MC ਚੋਣਾਂ ਦੌਰਾਨ ਬਟਾਲਾ ਤੇ ਤਰਨਤਾਰਨ 'ਚ ਝੜਪਾਂ, ਅਕਾਲੀ ਦਲ ਨੇ ਕਾਂਗਰਸ ’ਤੇ ਲਗਾਏ ਬੂਥ ਕਬਜ਼ਾਉਣ ਦੇ ਇਲਜ਼ਾਮ

ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਚੋਣ ਲਈ ਅੱਜ ਵੋਟਿੰਗ ਹੋ ਰਹੀ ਹੈ। ਦੁਪਹਿਰ 12 ਵਜੇ ਤੱਕ ਕੁੱਲ 37 ਫ਼ੀਸਦ ਵੋਟਿੰਗ ਹੋ ਚੁੱਕੀ ਹੈ।

ਵੋਟਿੰਗ ਸਵੇਰੇ 8 ਵਜੇ ਦੀ ਸ਼ੁਰੂ ਹੋ ਚੁੱਕੀ ਹੈ ਜੋ ਸ਼ਾਮ 4 ਵਜੇ ਤੱਕ ਚੱਲੇਗੀ। ਚੋਣ ਕਮਿਸ਼ਨ ਮੁਤਾਬਕ ਸ਼ਾਮ ਚਾਰ ਵਜੇ ਤੱਕ ਪੋਲਿੰਗ ਬੂਥ ਵਿੱਚ ਦਾਖ਼ਲ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਏਗਾ।

ਬਟਾਲਾ ਅਤੇ ਤਰਨਤਾਰਨ ਵਿੱਚ

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਬਟਾਲਾ ਵਿੱਚ ਸਥਾਨਕ ਚੋਣਾਂ ਦੌਰਾਨ ਵਾਰਡ ਨੰਬਰ 34 ਦੇ ਬੂਥ ਨੰਬਰ 76 ਤੇ 77 'ਚ ਵੋਟਾਂ ਪਾਉਣ ਨੂੰ ਲੈਕੇ ਝਗੜਾ ਹੋ ਗਿਆ।

ਵਾਰਡ ਨੰਬਰ 34 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨਵੀਨ ਨਈਅਰ ਦੇ ਸਮਰਥਕ ਅਤੇ ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਕਲਸੀ ਦੇ ਸਮਰਥਕਾਂ ਵਿੱਚ ਪਹਿਲਾਂ ਬਹਿਸ ਹੋਈ ਅਤੇ ਫਿਰ ਤਕਰਾਰ ਹੱਥੋਪਾਈ ਤੱਕ ਪੁਹੰਚ ਗਈ।

ਝੜਪ ਤੋਂ ਬਾਅਦ ਬਟਾਲਾ ਪੁਲਿਸ ਦੇ ਡੀਐਸਪੀ ਗੁਰਿੰਦਰਬੀਰ ਸਿੰਘ ਸਿੱਧੂ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ ਤਰਨਤਾਰਨ ਵਿੱਚ ਪੈਂਦੇ ਪੱਟੀ ਦੇ ਵਾਰਡ ਨੰਬਰ 7 ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ।

ਇਸ ਦੌਰਾਨ ਗੋਲੀ ਚੱਲਣ ਦੀ ਵੀ ਖ਼ਬਰ ਹੈ ਜਿਸ ਵਿੱਚ ਮਨਬੀਰ ਸਿੰਘ ਨਿਵਾਸੀ ਭਿਖੀਵਿੰਡ ਜ਼ਖਮੀ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ਖ਼ਸ ਨੂੰ ਹਿਰਾਸਤ ਵਿੱਚ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ।

ਅਕਾਲੀ ਨੇ ਬੂਥ ਕੈਪਚਰਿੰਗ ਦੇ ਇਲਜ਼ਾਮ ਲਗਾਏ

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ 'ਤੇ ਸਥਾਨਕ ਚੋਣਾਂ ਦੌਰਾਨ ਸਿਵਿਲ ਤੇ ਪੁਲਿਸ ਪ੍ਰਸ਼ਾਸਨ ਦਾ ਗਲਤ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਥਾਨਕ ਚੋਣਾਂ ਵਿੱਚ ਪੰਜਾਬ ਚੋਣ ਕਮਿਸ਼ਨ ਨਾਕਾਮ ਸਾਬਿਤ ਹੋਇਆ ਹੈ।

