ ਬਿੱਲ ਸੰਸਦ ਵਿੱਚ ਪਾਸ ਹੋਣ ਦਿੱਤੇ। ਪਰ ਬਾਅਦ ਵਿੱਚ ਜਦੋਂ ਲੱਗਿਆ ਕਿ ਬਹੁਤ ਜ਼ਿਆਦਾ ਕਿਸਾਨਾਂ ਦਾ ਵਿਰੋਧ ਹੈ ਤਾਂ ਫਿਰ ਉਨ੍ਹਾਂ ਨੇ ਭਾਜਪਾ ਦਾ ਸਾਥ ਛੱਡਿਆ। ਇਸ ਲਈ ਲੋਕ ਹਾਲੇ ਵੀ ਅਕਾਲੀ ਦਲ ਨੂੰ ਕਲੀਨ ਚਿੱਟ ਦੇਣ ਲਈ ਤਿਆਰ ਨਹੀਂ।"

ਇਹ ਵੀ ਪੜ੍ਹੋ:

ਜਿੱਤ ਮਗਰੋਂ ਸੁਨੀਲ ਜਾਖੜ ਨੇ ਕੀ ਕਿਹਾ

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਹੁਣ ਤੱਕ 104 ਸੀਟਾਂ ਦੇ ਨਤੀਜੇ ਆ ਗਏ ਹਨ ਅਤੇ ਉਨ੍ਹਾਂ ਵਿੱਚੋਂ 98 ਮਿਊਂਸੀਪਲ ਕਮੇਟੀਆਂ ਕਾਂਗਰਸ ਦੀ ਝੋਲੀ 'ਚ ਪਈਆਂ ਹਨ।

ਸੁਨੀਲ ਜਾਖੜ ਨੇ ਕਿਹਾ, "ਇਸ ਹੂੰਝਾ ਫੇਰ ਜਿੱਤ ਦਾ ਸਿਹਰਾ ਪੰਜਾਬ ਦੇ ਲੋਕਾਂ ਨੂੰ ਜਾਂਦਾ ਹੈ ਅਤੇ ਇਹ ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਕਾਰਨ ਸੰਭਵ ਹੋਇਆ ਹੈ।''

''ਜਿਸ ਤਰ੍ਹਾਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ, ਪੰਜਾਬ ਦੇ ਲੋਕਾਂ ਨੇ ਨਕਾਰਾਤਮਕਤਾ ਨੂੰ ਨਕਾਰਿਆ, ਵਿਕਾਸ ਅਤੇ ਸਥਾਨਕ ਮੁੱਦਿਆਂ ਨੂੰ ਚੁਣਿਆ ਹੈ। ਉਨ੍ਹਾਂ ਉਹ ਹੀ ਆਗੂ ਚੁਣਿਆ ਜੋ ਪੰਜਾਬ ਵਿੱਚ ਅਮਨ ਸ਼ਾਂਤੀ ਬਣਾ ਸਕਦਾ ਹੈ।"

14 ਫ਼ਰਵਰੀ ਨੂੰ ਸਥਾਨਕ ਚੋਣਾਂ ਲਈ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਵੱਲੋਂ 16 ਫ਼ਰਵਰੀ ਨੂੰ ਪਟਿਆਲਾ ਦੇ ਕੁਝ ਬੂਥਾਂ ਉੱਪਰ ਮੁੜ ਵੋਟਾਂ ਪੁਆਈਆਂ ਗਈਆਂ। ਜਦਕਿ ਮੁਹਾਲੀ ਦੇ ਦੋ ਬੂਥਾਂ ਉੱਪਰ ਮੁੜ ਵੋਟਾਂ ਪੁਆਈਆਂ ਜਾਣੀਆਂ ਹਨ।

ਸੁਨੀਲ ਜਾਖੜ ਨੇ ਅਕਾਲੀ ਦਲ ਅਤੇ ਭਾਜਪਾ ਦੀ ਮਿਲੀਭੁਗਤ ਹੋਣ ਦਾ ਇਲਜ਼ਾਮ ਲਾਉਂਦਿਆ ਕਿਹਾ, "ਕੁਝ ਲੋਕ ਪੰਜਾਬ ਨੂੰ ਡਿਸਟਰਬਡ ਸਟੇਟ ਐਲਾਨਣਾ ਚਾਹੁੰਦੇ ਸਨ। ਇਸ ਵਿੱਚ ਅਹਿਮ ਰੋਲ ਰਿਹਾ ਭਾਜਪਾ, ਕੇਂਦਰ ਸਰਕਾਰ ਤੇ ਉਨ੍ਹਾਂ ਦੇ ਭਾਈਵਾਲ ਅਕਾਲੀ ਤੇ 'ਆਪ' ਦਾ।''