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ, "ਸਥਾਨਕ ਚੋਣਾਂ ਵਿੱਚ ਲੋਕਤੰਤਰ ਦਾ ਕਤਲ ਹੋਇਆ ਹੈ। ਕਾਂਗਰਸੀਆਂ ਨੇ ਬੂਥਾਂ 'ਤੇ ਕਬਜ਼ਾ ਕੀਤਾ ਤੇ ਵੋਟਿੰਗ ਦੌਰਾਨ ਲੋਕਾਂ ਨੂੰ ਧਮਕਾਇਆ। ਕਈ ਵਾਰ ਚੇਤਾਇਆ ਗਿਆ ਪਰ ਚੋਣਾਂ ਨੂੰ ਹੀ ਸਹੀ ਤਰੀਕੇ ਨਾਲ ਨੂੰ ਕੰਟਰੋਲ ਕਰਨ ਬਾਰੇ ਕੋਈ ਕਦਮ ਨਹੀਂ ਚੁੱਕੇ ਗਏ।"

ਵੋਟਾਂ ਪਾਉਣ ਪਹੁੰਚੇ ਮੰਤਰੀਆਂ ਨੇ ਕੀ ਕਿਹਾ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ ਕਿ ਸਥਾਨਕ ਚੋਣਾਂ ਵਿੱਚ ਕੋਈ ਹਿੰਸਾ ਨਹੀਂ ਹੋ ਰਹੀ ਅਕਾਲੀ ਦਲ ਵਾਲੇ ਝੂਠ ਬੋਲ ਰਹੇ ਹਨ।

ਉਨ੍ਹਾਂ ਨੇ ਕਿਹਾ, ''ਸੰਵਿਧਾਨ ਨੇ ਸਾਨੂੰ ਵੋਟ ਦਾ ਹੱਕ ਦਿੱਤਾ ਹੈ ਅਤੇ ਸਾਰੀਆਂ ਬਾਡੀਜ਼ ਦੇ ਹਰ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਲੋਕ ਲੇਖਾ-ਜੋਖਾ ਕਰ ਕੇ ਪਾਰਟੀਆਂ ਨੂੰ ਵੋਟ ਦਿੰਦੇ ਹਨ।''

''ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਅਤੇ ਪੰਜਾਂ ਕਾਰਪੋਰੇਸ਼ਨਾਂ ਵਿੱਚ ਕਾਂਗਰਸ ਮੇਅਰ ਬਣਾਵੇਗੀ।''

ਭਾਜਪਾ ਅਤੇ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਉੱਪਰ ਪਿਛਲੇ ਦਿਨੀਂ ਹੋਏ ਹਮਲਿਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਕਿਤੇ ਕੋਈ ਹਿੰਸਾ ਨਹੀਂ ਹੋਈ। ਉਨ੍ਹਾਂ ਕਿਹਾ, "ਇਹ ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰ ਆਪਸ ਵਿੱਚ ਲੜ ਰਹੇ ਹਨ, ਉਹ ਆਪਸ ਵਿੱਚ ਹੀ ਲੜ-ਭਿੜ ਰਹੇ ਹਨ। ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਸ਼ਾਂਤੀ ਪੰਸਦ ਲੋਕ ਹਾਂ ਅਤੇ ਵਿਕਾਸ ਦੇ ਨਾਂਅ 'ਤੇ ਵੋਟ ਮੰਗਦੇ ਹਾਂ।"

"ਲੋਕਾਂ ਵਿੱਚ ਬੜਾ ਉਤਸ਼ਾਹ ਹੈ ਅਤੇ ਲੋਕ ਬੜੀ ਸ਼ਾਂਤੀ ਨਾਲ ਵੋਟਾਂ ਪਾ ਰਹੇ ਹਨ ਅਤੇ ਕਿਤੇ ਧੱਕਾ ਨਹੀਂ ਹੋ ਰਿਹਾ ਅਤੇ ਆਪਣੀ ਮਰਜ਼ੀ ਨਾਲ ਵੋਟਾਂ ਪਾ ਰਹੇ ਹਨ।"

ਉਨ੍ਹਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਬਹੁਤ ਵਧੀਆ ਵਿਕਾਸ ਕਰਵਾਇਆ ਹੈ ਲੋਕ ਵਿਕਾਸ ਨੂੰ ਵੋਟਾਂ ਪਾਉਣਗੇ।

ਓਧਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨਾਲ ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੇ ਗੱਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਫਤਹਿਗੜ੍ਹ ਚੂੜੀਆਂ ਵਿੱਚ ਵਾਰਡਬੰਦੀ ਉਹੀ ਰੱਖੀ ਹੈ ਜੋ ਅਕਾਲੀ ਦਲ ਵਾਲੇ ਦੇ ਕੇ ਗਏ ਸਨ।

ਬਟਾਲੇ ਵਿੱਚ ਨਵੀਂ ਕਾਰਪੋਰੇਸ਼ਨ ਬਣੀ ਸੀ ਉੱਥੇ ਤਬਦੀਲੀ ਹੋਣੀ ਸੀ। ਕੋਈ ਧੱਕੇ ਵਾਲੀ ਗੱਲ ਅਸੀਂ ਸੁਣੀ ਕੋਈ ਨਹੀਂ। ਵਿਰੋਧੀਆਂ ਦੇ ਇਲਜ਼ਾਮ ਲਗਦੇ ਰਹਿੰਦੇ ਹਨ ਕੋਈ ਗੱਲ ਨਹੀਂ।"

ਪੰਜਾਬ ਦੀਆਂ ਸਥਾਨਕ ਚੋਣਾਂ ਬਾਰੇ ਅੰਕੜਿਆਂ ਦੀ ਅਹਿਮ ਜਾਣਕਾਰੀ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਦੀ ਰਿਪੋਰਟ।

ਪੋਲਿੰਗ ਸਬੰਧੀ ਅਹਿਮ ਅੰਕੜੇ

ਸੂਬੇ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਿੰਗ ਹੋ ਰਹੀ ਹੈ। 8 ਨਗਰ ਨਿਗਮਾਂ ਲਈ 400 ਅਤੇ 109 ਨਗਰ ਕੌਂਸਲਾਂ ਲਈ 1902 ਮੈਂਬਰ ਚੁਣੇ ਜਾਣਗੇ।

ਕੁੱਲ 2302 ਉਮੀਦਵਾਰਾਂ ਲਈ 4102 ਪੋਲਿੰਗ ਬੂਥਾਂ 'ਤੇ ਵੋਟਿੰਗ ਹੋਈ ਹੈ। 1708 ਪੋਲਿੰਗ ਬੂਥ ਸੰਵੇਦਨਸ਼ੀਲ ਅਤੇ 861 ਪੋਲਿੰਗ ਬੂਥ ਅਤਿ-ਸੰਵੇਦਨਸ਼ੀਲ ਐਲਾਨੇ ਗਏ ਹਨ।

ਇਹ ਵੀ ਪੜ੍ਹੋ

ਚੋਣਾਂ ਲਈ ਕੁੱਲ 15,305 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਸੀ। ਕਾਗਜ਼ਾਂ ਦੀ ਪੜਤਾਲ ਅਤੇ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਹੁਣ ਕੁੱਲ 9222 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਇਨ੍ਹਾਂ ਵਿੱਚ ਕਾਂਗਰਸ ਦੇ 2037, ਸ਼੍ਰੋਮਣੀ ਅਕਾਲੀ ਦਲ ਦੇ 1569, ਬੀਜੇਪੀ ਦੇ 1003, ਆਮ ਆਦਮੀ ਪਾਰਟੀ ਦੇ 1606, ਬੀ.ਐਸ.ਪੀ ਦੇ 160, ਆਜ਼ਾਦ ਉਮੀਦਵਾਰ 2832 ਅਤੇ ਹੋਰਾਂ ਪਾਰਟੀਆਂ ਦੇ 9 ਉਮੀਦਵਾਰ ਹਨ।