''ਉਨ੍ਹਾਂ ਨੂੰ ਨਕਾਰ ਕੇ ਪੰਜਾਬ ਦੇ ਲੋਕਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਪਾਰਟੀ ਨੂੰ ਵੋਟਾਂ ਦੇਵਾਂਗੇ ਜਿਹੜੀ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖੇ।"

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਨਹੀਂ ਹੋਈਆਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਬਿਕਰਮ ਸਿੰਘ ਮਜੀਠੀਆ ਨੇ ਕਿਹਾ, "ਸੂਬੇ ਵਿੱਚ 60 ਫੀਸਦ ਸੀਟਾਂ 'ਤੇ ਹੀ ਚੋਣਾਂ ਹੋਈਆਂ ਹਨ ਜਦਕਿ 40 ਫੀਸਦ ਸੀਟਾਂ 'ਤੇ ਤਾਂ ਕਾਂਗਰਸ ਨੇ ਚੋਣਾਂ ਹੋਣ ਹੀ ਨਹੀਂ ਦਿੱਤੀਆਂ। ਚੋਣਾਂ ਦਾ ਸੈਮੀਫਾਈਨਲ ਹੁੰਦਾ ਹੈ ਜਦੋਂ ਫ੍ਰੀ ਐਂਡ ਫੇਅਰ ਚੋਣਾਂ ਹੋਣ।''

''ਕਈ ਥਾਵਾਂ 'ਤੇ ਜਿੱਥੇ ਅਫ਼ਸਰ ਤਕੜੇ ਰਹੇ, ਉਹ ਸਰਕਾਰ ਦੇ ਦਬਾਅ ਹੇਠ ਨਹੀਂ ਆਏ। ਪਰ ਉਹ ਕੁਝ ਚੁਣੀਆਂ ਹੋਈਆਂ ਹੀ ਕਮੇਟੀਆਂ ਹਨ ਜਿੱਥੇ ਸਹੀ ਤਰੀਕੇ ਨਾਲ ਚੋਣਾਂ ਹੋਈਆਂ।"

"ਪਰ ਕੁਝ ਥਾਵਾਂ 'ਤੇ ਜੇ ਚੋਣਾਂ ਹੋ ਵੀ ਰਹੀਆਂ ਸੀ ਤਾਂ ਸਰਕਾਰ ਨੇ ਪੁਲਿਸ, ਕਰ ਤੇ ਆਬਕਾਰੀ, ਬਿਜਲੀ ਤਕਰਬੀਨ ਹਰ ਮਹਿਕਮੇ ਦੀ ਹੀ ਵਰਤੋਂ ਦਬਾਅ ਪਾਉਣ ਲਈ ਕੀਤੀ ਕਿਉਂਕਿ ਵੋਟਰ ਛੋਟੇ ਦੁਕਾਨਦਾਰ ਸਨ, ਮਿਹਨਤ ਕਰਨ ਵਾਲੇ ਲੋਕ ਸਨ।"

ਉਨ੍ਹਾਂ ਅੱਗੇ ਕਿਹਾ, "ਇਸ ਲਈ ਅਸੀਂ ਪਹਿਲੇ ਦਿਨ ਹੀ ਮੰਗ ਕੀਤੀ ਸੀ ਕਿ ਪੈਰਾ-ਮਿਲੀਟਰੀ ਫੋਰਸ ਲਾ ਕੇ ਵਿਧਇਕਾਂ ਅਤੇ ਸੰਸਦ ਮੈਂਬਰਾਂ ਦੀ ਚੋਣ ਵਾਂਗ ਹੀ ਚੋਣਾਂ ਹੋਣੀਆਂ ਚਾਹੀਦੀਆਂ ਸਨ। ਲਗਭਗ 80-90 ਫੀਸਦ ਥਾਵਾਂ 'ਤੇ ਇਸ ਤਰ੍ਹਾਂ ਹੀ ਚੋਣਾਂ ਹੋਈਆਂ ਹਨ।"

ਹਾਲਾਂਕਿ ਮਜੀਠੇ ਹਲਕੇ ਵਿੱਚ ਜਿੱਤ ਅਕਾਲੀ ਦਲ ਦੀ ਹੋਈ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿੱਚ 9,222 ਉੁਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਸਥਾਨਕ ਚੋਣਾਂ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ, ਅਕਾਲੀ ਦਲ ਅਤੇ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਵਿਚਾਲੇ ਸੀ।

ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣਾਂ ਅਹਿਮ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)