ਇਨ੍ਹਾਂ ਚੋਣਾਂ ਲਈ ਕੁੱਲ ਰਜਿਸਟਰਡ ਵੋਟਰ 39,15,280 ਹਨ। ਇਨ੍ਹਾਂ ਵਿੱਚ 20,49,777 ਮਰਦ ਵੋਟਰ, 18,65,354 ਮਹਿਲਾ ਵੋਟਰ ਅਤੇ 149 ਟਰਾਂਸਜੈਂਡਰ ਵੋਟਰ ਸ਼ਾਮਲ ਹਨ।

ਚੋਣਾਂ ਕਰਵਾਉਣ ਲਈ 145 ਰਿਟਰਨਿੰਗ ਅਫਸਰ ਅਤੇ 145 ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ। 30 ਆਈ.ਏ.ਐਸ/ਪੀ.ਸੀ.ਐਸ ਅਧਿਕਾਰੀਆਂ ਨੂੰ ਚੋਣ ਅਬਜ਼ਰਵਰ ਅਤੇ 6 ਆਈ.ਪੀ.ਐਸ ਅਧਿਕਾਰੀਆਂ ਨੂੰ ਪੁਲਿਸ ਅਬਜ਼ਰਵਰ ਲਗਾਇਆ ਗਿਆ ਹੈ।

ਚੋਣ ਕਮਿਸ਼ਨ ਮੁਤਾਬਕ ਇਸ ਵਾਰ ਮਹਾਂਮਾਰੀ ਕੋਵਿਡ-19 ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਏਗੀ। ਸੂਬੇ ਭਰ ਵਿੱਚ ਚੋਣ ਅਮਲੇ ਨੂੰ ਮਾਸਕ, ਸੈਨੀਟਾਈਜ਼ਰ, ਤਾਪਮਾਨ ਮਾਪਣ ਵਾਲੇ ਉਪਕਰਨ ਤੇ ਦਸਤਾਨੇ ਵਗੈਰਾ ਮੁਹੱਈਆ ਕਰਵਾਏ ਗਏ ਹਨ।

ਮੁੱਖ ਚੋਣ ਪਾਰਟੀਆਂ ਦੇ ਨੁਮਾਇੰਦਿਆਂ ਨੇ ਕੀ ਕਿਹਾ ?

ਪੰਜਾਬ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਅਤੇ ਆਮ ਆਦਮੀ ਪਾਰਟੀ ਮੁੱਖ ਤੌਰ 'ਤੇ ਇਹ ਚੋਣ ਲੜ ਰਹੀਆਂ ਹਨ। ਹਰ ਪਾਰਟੀ ਚੰਗੇ ਪ੍ਰਦਰਸ਼ਨ ਲਈ ਵਾਹ ਲਗਾ ਰਹੀ ਹੈ ਅਤੇ ਵੱਖ-ਵੱਖ ਮੁੱਦਿਆਂ 'ਤੇ ਚੋਣ ਲੜ ਰਹੀ ਹੈ।

"ਬੀਜੇਪੀ ਤੋਂ ਵੱਖ ਹੋਣ ਦਾ ਹੋਇਆ ਫਾਇਦਾ"

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਫੋਨ 'ਤੇ ਗੱਲਬਾਤ ਦੌਰਾਨ ਕਿਹਾ, "ਇਨ੍ਹਾਂ ਚੋਣਾਂ ਵਿੱਚ ਸਥਾਨਕ ਸ਼ਹਿਰੀ ਮੁੱਦੇ ਤਾਂ ਰਹਿੰਦੇ ਹੀ ਹਨ ਪਰ ਹੁਣ ਕਿਉਂਕਿ ਸੂਬੇ ਦੀ ਸਰਕਾਰ ਲਈ ਵੀ ਚੋਣ ਨੇੜੇ ਹੈ, ਇਸ ਲਈ ਕਾਂਗਰਸ ਸਰਕਾਰ ਦੀ ਸਵਾ ਚਾਰ ਸਾਲ ਦੀ ਮਾੜੀ ਕਾਰਗੁਜ਼ਾਰੀ, ਕਾਨੂੰਨ-ਵਿਵਸਥਾ ਨੌਨ-ਗਵਰਨੈਂਸ ਵੀ ਮਸਲੇ ਰਹੇ ਹਨ।''

''ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ, ਉਨ੍ਹਾਂ ਸਾਰੇ ਮਸਲਿਆਂ ਬਾਰੇ ਗੱਲ ਨਹੀਂ ਹੋਈ।"

ਦਲਜੀਤ ਚੀਮਾ ਨੇ ਕਿਹਾ ਕਿ ਜਿੱਥੋਂ ਤੱਕ ਸਵਾਲ ਕਿਸਾਨੀ ਅੰਦੋਲਨ ਦੇ ਇਨ੍ਹਾਂ ਚੋਣਾਂ ਉੱਤੇ ਅਸਰ ਦਾ ਸਵਾਲ ਹੈ, ਸ਼ਹਿਰੀ ਵੋਟਰ ਵੀ ਇਸ ਵਾਰ ਕਿਸਾਨੀ ਸਬੰਧੀ ਸਰੋਕਾਰ ਰੱਖ ਰਹੇ ਹਨ।

ਉਨ੍ਹਾਂ ਕਿਹਾ, "ਸ਼੍ਰੋਮਣੀ ਅਕਾਲੀ ਦਲ ਲਈ ਸਕਾਰਾਤਮਕ ਬਿੰਦੂ ਇਹੀ ਸੀ ਕਿ ਲੋਕ ਮਹਿਸੂਸ ਕਰਦੇ ਹਨ ਕਿ ਅਮਨ-ਸ਼ਾਂਤੀ ਬਹਾਲ ਰਹਿੰਦੀ ਹੈ ਅਤੇ ਵੱਡੇ ਪੱਧਰ 'ਤੇ ਵਿਕਾਸ ਹੋਇਆ ਹੈ।''

''ਜਨਤਾ ਵੀ ਮਹਿਸੂਸ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਾਣ ਤੋਂ ਬਾਅਦ ਸੂਬੇ ਵਿੱਚ ਉਸ ਤਰ੍ਹਾਂ ਵਿਕਾਸ ਕਾਰਜ ਨਹੀਂ ਹੋਏ ਅਤੇ ਉਸ ਵੇਲੇ ਜਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਸੀ ਉਹ ਵੀ ਹੁਣ ਨਹੀਂ ਰਹੀ।"

ਅਕਾਲੀ-ਬੀਜੇਪੀ ਗਠਜੋੜ ਟੁੱਟਣ ਤੋਂ ਬਾਅਦ ਸੂਬੇ ਵਿੱਚ ਇਹ ਪਹਿਲੀਆਂ ਚੋਣਾਂ ਹਨ।

ਚੀਮਾ ਨੇ ਕਿਹਾ ਕਿ ਗਠਜੋੜ ਟੁੱਟਣ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੀ ਹੋਇਆ ਹੈ, ਕਿਉਂਕਿ ਗਠਜੋੜ ਵੇਲੇ ਜਿਨ੍ਹਾਂ ਸੀਟਾਂ ਤੋਂ ਬੀਜੇਪੀ ਲੜਦੀ ਸੀ ਉੱਥੇ ਪਾਰਟੀ ਕਮਜ਼ੋਰ ਰਹਿ ਜਾਂਦੀ ਸੀ ਪਰ ਇਸ ਵਾਰ ਸਾਰਾ ਕੰਟਰੋਲ ਸ਼੍ਰੋਮਣੀ ਅਕਾਲੀ ਦਲ ਕੋਲ ਹੈ।

ਉਨ੍ਹਾਂ ਇਸ ਵਾਰ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੰਗੀ ਕਾਰਗੁਜ਼ਾਰੀ ਦੀ ਉਮੀਦ ਕੀਤੀ।

"ਪੰਜਾਬ ਵਿੱਚ ਬੀਜੇਪੀ ਦਾ ਭਵਿੱਖ ਸੁਨਿਹਰਾ"

ਬੀਜੇਪੀ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਇਕੱਲੇ ਲੜ ਰਹੀ ਹੈ। ਬੀਜੇਪੀ ਨੇ 1003 ਉਮੀਦਵਾਰ ਖੜ੍ਹੇ ਕੀਤੇ ਹਨ ਜਦਕਿ 2302 ਮੈਂਬਰ ਚੁਣੇ ਜਾਣੇ ਹਨ ਯਾਨੀ ਕਿ ਤਕਰੀਬਨ ਪੰਜਾਹ ਫੀਸਦ ਵਾਰਡਾਂ ਤੋਂ ਬੀਜੇਪੀ ਨੇ ਆਪਣੇ ਚੋਣ ਨਿਸ਼ਾਨ ਹੇਠ ਉਮੀਦਵਾਰ ਖੜ੍ਹੇ ਨਹੀਂ ਕੀਤੇ।

ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੇ ਕਿਹਾ, "ਇਨ੍ਹਾਂ ਚੋਣਾਂ ਵਿੱਚ ਤਾਂ ਮਿਉਂਸੀਪਲ ਦੇ ਸਥਾਨਕ ਮੁੱਦੇ ਹੀ ਰਹਿੰਦੇ ਹਨ। ਕਿਸਾਨ ਅੰਦੋਲਨ ਦਾ ਅਸਰ ਤਾਂ ਹੋਏਗਾ ਹੀ ਪਰ ਲੰਬੇ ਸਮੇਂ ਵਿੱਚ ਇਸ ਮਸਲੇ ਦਾ ਦੋਸਤਾਨਾ ਹੱਲ ਨਿਕਲੇਗਾ ਅਤੇ ਬੀਜੇਪੀ ਚੰਗੀ ਪੁਜ਼ੀਸ਼ਨ ਵਿੱਚ ਹੋਏਗੀ।"

ਚੋਣ ਪ੍ਰਚਾਰ ਦੌਰਾਨ ਬੀਜੇਪੀ ਉਮੀਦਵਾਰਾਂ ਦੇ ਵਿਰੋਧ ਬਾਰੇ ਕਾਲੀਆ ਨੇ ਕਿਹਾ ਕਿ ਵੱਡੀਆਂ ਪਾਰਟੀਆਂ ਦਾ ਹੀ ਵਿਰੋਧ ਹੁੰਦਾ ਹੈ।

ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਚੋਣ ਮੈਦਾਨ ਵਿੱਚ ਉਤਰਨ ਬਾਰੇ ਮਨੋਰੰਜਨ ਕਾਲੀਆ ਨੇ ਕਿਹਾ," ਬੀਜੇਪੀ ਕੋਲ ਇਸ ਵੇਲੇ ਮੌਕੇ ਵੀ ਹਨ ਅਤੇ ਚੁਣੌਤੀਆਂ ਵੀ ਹਨ। ਚੁਣੌਤੀ ਸਭ ਤੋਂ ਵੱਡੀ ਇਹੀ ਕਿ ਸਾਰੀਆਂ ਪਾਰਟੀਆਂ ਇਸ ਵੇਲੇ ਬੀਜੇਪੀ ਦੇ ਖਿਲਾਫ਼ ਹਨ। ਮੌਕਾ ਇਹ ਕਿ ਹੁਣ ਬੀਜੇਪੀ ਦਾ ਪੰਜਾਬ ਵਿੱਚ ਭਵਿੱਖ ਸੁਨਿਹਰਾ ਹੈ।”

“ਉਦਾਹਰਣ ਵਜੋਂ ਜਦੋਂ ਹਰਿਆਣਾ ਵਿੱਚ 2004 'ਚ ਬੀਜੇਪੀ ਨੇ ਵੱਖਰੇ ਹੋਣ ਦਾ ਫੈਸਲਾ ਲਿਆ ਤਾਂ ਦਸ ਸਾਲ ਬਾਅਦ ਹਰਿਆਣਾ ਵਿੱਚ ਬੀਜੇਪੀ ਸੱਤਾ ਵਿੱਚ ਆ ਗਈ। ਇਸ ਨਾਤੇ ਹੁਣ ਗਠਜੋੜ ਪਾਰਟਨਰ ਦਾ ਸ਼ੇਅਰ ਨਾ ਹੋਣ ਕਰਕੇ, ਜਿੰਨੀ ਮਿਹਨਤ ਪਾਰਟੀ ਇਕੱਲਿਆਂ ਕਰੇਗੀ ਓਨਾਂ ਸਫਲ ਹੋਏਗੀ।"

ਇਹ ਵੀ ਪੜ੍ਹੋ

"ਦਿੱਲੀ ਦਾ ਸਫਲ ਮਾਡਲ ਆਪ ਲਈ ਸਕਰਾਤਮਕ ਪਹਿਲੂ"

ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿੱਚ ਲੀਡਰ ਹਰਪਾਲ ਚੀਮਾ ਨੇ ਕਿਹਾ, "ਨਗਰ ਕੌਂਸਲ ਵਿੱਚ ਕਈ ਸਥਾਨਕ ਮੁੱਦੇ ਹੁੰਦੇ ਹਨ ਜਿਵੇਂ ਕਿ ਕਿਸੇ ਨੂੰ ਸੀਵਰੇਜ ਦੀ ਸਮੱਸਿਆ ਸੀ, ਕਿਸੇ ਨੂੰ ਪਾਣੀ ਦੀ ਸੀ, ਕਿਸੇ ਥਾਂ ਗਲੀਆਂ-ਨਾਲੀਆਂ, ਸਟਰੀਟ ਲਾਈਟਾਂ, ਡਿਸਪੈਂਸਰੀਆਂ, ਸਕੂਲ।''

''ਇਨ੍ਹਾਂ ਮਸਲਿਆਂ ਤੋਂ ਇਲਾਵਾ ਕਿਸਾਨੀ ਅੰਦੋਲਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੀ ਇਨ੍ਹਾਂ ਚੋਣਾਂ ਵਿੱਚ ਮਸਲੇ ਸਨ।"

ਹਰਪਾਲ ਚੀਮਾ ਨੇ ਕਿਹਾ, "ਕਿਸਾਨੀ ਅੰਦੋਲਨ ਕਾਰਨ ਵੀ ਲੋਕਾਂ ਅੰਦਰ ਗੁੱਸਾ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਅੰਦੋਲਨ ਤੇ ਇਸ ਤੋਂ ਪਹਿਲਾਂ ਕੋਵਿਡ ਕਾਰਨ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ ਅਤੇ ਲੋਕ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਜੋ ਮਸਲਿਆਂ ਨੂੰ ਨਜਿੱਠਣ ਵਿੱਚ ਫੇਲ੍ਹ ਰਹੀ।"

ਉਨ੍ਹਾਂ ਕਿਹਾ, "ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਸਕਰਾਤਮਕ ਪਹਿਲੂ, ਦਿੱਲੀ ਦਾ ਸਫਲ ਮਾਡਲ ਹੈ। ਉੱਥੇ ਆਮ ਆਦਮੀ ਪਾਰਟੀ ਬਿਹਤਰੀਨ ਤੇ ਮੁਫਤ ਸਿੱਖਿਆ ਤੇ ਸਿਹਤ ਸੇਵਾਵਾਂ, ਸਸਤੀ ਬਿਜਲੀ ਦੇ ਸਕੀ ਹੈ।''

''ਪਾਰਟੀ ਨੇ ਚੋਣ ਵਾਅਦੇ ਪੂਰੇ ਕੀਤੇ ਹਨ, ਇਸ ਲਈ ਸਾਡੀ ਭਰੋਸੇਯੋਗਤਾ ਉੱਤੇ ਸਵਾਲ ਨਹੀਂ ਉਠਾਇਆ ਜਾ ਸਕਦਾ।"

"ਸਥਾਨਕ ਮੁੱਦਿਆਂ ਦੇ ਨਾਲ ਕਿਸਾਨੀ ਅੰਦੋਲਨ ਦਾ ਵੀ ਰਹੇਗਾ ਅਸਰ "

ਪੰਜਾਬ ਕਾਂਗਰਸ ਦੇ ਬੁਲਾਰੇ ਰਮਨ ਸੁਬਰਾਮਨਿਅਮ ਨੇ ਕਿਹਾ, "ਇਨ੍ਹਾਂ ਚੋਣਾਂ ਵਿੱਚ ਆਮ ਤੌਰ 'ਤੇ ਸਥਾਨਕ ਮੁੱਦੇ ਹੀ ਭਾਰੂ ਰਹਿੰਦੇ ਹਨ, ਇਸ ਵਾਰ ਵੀ ਅਜਿਹਾ ਹੀ ਜਾਪਿਆ। ਸਿਰਫ਼ ਭਾਜਪਾ ਨੂੰ ਕਿਸਾਨ ਅੰਦੋਲਨ ਕਾਰਨ ਕਈ ਥਾਵਾਂ ਉੱਤੇ ਕਾਫੀ ਵਿਰੋਧ ਝੱਲਣਾ ਪਿਆ ਹੈ, ਜੋ ਇਸ ਵਾਰ ਆਮ ਨਾਲੋਂ ਵੱਖਰਾ ਹੋਇਆ ਹੈ।''

''ਇਸ ਤੋਂ ਇਲਾਵਾ ਨਗਰ ਨਿਗਮ ਤੇ ਨਗਰ ਕੌਂਸਲਾਂ ਵਿੱਚ ਵਧੇਰੇ ਸੀਟਾਂ ਸ਼੍ਰੋਮਣੀ ਅਕਾਲੀ ਦਲ ਜਾਂ ਬੀਜੇਪੀ ਕੋਲ ਸੀ ਜਿਸ ਕਾਰਨ ਸੱਤਾ-ਵਿਰੋਧੀ ਪੱਖ ਉਨ੍ਹਾਂ ਪਾਰਟੀਆਂ ਦੇ ਉਲਟ ਜਾ ਸਕਦਾ ਹੈ।"

ਉਨ੍ਹਾਂ ਕਿਹਾ, "ਕਿਸਾਨੀ ਅੰਦੋਲਨ ਦਾ ਅਸਰ ਵੀ ਇਨ੍ਹਾਂ ਚੋਣਾਂ ਉੱਤੇ ਰਹੇਗਾ। ਲੋਕਾਂ ਦਾ ਸਭ ਤੋਂ ਵੱਡਾ ਰੋਸ ਬੀਜੇਪੀ ਪ੍ਰਤੀ ਹੈ ਅਤੇ ਇੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵੀ ਹੈ। ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ ਸ਼ੁਰੂਆਤ ਤੋਂ ਹੀ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਇਨ੍ਹਾਂ ਕਾਨੂੰਨਾਂ ਨੂੰ ਕਿਸਾਨੀ ਲਈ ਨਾ-ਦਰੁੱਸਤ ਦੱਸਿਆ ਹੈ, ਮੈਨੂੰ ਲੱਗਦਾ ਹੈ ਸਿਆਸੀ ਤੌਰ 'ਤੇ ਉਸ ਦਾ ਫਾਇਦਾ ਵੀ ਹੋਏਗਾ।"

ਵਿਰੋਧੀ ਪਾਰਟੀਆਂ ਵੱਲੋਂ ਇਨ੍ਹਾਂ ਚੋਣਾਂ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲ ਚੁੱਕਣ ਬਾਰੇ ਰਮਨ ਸੁਬਰਾਮਨਿਅਮ ਨੇ ਕਿਹਾ, "ਵਿਰੋਧੀ ਧਿਰਾਂ ਅਜਿਹੀ ਸੱਸ ਵਰਗੀਆਂ ਹੁੰਦੀਆਂ ਹਨ ਜੋ ਨੂੰਹ ਦੀ ਹਰ ਗੱਲ ਵਿੱਚ ਨੁਕਸ ਕੱਢਦੀ ਹੈ। ਅਸੀਂ ਉਨ੍ਹਾਂ ਤੋਂ ਬਹੁਤਾ ਪ੍ਰਭਾਵਿਤ ਨਹੀਂ ਹਾਂ।''

''ਸਾਡੇ ਲਈ ਲੋਕਾਂ ਦਾ ਫਤਵਾ ਅਹਿਮ ਹੈ। ਜੇ ਅਸੀਂ ਚੰਗਾ ਕੰਮ ਕੀਤਾ ਹੋਏਗਾ ਤਾਂ ਲੋਕ ਵੋਟ ਦੇਣਗੇ ਨਹੀਂ ਤਾਂ ਸਾਨੂੰ ਬਾਹਰ ਦਾ ਰਸਤਾ ਦਿਖਾਉਣਗੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)